ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ

ਨਸ਼ਿਆਂ ਦੀ ਮਹਾਂਮਾਰੀ ਨਾਲ ਟੱਕਰ ਲੈਣ ਵਾਲਾ ਪਰਵਿੰਦਰ ਸਿੰਘ ਝੋਟਾ

ਬਿਨ੍ਹਾਂ ਸ਼ੱਕ ਨਸ਼ਿਆਂ ਦੇ ਪ੍ਰਕੋਪ ਕਾਰਨ ਸਿਵਿਆਂ ਦੀ ਅੱਗ ਪ੍ਰਚੰਡ ਹੋਈ ਹੈ। ਸਭ ਤੋਂ ਮਾਰੂ ਦੁਖਾਂਤ ਹੈ ਕਿ ਮਾਪੇ ਆਪਣੇ ਇਕਲੌਤੇ ਪੁੱਤਾਂ ਦੀ ਅਰਥੀ ਨੂੰ ਮੋਢਾ ਦੇ ਰਹੇ ਹਨ। ਇਹ ਦੁਖਾਂਤ ਪੰਜਾਬ ਦੇ ਬਹੁਤ ਸਾਰੇ ਮਾਪਿਆਂ ਦੇ ਹਿੱਸੇ ਆਇਆਂ ਹੈ। ਵਿਹੜਿਆਂ ਵਿੱਚ ਵਿਛੇ ਸੱਥਰਾਂ ਤੇ ਇਹ ਪ੍ਰਸ਼ਨ ਧੁੱਖ ਰਹੇ ਹਨ ਕਿ ਇਹ ਕਿਹੋ ਜਿਹਾ ਵਿਕਾਸ ਅਤੇ ਬਦਲਾਅ ਹੈ, ਜਿਸ ਨੇ ਮਾਪਿਆਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਕਰ ਦਿੱਤੀ ਹੈ ਅਤੇ ਭਵਿੱਖ ਦੇ ਕਾਲੇ ਪਰਛਾਂਵਿਆਂ ਦਾ ਖ਼ਤਰਾ ਵੀ ਉਨ੍ਹਾਂ ਦੇ ਸਿਰ ਤੇ ਮੰਡਰਾ ਰਿਹਾ ਹੈ। ਇਸ ਵੇਲੇ ਅੰਦਾਜ਼ਨ 13.10 ਕਰੋਰ ਦਾ ਚਿੱਟਾ, 13 ਕਰੋੜ ਦੀ ਸ਼ਰਾਬ ਅਤੇ 50 ਕਰੋੜ ਰੁਪਏ ਰੋਜ਼ਾਨਾ ਪਰਵਾਸ ਕਾਰਨ ਪੰਜਾਬੀਆਂ ਦੀ ਜੇਬਾਂ ਵਿੱਚੋਂ ਨਿਕਲਣ ਕਰਕੇ ਉਹ ਖੁੰਘਲ ਹੋ ਰਹੇ ਹਨ। ਪੰਜਾਬ ਦੀ ਜਵਾਨੀ ਇਸ ਵੇਲੇ ਦੁਹਰੀ-ਤੀਹਰੀ ਮਾਰ ਦਾ ਸ਼ਿਕਾਰ ਹੋ ਰਹੀ ਹੈ। ਜਵਾਨੀ ਦਾ ਵੱਡਾ ਹਿੱਸਾ ਬੇਰੁਜ਼ਗਾਰੀ ਦੀ ਲਪੇਟ ਵਿੱਚ ਆਉਣ ਕਾਰਨ ਗ਼ੁਰਬਤ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਗ਼ੁਰਬਤ ਕਾਰਨ ਭੱਟਕਣ ਦਾ ਸ਼ਿਕਾਰ ਹੋ ਕੇ ਉਹ ਨਸ਼ਿਆਂ ਦੀ ਦਲਦਲ ਵਿੱਚ ਧੱਸਣ ਉਪਰੰਤ ਸਿਵਿਆਂ ਦੇ ਰਾਂਹ ਪੈ ਗਏ ਹਨ। ਮਾਰੂ ਦੁਖਾਂਤ ਹੈ ਕਿ ਗੋਦੜੀਆਂ ਦੇ ਲਾਲ ਦਮੜੀਆਂ ਦੇ ਮੁਥਾਜੀ ਹੋ ਰਹੇ ਹਨ। ਚਿੰਤਾਜਨਕ ਪਹਿਲੂ ਇਹ ਵੀ ਹੈ ਕਿ ਬੇਰੁਜ਼ਗਾਰੀ, ਗੁਰਬਤ, ਭੁੱਖਮਰੀ ਅਤੇ ਨਸ਼ਿਆਂ ਦੇ ਪ੍ਰਭਾਵ ਨੇ ਪੰਜਾਬ ਦੀਆਂ ਹਵਾਵਾਂ ਹੱਥ ਲੁੱਟਾਂ-ਖੋਹਾਂ, ਠੱਗੀਆਂ, ਮਾਰ-ਧਾੜ, ਨਜਾਇਜ਼ ਕਬਜਿਆਂ, ਬਲਾਤਕਾਰ, ਭਾੜੇ ਦੇ ਕਾਤਲਾਂ ਅਤੇ ਘਰਾਂ ਅੰਦਰ ਬੈਠਿਆਂ ਨੂੰ ਵੀ ਸੁਰੱਖਿਅਤ ਨਹੀਂ ਛੱਡਿਆ। ਮਾਪਿਆਂ ਦੀਆਂ ਡੰਗੋਰੀਆਂ ਬਨਣ ਵਾਲੇ, ਉਨ੍ਹਾਂ ਦੇ ਸਿਰਜੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੇ ਪੁੱਤ ਥਾਣਿਆਂ, ਜੇਲ੍ਹਾਂ, ਕਚਿਹਰੀਆਂ ਅਤੇ ਨਸ਼ਾ ਤਸਕਰਾਂ ਦੀ ਸ਼ਰਨ ਵਿੱਚ ਜਾ ਰਹੇ ਹਨ। ਸ਼ਰੀਰ, ਮਨ ਅਤੇ ਜ਼ਮੀਰ ਗਹਿਣੇ ਧਰ ਕੇ ਉਹ ਨਪੁੰਸਕ, ਲਾਪ੍ਰਵਾਹ, ਵਹਿਮੀ, ਨਕਾਰਾ ਅਤੇ ਕਮਜ਼ੋਰ ਬਣਨ ਦੇ ਨਾਲ ਨਾਲ ਤਨਾਓ ਅਤੇ ਹਿੰਸਕ ਰੂਚੀਆਂ ਦੇ ਧਾਰਨੀ ਬਣ ਰਹੇ ਹਨ। ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਕੁੱਝ  ਸਾਲਾਂ  ਵਿੱਚ ਹੀ ਨਸ਼ੱਈਆਂ ਦੀ ਗਿਣਤੀ ਵਿੱਚ 213 ਫੀਸਦੀ ਦਾ ਵਾਧਾ ਹੋਇਆ ਹੈ। ਨਸ਼ਾ ਕਰਨ ਵਾਲਿਆਂ ਵਿੱਚ 41 ਫੀਸਦੀ ਨਸ਼ੱਈ ਚਿੱਟੇ ਦਾ ਨਸ਼ਾ ਕਰਦੇ ਹਨ। ਉਨ੍ਹਾਂ ਦਾ ਖ਼ਰਚ ਪ੍ਰਤੀ ਨਸ਼ੱਈ 1300 ਰੁਪਏ ਰੋਜ਼ਾਨਾ ਹੈ। 5.20 ਲੱਖ ਰੋਜ਼ਾਨਾ ਸ਼ਰਾਬ ਦੇ ਢੱਕਣ ਖੁਲ੍ਹਦੇ ਹਨ। ਇਨ੍ਹਾਂ ਨਸ਼ਿਆਂ ਦੇ ਪਰਕੋਪ ਕਾਰਨ ਅੰਦਾਜ਼ਨ 31 ਫੀਸਦੀ ਨਸ਼ੱਈ ਕਾਲੇ ਪੀਲੀਏ ਦੇ ਸ਼ਿਕਾਰ ਹਨ। ਜੇਲ੍ਹਾਂ ਵਿੱਚ ਵੀ ਕਾਲੇ ਪੀਲੀਏ ਦਾ ਸ਼ਿਕਾਰ ਹੋਏ ਕੈਦੀ ਅੰਦਾਜ਼ਨ 42 ਫੀਸਦੀ ਹਨ। 70 ਹਜ਼ਾਰ ਨਸ਼ੱਈਆਂ ਦੇ ਲੀਵਰ ਵੀ ਖਰਾਬ ਹੋ ਗਏ ਹਨ। ਨਸ਼ਿਆਂ ਕਾਰਨ ਹੀ 60 ਫੀਸਦੀ ਦੁਰਘਟਨਾਵਾਂ, 90 ਫੀਸਦੀ ਤੇਜ਼ ਹਥਿਆਰਾਂ ਨਾਲ ਹਮਲੇ, 69 ਫੀਸਦੀ ਬਲਾਤਕਾਰ, 74 ਫੀਸਦੀ ਡਕੈਤੀਆਂ, 80 ਫੀਸਦੀ ਦੁਸ਼ਮਣੀ ਕੱਢਣ ਵਾਲੇ ਹਮਲੇ, ਚੇਨ ਝਪੱਟਮਾਰੀ ਅਤੇ ਹੋਰ ਜ਼ੁਰਮ ਦੀਆਂ ਘਟਨਾਵਾਂ ਨਾਲ ਥਾਣਿਆਂ ਦੇ ਰੋਜ਼ਨਾਮਚੇ ਭਰੇ ਜਾ ਰਹੇ ਹਨ। ਦੁਖਾਂਤਕ ਪੱਖ ਇਹ ਵੀ ਹੈ ਕਿ ਨਸ਼ਾ ਵੇਚਣ ਵਾਲਿਆਂ ਨੇ ਘਰ ਬੈਠਿਆਂ ਹੀ ਨਸ਼ੱਈਆਂ ਨੂੰ ਹੋਮ ਡਿਲੀਵਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਪੈਸਿਆਂ ਦੀ ਪੂਰਤੀ ਲਈ ਨਸ਼ੱਈਆਂ ਨੇ ਮਾਂ-ਬਾਪ ਦੇ ਗਲ ਗੂਠਾ ਦੇਣ, ਕੋਈ ਹੋਰ ਬੰਨ੍ਹ-ਸੁੱਬ ਕਰਨ ਦੇ ਨਾਲ ਨਾਲ ਨਸ਼ਾ ਵੇਚਣ ਵਾਲਿਆਂ ਦੀ ਸ਼ਰਨ ਵਿੱਚ ਜਾ ਕੇ ਆਪ ਇਹ ਧੰਦਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਧੰਦੇ ਲਈ ਹੋਰ ਗਾਹਕ ਪੈਦਾ ਕਰਨ ਦੀ ਦੋੜ ਵਿੱਚ ਸਕੂਲਾਂ ਅਤੇ ਕਾਲਜ਼ਾਂ ਦੇ ਵਿਦਿਆਰਥੀਆਂ ਨੂੰ ਵੀ ਲਪੇਟ ਵਿੱਚ ਲੈ ਲਿਆ ਹੈ।

        ਇਸ ਵਿਸਫੋਟਕ ਸਥਿਤੀ ਤੇ ਕਾਬੂ ਕਰਨ ਲਈ ਲੋਕਾਂ ਨੇ ਪਹਿਲਾਂ ਰਾਜਨੀਤਿਕ ਲੋਕਾਂ ਤੇ ਟੇਕ ਰੱਖੀ, ਪਰ ਰਾਜਨੀਤਿਕ ਆਗੂਆਂ ਨੇ ਹਰ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਸ ਨੂੰ ਮੁੱਦਾ ਬਣਾ ਕੇ ਉਭਾਰਿਆ। ਪੀੜਤ ਲੋਕਾਂ ਦੀਆਂ ਭਾਵਨਾਵਾਂ ਤੇ ਹਮਦਰਦੀ ਦਾ ਫੇਹਾ ਰੱਖ ਕੇ ਸਤਾ ਪ੍ਰਾਪਤੀ ਦਾ ਸਾਧਨ ਬਣਾਇਆ। ਸਤਾ ਪ੍ਰਾਪਤੀ ਉਪਰੰਤ ਹਰ ਰਾਜਨੀਤਿਕ ਪਾਰਟੀ ਦੇ ਦਾਅਵੇ ਅਤੇ ਵਾਅਦੇ ਖੋਖਲੇ ਸਾਬਤ ਹੋਏ ਅਤੇ ਲੋਕਾਂ ਦਾ ਰਾਜਨੀਤਿਕ ਆਗੂਆਂ ਦੀ ਕਹਿਣੀ ਤੇ ਕਰਨੀ ਵਿੱਚ ਮਤਰੇਵੇਂ ਰਿਸ਼ਤੇ ਕਾਰਨ ਉਨ੍ਹਾਂ ਤੋਂ ਵਿਸ਼ਵਾਸ ਹੀ ਉੱਠ ਗਿਆ। ਪੁਲਿਸ ਵਿਭਾਗ ਵਿੱਚ ਵੀ ਬਹੁਤ ਸਾਰੀਆਂ ਕਾਲੀਆਂ ਭੇਡਾਂ ਦੀ ਤਸਕਰਾਂ ਨਾਲ ਮਿਲੀ ਭੁਗਤ ਕਾਰਨ ਲੋਕ ਇਸ ਪੱਖ ਤੋਂ ਵੀ ਨਿਰਾਸ਼ ਹੋ ਗਏ। ਫਿਰ ਪੋਟਾ-ਪੋਟਾ ਦੁੱਖੀ ਲੋਕਾਂ ਨੇ ਰੰਗ ਮੰਚ ਦੀ ਪ੍ਰਸਿੱਧ ਸਖ਼ਸੀਅਤ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਜੋ ਪੇਸ਼ੇ ਵਜ਼ੋਂ ਭਾਖੜਾ ਡੈਮ ਤੇ ਇੰਜਨੀਅਰ ਸਨ ਦੇ ਇਨ੍ਹਾਂ ਬੋਲਾਂ ਨੂੰ ਚੇਤੇ ਰੱਖਿਆ, “ ਜੇ ਵਿਅਕਤੀ ਪਾਣੀਆਂ ਦਾ ਰੁੱਖ਼ ਮੋੜ ਸਕਦਾ ਹੈ, ਫਿਰ ਸਮਾਜ ਦਾ ਰੁੱਖ਼ ਕਿਊਂ ਨਹੀਂ ਮੋੜ ਸਕਦਾ? ਇਸ ਲਈ ਲੋਕਾਂ ਦੇ ਇੱਕਮੁੱਠ ਹੋਣ ਦੀ ਲੋੜ ਹੈ। ” ਮਾਲਵਾ, ਮਾਝਾ ਅਤੇ ਦੁਆਬਾ ਦੇ ਲੋਕਾਂ ਨੇ ਆਪਣੇ ਆਪਣੇ ਪਿੰਡਾਂ ਵਿੱਚ ਠੀਕਰੀ ਪਹਿਰੇ ਦੇਣ ਦੇ ਨਾਲ ਨਾਲ ਪੁਲਿਸ ਨਾਕੇ ਦੀ ਥਾਂ ‘ਲੋਕਾਂ ਦਾ ਨਾਕਾ’ ਲਾ ਕੇ ਨਸ਼ੇ ਦੇ ਤਸਕਰਾਂ ਤੇ ਬਾਜ਼ ਅੱਖ ਰੱਖੀ। ਜਦੋਂ ਵੀ ਕੋਈ ਤਸਕਰ ਪਿੰਡ ਵਿੱਚ ਨਸ਼ੇ ਦੀ ਸਪਲਾਈ ਕਰਨ ਲਈ ਵੜ੍ਹਦਾ ਸੀ ਤਾਂ ਲੋਕਾਂ ਦੀ ਟਾਸਕ ਫੋਰਸ ਉਸ ਨੂੰ ਤੁਰੰਤ ਫੜ੍ਹ ਕੇ ਠੋਸ ਸਬੂਤਾਂ ਸਮੇਤ ਨੇੜੇ ਦੇ ਪੁਲਿਸ ਸਟੇਸ਼ਨ ਵਾਲਿਆਂ ਨੂੰ ਸੌਂਪ ਦਿੰਦੀ। ਲੋਕ ਉਸ ਵੇਲੇ ਅੰਤਾਂ ਦੇ ਮਾਯੂਸ ਹੋ ਜਾਂਦੇ ਜਦੋਂ ਨਸ਼ੇ ਦਾ ਧੰਦਾ ਕਰਨ ਵਾਲਾ ਮੁਜ਼ਰਮ ਕੁੱਝ ਘੰਟਿਆਂ ਬਾਅਦ ਹੀ ਦਨਦਨਾਉਂਦਾ ਬਾਹਰ ਆ ਜਾਂਦਾ। ਅਜਿਹੇ ਨਿਰਾਸ਼ਤਾ ਦੇ ਦੌਰ ਵਿੱਚ ਹੀ ਫਿਰ ਅੱਕੇ ਹੋਏ ਲੋਕਾਂ ਨੇ ਕਮਾਨ ਆਪਣੇ ਹੱਥਾਂ ਵਿੱਚ ਸੰਭਾਲਨ ਦੀ ਠਾਣ ਲਈ ਅਤੇ ਅਜਿਹੇ ਦਮ –ਘੋਟੂ ਅਤੇ ਨਿਰਾਸ਼ਤਾ ਦੇ ਦੌਰ ਵਿੱਚ ਹੀ ਮਾਨਸਾ ਦਾ ਪਰਵਿੰਦਰ ਸਿੰਘ ਝੋਟਾ ਅੱਗੇ ਆਇਆ। ਜਿਸ ਨੇ ਸਿਰਫ ਮਾਨਸਾ ਦੇ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਲੋਕਾਂ ਨੂੰ ਲਾਮਬੱਧ ਕਰਕੇ ਨਸ਼ਾ ਵੇਚਣ ਵਾਲਿਆਂ ਦੇ ਨੱਕ ਵਿੱਚ ਦਮ ਕਰ ਦਿੱਤਾ। ਉਹ ਮੈਡੀਕਲ ਨਸ਼ਾ ਅਤੇ ਦੂਜਾ ਨਸ਼ਾ ਵੇਚਣ ਵਾਲਿਆਂ ਵਿਰੁੱਧ ਠੋਸ ਸਬੂਤ ਪੇਸ਼ ਕਰਦਾ ਅਤੇ ਫਿਰ ਲੋਕਾਂ ਦੀ ਕਚਹਿਰੀ ਵਿੱਚ ਉਸ ਨੂੰ ਫਿੱਟ ਲਾਹਨਤਾਂ ਪਾਉਂਦਾ। ਉਸ ਵੱਲੋਂ ਅਜਿਹੇ ਮੈਡੀਕਲ ਸਟੋਰ ਵਾਲੇ ਵੀ ਫੜ੍ਹੇ ਜਿਹੜੇ ਸਕੂਲ ਦੇ ਵਿਦਿਆਰਥੀਆਂ ਨੂੰ ਨਸ਼ਾ ਸਪਲਾਈ ਕਰਦੇ ਸਨ।  ਭਲਾਂ ਪੁਲਿਸ ਵਾਲਿਆਂ ਨੂੰ ਉਸ ਦਾ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬਧ ਕਰਨਾ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਤਾੜਨਾ ਕਰਨੀ ਕਿੰਜ ਰਾਸ ਆਉਂਦੀ? ਉਸ ਤੇ 307 ਦਾ ਕੇਸ ਪਾ ਕੇ ਉਸ ਨੂੰ ਸਲਾਖ਼ਾਂ ਅੰਦਰ ਕਰ ਦਿੱਤਾ। ਪਰ ਲੋਕ-ਪੱਖੀ ਇਸ ਨਾਇਕ ਤੇ ਪੁਲਿਸ ਦਾ ਜਬਰ ਲੋਕ ਕਿੰਜ ਬਰਦਾਸ਼ਤ ਕਰ ਲੈਂਦੇ? ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਰਵਿੰਦਰ ਦੀ ਪਿੱਠ ਤੇ ਆ ਗਏ। ਪਹਿਲੀ ਪੇਸ਼ੀ ਤੇ ਹੀ ਉਸ ਨੂੰ ਬਾਇੱਜ਼ਤ ਬਰੀ ਕਰਦਿਆਂ ਮਾਣਯੋਗ ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਮੁਕੱਦਮਾਂ ਝੂਠਾ ਬਣਾਇਆ ਗਿਆ ਹੈ। ਇਸ ਐਂਟੀ ਡਰੱਗ ਟਾਸਕ ਫੋਰਸ ਨਾਲ ਪੀੜਤ ਅਤੇ ਦੁਖੀ ਲੋਕ ਜੁੜਦੇ ਗਏ। ਪਿੰਡਾਂ ਦੇ ਲੋਕ ਉਸ ਨੂੰ ਨਸ਼ਾ ਵੇਚਣ ਵਾਲਿਆਂ ਸਬੰਧੀ ਦੱਸਦੇ। ਪਰਵਿੰਦਰ ਬੇਖੋਫ ਹੋ ਕੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਨਸ਼ਾ ਤਸਕਰਾਂ ਦੇ ਘਰ ਪੁੱਜ ਜਾਂਦਾ। ਉਸ ਨੂੰ ਪਤਾ ਸੀ ਕਿ ਨਸ਼ਾ ਵੇਚਣ ਵਾਲਿਆਂ ਦੀਆਂ ਨਾ ਸ਼ੀਸ਼ੀਆਂ ਹੀ ਐਨ੍ਹੀਆਂ ਪੱਕੀਆਂ ਹਨ ਕਿ ਉਨ੍ਹਾਂ ਨੂੰ ਭੰਨਿਆ ਨਾ ਜਾ ਸਕੇ ਅਤੇ ਨਾ ਹੀ ਪੈਰ ਐਨ੍ਹੇ ਮਜ਼ਬੂਤ ਹਨ ਕਿ ਉਨ੍ਹਾਂ ਨੂੰ ਉਖੇੜਿਆ ਨਾ ਜਾ ਸਕੇ। ਉਸ ਨੇ ਪ੍ਰੇਰਨਾ ਦੇ ਕੇ ਨਸ਼ੱਈਆਂ ਨੂੰ ਜਿੱਥੇ ਆਪਣੇ ਨਾਲ ਜੋੜਿਆ ਉੱਥੇ ਹੀ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਵੀ ਹਰ ਸੰਭਵ ਯਤਨ ਕੀਤਾ। ਦੂਜਾ ਉਸ ਦਾ ਸਾਰਥਿਕ ਯਤਨ ਸੀ ਕਿ ਨਸ਼ੇ ਦੀ ਸਪਲਾਈ ਲਾਇਨ ਨੂੰ ਤੋੜਿਆ ਜਾਵੇ। ਜਦੋਂ ਨਸ਼ੱਈਆਂ ਨੂੰ ਨਸ਼ਾ ਹੀ ਨਹੀਂ ਮਿਲੇਗਾ, ਫਿਰ ਨਸ਼ੱਈ ਨਸ਼ਾ ਕਰਨਗੇ ਕਿੱਥੋਂ? ਇੰਜ ਨਸ਼ੇ ਦਾ ਲੱਕ ਤੋੜਨ ਲਈ ਉਹ ਨਸ਼ਾ ਵੇਚਣ ਵਾਲਿਆਂ ਵੱਲੋਂ ਮਿਲੀਆਂ ਧਮਕੀਆਂ ਨੂੰ ਟਿੱਚ ਸਮਝ ਕੇ ਸਰਗਰਮ ਰਿਹਾ। ਇਸ ਔਖੇ ਪੈਂਡੇ ਤੇ ਚਲਦਿਆਂ ਪੀੜਤ ਲੋਕਾਂ ਦੀਆਂ ਅਸੀਸਾਂ ਅਤੇ ਸਮਾਜ ਦਾ ਭਲਾ ਸੋਚਣ ਵਾਲਿਆਂ ਦਾ ਭਰਵਾਂ ਹੁੰਗਾਰਾ ਉਸ ਦੇ ਅੰਗ-ਸੰਗ ਰਿਹਾ। ਪਿੰਡਾਂ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਉਹ ਲੋਕਾਂ ਦੇ ਇਕੱਠ ਵਿੱਚ ਤਾੜਨਾ ਵੀ ਕਰਦਾ, ਫਿੱਟ-ਲਾਹਨਤਾਂ ਵੀ ਪਾਉਂਦਾ ਅਤੇ ਫਿਰ ਉਨ੍ਹਾਂ ਕੋਲੋਂ ਨੱਕ ਨਾਲ ਲਕੀਰਾਂ ਕੱਢਵਾ ਕੇ ਅੱਗੇ ਤੋਂ ਅਜਿਹਾ ਕੰਮ ਨਾ ਕਰਨ ਲਈ ਤੋਬਾ ਵੀ ਕਰਵਾਉਂਦਾ। ਅਜਿਹਾ ਕਰਦਿਆਂ ਉਹ ਸਾਰੀ ਕਾਰਗੁਜਾਰੀ ਦੀ ਵਿਡੀਓਗ੍ਰਾਫੀ ਕਰਕੇ ਸ਼ੋਸ਼ਲ ਮੀਡੀਏ ਰਾਹੀਂ ਲੋਕਾਂ ਨੂੰ ਜਾਗਰੂਕ ਵੀ ਕਰਦਾ ਸੀ। ਅਜਿਹਾ ਕਰਦਿਆਂ ਬਾਬਾ ਨਾਜ਼ਮੀ ਦੇ ਇਹ ਬੋਲ ਉਸ ਦੇ ਅੰਗ ਸੰਗ ਰਹੇ :-

                “ਵਿੰਗੇ ਟੇਢੇ ਮੋੜ ਆਉਣਗੇ।

ਪੈਰਾਂ ਦੇ ਵਿੱਚ ਰੋੜ ਆਉਣਗੇ।

                ਧੁੱਪਾਂ ਵੇਖ ਕੇ ਡੋਲ ਨਾ ਜਾਵੀਂ,

                ਅਗਲੇ ਰਸਤੇ ਬੋਹੜ ਆਉਣਗੇ।”

ਸਮਾਜਿਕ ਦਬਾਓ, ਸਮਾਜਿਕ ਪਹਿਰਦਾਰੀ ਅਤੇ ਸਮਾਜ ਰਾਹੀਂ ਨਸ਼ਾ ਵੇਚਣ ਵਾਲਿਆਂ ਨੂੰ ਦੁਤਕਾਰਨ ਵਾਲੀ ਸਕੀਮ ਬਹੁਤ ਹੀ ਕਾਰਗਰ ਸਾਬਤ ਹੋਈ। ਪਰ ਇੱਕ ਪਾਸੇ ਲੋਕ ਰੋਹ ਅਤੇ ਹਮਦਰਦੀ ਪਰਵਿੰਦਰ ਝੋਟੇ ਦੇ ਅੰਗ-ਸੰਗ ਰਹੀ ਅਤੇ ਦੂਜੇ ਪਾਸੇ ਸਮਾਜ ਦੋਖੀ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਕੁਸ਼ੈਲੀ ਨਜ਼ਰ ਪਰਵਿੰਦਰ ਨੂੰ ਸੂਲਾਂ ਵਾਂਗ ਵਿੰਨਣ ਤੇ ਲੱਗੀ ਹੋਈ ਸੀ। ਉਹ ਅਡੋਲ ਨਸ਼ਾ ਮੁਕਤ ਸਮਾਜ ਸਿਰਜਨ ਦੇ ਔਖੇ ਪੈਂਡੇ ਤੇ ਤੁਰਦਾ ਰਿਹਾ। ਪਿਛਲੇ ਦਿਨੀਂ ਉਸ ਦੀ ਐਂਟੀ ਡਰੱਗ ਟਾਸਕਫੋਰਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ। ਜਿਸ ਕੋਲੋਂ ਤਲਾਸ਼ੀ ਦਰਮਿਆਨ ਨਸ਼ੇ ਵਾਲੀਆਂ ਗੋਲੀਆਂ ਦਾ ਭਰਿਆ ਬੈਗ ਮਿਲਿਆ। ਪੁੱਛ-ਗਿੱਛ ਉਪਰੰਤ ਸਾਹਮਣੇ ਆਇਆ ਕਿ ਉਹ ਨਸ਼ਿਆਂ ਦੀ ਹੋਮ ਡਿਲੀਵਰੀ ਕਮਿਸ਼ਨ ਬੇਸ ਤੇ ਕਰਦਾ ਹੈ। ਉਸ ਨੇ ਨਸ਼ਾ ਸਪਲਾਈ ਕਰਨ ਵਾਲੇ ਮੈਡੀਕਲ ਸਟੋਰ ਦਾ ਨਾਂ ਦੱਸ ਕੇ ਉਸ ਦੇ ਸਾਹਮਣੇ ਵੀ ਇਸ ਗੱਲ ਦਾ ਪ੍ਰਗਟਾਵਾ ਕਰ ਦਿੱਤਾ। ਲੋਕਾਂ ਦੇ ਹਜ਼ੂਮ ਨੇ ਜਿਸ ਦੀ ਅਗਵਾਈ ਪਰਵਿੰਦਰ ਝੋਟਾ ਕਰ ਰਿਹਾ ਸੀ, ਨਸ਼ਾ ਵੇਚਣ ਵਾਲੇ ਦੁਕਾਨਦਾਰ ਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਉਸ ਦਾ ਜਲੂਸ ਕੱਢ ਦਿੱਤਾ। ਭਾਂਵੇਂ ਇਹ ਸਭ ਕੁੱਝ ਕਾਨੂੰਨੀ ਤੌਰ ਤੇ ਗ਼ਲਤ ਹੈ ਅਤੇ ਕਾਨੂੰਨ ਆਪਣੇ ਹੱਥ ਵਿੱਚ ਲੈਣਾ ਜ਼ੁਰਮ ਵੀ, ਪਰ ਜਦੋਂ ਜ਼ੁਰਮ ਕਰਨ ਵਾਲੇ ਸਭ ਹੱਦਾਂ ਬੰਨ੍ਹੇ ਪਾਰ ਕਰ ਜਾਣ ਫਿਰ ਜ਼ੁਲਮ ਸਹਿਣ ਵਾਲਿਆਂ ਵਿੱਚ ਵਿਦਰੋਹ ਪੈਦਾ ਹੋਣਾ ਕੁਦਰਤੀ ਹੈ। ਉਨ੍ਹਾਂ ਦਾ ਤਰਕ ਹੈ ਕਿ ਜੇਕਰ ਅਜਿਹੀ ਕਾਰਵਾਈ ਨਾ ਕਰਦੇ ਅਤੇ ਉਸ ਨੂੰ ਪੁਲਿਸ ਕੋਲ ਫੜ੍ਹਾ ਦਿੰਦੇ ਤਾਂ ਪਹਿਲਾਂ ਵਾਲੇ ਕੇਸਾਂ ਦੀ ਤਰ੍ਹਾਂ ਇਸ ਨੂੰ ਵੀ ਛੱਡ ਦੇਣਾ ਸੀ।

        ਇੱਕ ਪਾਸੇ ਸਮਾਜ ਦੋਖੀਆਂ ਦੀਆਂ ਧਮਕੀਆਂ ਅਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸ਼ਨ ਦਾ ਪਰਵਿੰਦਰ ਪ੍ਰਤੀ ਕਰੜੇ ਰੁੱਖ਼ ਨੂੰ ਵੇਖਦਿਆਂ ਉਸ ਵੱਲੋਂ 14/7/23 ਨੂੰ ਆਪਣੇ ਜਾਨੀ ਨੁਕਸਾਨ ਹੋਣ ਦਾ ਖ਼ਦਸਾ ਲੋਕਾਂ ਅੱਗੇ ਕਰ ਦਿੱਤਾ ਸੀ। 15/7/23 ਦੀ ਸਵੇਰ ਨੂੰ ਮਾਨਸਾ ਪੁਲਿਸ ਨੇ ਭਾਰੀ ਫੋਰਸ ਨਾਲ ਸਵੇਰੇ ਸਵੇਰੇ ਗੁਆਂਢੀ ਦੀਆਂ ਕੱਧਾਂ ਟੱਪ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਇਸ ਸਮੇਂ ਪਰਵਿੰਦਰ ਸਿੰਘ ਝੋਟਾ ਜੇਲ੍ਹ ਵਿੱਚ ਬੰਦ ਹੈ। ਲੋਕਾਂ ਦੀਆਂ ਵੱਖ-ਵੱਖ ਸਮਾਜਿਕ ਜੱਥੇਬੰਦੀਆਂ ਨੇ ਪਰਵਿੰਦਰ ਦੇ ਹੱਕ ਵਿੱਚ ਵਿਸ਼ਾਲ ਰੋਸ਼ ਮਾਰਚ ਕੱਢਿਆ ਹੈ। 11 ਵਿਅਕਤੀ ਉਸ ਦਿਨ ਤੋਂ ਹੀ ਹਰ ਰੋਜ਼ ਰੋਸ਼ ਧਰਨੇ ਤੇ ਬੈਠੇ ਹਨ ਅਤੇ 21 ਜੁਲਾਈ 2023 ਨੂੰ ਵਿਸ਼ਾਲ ਰੋਸ਼ ਮੁਜ਼ਾਹਰਾ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਸ ਦੀ ਗ੍ਰਿਫਤਾਰੀ ਤੋਂ ਪਹਿਲਾਂ ਇਲਾਕੇ ਦੇ ਮੋਹਤਵਰ ਵਿਅਕਤੀਆਂ ਨੇ ਐਸ.ਐਸ.ਪੀ. ਮਾਨਸਾ ਨੂੰ ਮਿਲ ਕੇ ਦੋ ਮੰਗਾਂ ਰੱਖੀਆਂ ਸਨ। ਜਿਨ੍ਹਾਂ ਵਿੱਚ ਪਹਿਲੀ ਮੰਗ ਅਨੁਸਾਰ ਨਸ਼ਾ ਵੇਚਣ ਵਾਲਿਆਂ ਦੀ ਇੱਕ ਲਿਸਟ ਪੁਲਿਸ ਅਧਿਕਾਰੀ ਨੂੰ ਦਿੱਤੀ ਗਈ ਅਤੇ ਮੰਗ ਕੀਤੀ ਗਈ ਕਿ ਇਨ੍ਹਾਂ ਤੇ ਬਣਦੀ ਕਾਰਵਾਈ ਕਰਕੇ ਜਵਾਨੀ ਦੇ ਹੋ ਰਹੇ ਘਾਣ ਨੂੰ ਬਚਾਇਆ ਜਾਵੇ। ਦੂਜੀ ਮੰਗ ਸੀ ਕਿ ਜਿਹੜਾ 307 ਦਾ ਝੂਠਾ ਮੁਕੱਦਮਾ ਪਰਵਿੰਦਰ ਸਿੰਘ ਝੋਟਾ ਤੇ ਦਰਜ ਕੀਤਾ ਗਿਆ ਸੀ, ਉਹ ਕੇਸ ਜਿਸ ਵੀ ਪੁਲਿਸ ਅਧਿਕਾਰੀ ਨੇ ਦਰਜ ਕੀਤਾ ਸੀ, ਉਸ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ।

        ਇਸ ਵੇਲੇ ਇਲਾਕੇ ਦੇ ਲੋਕ, ਪ੍ਰੈੱਸ ਅਤੇ ਸ਼ੋਸ਼ਲ ਮੀਡੀਆ ਪਰਵਿੰਦਰ ਝੋਟੇ ਦੀ ਪਿੱਠ ਤੇ ਖੜੋਤੇ ਹਨ। ਉਨ੍ਹਾਂ ਵੱਲੋਂ ਇਸ ਤਰ੍ਹਾਂ ਦੇ ਪ੍ਰਸ਼ਨ ਪੁਲਿਸ ਪ੍ਰਸ਼ਾਸ਼ਨ ਤੋਂ ਪੁੱਛੇ  ਜਾ ਰਹੇ ਹਨ :-

  1. ਇਸ ਵੇਲੇ ਮਾਨਸਾ ਇਲਾਕਾ ਘੱਗਰ ਦਰਿਆ ਦੀ ਮਾਰ ਹੇਂਠ ਹੈ। ਇੱਧਰਲੀ ਚਿੰਤਾਂ ਅਤੇ ਢੁੱਕਵੇਂ ਪ੍ਰਬੰਧ ਕਰਨ ਦੀ ਥਾਂ ਪੁਲਿਸ ਨੇ ਸਾਰਾ ਜ਼ੋਰ ਪਰਵਿੰਦਰ ਝੋਟੇ ਨੂੰ ਹੀ ਫੜ੍ਹਨ ਤੇ ਕਿਉਂ ਲਾ ਦਿੱਤਾ? ਉਹ ਕੋਈ ਅੱਤਵਾਦੀ ਨਹੀਂ ਹੈ ਅਤੇ ਨਾ ਹੀ ਉਸ ਨੇ ਕੋਈ ਸੰਗੀਨ ਜ਼ੁਰਮ ਕੀਤਾ ਹੈ।
  2. ਜੇਕਰ ਨਸ਼ਾ ਵੇਚਣ ਵਾਲੇ ਦੇ ਗਲ਼ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਮਾਨਹਾਨੀ ਹੋਈ ਹੈ, ਫਿਰ ਨਸ਼ਾ ਵੇਚਣ ਵਾਲਿਆਂ ਵੱਲੋਂ ਕੀਤਾ ਜਾਨੀ ਅਤੇ ਮਾਲੀ ਨੁਕਸਾਨ ਕਰਨ ਵਾਲਿਆਂ ਤੇ ਕੋਈ ਮਾਨਹਾਨੀ ਦੀ ਧਾਰਾ ਕਿਉਂ ਨਹੀਂ ਲੱਗਦੀ?
  3. ਨਸ਼ਾ ਵੇਚਣ ਵਾਲਿਆਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ?
  4. ਕੀ ਪਰਵਿੰਦਰ ਝੋਟੇ ਨੂੰ ਗ੍ਰਿਫਤਾਰ ਕਰਕੇ ਨਸ਼ਾ ਤਸਕਰਾਂ ਨੂੰ ਸ਼ਹਿ ਨਹੀਂ ਦਿੱਤੀ ਜਾ ਰਹੀ?
  5. ਪੁਲਿਸ ਪ੍ਰਸ਼ਾਸ਼ਨ ਵੱਲੋਂ ਐੱਫ.ਆਈ.ਆਰ ਵਿੱਚ ਪਰਵਿੰਦਰ ਝੋਟੇ ਵੱਲੋਂ ਨਸ਼ਾ ਵੇਚਣ ਵਾਲੇ ਦੁਕਾਨਦਾਰ ਤੋਂ 400ਰੁਪਏ(ਚਾਰ ਸੋ ਰੁਪਏ) ਮੰਗਣ ਦੀ ਗੱਲ ਕਹੀ ਗਈ ਹੈ। ਲੋਕਾਂ ਵੱਲੋਂ ਪੁੱਛਿਆ ਜਾ ਰਿਹਾ ਹੈ ਕਿ ਜਾਨ ਤਲੀ ਤੇ ਰੱਖ ਕੇ ਨਸ਼ਿਆਂ ਵਿਰੁੱਧ ਲੜਨ ਵਾਲੇ ਪਰਵਿੰਦਰ ਝੋਟੇ ਸਾਹਮਣੇ 400 ਰੁਪਏ ਦੀ ਅਹਿਮੀਅਤ ਹੀ ਕੀ ਹੈ? ਅਜਿਹਾ ਹੋ ਹੀ ਨਹੀਂ ਸਕਦਾ।
  6. ਪਰਵਿੰਦਰ ਝੋਟੇ ਦੇ ਦੋਨਾਂ ਬੱਚਿਆਂ ਨੂੰ ਨਸ਼ੇ ਦੇ ਤਸਕਰਾਂ ਵੱਲੋਂ ਜਾਨੋ ਮਾਰਨ ਦੀਆਂ ਧੱਮਕੀਆਂ ਮਿਲ ਰਹੀਆਂ ਹਨ। ਸਮੁੱਚੇ ਪਰਿਵਾਰ ਦੀ ਜਾਨ ਮਾਲ ਦੀ ਰੱਖਿਆ ਕਰਨ ਲਈ ਵੀ ਦੁਹਾਈ ਦਿੱਤੀ ਜਾ ਰਹੀ ਹੈ।

ਬਿਨ੍ਹਾਂ ਸ਼ੱਕ ਇਸ ਵੇਲੇ ਪਰਵਿੰਦਰ ਝੋਟੇ ਦੇ ਅਨੇਕਾਂ ਵਾਰਸ ਪੈਦਾ ਹੋ ਗਏ ਹਨ। ਜੋ ਨੰਗੇ ਧੜ੍ਹ ਨਸ਼ਿਆਂ ਵਿਰੁੱਧ ਲੜਾਈ ਵਿੱਚ ਕੁੱਦ ਪਏ ਹਨ। ਫਿਰ ਵੀ ਪਰਵਿੰਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਕਾਨੂੰਨ ਨਾ ਤੋੜਨ ਅਤੇ ਪ੍ਰਸ਼ਾਸ਼ਨ ਵਿਰੁੱਧ ਵਾਹ ਲੱਗਦਿਆਂ ਤੁਰੱਖ਼ਤ ਭਾਸ਼ਾ ਤੋਂ ਵੀ ਸੰਕੋਚ ਕੀਤਾ ਜਾਵੇ। ਸੱਚ ਦੇ ਮਾਰਗ ਤੇ ਚੱਲਣ ਵਾਲਿਆਂ ਦੀ ਸਥਿਤੀ ਇਸ ਤਰ੍ਹਾਂ ਦੀ ਹੁੰਦੀ ਹੈ :-

        ਸਰ ਕਾਟ ਕੇ ਨੇਜ਼ੇ ਪੇ ਉਠਾਏ ਰੱਖਾ।

        ਸਿਰਫ਼ ਯੇ ਜ਼ਿੱਦ ਥੀ ਕੇ ਸਰ ਮੇਰਾ ਵੀ ਊਂਚਾ ਹੋਗਾ।

         ਮੋਹਨ ਸ਼ਰਮਾ ਮੋ:94171-48866

                                        ਕ੍ਰਿਸ਼ਨਪੁਰਾ ਬਸਤੀ, ਬਾਹਰ ਨਾਭਾ ਗੇਟ, ਸੰਗਰੂਰ।

                                                       

Show More

Related Articles

Leave a Reply

Your email address will not be published. Required fields are marked *

Back to top button
Translate »