ਏਹਿ ਹਮਾਰਾ ਜੀਵਣਾ

ਵੇ ਨਾਗਣੀ ਦਾ ਭੋਰਾ, ਖਵਾ ਦੇ ਚੰਨਾ ਮੇਰਿਆ–

ਖਵਾ ਦੇ ਚੰਨਾ ਮੇਰਿਆ

ਵੇ ਨਾਗਣੀ ਦਾ ਭੋਰਾ

ਮੈਂਡੀ ਤੇ ਰੰਗੀਲੇ ਦਾ ਇਹ ਗੀਤ ਰੀਲਾਂ ਵਾਲੀਆਂ ਨੇ ਸੁਪਰ ਹਿੱਟ ਕਰ ਦਿੱਤਾ ਹੈ । ਹਮਾਤੜ ਵਰਗਾ ਨਾਲੇ ਤਾਂ ਸੁਨੱਖੀ ਜਿਹੀ ਬੀਬਾ ਨੂੰ ਵੇਖ ਕੇ ਰੀਲ ਤੇ ਠੂੰਗਾ ਮਾਰ ਲੈਦਾ , ਪੂਰਾ ਪਹਿਰਾ ਸੁਣਕੇ ਬਾਅਦ ਚ ਦੋ ਗਾਲਾਂ ਵੀ ਕੱਢ ਆਉਂਦਾ ਕਿ ਕਿੱਥੇ ਗੰਦ ਪਾਇਆ । ਪੂਰਾ ਗੀਤ ਸੁਣੀਏ ਤਾਂ ਦੋਵੇਂ ਪੱਖ ਉਘੇੜੇ ਗਏ ਹਨ ਜਿਵੇਂ ਆਮ ਦੋਗਾਣਿਆਂ ਚ ਹੁੰਦਾ ਹੈ । ਸ਼ਾਇਦ ਪੇਸ਼ਕਾਰ ਹੈ , ਸੰਗੀਤਕਾਰ ਸਚਿਨ ਅਹੂਜਾ ਨੂੰ ਵੀ ਲੋਕਾਂ ਨੇ ਵਾਹਵਾ ਖੰਡ ਪਾਈ ਹੈ ।

ਮੁੱਕ ਗੀ ਫੀਮ ਡੱਬੀ ਚੋਂ ਯਾਰੋ ਤੋਂ ਲੈ ਕੇ ਅਜਿਹੇ ਗੀਤ ਚੱਲਦੇ ਆ ਰਹੇ ਨੇ । ਅੱਜ ਸ਼ੋਸ਼ਲ ਮੀਡੀਆ ਦਾ ਯੁੱਗ ਹੈ , ਨੋਟਿਸ ਲਿਆ ਜਾਂਦਾ ਹੈ । ਚਲੋ ਵਧੀਆ ਗੱਲ ਐ ਕਿ ਨਸ਼ੇ ਨੂੰ ਪ੍ਰਮੋਟ ਕਰਦੇ ਗੀਤ ਦਾ ਲੋਕ ਵਿਰੋਧ ਕਰ ਰਹੇ ਹਨ ਪਰ ਲੱਗਦਾ ਕੀ ਇਹ ਵਿਰੋਧ ਫੇਸਬੁੱਕ ਤੱਕ ਹੀ ਸੀਮਤ ਹੈ ? ਅਸੀਂ ਕਿੱਥੇ ਰਹਿੰਦੇ ਹਾਂ ? ਕੀ ਸਾਡੇ ਆਸ ਪਾਸ ਚਿੱਟਾ , ਟਰਾਮਾਡੋਲ ਤੇ ਸਿਗਨੇਚਰ ਨੀ ਵਿਕ ਰਹੇ ? ਅਸੀਂ ਕਦੇ ਸਾਹ ਕੱਢਿਆ ਹੈ ? ਨਹੀਂ ! ਕਿਉਂਕਿ ਓਧਰੋਂ ਸੇਕ ਲੱਗਦਾ ਹੈ , ਫੇਸਬੁੱਕ ਤੇ ਮਸ਼ਹੂਰ ਹਸਤੀ ਨੂੰ ਗਾਲਾਂ ਕੱਢਣੀਆਂ ਸੌਖੀਆਂ , ਦੂਜੇ ਤਾਂ ਝੱਟ ਖਪਰੇ ਲੈਕੇ ਆ ਜਾਂਦੇ ਨੇ ।

ਨਸ਼ਾ ਕੋਈ ਵੀ ਨੀ ਚੰਗਾ ਪਰ ਕੀ ਨਾਗਣੀ ਚਿੱਟੇ ਤੋਂ ਖਤਰਨਾਕ ਹੈ ਜਿਸ ਦਾ ਅਸੀਂ ਵਿਰੋਧ ਕਰ ਰਹੇ ਹਾਂ । ਨਾਗਣੀ ਨਸ਼ੇ ਦੇ ਨਾਲ ਔਸਧੀ ਵੀ ਹੈ । ਸਿਆਣੇ ਕਹਿੰਦੇ ਆ ਕਿ ਮਾਰ ਕੇ ਖਾਧਾ ਜਹਿਰ ਵੀ ਫਾਇਦਾ ਕਰਦਾ ਤੇ ਲੋੜੋਂ ਵੱਧ ਘਿਉ ਵੀ ਮਾੜਾ ਹੁੰਦਾ । ਬੇਸ਼ੱਕ ਆਰਥਿਕ ਤੌਰ ਤੇ ਨਾਗਣੀ ਨੇ ਵੀ ਬਹੁਤ ਘਰ ਬਰਬਾਦ ਕੀਤੇ ਹੋਣਗੇ ਪਰ ਚਿੱਟੇ ਵਾਂਗੂੰ ਕੋਈ ਨੌਜਵਾਨ ਥਾਂਏ ਰਹਿੰਦਾ ਨੀ ਸੀ ਵੇਖਿਆ ਅਤੇ ਨਾ ਹੀ ਇਸ ਦਾ ਸ਼ਿਕਾਰ ਨਾਬਾਲਗ ਬੱਚੇ ਹੁੰਦੇ ਸਨ । ਲਿਖਣਾ ਨਹੀਂ ਚਾਹੁੰਦਾ ਇੱਕ ਸਕੂਲ ਕੋਲ ਵਿਕਦੇ ਸਿਗਨੇਚਰ ਕੈਪਸੂਲਾਂ ਦਾ ਸ਼ਿਕਾਰ ਬਹੁਤ ਛੋਟੇ ਬੱਚੇ ਹੋ ਰਹੇ ਨੇ । ਕਿੱਧਰ ਜਾਈਏ ! ਜਿੱਧਰ ਨੂੰ ਇਹ ਸਭ ਵੇਖ ਕੇ ਲੋਕ ਭੱਜ ਰਹੇ ਹਨ ਉੱਥੇ ਤਾਂ ਇਹ ਸਭ ਲੀਗਲ ਕਰੀ ਜਾ ਰਹੇ ਹਨ । ਲੱਗਦੈ ਫੇਸਬੁੱਕ ਵਿਰੋਧ ਵੀ ਕਾਗਜੀ ਰਹਿ ਗਿਆ ਨਹੀਂ ਇੱਕ ਗਾਣੇ ਦਾ ਵਿਰੋਧ ਕਰਨ ਵਾਲੇ ਸਮਾਜ ਚ ਐਨਾ ਖਤਰਨਾਕ ਨਸ਼ਾ ਜੜ੍ਹਾਂ ਤੱਕ ਨਹੀਂ ਸੀ ਜਾ ਸਕਦਾ ।

ਹੁਣ ਇੱਕ ਆਪਣੀ ਗੱਲ ! ਫਰਵਰੀ ਚ ਇੱਕ ਅਪ੍ਰੇਸ਼ਨ ਕਰਵਾਇਆ ਸੀ ਜਿਸ ਕਰਕੇ ਸੁੰਨ ਵਾਲਾ ਟੀਕਾ ਢੂਹੀ ਚ ਲੱਗਿਆ । ਅਖੀਰ ਵਾਰ ਡਾਕਟਰ ਨੇ ਮੁਸਕਰਾ ਕੇ ਕਿਹਾ ਕਿ ਤੇਰੀ ਅੱਜ ਤੋਂ ਦਵਾਈ ਬੰਦ । ਮੈਂ ਵੀ ਖ਼ੁਸ਼ ਹੋਇਆ ਪਰ ਇਹ ਖ਼ੁਸ਼ੀ ਥੋੜ ਚਿਰੀ ਸੀ । ਘਰ ਆਕੇ ਢੂਹੀ ਨੇ ਚੀਕਾਂ ਪਵਾ ਦਿੱਤੀਆਂ , ਮੁੜ ਡਾਕਟਰ ਕੋਲ ਗਿਆ ਉਸ ਨੇ ਦਵਾਈ ਦਿੱਤੀ ਫਿਰ ਉਹੀ ਹਾਲ । ਦੂਜੀ ਵਾਰ ਪਰੇਗਾਬਲਿਨ ਸਾਲਟ ਦਿੱਤਾ ਉਸ ਦਾ ਅਸਰ ਵੀ ਕੁੱਝ ਘੰਟੇ । ਫਿਰ ਇੱਕ ਚੂਸਣ ਵਾਲੀ ਗੋਲੀ ਦਿੱਤੀ ਉਸ ਨਾਲ ਕੁੱਝ ਘੰਟੇ ਨੀਂਦ ਆ ਜਿਆ ਕਰੇ ਪਰ ਦਰਦ ਨਾ ਰੁਕੇ । ਰਾਤਾਂ ਨੂੰ ਉੱਠ ਉੱਠ ਬਹਿੰਦਾ । ਇੱਕ ਮਿੱਤਰ ਪਤਾ ਲੈਣ ਆ ਗਿਆ ਉਸ ਨੇ ਸਭ ਛੱਡ ਨਾਗਣੀ ਦੀ ਸਲਾਹ ਦਿੱਤੀ ਤੇ ਬਾਜਰੇ ਦੇ ਦਾਣੇ ਜਿਨੀ ਖਵਾ ਵੀ ਗਿਆ , ਪੂਰਾ ਟਿਕਾਅ ਰਿਹਾ । ਫਿਰ ਉਸ ਤੋਂ ਆਪ ਮੰਗ ਕੇ ਲਈ , ਹਫਤਾ ਖਾਧੀ ਤੇ ਛੱਡ ਦਿੱਤੀ । ਚਾਰ ਮਹੀਨੇ ਹੋਗੇ ਮੁੜ ਕਦੇ ਦਰਦ ਨੀ ਹੋਇਆ । ਹੁਣ ਕਦੇ ਕਦਾਈਂ ਰਾਤ ਨੂੰ ਖਸਖਸ ਕੁੱਟ ਕੇ ਦੁੱਧ ਚ ਉਬਾਲ ਕੇ ਜਰੂਰ ਪੀ ਲਈਦੀ ਹੈ , ਨੀਂਦ ਵੀ ਚੰਗੀ ਆਉਂਦੀ ਹੈ ।

ਅਖੀਰ ਵਿੱਚ ਫਿਰ ! ਨਸ਼ਾ ਹਰ ਇੱਕ ਮਾੜਾ ਹੈ, ਸੋਫੀ ਨਾਲ ਦੀ ਰੀਸ ਨਹੀਂ । ਜਿਨ੍ਹਾਂ ਬਚਿਆ ਜਾ ਸਕਦਾ ਓਨਾ ਚੰਗਾ ਪਰ ਇੱਕ ਗੀਤ ਚ ਨਸ਼ਾ ਦਾ ਨਾਮ ਲੈਣ ਬਦਲੇ ਗਾਲ੍ਹਾਂ ਪਰ ਕੰਧ ਨਾਲ ਵਿਕਦੇ ਮਾਰੂ ਨਸ਼ਿਆਂ ਪ੍ਰਤੀ ਚੁੱਪੀ ਕਿਉਂ । ਹੋਰ ਤਾਂ ਹੋਰ ਇਸ ਨੂੰ ਵੇਚਣ ਲੱਗੇ ਜਾਂ ਵੇਚਣ ਲਈ ਸ਼ਹਿ ਦੇ ਰਹੇ ਮੋਹਤਬਰਾਂ ਨੂੰ ਅਸੀਂ ਕਦੇ ਵੋਟਾਂ ਪਾਉਣ ਦਾ ਪਛਤਾਵਾ ਵੀ ਨਹੀਂ ਕੀਤਾ ਹੋਣਾ । ਸਾਡਾ ਦੋਗਲਾ ਕਿਰਦਾਰ ਵੀ ਨਸ਼ਿਆਂ ਤੋਂ ਵੱਧ ਸਾਡੇ ਲਈ ਖਤਰਨਾਕ ਹੈ ।

ਮੁਖਤਿਆਰ ਪੱਖੋ ਕਲਾਂ
Show More

Related Articles

Leave a Reply

Your email address will not be published. Required fields are marked *

Back to top button
Translate »