News

ਉੱਤਰੀ ਕੋਰੀਆ ਵਿਰੁੱਧ ਯੁੱਧ ਦਾ ਐਲਾਨ ਕਰਨ ਦਾ ਹਰ ਦਾਅਵਾ ਗਲਤ: ਵਾਈਟ ਹਾਊਸ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਅਤੇ ਉੱਤਰੀ ਕੋਰੀਆ ਦੇ ਵਿਚਕਾਰ ਜਾਰੀ ਸ਼ਬਦਾਂ ਦੀ ਜੰਗ ਵਿਚ ਵਾਈਟ ਹਾਊਸ ਨੇ ਪਿਅੋਂਗਯਾਂਗ ‘ਤੇ ਅਮਰੀਕਾ ਵੱਲੋਂ ਯੁੱਧ ਦਾ ਐਲਾਨ ਕਰਨ ਸੰਬੰਧੀ ਕੀਤੇ ਗਏ ਦਾਅਵਿਆਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਸ ਸੰਬੰਧ ਵਿਚ ਕਹੀ ਗਈ ਕੋਈ ਵੀ ਗੱਲ ‘ਬੇਤੁਕੀ’ ਹੈ। ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਸੈਂਡਰਸ ਨੇ ਆਪਣੇ ਦੈਨਿਕ ਪੱਤਰਕਾਰ ਸੰਮੇਲਨ ਵਿਚ ਇਸ ਸੰਬੰਧ ਵਿਚ ਪੁੱਛੇ ਗਏ ਪ੍ਰਸ਼ਨਾਂ ਦਾ ਜਵਾਬ ਦਿੰਦੇ ਹੋਏ ਕਿਹਾ,”ਬਿਲਕੁਲ ਨਹੀਂ। ਅਸੀਂ
ਉੱਤਰੀ ਕੋਰੀਆ ‘ਤੇ ਹਮਲੇ ਦਾ ਐਲਾਨ ਨਹੀਂ ਕੀਤਾ ਹੈ।”
ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਰੀ ਯੋਂਗ ਹੋ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਉਨ੍ਹਾਂ ਦੇ ਦੇਸ਼ ਵਿਰੁੱਧ ਯੁੱਧ ਦਾ ਐਲਾਨ ਕਰਨ ਦਾ ਦੋਸ਼ ਲਗਾਇਆ ਹੈ। ਉਹ ਕੱਲ ਨਿਊਯਾਰਕ ਵਿਚ ਹੀ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਅੋਂਗਯਾਂਗ ਅਮਰੀਕੀ ਬੰਬਾਰੀ ਜਹਾਜ਼ਾਂ ਨੂੰ ਨਸ਼ਟ ਕਰ ਕੇ ਆਪਣੀ ਰੱਖਿਆ ਕਰਨ ਲਈ ਤਿਆਰ ਹੈ।
ਉਨ੍ਹਾਂ ਨੇ ਨਿਊਯਾਰਕ ਵਿਚ ਪੱਤਰਕਾਰਾਂ ਨੂੰ ਕਿਹਾ ਸੀ,”ਪੂਰੀ ਦੁਨੀਆ ਨੂੰ ਸਪੱਸ਼ਟ ਤੌਰ ‘ਤੇ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪਹਿਲਾਂ ਅਮਰੀਕਾ ਨੇ ਹੀ ਸਾਡੇ ਦੇਸ਼ ਵਿਰੁੱਧ ਯੁੱਧ ਦਾ ਐਲਾਨ ਕੀਤਾ ਹੈ।” ਗੌਰਤਲਬ ਹੈ ਕਿ ਉੱਤਰੀ ਕੋਰੀਆ ਦਾ ਅਮਰੀਕਾ ਨਾਲ ਕੋਈ ਰਾਜਨੀਤਕ ਸੰਬੰਧ ਨਹੀਂ ਹੈ।
ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਨਿਊਯਾਰਕ ਵਿਚ ਸਾਲਾਨਾ ਮਹਾਸਭਾ ਸੰਮੇਲਨ ਵਿਚ ਸ਼ਾਮਲ ਹੋਣ ਆਏ ਸਨ। ਯਾਂਗ ਨੇ ਕਿਹਾ,”ਅਮਰੀਕਾ ਨੇ ਸਾਡੇ ਦੇਸ਼ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ ਹੈ। ਇਸ ਸਥਿਤੀ ਵਿਚ ਸਾਡੇ ਕੋਲ ਇਸ ਗੱਲ ਦਾ ਪੂਰਾ ਅਧਿਕਾਰ ਹੋਵੇਗਾ ਕਿ ਅਸੀਂ ਅਮਰੀਕੀ ਬੰਬਾਰੀ ਜਹਾਜ਼ਾਂ ਨੂੰ ਨਸ਼ਟ ਕਰ ਸਕਦੇ ਹਾਂ, ਭਾਵੇਂ ਉਹ ਸਾਡੇ ਦੇਸ਼ ਦੀ ਹਵਾਈ ਸੀਮਾ ਵਿਚ ਨਾ ਵੀ ਹੋਣ।” ਸਾਰਾ ਨੇ ਕਿਹਾ ਕਿ ਕਿਸੇ ਵੀ ਦੇਸ਼ ਲਈ ਕਿਸੇ ਹੋਰ ਦੇਸ਼ ਦੇ ਜਹਾਜ਼ਾਂ ਨੂੰ ਨਸ਼ਟ ਕਰਨਾ ਉਚਿਤ ਨਹੀਂ ਹੈ। ਉਨ੍ਹਾਂ ਨੇ ਇਕ ਪ੍ਰਸ਼ਨ ਦੇ ਜਵਾਬ ਵਿਚ ਕਿਹਾ,”ਸਾਡਾ ਉਦੇਸ਼ ਹੁਣ ਵੀ ਇਹੀ ਹੈ। ਅਸੀਂ ਚਾਹੁੰਦੇ ਹਾਂ ਕਿ ਕੋਰੀਆਈ ਪ੍ਰਾਇਦੀਪ ਪਰਮਾਣੂ ਹਥਿਆਰਾਂ ਤੋਂ ਮੁਕਤ ਹੋਵੇ। ਸਾਡਾ ਧਿਆਨ ਇਸੇ ਵੱਲ ਕੇਂਦਰਿਤ ਹੈ।”
ਇਸੇ ਦੌਰਾਨ ਅਮਰੀਕਾ ਦੀ ਪ੍ਰਤੀਨਿਧੀ ਸਭਾ ਨੇ ਦੋ-ਪੱਖੀ ਸਮਰਥਨ ਦਿੰਦੇ ਹੋਏ ਜ਼ੀਰੋ ਦੇ ਮੁਕਾਬਲੇ 415 ਵੋਟਾਂ ਨਾਲ ਉੱਤਰੀ ਕੋਰੀਆ ਹਿਊਮਨ ਰਾਈਟਸ ਰੀਓਥਰਾਈਜੇਸ਼ਨ ਐਕਟ ਪਾਸ ਕੀਤਾ। ਇਹ ਬਿੱਲ ਅਮਰੀਕਾ ਦੇ ਉਨ੍ਹਾਂ ਕਾਰਜਕ੍ਰਮਾਂ ਨੂੰ ਫਿਰ ਤੋਂ ਅਧਿਕਾਰ ਦਿੰਦਾ ਹੈ, ਜੋ ਉੱਤਰੀ ਕੋਰੀਆ ਵਿਚ ਮਨੁੱਖੀ ਅਧਿਕਾਰ, ਲੋਕਤੰਤਰ ਅਤੇ ਸੂਚਨਾ ਦੀ ਆਜ਼ਾਦੀ ਨੂੰ ਉਤਸ਼ਾਹਿਤ ਕਰਦੇ ਹਨ।

Most Popular

To Top