ਚੇਤਿਆਂ ਦੀ ਚੰਗੇਰ ਵਿੱਚੋਂ

ਪਿੰਡ ਦੀਆਂ ਗਲੀਆਂ’ਚ——-

ਪਿੰਡ ਦੀਆਂ ਗਲੀਆਂ’ਚ——-
ਬਚਪਨ ਦੀਆਂ ਯਾਦਾਂ ਯਾਦ ਕਰਕੇ,ਦਿਲ ਠੰਢੜੇ ਹੌਂਕੇ ਭਰਦਾ ਏ।
ਪਿੰਡ ਦੀਆਂ ਗਲੀਆਂ’ਚ ਗੇੜਾ ਲਾਵਾਂ.ਬੜਾ ਹੀ ਜੀਅ ਕਰਦਾ ਏ।

ਬਚਪਨ ਦੇ ਸਾਥੀ ਯਾਦ ਨੇ ਆਉਂਦੇ,ਕਿੱਥੇ ਗਿਓਂ ਜਾਣੀ ਬੁਲਾਉਂਦੇ।
ਇੱਕ ਪਲ ਵੀ ਨਾ ਪਰੇ ਸੀ ਹੁੰਦੇ,ਹੁਣ ਕਿਓਂ ਤੈਨੂੰ ਯਾਦ ਨ੍ਹੀਂ ਅਉਂਦੇ।
ਐਨਾ ਕੋਰਾ ਕਰਾਰਾ ਹੋ ਕੇ, ਦੱਸ ਖਾਂ ਤੇਰਾ ਕਿਵੇਂ ਹੁਣ ਸਰਦਾ ਏ ।
ਪਿੰਡ ਦੀਆਂ ਗਲੀਆਂ ‘ਚ……………………………………।

ਛੁੱਟੀਆਂ ਦੇ ਵਿੱਚ ਮੱਝਾਂ ਚਰਾਉਂਦੇ,ਖੂਹਾਂ ਦੇ ਵਿੱਚ ਖੂਬ ਨਹਾਉਂਦੇ।
ਖੇਤਾਂ ਦੇ ਵਿਚੋਂ ਪੁੱਟਦੇ ਗੰਨੇ,ਵਾੜਿਓਂ ਖਰਬੂਜ਼ੇੇ ਤੋੜ ਲਿਆਉਂਦੇ ।
ਛੱਪੜਾਂ ਦੇ ਵਿੱਚ ਸ਼ਰਤਾਂ ਲਾਉਂਦੇ,ਕੌਣ ਕਿੰਨਾ ਚਿਰ ਤਰਦਾ ਏ ।
ਪਿੰਡ ਦੀਆਂ ਗਲੀਆਂ’ਚ……………………………………..।

ਵਿਆਹਾਂ ਦੇ ਵਿੱਚ ਮੰਜੇ ਬਿਸਤਰੇ,ਭਜ-ਭਜ ਕੇ ਇਕੱਠੇ ਕਰਦੇ ਸੀ ।
ਉਸ ਤੋਂ ਪਿੱਛੋਂ ਦੁੱਧ ਦੀਆਂ ਬਾਲਟੀਆਂ ਦਰ-ਦਰ ਜਾ ਕੇ ਭਰਦੇ ਸੀ।
ਮਹਿਮਾਨਾਂ ਨੂੰ ਨਾ ਪਤਾ ਲੱਗਦਾ,ਕਿਹੜਾ ਇਹਨਾਂ ‘ਚੋਂ ਘਰ ਦਾ ਏ ।
ਪਿੰਡ ਦੀਆਂ ਗਲ਼ੀਆਂ’ਚ………………………………………..।

ਸਪੀਕਰ ਵਾਲੇ ਦੇ ਕੋਲ ਸੀ ਬਹਿਕੇ,ਸੂਈਆਂ ਵੀ ਚੁਗਦੇ ਰਹਿੰਦੇ ਸੀ ।
ਸਾਰਾ ਦਿਨ ਓਹਦੀ ਸੇਵਾ ਦੇ ਵਿੱਚ,ਓਹਦੇ ਕੋਲ ਹੀ ਸਾਰੇ ਬਹਿੰਦੇ ਸੀ।
ਮੂਹਰੇ ਬਹਿਕੇ ਫਿਰ ਵੇਖੀ ਜਾਣਾ,ਕਿਹੜਾ ਤਵਾ ਇਹ ਹੁਣ ਧਰਦਾ ਏ ।
ਪਿੰਡ ਦੀਆਂ ਗਲੀਆਂ’ਚ…………………………………………।

ਦੇਰ ਰਾਤ ਤੱਕ ਮੁੰਡੇ- ਕੁੜੀਆਂ,ਸਭ ਇਕੱਠੇ ਹੀ ਖੇਡਦੇ ਰਹਿੰਦੇ ਸੀ ।
ਭੈਣ ਭਰਾਵਾਂ ਦੇ ਵਾਂਗਰ ਸੀ ਰਹਿੰਦੇ,ਜਦੋਂ ਵੀ ਰਲ ਕੇ ਬਹਿੰਦੇ ਸੀ ।
ਵੱਡਿਆਂ ਦਾ ਬੜਾ ਵੀ ਭੈਅ ਸੀ ਹੁੰਦਾ,ਹੁਣ ਨਾ ਕੋਈ ਡਰਦਾ ਏ ।
ਪਿੰਡ ਦੀਆਂ ਗਲ਼ੀਆਂ ‘ਚ………………………………….।

‘ਅਮਰੀਕ ਤਲਵੰਡੀ’ਦੀ ਗੱਡੀ ਜਦੋਂ,ਪਿੰਡ ਦੀ ਜੂਹੇ ਜਾ ਵੜਦੀ ਏ।
ਦੁਨੀਆਂ ਭਰ ਦੀ ਖੁਸ਼ੀ ਹੈ ਮਿਲਦੀ,ਰੂਹ ਨੂੰ ਮਸਤੀ ਜਹੀ ਚੜ੍ਹਦੀ ਏ ।
ਮਨ ਨੂੰ ਬੜੀ ਸ਼ਾਤੀ ਹੈ ਮਿਲਦੀ,ਗਲੀਏਂ ਪੈਰ ਜਦੋਂ ਵੀ ਧਰਦਾ ਏ ।
ਪਿੰਡ ਦੀਆਂ ਗਲੀਆਂ’ਚ……………………………………..।

         ਅਮਰੀਕ ਸਿੰਘ ਤਲਵੰਡੀ ਕਲਾਂ,
         ਗਿੱਲ ਨਗਰ ਗਲੀ ਨੰ-13.ਮੁਲਾਂਪੁਰ ਦਾਖਾ(ਲੁਧਿਆਣਾ )9463542896
Show More

Related Articles

Leave a Reply

Your email address will not be published. Required fields are marked *

Back to top button
Translate »