News

ਬੀਚ ‘ਚ ਤੈਰਨ ਗਏ ਲੜਕੇ ਦੀਆਂ ਲੱਤਾਂ ਨੂੰ ਅਜੀਬ ਕੀੜਿਆਂ ਨੇ ਕੀਤਾ ਲਹੂ-ਲੁਹਾਨ, ਸਾਹਮਣੇ ਆਇਆ ਸੱਚ

ਮੈਲਬੌਰਨ— ਆਸਟ੍ਰੇਲੀਆ ਦੇ ਮੈਲਬੌਰਨ ‘ਚ ਬੀਚ ‘ਤੇ ਤੈਰਨ ਗਏ 16 ਸਾਲਾ ਲੜਕੇ ਸੈਮ ਕਾਨਿਜ਼ ਨੂੰ ਕੁਝ ਸਮੁੰਦਰੀ ਕੀੜਿਆਂ ਨੇ ਕੱਟ ਲਿਆ ਸੀ ਅਤੇ ਹੁਣ ਇਸ ਦਾ ਸੱਚ ਸਾਹਮਣੇ ਆਇਆ ਹੈ। 16 ਸਾਲਾ ਲੜਕੇ ਦੇ ਪਿਤਾ ਜੈਰਡ ਕਾਨਿਜ਼ ਨੇ ਇਸ ਸੱਚ ਦਾ ਪਤਾ ਲਾਇਆ। ਉਹ ਖੁਦ ਬੀਚ ‘ਤੇ ਗਏ ਅਤੇ ਉਨ੍ਹਾਂ ਨੇ ਮੱਛੀਆਂ ਫੜਨ ਵਾਲੇ ਜਾਲ ‘ਚ ਮਾਸ ਦੇ ਕੁਝ ਟੁੱਕੜੇ ਪਾ ਕੇ ਸੁੱਟੇ। ਜਦੋਂ ਕੁਝ ਦੇਰ ਬਾਅਦ ਜਾਲ ਨੂੰ ਬਾਹਰ ਕੱਢਿਆ ਗਿਆ ਤਾਂ ਸੈਮ ਦੇ ਪਿਤਾ ਹੈਰਾਨ ਰਹਿ ਗਏ, ਕਿਉਂਕਿ ਬਹੁਤ ਸਾਰੇ ਅਜੀਬ ਜਿਹੇ ਛੋਟੇ-ਛੋਟੇ ਜੀਵ ਮਾਸ ਦੇ ਟੁੱਕੜਿਆਂ ਨੂੰ ਖਾ ਰਹੇ ਸਨ। ਜਿਸ ਤੋਂ ਸਾਫ ਹੋ ਗਿਆ ਕਿ ਇਹ ਜੀਵ ਮਾਸ ਖਾਂਦੇ ਹਨ। ਉਨ੍ਹਾਂ ਨੇ ਪੂਰੀ ਘਟਨਾ ਦਾ ਵੀਡੀਓ ਵੀ ਬਣਾਇਆ।
ਇਹ ਸੀ ਪੂਰਾ ਮਾਮਲਾ—
ਬੀਤੇ ਦਿਨੀਂ ਸੈਮ ਕਾਨਿਜ਼ ਨਾਂ ਦਾ 16 ਸਾਲਾ ਲੜਕਾ ਮੈਲਬੌਰਨ ਦੇ ਬ੍ਰਿਗਟਨ ਬੀਚ ‘ਤੇ ਸੈਰ ਕਰਨ ਗਿਆ ਅਤੇ ਥੋੜ੍ਹੀ ਦੇਰ ਬਾਅਦ ਪਾਣੀ ‘ਚ ਉਤਰਿਆ। ਤਕਰੀਬਨ ਅੱਧੇ ਘੰਟੇ ਬਾਅਦ ਜਦੋਂ ਉਹ ਪਾਣੀ ਵਿਚੋਂ ਬਾਹਰ ਆਇਆ ਤਾਂ ਉਸ ਦੀਆਂ ਦੋਵੇਂ ਲੱਤਾਂ ‘ਚੋਂ ਖੂਨ ਨਿਕਲ ਰਿਹਾ ਸੀ। ਉਹ ਪਾਣੀ ‘ਚੋਂ ਬਾਹਰ ਨਿਕਲ ਕੇ ਬੂਟ ਪਹਿਨ ਕੇ ਸਿੱਧਾ ਘਰ ਆਇਆ। ਪੁੱਤਰ ਦੀ ਅਜਿਹੀ ਹਾਲਤ ਦੇਖ ਕੇ ਪਿਤਾ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ। ਡਾਕਟਰ ਵੀ ਇਸ ਘਟਨਾ ਨੂੰ ਦੇਖ ਕੇ ਹੈਰਾਨ ਰਹਿ ਗਏ। ਸੈਮ ਨੇ ਦੱਸਿਆ ਕਿ ਠੰਡੇ ਪਾਣੀ ਨਾਲ ਮੇਰੇ ਪੈਰ ਸੁੰਨ ਹੋ ਗਏ, ਜਿਵੇਂ ਇਹ ਪਿਨ ਜਾਂ ਸੂਈਆਂ ਕਾਰਨ ਹੋਇਆ ਹੋਵੇ। ਕੀੜਿਆਂ ਦਾ ਪਤਾ ਲਾਉਣ ਤੋਂ ਬਾਅਦ ਹੁਣ ਡਾਕਟਰ ਮਾਹਰਾਂ ਦੀ ਰਾਏ ਦੀ ਉਡੀਕ ਕਰ ਰਹੇ ਹਨ ਕਿ ਇਹ ਕਿਸ ਪ੍ਰਕਾਰ ਦੇ ਕੀੜੇ ਹਨ ਅਤੇ ਇਨ੍ਹਾਂ ਦਾ ਵਰਤਾਅ ਕਿਹੋ ਜਿਹਾ ਹੈ। ਓਧਰ ਸਮੁੰਦਰੀ ਜੀਵ ਵਿਗਿਆਨੀ ਡਾ. ਜੇਨੇਫਰ ਨੇ ਕਿਹਾ ਕਿ ਇਨ੍ਹਾਂ ਕੀੜਿਆਂ ਦੇ ਸੈਂਪਲ ਨੂੰ ਦੇਖ ਕੇ ਇਹ ਸਮੁੰਦਰੀ ਪਿੱਸੂ ਹੋ ਸਕਦੇ ਹਨ, ਜੋ ਕਿ ਮ੍ਰਿਤਕ ਜੀਵਾਂ ਨੂੰ ਖਾਂਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ।

Most Popular

To Top