INDIA

ਰਾਮ ਰਹੀਮ ਦੇ ਸਿਰ ‘ਤੇ ਲਟਕ ਰਹੀ ਦੋ ਹੋਰ ਕਤਲ ਕੇਸਾਂ ਦੀ ਤਲਵਾਰ, ਫੈਸਲਾ ਜਲਦੀ

ਪੰਚਕੂਲਾ — ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ‘ਤੇ ਚਲ ਰਹੇ 2 ਹੱਤਿਆ ਦੇ ਮਾਮਲਿਆਂ ਦੀ ਸੀ.ਬੀ.ਆਈ. ਕੋਰਟ ‘ਚ ਸੁਣਵਾਈ ਹੋਈ। ਹੁਣ ਰਣਜੀਤ ਕਤਲ ਦੀ 22 ਦਸੰਬਰ ਨੂੰ ਅਤੇ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ ਦੀ ਅਗਲੀ ਸੁਣਵਾਈ 6 ਜਨਵਰੀ ਨੂੰ ਹੋਵੇਗੀ। ਛਤਰਪਤੀ ਹੱਤਿਆ ਮਾਮਲੇ ਦੇ ਦੋ ਦੋਸ਼ੀਆਂ ਨਿਰਮਲ ਅਤੇ ਕੁਲਦੀਪ ਨੇ ਅਦਾਲਤ ‘ਚ ਨਵੇਂ ਵਕੀਲਾਂ ਲਈ ਅਪੀਲ ਕੀਤੀ ਹੈ। ਸੂਤਰਾਂ ਅਨੁਸਾਰ ਰਾਮ ਰਹੀਮ ਬੀਮਾਰ ਹੈ ਜਿਸ ਕਾਰਨ ਅੱਜ ਦੀ ਸੁਣਵਾਈ ‘ਚ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਕੋਰਟ ‘ਚ ਪੇਸ਼ ਨਹੀਂ ਹੋਏ। ਸੀ.ਬੀ.ਆਈ. ਕੋਰਟ ‘ਚ ਦੋਵਾਂ ਹੱਤਿਆ ਦੇ ਕੇਸਾਂ ਦੀ ਸੁਣਵਾਈ ਹੋਈ। ਦੋਵਾਂ ਮਾਮਲਿਆਂ ‘ਚ ਫਾਈਨਲ ਬਹਿਸ ਚਲ ਰਹੀ ਹੈ। ਰਣਜੀਤ ਮਰਡਰ ਮਾਮਲਾ
ਜ਼ਿਕਰਯੋਗ ਹੈ ਕਿ 10 ਜੁਲਾਈ 2002 ਨੂੰ ਡੇਰੇ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਰਹੇ ਕੁਰੂਕਸ਼ੇਤਰ ਦੇ ਰਣਜੀਤ ਦਾ ਕਤਲ ਹੋਇਆ ਸੀ। ਡੇਰਾ ਪ੍ਰਬੰਧਕਾਂ ਨੂੰ ਸ਼ੱਕ ਸੀ ਕਿ ਰਣਜੀਤ ਨੇ ਸਾਧਵੀਆਂ ਦੇ ਬਲਾਤਕਾਰ ਦੀ ਗੁੰਮਨਾਮ ਚਿੱਠੀ ਆਪਣੀ ਭੈਣ ਤੋਂ ਲਿਖਵਾਈ ਸੀ। ਪੁਲਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਦੇ ਪਿਤਾ ਨੇ ਜਨਵਰੀ 2003 ‘ਚ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ। ਮਾਮਲਾ ਅੰਤਿਮ ਬਹਿਸ ‘ਤੇ ਚਲ ਰਿਹਾ ਹੈ। ਇਸ ਲਈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਲਦੀ ਹੀ ਇਸ ਕੇਸ ‘ਤੇ ਫੈਸਲਾ ਆ ਜਾਵੇਗਾ। ਛਤਰਪਤੀ ਕਤਲ ਮਾਮਲਾ
ਦੱਸਣਯੋਗ ਹੈ ਕਿ 24 ਅਕਤੂਬਰ 2002 ਨੂੰ ਸਿਰਸਾ ਦੀ ਅਖਬਾਰ ‘ਪੂਰਾ ਸੱਚ’ ਦੇ ਸੰਸਥਾਪਕ ਰਾਮਚੰਦਰ ਛਤਰਪਤੀ ਨੂੰ 5 ਗੋਲੀਆਂ ਮਾਰ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ 21 ਨਵੰਬਰ 2002 ਨੂੰ ਰਾਮਚੰਦਰ ਛਤਰਪਤੀ ਦੀ ਦਿੱਲੀ ਦੇ ਅਪੋਲੋ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਦੱਸਿਆ ਜਾਂਦਾ ਹੈ ਕਿ ਸਾਧਵੀਆਂ ਦੇ ਯੌਨ-ਸ਼ੋਸ਼ਣ ਮਾਮਲੇ ਨੂੰ ਆਪਣੀ ਅਖਬਾਰ ‘ਚ ਉਜਾਗਰ ਕਰਨ ‘ਤੇ ਹੀ ਰਾਮਚੰਦਰ ਛਤਰਪਤੀ ਦਾ ਕਤਲ ਕੀਤਾ ਗਿਆ ਸੀ। ਜਨਵਰੀ 2003 ‘ਚ ਪੱਤਰਕਾਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ।

Most Popular

To Top