News

ਹਾਈ ਸਪੀਡ ਟਰੇਨਾਂ ਤੋਂ ਇਲਾਵਾ ਚੀਨ ਕਰਨ ਜਾ ਰਿਹੈ ਇਕ ਹੋਰ ਵੱਡਾ ਕੰਮ

ਬੀਜਿੰਗ— ਹਾਈ ਸਪੀਡ ਟਰੇਨਾਂ ਤੋਂ ਇਲਾਵਾ ਚੀਨ ਇਕ ਹੋਰ ਵੱਡਾ ਕੰਮ ਕਰਨ ਜਾ ਰਿਹਾ ਹੈ, ਜੋ ਕਿ ਚੀਨ ਦਾ ਆਪਣੇ ਵਲੋਂ ਪਹਿਲਾ ਕੰਮ ਹੋਵੇਗਾ। ਜੀ ਹਾਂ, ਚੀਨ ਨੇ ਸ਼ੰਘਾਈ ਦੇ 135 ਸਾਲ ਪੁਰਾਣੇ ਯੂਫੋ ਮੰਦਰ ਦੇ ਮੁੱਖ ਕਮਰੇ ਨੂੰ ਦੂਜੀ ਥਾਂ ਸਥਾਪਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਚੀਨ ਵਿਚ ਇਸ ਪ੍ਰਕਾਰ ਦਾ ਪਹਿਲਾ ਕੰਮ ਹੋਵੇਗਾ। ਯੂਫੋ ਮੰਦਰ ਨੂੰ ਜੇਡ ਬੌਧ ਮੰਦਰ ਦੇ ਤੌਰ ‘ਤੇ ਵੀ ਜਾਣਿਆ ਜਾਂਦਾ ਹੈ। ਚੀਨੀ ਮੀਡੀਆ ਦੀ ਖਬਰ ਮੁਤਾਬਕ ਇਸ ਮੰਦਰ ਨੂੰ ਟਰਾਂਸਫਰ ਕਰਨ ਦਾ ਕੰਮ ਬੀਤੇ ਸ਼ਨੀਵਾਰ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ।
ਚੀਨੀ ਮੀਡੀਆ ਨੇ ਖਬਰ ਦਿੱਤੀ ਹੈ ਕਿ ਇਸ ਪ੍ਰਾਜੈਕਟ ਮੁਤਾਬਕ ਮੰਦਰ ਦੇ ਮੁੱਖ ਕਮਰੇ ਨੂੰ ਉਸ ਦੀ ਪੁਰਾਣੀ ਥਾਂ ਤੋਂ 30.66 ਮੀਟਰ ਉੱਤਰ ‘ਚ ਖਿਸਕਾਇਆ ਜਾਵੇਗਾ ਅਤੇ 1.05 ਮੀਟਰ ਉੱਪਰ ਚੁੱਕਿਆ ਜਾਵੇਗਾ। ਬੁੱਧ ਦੀਆਂ ਮੂਰਤੀਆਂ ਅਤੇ ਦੂਜੇ ਸੱਭਿਆਚਾਰਕ ਸਮਾਰਕਾਂ ਨੂੰ ਇਕੱਠੇ ਟਰਾਂਸਫਰ ਕੀਤਾ ਜਾਵੇਗਾ। ਖਬਰ ਵਿਚ ਕਿਹਾ ਗਿਆ ਹੈ ਕਿ ਪਹਿਲੀ ਵਾਰ ਚੀਨ ਇਸ ਤਰ੍ਹਾਂ ਦੀ ਕਿਸੇ ਪ੍ਰਾਜੈਕਟ ਨੂੰ ਅਮਲ ‘ਚ ਲਿਆਉਣ ਦਾ ਕੰਮ ਕਰ ਰਿਹਾ ਹੈ।
ਇਹ ਪ੍ਰਾਜੈਕਟ ਦੋ ਹਫਤਿਆਂ ਵਿਚ ਪੂਰਾ ਕਰ ਲਿਆ ਜਾਵੇਗਾ। ਇਕ ਰਿਪੋਰਟ ਮੁਤਾਬਕ ਮੰਦਰ ਨੂੰ ਟਰਾਂਸਫਰ ਕਰਨ ਦਾ ਟੀਚਾ ਇਤਿਹਾਸਕ ਵਸਤੂ ਕਲਾ ਨੂੰ ਜ਼ਿਆਦਾ ਸੁਰੱਖਿਅਤ ਅਤੇ ਬਿਹਤਰ ਸੁਰੱਖਿਆ ਉਪਲੱਬਧ ਕਰਾਉਣਾ ਹੈ। ਇਸ ਅਤਿ-ਸੰਵੇਦਨਸ਼ੀਲ ਕੰਮ ਲਈ ਇੰਜੀਨੀਅਰਾਂ ਨੇ ਪਹਿਲੇ ਕਮਰੇ ਨੂੰ ਉਸ ਦੀ ਮੂਲ ਨੀਂਹ ਤੋਂ ਕੱਟਿਆ ਅਤੇ ਫਿਰ ਇਸ ਨੂੰ ਇਕ ਪਲੇਟਫਾਰਮ ਦੀ ਮਦਦ ਨਾਲ ਚੁੱਕਿਆ ਗਿਆ। ਅਗਲੇ ਕੁਝ ਦਿਨਾਂ ਵਿਚ ਕਮਰੇ ਨੂੰ ਨਵੀਂ ਨੀਂਹ ‘ਤੇ ਰੱਖਿਆ ਜਾਵੇਗਾ। ਅੰਦਰ ਸਥਾਪਤ ਬੁੱਧ ਦੀਆਂ ਮੂਰਤੀਆਂ ਨੂੰ ਸੁਰੱਖਿਅਤ ਰੱਖਣਾ ਇਸ ਪ੍ਰਾਜੈਕਟ ਦਾ ਸਭ ਤੋਂ ਮੁਸ਼ਕਲ ਹਿੱਸਾ ਹੈ, ਕਿਉਂਕਿ ਇਸ ਪ੍ਰਾਚੀਨ ਢਾਂਚੇ ਦੀ ਨੀਂਹ ਕਮਜ਼ੋਰ ਹੋ ਗਈ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਹੱਲ-ਚੱਲ ਨੀਂਹ ਨੂੰ ਨਸ਼ਟ ਕਰ ਸਕਦੀ ਹੈ। ਸਾਲ 1882 ਵਿਚ ਬਣਿਆ ਇਹ ਮੰਦਰ ਸ਼ੰਘਾਈ ਦੇ ਸਭ ਤੋਂ ਲੋਕਪ੍ਰਿਅ ਸੈਰ-ਸਪਾਟੇ ਵਾਲੀਆਂ ਥਾਵਾਂ ‘ਚੋਂ ਇਕ ਹੈ। ਇਸ ਨੂੰ ਦੇਖਣ ਹਰ ਸਾਲ 20 ਲੱਖ ਤੋਂ ਵਧ ਲੋਕ ਆਉਂਦੇ ਹਨ।

Most Popular

To Top