ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ

 ਅਲਗੋਮਾ ਯੂਨੀਵਰਸਿਟੀ ਦਾ ਵਿਦਿਆਰਥੀ ਸੰਘਰਸ਼ ਮੁਨਾਫਾਖੋਰ ਸਿੱਖਿਆ ਪ੍ਰਬੰਧ ਦੇ ਵਿਰੋਧ ਦਾ ਪ੍ਰਤੀਕ ਹੈ

 ਅਲਗੋਮਾ ਯੂਨੀਵਰਸਿਟੀ ਦਾ ਵਿਦਿਆਰਥੀ ਸੰਘਰਸ਼ ਮੁਨਾਫਾਖੋਰ ਸਿੱਖਿਆ ਪ੍ਰਬੰਧ ਦੇ ਵਿਰੋਧ ਦਾ ਪ੍ਰਤੀਕ ਹੈ

ਮੁਨਾਫਾਖੋਰ ਸਿੱਖਿਆ ਪ੍ਰਬੰਧ ਦੇ ਵਿਰੋਧ ਦਾ ਪ੍ਰਤੀਕ ਅਲਗੋਮਾ ਯੂਨੀਵਰਸਿਟੀ ਵਿਦਿਆਰਥੀ ਸੰਘਰਸ਼ ਪੰਜਾਬ ਅਤੇ ਪ੍ਰਵਾਸ ਦਾ ਰਿਸ਼ਤਾ ਸਦੀਆਂ ਪੁਰਾਣਾ ਹੈ। ਅਜੋਕੇ ਸਮੇਂ ਪ੍ਰਵਾਸ ਲਈ ਪੰਜਾਬੀਆਂ ਦਾ ਪਸੰਦੀਦਾ ਦੇਸ਼ ਕੈਨੇਡਾ ਹੈ। ਕੈਨੇਡਾ ਦੇ ਉੱਚ-ਉਸਾਰ, ਵਿੱਦਿਅਕ ਢਾਂਚੇ, ਜਨਤਕ ਸਹੂਲਤਾਂ, ਕਾਨੂੰਨ ਅਤੇ ਆਵਾਸ ਨੀਤੀਆਂ ਨੂੰ ਕਲਿਆਣਕਾਰੀ ਬਣਾਕੇ ਪੇਸ਼ ਕੀਤਾ ਜਾਂਦਾ ਹੈ ਪਰ ਕੈਨੇਡਾ ਦੀਆਂ ਇਹਨਾਂ ਨੀਤੀਆਂ ਵਿਚਲੇ ਬੁਨਿਆਦੀ ਵਿਗਾੜਾਂ ਨੂੰਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਉੱਠ ਰਹੇ ਵਿਦਿਆਰਥੀ ਸੰਘਰਸ਼ਾਂ ਨੇ ਉਜ਼ਾਗਰ ਕਰ ਦਿੱਤਾ ਹੈ। ਬੁੱਢੀ ਹੋ ਰਹੀਂ ਵੱਸੋਂ ਦੇ ਅਨੁਪਾਤ ਜਵਾਨ ਵੱਸੋਂ ਵਧਾਉਣ ਅਤੇ ਸਸਤੇ ਤੇ ਹੁਨਰਮੰਦ ਕਾਮੇ ਬੁਲਾਉਣ ਲਈ ਇੱਥੋਂ ਦੀਆਂ ਸਰਕਾਰਾਂ ਨੇ ਸਿੱਖਿਆ ਪ੍ਰੋਗਰਾਮ ਦਾ ਸਹਾਰਾ ਲਿਆ। ਮਹਿੰਗੀ ਤੇ ਗੈਰ-ਮਿਆਰੀ ਸਿੱਖਿਆ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਲਈ ਇੱਥੋਂ ਦੇ ਪਬਲਿਕ ਤੇ ਪ੍ਰਾਈਵੇਟ ਕਾਲਜ-ਯੂਨੀਵਰਸਿਟੀਆਂ ਨੇ ਨੌਜਵਾਨਾਂ ਨੂੰ ਲੁਭਾਉਣ ਲਈ ਠੱਗ ਏਜੰਟਾਂ ਨੂੰ ਪ੍ਰਤੀ ਵਿਦਿਆਰਥੀ 3000-4500 ਡਾਲਰ ਕਮਿਸ਼ਨ ਦਿੱਤਾ। ਬਦਲਦੇ ਆਰਥਿਕ-ਸਮਾਜਿਕ ਹਾਲਤਾਂ ਦੌਰਾਨ ਜਦੋਂ ਕੈਨੇਡਾ ਵੱਲੋਂ ਆਵਾਸ ਨੀਤੀਆਂ ਸਖ਼ਤ ਕੀਤੀਆਂ ਜਾ ਰਹੀਆਂ ਹਨ। ਕੈਨੇਡੀਅਨ ਆਵਾਸ ਮੰਤਰੀ ਮਾਰਕ ਮਿੱਲਰ ਦਾ ਤਾਜ਼ਾ ਬਿਆਨ ਕਿ ‘ ਰਿਹਾਇਸ਼ ਦੀ ਕਮੀ ਤੇ ਕੁਝ ਕੈਨੇਡੀਅਨ ਸੰਸਥਾਵਾਂ ਵਿੱਚ ਢੁੱਕਵੀਆਂ ਵਿਦਿਅਕ ਸਹੂਲਤਾਂ ਦਾ ਨਾ ਹੋਣਾ ਹੈ’, ਇਹ ਜ਼ਾਹਰ ਕਰਦਾ ਹੈ ਕਿ “ਸਮੱਸਿਆਵਾਂ ਹਨ ਤਾਂ ਹੀ ਸੰਘਰਸ਼ ਉੱਠ ਰਹੇ ਹਨ, ਸੰਘਰਸ਼ ਸਿਰਫ਼ ਸਮਾਜ ਦਾ ਸ਼ੀਸ਼ਾ ਬਣ ਰਹੇ ਹਨ।” ਕੈਨੇਡਾ ਦੀ ਅਲਗੋਮਾ ਯੂਨੀਵਰਸਿਟੀ ਦਾ ਵਿਦਿਆਰਥੀ ਇਸਦੀ ਤਾਜ਼ਾ ਮਿਸਾਲ ਹੈ।

ਅਲਗੋਮਾ ਯੂਨੀਵਰਸਿਟੀ ਦੇ ‘ਤਕਨੀਕੀ ਆਫ ਸਿਸਟਮ ਐਨਾਲਿਸਟ’ ਦੇ ਇੱਕ ਪ੍ਰੋਫੈਸਰ ਨੇ ਜਾਣ-ਬੁੱਝ ਕੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਥੋਕ ਰੂਪ ਵਿੱਚ ਫੇਲ੍ਹ ਕਰ ਦਿੱਤਾ। ਸੰਬੰਧਿਤ ਪ੍ਰੋਫੈਸਰ ਦਾ ਵਿਦਿਆਰਥੀਆਂ ਨਾਲ ਵਰਤਾਓ ਬੇਹੱਦ ਮਾੜਾ ਸੀ, ਜਦ ਇਸ ਸੰਬੰਧੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਤੱਕ ਪਹੁੰਚ ਕੀਤੀ ਗਈ ਤਾਂ ਉਹਨਾਂ ਵਿਦਿਆਰਥੀਆਂ ਨੂੰ ਕੋਈ ਰਾਹ-ਸਿਰਾ ਨਹੀ ਫੜਾਇਆ। ਵਿਦਿਆਰਥੀਆਂ ਨੂੰ 3500 ਡਾਲਰ ਭਰਕੇ ਦੁਬਾਰਾ ਪੇਪਰ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਸਾਰੇ ਰਾਹ ਬੰਦ ਹੁੰਦੇ ਦੇਖ ਕੇ ਵਿਦਿਆਰਥੀਆਂ ਨੇ ਮੌਂਟਰੀਅਲ ਯੂਥ-ਸਟੂਡੈਂਟ ਆਰਗੇਨਾਈਜੇਸ਼ਨ, ਹੋਰ ਜਥੇਬੰਦੀਆਂ ਅਤੇ ਸਮਾਜਿਕ ਸਰੋਕਾਰ ਰੱਖਣ ਵਾਲੇ ਲੋਕਾਂ ਤੱਕ ਪਹੁੰਚ ਕੀਤੀ। ਇਸ ਤੋਂ ਬਾਅਦ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਬੈਠਕ ਬੁਲਾਈ ਅਤੇ ਵਿਚਾਰ-ਚਰਚਾ ਤੋਂ ਬਾਅਦ ਸਥਾਈ ਮੋਰਚੇ ਦਾ ਐਲਾਨ ਕਰ ਦਿੱਤਾ। ਇਸ ਮੋਰਚੇ ਦੀਆਂ ਮੁੱਖ ਮੰਗਾਂ ਸਨ ਜਾਣ-ਬੁੱਝਕੇ ਫੇਲ੍ਹ ਕੀਤੇ ਗਏ ਵਿਦਿਆਰਥੀਆਂ ਨੂੰ ਉਚਿਤ ਮੁਲਾਂਕਣ ਕਰਕੇ ਪਾਸ ਕੀਤਾ ਜਾਵੇ,ਫੇਲ੍ਹ ਵਿਸ਼ੇ ਦਾ ਸਲਾਨਾ ਗਰੇਡਿੰਗ ਮਾਪਦੰਡ ਤਬਦੀਲ ਕੀਤਾ ਜਾਵੇ, ਨਵੇਂ ਗਰੇਡਿੰਗ ਮਾਪਦੰਡ ਅਨੁਸਾਰ ਪੇਪਰ ਦੁਬਾਰਾ ਚੈੱਕ ਕੀਤੇ ਜਾਣ, ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਪ੍ਰੋਫੈਸਰ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ, ਵਿਦਿਆਰਥੀਆਂ ਉੱਤੇ ਦੁਬਾਰਾ ਪੇਪਰ ਦੇਣ ਦੀ ਵਾਧੂ ਫੀਸ ਦਾ ਬੋਝ ਖਤਮ ਕੀਤਾ ਜਾਵੇ, ਯੂਨੀਵਰਸਿਟੀ ਦੀ ਜਵਾਬਦੇਹੀ ਨਿਸ਼ਚਿਤ ਕੀਤੀ ਜਾਵੇ ਅਤੇ ਪੇਪਰ ਚੈੱਕ ਕਰਨ ਦੀ ਵਿਧੀ ਨੂੰ ਪਾਰਦਰਸ਼ੀ ਕੀਤਾ ਜਾਵੇ। ਪਹਿਲੇ ਤਿੰਨ ਦਿਨ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਚੁੱਪੀ ਸਾਧੀ ਰੱਖੀ, ਫਿਰ ਜਦ ਸ਼ਾਂਤਮਈ ਅਤੇ ਜਥੇਬੰਦ ਵਿਦਿਆਰਥੀਆਂ ਨੇ ਕੈਨੇਡੀਅਨ ਵਿੱਦਿਅਕ ਪ੍ਰਬੰਧ ਉੱਤੇ ਸਵਾਲ ਚੁੱਕਣ, ਅਲਗੋਮਾ ਯੂਨੀਵਰਸਿਟੀ ਦੇ ਪਿਛੋਕੜ ਤੇ ਨਾਕਸ ਪ੍ਰਬੰਧ ਨੂੰ ਜ਼ਾਹਰ ਕਰਨ, ਪੈਦਲ ਮਾਰਚ ਕਰਨ, ਮੀਡੀਆ ਤੱਕ ਪਹੁੰਚ ਕਰਨ, ਸਰਕਾਰੀ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਦਾ ਸਿਲਸਿਲਾ ਚਲਾਇਆ ਗਿਆ ਤਾਂ ਯੂਨੀਵਰਸਿਟੀ ਨੇ ਰਾਤ ਦੇ ਹਨੇਰੇ ਵਿੱਚ ਵਿਦਿਆਰਥੀਆਂ ਨਾਲ ਮੀਟਿੰਗ ਕਰਕੇ ਕੁਝ ਵਿਦਿਆਰਥੀਆਂ ਨੂੰ ਪਾਸ ਕਰ ਦਿੱਤਾ ਤੇ 32 ਵਿਦਿਆਰਥੀਆਂ ਦਾ ਮੁੜ ਮੁਲਾਂਕਣ ਕਰਨ ਦਾ ਵਾਅਦਾ ਕੀਤਾ ਗਿਆ। ਯੂਨੀਵਰਸਿਟੀ ਇਸ ਸੰਘਰਸ਼ ਨੂੰ ਫੇਲ੍ਹ ਵਿਦਿਆਰਥੀਆਂ ਨੂੰ ਧੱਕੇ ਨਾਲ ਪਾਸ ਕਰਵਾਉਣ ਦਾ ਮਾਮਲਾ ਬਣਾਉਣਾ ਚਾਹੁੰਦੀ ਸੀ ਪਰ ਮਾਇਸੋ ਦੀ ਸੰਜੀਦਾ ਅਗਵਾਈ ਨੇ ਕਾਲਜ ਪ੍ਰਸ਼ਾਸਨ ਦੇ ਹਰ ਆਰੋਪ ਦਾ ਤੱਥਾਂ ਸਾਹਿਤ ਜਵਾਬ ਦਿੱਤਾ। ਇਸ ਤੋਂ ਅਗਲੇ ਦਿਨ ਹੋਰ ਵਿਸ਼ੇ ਦੇ ਵਿਦਿਆਰਥੀ ਵੀ ਇਸੇ ਤਰਜ਼ ‘ਤੇ ਫੇਲ ਕਰ ਦਿੱਤੇ ਗਏ, ਜਦ ਉਹ ਵੀ ਇਸ ਸੰਘਰਸ਼ ਵਿੱਚ ਸ਼ਾਮਿਲ ਹੋ ਗਏ ਤਾਂ ਯੂਨੀਵਰਸਿਟੀ ਨੇ ਸੰਘਰਸ਼ ‘ਚ ਮੂਹਰਲੀਆਂ ਸਫਾਂ ਵਿੱਚ ਬੈਠੇ ਵਿਦਿਆਰਥੀਆਂ ‘ਤੇ ਜਾਣ-ਬੁੱਝ ਕੇ ਨਕਲ ਦੇ ਦੋਸ਼ ਆਇਦ ਕਰ ਦਿੱਤੇ। ਮਾਇਸੋ ਦੀ ਅਗਵਾਨੂੰ ਟੀਮ ਨੇ ਯੂਨੀਵਰਸਿਟੀ ਦੀ ਬੁਖਲਾਹਟ ਨੂੰ ਭਾਂਪ ਲਿਆ ਅਤੇ ਇਸ ਝੂਠ ਦਾ ਪਰਦਾਚਾਕ ਕਰਨ ਦੇ ਨਾਲ-ਨਾਲ ਯੂਨੀਵਰਸਿਟੀ ਦੀਆਂ ਅਨੇਕਾਂ ਨਾਕਾਮੀਆਂ ਨੂੰ ਜੱਗ-ਜ਼ਾਹਰ ਕੀਤਾ। ਲਗਭਗ ਇੱਕ ਹਫਤੇ ਬਾਅਦ ਵਿਦਿਆਰਥੀਆਂ ਦੇ ਸੰਘਰਸ਼ ਜਰੀਏ ਯੂਨੀਵਰਸਿਟੀ ਨੇ ਅਣਗਹਿਲੀ ਨਾਲ ਫੇਲ੍ਹ ਵਿਦਿਆਰਥੀਆਂ ਨੂੰ ਪਾਸ ਕਰਨਾ, ਨਿਰਪੱਖ ਮੁਲਾਂਕਣ ਅਤੇ ਬਿਨਾਂ ਫੀਸ ਦੁਬਾਰਾ ਇਮਤਿਹਾਨ ਦੇਣ ਦੀਆਂ ਮੰਗਾਂ ਮੰਨੀਆਂ। ਵਿਦਿਆਰਥੀਆਂ ਨੇ ਕੜਾਕੇ ਦੀ ਠੰਡ ਵਿੱਚ ਇਸ ਸੰਘਰਸ਼ ਦੀ ਪੂਰਨ ਜਿੱਤ ਪ੍ਰਾਪਤ ਕਰਕੇ ਨਵੇਂ ਪੂਰਨੇ ਪਾਏ। ਇਸ ਸੰਘਰਸ਼ ਨੇ ਕੈਨੇਡਾ ਦੇ ਪ੍ਰਵਾਸੀਆਂ ਤੇ ਵਿਦਿਆਰਥੀਆਂ ਨੂੰ ਚੇਤੰਨ ਕੀਤਾ।

ਯੂਨੀਵਰਸਿਟੀ ਨੇ ਸ਼ਾਂਤਮਤੀ ਪੱਕੇ ਮੋਰਚੇ ਤੇ ਵਿਦਿਆਰਥੀ ਸੰਘਰਸ਼ ਨੂੰ ਕੁਰਾਹੇ ਪਾਉਣ ਲਈ ਆਪਣੀ ਜੇਬੀ ਵਿਦਿਆਰਥੀ ਜੱਥੇਬੰਦੀ ਨੂੰ ਮੂਹਰੇ ਲਾਕੇ ਸੰਘਰਸ਼ ਨੂੰ ਗਲਤ ਰੰਗਤ ਦੇ ਕੇ ਮਾਇਸੋ ਉੱਤੇ ਝੂਠੇ ਤੇ ਤੱਥਹੀਣ ਦੋਸ਼ ਲਗਾਏ ਅਤੇ ਜਿਸਦਾ ਵਿਦਿਆਰਥੀ ਜੱਥੇਬੰਦੀ ਨੇ ਤੱਥਾਂ ਸਾਹਿਤ ਜਵਾਬ ਦਿੱਤਾ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਲੁੱਟ ਅਤੇ ਸ਼ੋਸ਼ਣ ਖ਼ਿਲਾਫ਼ ਪ੍ਰਦਰਸ਼ਨਾਂ ਦਾ ਹੀ ਸਿੱਟਾ ਹੈ ਜਦ ਮਾਰਕ ਮਿਲਰ ਰਿਹਾਇਸ਼ੀ ਤੇ ਸਿਹਤ ਸਹੂਲਤਾਂ ਦੀ ਸਮੱਸਿਆ ਦੀ ਪੁਸ਼ਟੀ ਕਰਦਾ ਹੈ ਅਤੇ ਨਿੱਜੀ ਵਿਦਿਅਕ ਸੰਸਥਾਵਾਂ ਨੂੰ ‘ਬੁਰੇ ਕਿਰਦਾਰ’ ਮੰਨਦਾ ਹੈ ਤਾਂ ਇਸ ਤੱਥ ਦੀ ਵੀ ਪੁਸ਼ਟੀ ਹੋਰ ਜਾਂਦੀ ਹੈ ਕਿ ਮਾਇਸੋ ਵੱਲੋਂ ਲਗਾਤਾਰ ਉਭਾਰੀਆਂ ਮੰਗਾਂ ਤੇ ਵਿਦਿਆਰਥੀ ਸੰਘਰਸ਼ ਜਾਇਜ਼ ਸਨ। ਮਾਇਸੋ ਪਿਛਲੇ ਚਾਰ ਵਰ੍ਹਿਆਂ ਤੋਂ ਲਗਾਤਾਰ ਇਸ ਗੱਲ ਦਾ ਪ੍ਰਚਾਰ-ਪ੍ਰਸਾਰ ਕਰਦੀ ਆ ਰਹੀ ਹੈ ਕਿ ਨਵੀਆਂ ਬਦਲਦੀਆਂ ਸੰਸਾਰ ਆਰਥਿਕ ਹਾਲਤਾਂ ਵਿੱਚ ਸਭ ਤੋਂ ਵੱਧ ਬੋਝ ਨਵੇਂ ਪ੍ਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਉੱਤੇ ਪਵੇਗਾ ਅਤੇ ਭਵਿੱਖ ਵਿੱਚ ਵਿਕਸਿਤ ਮੁਲਕਾਂ ਦੀਆਂ ਸਰਕਾਰਾਂ ਆਵਾਸ ਨੀਤੀਆਂ ਨੂੰ ਹੋਰ ਵੱਧ ਸਖਤ ਕਰ ਸਕਦੀਆਂ ਹਨ। ਕੈਨੇਡਾ ਵਿੱਚ ਇਮੀਗ੍ਰੇਸ਼ਨ ਨੀਤੀਆਂ ਵਿੱਚ ਤਬਦੀਲੀਆਂ ਕੋਈ ਨਵਾਂ ਵਰਤਾਰਾ ਨਹੀਂ ਹੈ, ਨਾ ਹੀ ਕੈਨੇਡਾ ਦੇ ਨਿੱਜੀ ਕਾਲਜਾਂ ਵੱਲੋਂ ਵਿਦਿਆਰਥੀਆਂ ਨਾਲ ਕੀਤੀ ਜਾਂਦੀ ਧੱਕੇਸ਼ਾਹੀ ਨਵੀਂ ਹੈ। ਚਾਹੇ ਮੌਂਟਰੀਅਲ ਚ ਤਿੰਨ ਕਾਲਜਾਂ ਦੁਆਰਾ ਦਿਵਾਲਾ ਹੋਣ ਤੋਂ ਬਾਅਦ ਵਿਦਿਆਰਥੀਆ ਦਾ ਲਗਭਗ 64 ਲੱਖ ਡਾਲਰ ਦੱਬਣਾ ਹੋਵੇ, ਚਾਹੇ ਨਾਰਥਬੇਅ ਚ ਕੈਨਾਡੋਰ ਕਾਲਜ ਦੇ ਵਿਦਿਆਰਥੀਆਂ ਨੂੰ ਦਰਪੇਸ਼ ਹੋਈ ਰਿਹਾਇਸ਼ ਦੀ ਸਮੱਸਿਆ ਹੋਵੇ ਤੇ ਚਾਹੇ ਫੀਸਾਂ ਦੇ ਲਾਲਚ ਨੂੰ ਅਲਗੋਮਾ, ਸੈਂਟ ਕਲੇਅਰ ਤੇ ਹੋਰ ਵੀ ਕਈ ਅਦਾਰਿਆਂ ਵੱਲੋਂ ਗਰੇਡਿੰਗ ਸਿਸਟਮ ਚ ਕੀਤੀ ਹੇਰਾਫੇਰੀ ਨਾਲ ਫੇਲ ਕੀਤੇ ਸੈਂਕੜੇ ਵਿਦਿਆਰਥੀ, ਪਹਿਲਾਂ ਤੋਂ ਵੱਧ ਟਿਊਸ਼ਨ ਫੀਸ ਲੈਣ ਵਾਲੇ ਤੇ ਘੱਟ ਸਹੂਲਤਾਂ ਵਾਲੇ ਪਬਲਿਕ-ਪ੍ਰਾਈਵੇਟ ਸਾਂਝ ਵਿੱਚੋਂ ਨਿਕਲੇ ਅਦਾਰਿਆਂ ਵੱਲੋਂ ਨਿਰਧਾਰਿਤ ਫੀਸ ਨੂੰ ਚਲਦੇ ਕੋਰਸਾਂ ਦੇ ਐਨ ਵਿਚਕਾਰ ਵਧਾ ਦੇਣਾ ਹੋਵੇ। ਇਹਦੇ ਨਾਲ-ਨਾਲ ਸਿਹਤ ਸਹੂਲਤਾਂ, ਭਾਰਤ-ਕੈਨੇਡਾ ਕੂਟਨੀਤਿਕ ਤਣਾਅ ਦਾ ਕੈਨੇਡਾ ਸਥਿਤ ਭਾਰਤੀ ਪ੍ਰਵਾਸੀਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਉੱਤੇ ਮਾੜਾ ਪ੍ਰਭਾਵ ਆਦਿ ਮੁਸ਼ਕਿਲਾਂ ਪ੍ਰਵਾਸੀਆਂ ਨੂੰ ਤੰਗ ਕਰਦੀਆਂ ਹਨ। ਪਰ ਕੈਨੇਡਾ ’ਚ ਰਿਹਾਇਸ਼ੀ ਘਰਾਂ ਦੀ ਸਮੱਸਿਆ ਅੰਤਰਰਾਸ਼ਟਰੀ ਵਿਦਿਆਰਥੀਆਂ ਕਰਕੇ ਪੈਦਾ ਨਹੀਂ ਹੋਈ ਬਲਕਿ ਇਹ ਸਮੱਸਿਆ ਕੈਨੇਡਾ ਦੀ ਰੀਅਲ ਅਸਟੇਟ ਮਾਰਕਿਟ ਉੱਤੇ ਵੱਡੇ ਮੁਨਾਫਾਖੋਰ ਕਾਰੋਬਾਰੀਆਂ ਦੀ ਇਜਾਰੇਦਾਰੀ ਕਾਰਨ ਹੈ। ਜਿੱਥੇ ਘਰ ਬੇਹੱਦ ਮਹਿੰਗੇ ਹਨ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ। ਵੱਧਦੀ ਮਹਿੰਗਾਈ ਕਾਰਨ ਰਿਹਾਇਸ਼ੀ ਘਰਾਂ ਦੇ ਕਿਰਾਏ ਵੱਧ ਰਹੇ ਹਨ ਤੇ ਇਹ ਨਵੇਂ ਪ੍ਰਵਾਸੀਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪਹੁੰਚ ਤੋਂ ਬਾਹਰ ਹੋ ਰਹੇ ਹਨ। ਦੂਸਰਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਥਾਨਕ ਵਿਦਿਆਰਥੀਆਂ ਦੇ ਮੁਕਾਬਲੇ ਬਰਾਬਰ ਸਿਹਤ ਸਹੂਲਤਾਂ ਹਾਸਲ ਨਹੀਂ ਹੁੰਦੀਆਂ ਜਿਸ ਕਾਰਨ ਕੌਮਾਂਤਰੀ ਵਿਦਿਆਰਥੀਆਂ ਦੇ ਬਿਮਾਰ ਹੋਣ ਜਾਂ ਮੌਤ ਹੋਣ ਦੀ ਸੂਰਤ ਵਿੱਚ ਕੈਨੇਡਾ ਦੇ ਸਿਹਤ ਢਾਚੇ ਉੱਤੇ ਸਵਾਲੀਆ ਚਿੰਨ੍ਹ ਲੱਗਦੇ ਰਹੇ। ਤੀਸਰਾ ਭਾਰਤ-ਕੈਨੇਡਾ ਕੂਟਨੀਤਿਕ ਸਬੰਧਾਂ ਵਿੱਚ ਤਣਾਅ ਕਰਕੇ ਭਾਰਤ ਨੇ ਕੈਨੇਡਾ ਦੇ 41 ਡਿਪਲੋਮੈਟ ਵਾਪਸ ਭੇਜਣ ਕਾਰਨ ਪਹਿਲਾਂ ਹੀ ਸਟੱਡੀ ਪਰਮਿਟਾਂ ਵਿੱਚ 86% ਦੀ ਗਿਰਾਵਟ ਆ ਚੁੱਕੀ ਹੈ। ਅੱਜ ਦੁਨੀਆਂ ਭਰ ਦੀਆਂ ਸਰਕਾਰਾਂ ਲਈ ਸੱਤਾ ’ਚ ਆਉਣ ਲਈ ਇਮੀਗ੍ਰੇਸ਼ਨ ਵਿਰੋਧੀ ਨੀਤੀ ਸਭ ਤੋਂ ਵੱਧ ਕਾਰਗਰ ਸਾਬਤ ਹੋ ਰਹੀ ਹੈ ਜੋ ਸਥਾਨਕ ਵੋਟ ਬੈਂਕ ਨੂੰ ਪੱਕਾ ਕਰਨ ਦਾ ਸਾਧਨ ਬਣਦੀ ਹੈ। ਕੈਨੇਡਾ ਦੀਆਂ ਅਵਾਸ ਨੀਤੀਆਂ ਵਿੱਚ ਵਿੱਚ ਤਬਦੀਲੀ ਬਦਲਦੇ ਆਰਥਿਕ-ਸਿਆਸੀ ਕਾਰਨਾਂ ਕਰਕੇ ਹੈ। ਜਿਵੇਂ-ਜਿਵੇਂ ਆਰਥਿਕਤਾ ਡਾਵਾਂਡੋਲ ਹੁੰਦੀ ਜਾਵੇਗੀ, ਹਾਲਾਤ ਹੋਰ ਔਖੇ ਹੁੰਦੇ ਜਾਣਗੇ, ਮਹਿੰਗਾਈ ਵਧਦੀ ਜਾਵੇਗੀ, ਕਾਲਜਾਂ ਅਤੇ ਦੁਕਾਨਨੁਮਾ ਯੂਨੀਵਰਸਿਟੀ ਦੇ ਕਾਬਜ਼ ਠੱਗ ਇਸ ਤਰਾਂ ਦੀਆਂ ਹੋਰ ਸਾਜ਼ਿਸ਼ਾਂ ਘੜਦੇ ਰਹਿਣਗੇ। ਵਿਦਿਆਰਥੀਆਂ ਨੂੰ ਹੋਰ ਸਮਝਦਾਰੀ ਨਾਲ ਜਥੇਬੰਦ ਹੋਣਾ ਪਵੇਗਾ। ਪ੍ਰਵਾਸੀਆਂ ਅਤੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਜਥੇਬੰਦਕ ਤਾਕਤ ਅਤੇ ਸਹੀ ਦਿਸ਼ਾ ਵਿੱਚ ਸੰਘਰਸ਼ ਕਰਨਾ ਹੀ ਇਹਨਾਂ ਮਾਰੂ-ਹੱਲਿਆਂ ਦਾ ਹੱਲ ਹੈ ਜੋ ਅਸੀ ਅਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੋਂ ਸਿੱਖਿਆ ਹੈ।

-ਖੁਸ਼ਪਾਲ ਗਰੇਵਾਲ (+1 (514) 576-4373) ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ

-ਖੁਸ਼ਪਾਲ ਗਰੇਵਾਲ 1 (514) 576-4373
ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ

Show More

Related Articles

Leave a Reply

Your email address will not be published. Required fields are marked *

Back to top button
Translate »