News

ਆਈ.ਸੀ.ਜੇ. ਅੱਜ ਕਰੇਗੀ ਕੁਲਭੂਸ਼ਣ ਮਾਮਲੇ ‘ਚ ਸੁਣਵਾਈ, ਖੁੱਲ੍ਹੇਗੀ ਪਾਕਿ ਦੀ ਪੋਲ

ਨਵੀਂ ਦਿੱਲੀ— ਭਾਰਤੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਮਾਮਲੇ ‘ਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਅੱਜ ਸੁਣਵਾਈ ਕਰੇਗੀ। ਪਾਕਿ ਦੀ ਫੌਜੀ ਅਦਾਲਤ ਨੇ ਜਾਧਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਇਸ ਸਜ਼ਾ ‘ਤੇ ਰੋਕ ਲਗਾਉਣ ਲਈ ਭਾਰਤ ਨੇ ਇੰਟਰਨੈਸ਼ਨਲ ਕੋਰਟ(ਆਈ.ਸੀ.ਜੇ) ‘ਚ ਅਪੀਲ ਕੀਤੀ ਗਈ ਸੀ। ਇਸ ਤੋਂ ਪਹਿਲੇ ਭਾਰਤ ਦੀ ਅਪੀਲ ‘ਤੇ 9 ਮਈ ਨੂੰ ਇੰਟਰਨੈਸ਼ਨਲ ਕੋਰਟ ਨੇ ਸੁਣਵਾਈ ਤੱਕ ਪਾਕਿ ਤੋਂ ਜਾਧਵ ਦੀ ਫਾਂਸੀ ਰੋਕਣ ਲਈ ਕਿਹਾ ਸੀ। ਇੰਟਰਨੈਸ਼ਨਲ ਕੋਰਟ ਨੇ ਕਿਹਾ ਸੀ ਕਿ ਜਦੋਂ ਤੱਕ ਨਿਆਂ ਦੀ ਕਿਰਿਆ ਪੂਰੀ ਨਹੀਂ ਹੋ ਜਾਂਦੀ, ਜਾਧਵ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ।
ਪਾਕਿ ਦਾ ਦਾਅਵਾ
ਜਾਧਵ ਨੂੰ ਪਾਕਿਸਤਾਨ ਨੇ ਮਾਰਚ 2016 ‘ਚ ਬਲੂਚਿਸਤਾਨ ‘ਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਪਾਕਿਸਤਾਨ ਨੇ ਕਿਹਾ ਕਿ ਜਾਧਵ ਭਾਰਤੀ ਖੁਫ਼ੀਆ ਏਜੰਸੀ ਰਾਅ ਲਈ ਕੰਮ ਕਰ ਰਿਹਾ ਸੀ। ਉੱਥੇ ਭਾਰਤ ਦਾ ਕਹਿਣਾ ਹੈ ਕਿ ਜਾਧਵ ਨੂੰ ਇਰਾਨ ਤੋਂ ਅਗਵਾ ਕੀਤਾ ਗਿਆ ਸੀ। ਜਾਧਵ ਨੂੰ 10 ਅਪ੍ਰੈਲ ਨੂੰ ਪਾਕਿ ਦੀ ਇਕ ਫੌਜੀ ਅਦਾਲਤ ਨੇ ਕਥਿਤ ਤੌਰ ‘ਤੇ ਜਾਸੂਸੀ ਕਰਨ ਅਤੇ ਇਸਲਾਮਾਬਾਦ ਦੇ ਵਿਰੁੱਧ ਖਤਰਨਾਕ ਸਰਗਰਮੀਆਂ ‘ਚ ਸ਼ਾਮਲ ਰਹਿਣ ਦੇ ਦੋਸ਼ਾਂ ਨੂੰ ਲੈ ਕੇ ਮੌਤ ਦੀ ਸਜ਼ਾ ਸੁਣਾਈ ਹੈ।
ਨਹੀਂ ਮਿਲਣ ਦਿੱਤਾ ਜਾ ਰਿਹਾ ਜਾਧਵ ਨਾਲ
ਭਾਰਤ ਵਲੋਂ ਜਾਧਵ ਨੂੰ ਮਿਲਣ ਲਈ 16 ਵਾਰ ਕੋਸ਼ਿਸ਼ ਕੀਤੀ ਗਈ, ਇਸ ਦੇ ਬਾਵਜੂਦ ਵੀ ਸੰਪਰਕ ਨਹੀਂ ਕਰਨ ਦਿੱਤਾ ਗਿਆ। ਭਾਰਤ ਨੇ ਕਿਹਾ ਕਿ ਪਾਕਿਸਤਾਨ ਨੇ ਗੈਰ-ਕਾਨੂੰਨੀ ਤਰੀਕੇ ਨਾਲ ਉਨ੍ਹਾਂ ਨੂੰ ਹਿਰਾਸਤ ‘ਚ ਰੱਖਿਆ ਹੈ ਅਤੇ ਜਾਧਵ ਦੀ ਜਾਨ ਨੂੰ ਖਤਰਾ ਹੈ। ਆਈ.ਸੀ.ਜੇ. ‘ਚ ਇਸ ਸੁਣਵਾਈ ਦਾ ਸਿੱਧਾ ਪ੍ਰਸਾਰਣ ਵੀ ਹੋਵੇਗਾ। ਸੁਣਵਾਈ ਦਾ ਪ੍ਰਸਾਰਣ ਆਈ.ਸੀ.ਜੇ. ਦੀ ਅਧਿਕਾਰਤ ਵੈੱਬਸਾਈਟ ‘ਤੇ ਵੀ ਦੇਖਿਆ ਜਾ ਸਕੇਗਾ। ਵੈਬਟੀਵੀ ਡਾਟ ਯੂਐੱਨ ਡਾਟ ਓਆਰਜੀ ‘ਤੇ ਅੱਜ ਭਾਰਤੀ ਸਮੇਂ ਮੁਤਾਬਕ ਦੁਪਹਿਰ 1.30 ਵਜੇ ਤੋਂ ਸੁਣਵਾਈ ਦਾ ਪ੍ਰਸਾਰਣ ਸ਼ੁਰੂ ਹੋ ਜਾਵੇਗਾ।

Most Popular

To Top