INDIA

ਭਾਜਪਾ ਨੇ ਇਤਿਹਾਸ ‘ਚ ਪਹਿਲੀ ਵਾਰ ਰਾਜ ਸਭਾ ‘ਚ ਕਾਂਗਰਸ ਨੂੰ ਪਛਾੜਿਆ, ਬਣੀ ਸਭ ਤੋਂ ਵੱਡੀ ਪਾਰਟੀ

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ (ਭਾਜਪਾ) ਕਾਂਗਰਸ ਪਾਰਟੀ ਦੇ ਹਕੂਮਤ ਦੇ 65 ਸਾਲ ਦੇ ਇਤਿਹਾਸ ਨੂੰ ਤੋੜਦੇ ਹੋਏ ਲੋਕ ਸਭਾ ਤੋਂ ਬਾਅਦ ਹੁਣ ਰਾਜ ਸਭਾ ‘ਚ ਵੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਰਾਜ ਸਭਾ ‘ਚ ਹੁਣ ਭਾਜਪਾ ਦੇ 58 ਮੈਂਬਰ ਹਨ, ਜਦੋਂ ਕਿ ਮੁੱਖ ਵਿਰੋਧੀ ਦਲ ਕਾਂਗਰਸ ਕੋਲ ਸਿਰਫ 57 ਸੰਸਦ ਮੈਂਬਰ ਹਨ। ਜਿਵੇਂ ਹੀ ਮੱਧ ਪ੍ਰਦੇਸ਼ ਦੇ ਸੰਪਤੀਆ ਉਈਕੇ ਨੇ ਰਾਜ ਸਭਾ ਦੀ ਮੈਂਬਰਤਾ ਗ੍ਰਹਿਣ ਕੀਤੀ, ਰਾਜ ਸਭਾ ‘ਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਗਈ।
ਰਾਜ ਸਭਾ ‘ਚ ਕੁੱਲ 245 ਸੀਟਾਂ ਹਨ, ਜਦੋਂ ਕਿ ਕਾਂਗਰਸ ਦੇ ਰਾਜ ਸਭਾ ‘ਚ 57 ਸੰਸਦ ਮੈਂਬਰ ਹਨ। ਹਾਲਾਂਕਿ ਸਭ ਤੋਂ ਵੱਡੀ ਪਾਰਟੀ ਬਣਨ ਦੇ ਬਾਵਜੂਦ ਭਾਜਪਾ ਅਜੇ ਰਾਜ ਸਭਾ ‘ਚ ਬਹੁਮਤ ਤੋਂ ਦੂਰ ਹੈ। ਇਸੇ ਮਹੀਨੇ ਪੱਛਮੀ ਬੰਗਾਲ ਅਤੇ ਗੁਜਰਾਤ ਦੀਆਂ ਰਾਜ ਸਭਾ ਸੀਟਾਂ ਲਈ ਚੋਣਾਂ ਹੋਣੀਆਂ ਹਨ। ਪੱਛਮੀ ਬੰਗਾਲ ‘ਚ ਰਾਜ ਸਭਾ ਦੀਆਂ 6 ਅਤੇ ਗੁਜਰਾਤ ‘ਚ ਤਿੰਨ ਸੀਟਾਂ ਖਾਲੀ ਹੋਣ ਵਾਲੀਆਂ ਹਨ। ਇਨ੍ਹਾਂ ਸੀਟਾਂ ਲਈ ਅਗਲੇ ਹਫਤੇ ਚੋਣਾਂ ਹੋਣੀਆਂ ਗਨ। ਸੰਪਤੀਆ ਉਈਕੇ ਨਰਿੰਦਰ ਮੋਦੀ ਕੈਬਨਿਟ ਦੇ ਮੰਤਰੀ ਅਨਿਲ ਦਵੇ ਦੀ ਜਗ੍ਹਾ ਰਾਜ ਸਭਾ ਭੇਜੇ ਗਏ ਹਨ। ਉਈਕੇ ਬਿਨਾਂ ਵਿਰੋਧ ਚੋਣਾਂ ਜਿੱਤੇ। ਦਵੇ ਦਾ ਇਸੇ ਸਾਲ ਮਈ ‘ਚ ਦਿਹਾਂਤ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ 2014 ‘ਚ ਹੋਈਆਂ ਆਮ ਚੋਣਾਂ ਨੂੰ ਜਿੱਤ ਕੇ ਭਾਜਪਾ ਪਹਿਲਾਂ ਹੀ ਲੋਕ ਸਭਾ ‘ਚ ਵੱਡੀ ਪਾਰਟੀ ਬਣੀ ਹੋਈ ਹੈ। ਲੋਕ ਸਭਾ ‘ਚ ਭਾਜਪਾ ਕੋਲ 281 ਸੰਸਦ ਮੈਂਬਰ ਹਨ। ਕਾਂਗਰਸ 45 ਸੰਸਦ ਮੈਂਬਰਾਂ ਨਾਲ ਦੂਜੇ ਨੰਬਰ ‘ਤੇ ਹੈ। ਤੀਜੇ ਅਤੇ ਚੌਥੇ ਨੰਬਰ ‘ਤੇ ਤਾਮਿਲਨਾਡੂ ਦੀਆਂ 2 ਪਾਰਟੀਆਂ ਏ.ਆਈ.ਏ.ਡੀ.ਐੱਮ.ਕੇ. ਅਤੇ ਡੀ.ਐੱਮ.ਕੇ. ਹੈ। ਕਾਂਗਰਸ 2018 ਤੱਕ ਸਭ ਤੋਂ ਵਧ ਮੈਂਬਰਾਂ ਵਾਲੀ ਪਾਰਟੀ ਰਾਜ ਸਭਾ ‘ਚ ਰਹਿੰਦੀ ਪਰ ਉਸ ਦੇ 2 ਮੈਂਬਰਾਂ ਦੀ ਮੌਤ ਤੋਂ ਬਾਅਦ ਗਿਣਤੀ ਘੱਟ ਹੋ ਗਈ। ਇਸੇ ਮਹੀਨੇ ਰਾਜ ਸਭਾ ਦੀਆਂ 9 ਸੀਟਾਂ ਲਈ ਚੋਣਾਂ ਵੀ ਹੋਣੀਆਂ ਹਨ।

Most Popular

To Top