ਐਧਰੋਂ ਓਧਰੋਂ

ਅੱਜ ਕਿਉਂ ਭਗਤ ਸਿੰਘ ਗੁਰਦਵਾਰੇ ਚੋਂ ਬਾਹਰ ਹੋ ਗਿਆ ਹੈ ?

         ਜਦੋਂ  ਨਾਇਕ ਦਾ ਅਪਹਰਣ ਹੁੰਦਾ ਹੈ….     

(ਕਿਸਾਨ ਸੰਘਰਸ਼ ਦੌਰਾਨ “ਕਾਮਰੇਡ ਬਨਾਮ ਸਿੱਖ” ਮਸਲਾ ਚਰਚਾ ਦਾ ਵਿਸ਼ਾ ਰਿਹਾ। ਦੋਵੇ ਧਿਰਾਂ ਇੱਕ ਦੂਜੇ ਤੋਂ ਵੱਧ ਕੇ ਕਿਸਾਨ ਹਿਤੈਸ਼ੀ ਹੋਣ ਦਾ ਦਮ ਭਰਦੀਆਂ ਰਹੀਆਂ। ਮੇਰਾ ਨਿੱਜੀ ਵਿਚਾਰ ਏ ਕਿ ਲੋਕ-ਹਿਤਾਂ ਨੂੰ ਕਿਸੇ ਵੀ ਇੱਕ ਧੜੇ ਨਾਲ ਬੰਨ ਕੇ ਦੇਖਣਾ ਠੀਕ ਨਹੀਂ ਹੈ। ਇਸ ਤਰਾਂ ਦੇ ਖਿਆਲਾਂ ਵਿਚੋਂ ਪੈਦਾ ਹੋਏ ਵਿਚਾਰ ਸਾਂਝੇ ਕਰ ਰਿਹਾ ਹਾਂ। ਸਾਰਥਕ ਟਿੱਪਣੀ ਦਾ ਸਵਾਗਤ ਹੈ।—ਲੇਖਕ)

                            ਵੱਖ ਵੱਖ ਸਮੇਂ ਸਮਾਜ ਨੂੰ ਸੇਧ ਦੇਣ ਲਈ ਵੱਖ ਵੱਖ ਮਹਾਨ ਸ਼ਖਸ਼ੀਅਤਾਂ ਨੇ ਆਪਣੇ ਆਪਣੇ ਅੰਦਾਜ ਵਿੱਚ ਯਤਨ ਕੀਤੇ ਹਨ । ਇਹ ਸ਼ਖਸ਼ੀਅਤਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੀਆਂ ਰਹੀਆਂ ਹਨ ਕਿਉਂਕਿ ਉਨ੍ਹਾਂ ਲੋਕ-ਪੀੜਾ ਨੂੰ ਮਹਿਸੂਸਿਆ, ਬਿਆਨਿਆ, ਅਤੇ ਇਸ ਨੂੰ ਦੂਰ ਕਰਨ ਦੇ ਹਰ ਸੰਭਵ ਤਰੀਕੇ ਅਪਣਾਏ । ਉਨ੍ਹਾਂ ਆਪਣੇ ਪਿੰਡੇ ਤੇ ਜੁਲਮ ਝੱਲੇ, ਕੁਝ ਹੱਦ ਤੱਕ ਤਬਦੀਲੀ ਲਿਆਉਣ ਵਿੱਚ ਸਫਲ ਵੀ ਹੋਏ ।ਭਾਵੇਂ ਇਹ ਸਮੇਂ ਦੀਆਂ ਸਰਕਾਰਾਂ ਅਤੇ ਜਾਬਰ ਤਾਕਤਾਂ ਵਲੋਂ ਪੀੜੇ ਤੇ ਨਪੀੜੇ ਵੀ ਗਏ, ਕੁਰਬਾਨ ਵੀ ਹੋਏ, ਪਰ ਇਨ੍ਹਾਂ ਮਹਾਨ ਇਨਸਾਨਾਂ ਨੇ ਲੋਕ-ਮਨ ਵਿੱਚ ਆਪਣੀ ਖਾਸ ਥਾਂ ਬਣਾ ਲਈ । ਜਨਤਾ ਇਨ੍ਹਾਂ ਨੂੰ ਆਪਣੇ ਰਹਿਬਰ, ਆਗੂ,ਨਾਇਕ ਮੰਨਣ ਲੱਗ ਪਈ ਅਤੇ ਇਨ੍ਹਾਂ ਦੁਆਰਾ ਦੱਸੇ ਗਏ ਮਾਰਗ ਤੇ ਚੱਲਣ ਵਿੱਚ ਆਪਣਾ ਕਲਿਆਣ ਸਮਝਣ ਲੱਗੀ ।ਲੋਕ-ਮਨਾਂ ਵਿੱਚ ਬੀਜੇ ਹੋਏ ਇਹ ਇਨਕਲਾਬ ਦੇ ਬੀਜ ਨਾ ਤਾਂ ਸਮੇਂ ਦੀਆਂ ਸਰਕਾਰਾਂ ਨੂੰ ਭਾਉਦੇ ਹਨ, ਨਾ ਉਨਾਂ ਤਾਕਤਾਂ ਨੂੰ ਜਿਨਾਂ ਦੀ ਸਥਾਪਤੀ ਨੂੰ ਇਹ ਤਬਦੀਲੀ ਵੰਗਾਰਦੀ ਹੈ । ਇਹ ਤਾਕਤਾਂ ਅਤੇ ਸਰਕਾਰਾਂ ਸੁਚੇਤ ਰੂਪ ਵਿੱਚ ਲੋਕਾਂ ਦੇ ਮਨਾਂ ਚ’ ਵਸੇ ਇਨ੍ਹਾਂ ਨਾਇਕਾਂ ਨੂੰ ਉਨ੍ਹਾਂ ਤੋਂ ਦੂਰ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕਰਦੀਆਂ ਰਹਿੰਦੀਆਂ ਹਨ । ਇਹ ਨਾਇਕ ਜਿੰਨੀ ਦੇਰ ਜਿਉਂਦੇ ਹੁੰਦੇ ਹਨ, ਸਥਾਪਤੀ ਦੀਆਂ ਤਾਕਤਾਂ ਦੇ ਜੁਲਮ ਝੱਲਦੇ ਹਨ । ਬਹੁਤ ਵਾਰੀ ਆਪਣੀ ਕੁਰਬਾਨੀ ਵੀ ਦਿੰਦੇ ਹਨ । ਇਨ੍ਹਾਂ ਦੀ ਸ਼ਹਾਦਤ ਇਨਾਂ ਦੀ ਲੋਕ-ਮਨ ਤੇ ਪਕੜ ਹੋਰ ਮਜਬੂਤ ਬਣਾ ਦਿੰਦੀ ਹੈ ।

                             ਸਥਾਪਤ-ਨਿਜਾਮ ਨੂੰ ਲੋਕ-ਮਾਨਸਿਕਤਾ ਵਿੱਚ ਪਲ ਰਿਹਾ ਇਨਕਲਾਬ ਦਾ ਇਹ ਬੀਜ ਵਧਦਾ ਕਿਸੇ ਵੀ ਸੂਰਤ ਵਿੱਚ ਨਹੀਂ ਸੁਖ੍ਹਾਂਦਾ । ਸਿੱਧਾ ਵਾਰ ਕਰਨਾ ਜਾਂ ਇਨਾਂ ਨਾਇਕਾਂ ਦਾ ਵਿਰੋਧ ਹੁਣ ਸੌਖਾ ਨਹੀਂ ਹੁੰਦਾ । ਤਦ ਇਹ ਲੋਟੂ ਨਿਜਾਮ ਆਪਣੀ ਲੁੱਟ ੳਤੇ ਸਰਦਾਰੀ ਨੂੰ ਬਚਾਉਣ ਲਈ ਅਸਿੱਧੇ ਤੌਰ ਤੇ ਵਾਰ ਕਰਦਾ ਹੈ । ਨਿਜਾਮ ਇਸ ਗੱਲ ਤੋਂ ਬਾਖੂਬੀ ਵਾਕਿਫ ਹੁੰਦਾ ਏ ਕਿ ਲੋਕ-ਮਨਾਂ ਵਿੱਚ ਵੱਸੇ ਨਾਇਕ ਨੂੰ  ਉਨ੍ਹਾਂ ਦੇ ਮਨ ਚੋਂ ਕੱਢਣਾ ਇੰਨਾ ਸੌਖਾ ਨਹੀਂ । ਇਸ ਲਈ ਇਹ ਸਥਾਪਤੀ ਸ਼ਕਤੀਆਂ ਅਤੇ ਅਸਲ ਵਿੱਚ ਵਿਰੋਧੀ ਧਿਰ ਜਾਹਰਾ ਤੌਰ ਤੇ ਇਨ੍ਹਾਂ ਨਾਇਕਾਂ ਨੂੰ ਮਾਣ ਦਿੰਦੇ ਦਿਖਾਈ ਦਿੰਦੇ ਹਨ । ਉਨ੍ਹਾਂ ਦੀ ਯਾਦ ਵਿੱਚ ਸਮਾਗਮ ਹੁੰਦੇ ਹਨ, ਉਨ੍ਹਾਂ ਦੇ ਦਿਨ ਮਨਾਏ ਜਾਂਦੇ ਹਨ, ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਹਨ, ਕਿਤਾਬਾਂ ਲਿਖੀਆਂ ਜਾਂਦੀਆਂ ਹਨ ਅਤੇ ਹੋਰ ਬਹੁਤ ਕੁਝ ਕੀਤਾ ਜਾਂਦਾ ਹੈ, ਜੋ ਕਿ ਅਸਲ ਵਿੱਚ ‘ਡਰਾਮੇਬਾਜੀ’ ਤੋਂ ਵੱਧ ਕੁਝ ਨਹੀਂ ਹੁੰਦਾ । ਪੂਰਾ ਖਿਆਲ ਰੱਖਿਆ ਜਾਂਦਾ ਹੈ ਕਿ ਸਿਰਫ ਕਿਤਾਬੀ ਗੱਲਾਂ ਤੱਕ ਹੀ ਸੀਮਿਤ ਰਿਹਾ ਜਾਵੇ, ਅਮਲੀ ਤੌਰ ਤੇ ਕੁਝ ਨਾ ਹੋਵੇ । ਜਨਤਾ ਦੇ ਮਨ ਵਿੱਚ ਇਹ ਭੁਲੇਖਾ ਬਣਿਆ ਰਹੇ ਕਿ ਉਸ ਨਾਇਕ ਦੀ ਗੱਲ ਹੋ ਰਹੀ ਹੈ ਅਤੇ ਸਭ ਉਸ ਦਾ ਸਤਿਕਾਰ ਕਰ ਰਹੇ ਹਨ । ਇਨਾਂ ਨਾਇਕਾਂ ਦੇ ਦੱਸੇ ਮਾਰਗ ਤੇ ਤੁਰਨਾ ਤਾਂ ਦੂਰ, ਤੁਰਨ ਦੀ ਗੱਲ ਵੀ ਚੱਲਣ ਨਹੀਂ ਦਿੱਤੀ ਜਾਂਦੀ ……………

          ਇਸ ਵਿੱਚ ਵੀ ਦੋ ਰਾਵਾਂ ਨਹੀਂ ਕਿ ਜਾਣੇ-ਅਣਜਾਣੇ ਇਨ੍ਹਾਂ ਨਾਇਕਾਂ ਦੇ ਮਾਰਗ ਨੂੰ ਵਿਸਾਰ ਦੇਣ ਵਿੱਚ ਸਾਡੀ ਜਨਤਾ ਵੀ ਕੁਝ ਹੱਦ ਤੱਕ ਜਿੰਮੇਵਾਰ ਹੁੰਦੀ ਹੈ । ਉਹ ਵਧੇਰੇ ਕੱਟੜਤਾ ਚ’ ਆ ਕੇ, ਸ਼ਰਧਾ ਵਿੱਚ ਆ ਕੇ, ਕਿਸੇ ਖਾਸ ਧੜੇਬੰਦੀ ਦਾ ਸ਼ਿਕਾਰ ਹੋ ਕੇ ਉਸ ਨਾਇਕ ਤੇ ਜੱਫਾ ਮਾਰਨ ਦੀ ਕੋਸ਼ਿਸ਼ ਵਿੱਚ ਦੂਸਰੇ ਅੱਧੇ ਲੋਕਾਂ ਨੂੰ ਤੋੜ ਬਹਿੰਦੇ ਹਨ । ਇਸ ਵਿੱਚ ਵੀ ਸ਼ੱਕ ਨਹੀਂ ਕਿ ਕੁਝ ਗਲਤ ਪ੍ਰਚਾਰ ਸਾਜਿਸ਼ ਅਧੀਨ ਵੀ ਕਰਵਾਇਆ ਜਾਂਦਾ ਹੈ । ਉਸ ਖਾਸ ਸ਼ਖਸ਼ੀਅਤ ਦੇ ਆਚਰਣ ਬਾਰੇ, ਜੀਵਨ ਬਾਰੇ, ਬਹੁਤ ਕੁਝ ਸੱਚਾ-ਝੂਠਾ ਲਿਖਵਾ ਕੇ ਸਥਾਪਿਤ ਨਿਜਾਮ ਜਨਤਾ ਦੇ ਨਜਰੀਏ ਨੂੰ ਬਦਲਣ ਦੀ ਲਗਾਤਾਰ ਕੋਸ਼ਿਸ਼ ਕਰਦਾ ਰਹਿੰਦਾ ਹੈ ਅਤੇ ਕਿਤੇ ਥੋੜਾ , ਕਿਤੇ ਥੋੜ੍ਹਾ ਕਿਤੇ ਬਹੁਤਾ ਕਾਮਯਾਬ ਵੀ ਹੋ ਜਾਂਦਾ ਹੈ ।…….

                                 ਕੁਝ ਉਦਾਹਰਣਾਂ ਨਾਲ ਗੱਲ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਾਂ । ਸ਼ਹੀਦ ਭਗਤ ਸਿੰਘ ਤੋਂ ਗੱਲ ਆਰੰਭ ਕਰਦੇ ਹਾਂ । ਇਸ ਦਾ ਅਪਹਰਣ ਤਿੰਨ ਪਾਸਿਆਂ ਤੋਂ ਹੋਇਆ ਹੈ–ਪਹਿਲਾਂ ਸਰਕਾਰੀ ਨਿਜਾਮ, ਜਿਸ ਨੇ ਸਾਰੀ ਮਸ਼ੀਨਰੀ ਲਗਾ ਕੇ ਉਸ ਨੂੰ ‘ਅੰਗਰੇਜਾਂ ਦਾ ਵਿਰੋਧੀ ਅਤੇ ਦੁਸ਼ਮਣ’ ਆਖਿਆ ਅਤੇ ਭਾਰਤ ਦੇਸ਼ ਨੂੰ ਪਿਆਰ ਕਰਨ ਵਾਲਾ “ਦੇਸ਼-ਭਗਤ” ਬਣਾ ਦਿੱਤਾ । ਉਸ ਦੀ ‘ਲੋਕ-ਹਿਤ-ਵਿਰੋਧੀ-ਵਿਚਾਰਧਾਰਾ’ ਨੂੰ ਸਮਾਗਮਾਂ, ਸ਼ਰਧਾਂਜਲੀਆਂ, ਸ਼ਤਾਬਦੀਆਂ, ਆਦਿ ਵਿੱਚ ਰੋਲ ਕੇ ਰੱਖ ਦਿੱਤਾ । ਦੂਸਰਾ ਉਸ ਦੀ ਵਿਚਾਰਧਾਰਾ ਦੇ ਕੱਟੜ ਸਮਰਥਕ ਅਤੇ ਪ੍ਰਚਾਰਕ ਕਾਮਰੇਡ ਵੀਰਾਂ ਨੇ ਵੀ ਘੱਟ ਨਹੀਂ ਕੀਤੀ । ਇੱਕ ਧੜੇ ਨਾਲ ਜੁੜ ਕੇ ਉਸ ਦੇ ਧਰਮ ਵਿਰੱਧ ਹੋਣ ਨੂੰ ਹੀ ਪ੍ਰਚਾਰ ਦਾ ਮੁੱਖ ਵਿਸ਼ਾ ਬਣਾ ਲਿਆ । ਅੱਜ ਦੇ ਜਵਾਨ ਨੂੰ ਉਸ ਦੇ “ਮੈਂ ਨਾਸਤਕ ਕਿਉਂ ਹਾਂ” ਦਾ ਤਾਂ ਇਲਮ ਹੈ, ਉਸ ਦੇ ਲੈਨਿਨ ਦੀ ਜੀਵਨੀ ਪੜ੍ਹਦੇ ਹੋਣ ਦਾ ਗਿਆਨ ਹੈ ,ਪਰ ਉਸ ਨੇ ਕਿਸ ਤਬਦੀਲੀ ਦੀ ਗੱਲ ਕੀਤੀ ਸੀ ਤੇ ਉਹ ਅੱਜ ਦੇ ਪ੍ਰਸੰਗ ਵਿੱਚ ਕਿਵੇਂ ਫਿੱਟ ਬੈਠਦੀ ਹੈ, ਨਹੀਂ ਪਤਾ । ਤੀਸਰਾ ਕਸੂਰ ਸਾਡੇ ਸਿੱਖ ਵੀਰਾਂ ਦਾ ਵੀ ਹੈ, ਜੋ ਭਾਵੇਂ ਦੂਜੀ ਧਿਰ (ਕਾਮਰੇਡ) ਦੇ ਪ੍ਰਚਾਰ ਦੇ ਅਸਰ ਵਜੋਂ ਹੀ ਹੋਵੇ, ਪਰ ਕੋਈ ਗਲਤ ਨਹੀਂ ਹੋਵੇਗਾ ਇਹ ਕਹਿਣਾ ਕਿ ਸਿੱਖੀ ਨੂੰ ਪਿਆਰ ਕਰਨ ਵਾਲੇ ਅੱਜ ਭਗਤ ਸਿੰਘ ਦੀ ਨਾਸਤਕਤਾ ਕਰਕੇ ਉਸ ਤੋਂ ਦੂਰ ਜਾ ਚੁੱਕੇ ਹਨ । {ਮੈਨੂੰ ਪੂਰਾ ਯਾਦ ਹੈ ,ਮੇਰਾ ਬਚਪਨ -ਜਦੋਂ ਮੇਰੇ ਪਿੰਡ ਦੇ ਗੁਰਦਵਾਰੇ ਵਿੱਚ ਢਾਡੀ ਭਗਤ ਸਿੰਘ, ਊਧਮ ਸਿੰਘ ਦੀਆਂ ਵਾਰਾਂ ਗਾਇਆ ਕਰਦੇ ਸਨ । ਅੱਜ ਕਿਉਂ ਭਗਤ ਸਿੰਘ ਗੁਰਦਵਾਰੇ ਚੋਂ ਬਾਹਰ ਹੋ ਗਿਆ ਹੈ ਕਿਉਂਕਿ ਉਸ ਦੇ (ਸੱਚ ਜਾਂ ਝੂਠ ) ਨਾਸਤਕ ਹੋਣ ਦਾ ਪ੍ਰਚਾਰ ਲੋੜ ਤੋਂ ਵੱਧ ਹੋਇਆ ਹੈ ।} ਸਰਕਾਰੀ ਧਿਰ ਦੀ ਗੱਲ ਤਾਂ ਸਮਝ ਆਉਂਦੀ ਹੈ ,ਪਰ ਦੂਜੀਆਂ ਧਿਰਾਂ ਕਦੋਂ ਸਵੈ-ਵਿਸ਼ਲੇਸ਼ਣ ਕਰਨਗੀਆਂ ? ਕਿਉਂਕਿ ਹੁਣ ਭਗਤ ਸਿੰਘ ਇੱਕ ਖਾਸ ਧੜੇ ਦਾ ਪ੍ਰਤੀਨਿਧ ਹੈ, ਲੋਕ-ਮਨ ਦਾ ਨਹੀਂ ।………

                               ਅੱਗੇ ਚੱਲਦੇ ਹਾਂ- ਗੱਲ ਗੁਰੂ ਨਾਨਕ ਦੀ ਕਰੀਏ । ਮਨੁੱਖਤਾ ਦਾ ਰਹਿਬਰ, ਚਾਰੇ ਵਰਨਾਂ ਨੂੰ ਇੱਕ ਸਮਝਣ ਵਾਲਾ, ਗਰੀਬਾਂ ਅਤੇ ਲਤਾੜਿਆਂ ਨੂੰ ਗਲ ਲਗਾਣ ਵਾਲਾ, ਹਾਕਮ, ਜਰਵਾਣੇ, ਪਾਖੰਡੀ, ਧਾਰਮਿਕ ਅਤੇ ਰਾਜਨੀਤਿਕ ਨੇਤਾਵਾਂ ਨੂੰ ਖਰੀਆਂ ਸੁਣਾਣ ਵਾਲਾ ਅੱਜ ਇੱਕ ਧਿਰ ਦਾ ਰਹਿਬਰ ਬਣ ਕੇ ਰਹਿ ਗਿਆ ਹੈ । ਵੱਖ ਵੱਖ ਦੇਸ਼ਾਂ ਵਿੱਚ ਦੂਰ ਦੁਰਾਡੇ ਪੈਦਲ ਚੱਲਣ ਵਾਲੇ ਨਾਨਕ ਦੇ ਪੈਰਾਂ ਦੇ ਛਾਲੇ ਅਸਾਨੂੰ ਤੁਰਨ ਦੀ ਪ੍ਰੇਰਨਾ ਨਹੀਂ ਦਿੰਦੇ । ਸਾਨੂੰ ਕਿਰਤੀ ਭਾਈ ਲਾਲੋ ਨਜਰ ਨਹੀਂ ਆਉਂਦਾ ਸਗੋਂ ਵੱਡੇ ਵੱਡੇ ਲੰਗਰ ਲਗਾ ਕੇ, ਵੱਡੇ ਵੱਡੇ ਗੁਰਦਵਾਰੇ ਬਣਾ ਕੇ, ਸੋਨਾ ਚੜ੍ਹਾ ਕੇ, ਉਸ ਦੀ ਸਰਬ-ਸਾਂਝੀ ਬਾਣੀ ਦੇ ਸੰਦੇਸ਼ ਨੂੰ ਰੁਮਾਲਿਆਂ ਵਿੱਚ ਲਪੇਟ ਕੇ ਪੂਜਾ ਕਰਨੀ ਚੰਗੀ ਲੱਗਣ ਲੱਗ ਪਈ ਹੈ । ਇੱਥੇ ਵੀ ਅਪਹਰਣ ਕਰਨ ਵਾਲੇ ਨੇ ਬਹੁਤ ਬਾਰੀਕੀ ਨਾਲ , ਸੂਖਮਤਾਈ ਨਾਲ ਵਾਰ ਕੀਤਾ ਹੈ । ਜਿਸ ਲੁੱਟ ਤੋਂ ਬਾਬੇ ਨੇ ਵਰਜਿਆ ਸੀ, ਉਸ ਦਾ ਨਾਂ ਲੈ ਕੇ ਉਹੀ ਲੁੱਟ ਸਿੱਧੇ-ਅਸਿੱਧੇ ਫਿਰ ਸ਼ੁਰੂ ਹੋ ਚੁੱਕੀ ਹੈ । ਧਾਰਮਿਕ ਪੁਜਾਰੀ, ਕਰਮ ਕਾਂਡੀ, ਸਰਮਾਏਦਾਰ ਜਮਾਤ ਅਤੇ ਇਨਾਂ ਜਮਾਤਾ ਦੀ ਪਾਲਕ ਸਰਕਾਰ ਨੇ ਤਾਂ ਇਹ ਸਭ ਕਰਨਾ ਹੀ ਸੀ –ਉਨਾਂ ਦਾ ਸਵਾਰਥ ਅਤੇ ਲੋੜਾਂ ਨੇ ਨਾਨਕ-ਵਿਚਾਰਧਾਰਾ ਨੂੰ ਨਕਾਰਨਾ ਹੀ ਸੀ। ਪਰ ਉਸ ਦੇ ਪੈਰੋਕਾਰ ਬਣੇ ਸਿੱਖਾਂ ਨੇ ਵੀ ਗੁਰੂ ਨਾਨਕ ਨੂੰ ਸਿਰਫ ਪੂਜਾ ਦੀ ਵਸਤੂ ਬਣਾ ਕੇ ਰੱਖ ਛੱਡਿਆ ਹੈ । ਅੱਜ ਉਹ ਹਿੰਦੂਆਂ ਦਾ ਗੁਰੂ ਅਤੇ ਮੁਸਲਮਾਨਾਂ ਦਾ ਪੀਰ ਕਿਉਂ ਨਹੀ ??? ਸ਼ਾਤਰ ਹਾਕਮ ਨਾਨਕ ਦੇ ਦਿਨ ਮਨਾਏਗਾ, ਛੁੱਟੀ ਕਰੇਗਾ, ਸਮਾਗਮ ਕਰਵਾਏਗਾ—ਹੋਰ ਸਭ ਕੁਝ ਕਰੇਗਾ ਪਰ ਜੇ ਕਿਸੇ ਨਾਨਕ-ਨਾਮ ਲੇਵਾ ਨੇ ਹਾਕਮ ਨੂੰ ਜਾਬਰ ਕਹਿ ਦਿੱਤਾ ,ਉਹ ਝੱਲ ਨਹੀਂ ਸਕੇਗਾ । ਜੇ ਅਜੋਕੇ ਕਰਮ-ਕਾਂਡੀਆਂ ਦੇ ਵਿਰੁੱਧ ਬੋਲਣ ਲੱਗਿਆ ਤਾਂ ਬਹੁਤ ਧਾਰਾਵਾਂ ਲਗਾਈਆਂ ਜਾ ਸਕਦੀਆਂ ਹਨ । ਨਾਨਕ ਦਾ ਪੂਰੀ ਤਰਾਂ ਅਪਹਰਣ ਹੋ ਚੁੱਕਾ ਹੈ ਅਤੇ ਜੋ ਨਾਨਕ ਅੱਜ ਲੋਕਾਂ ਕੋਲ ਹੈ, ਉਹ ਕਿਸੇ ਸਾਧ-ਬਾਬੇ ਦੇ ਵਿਰੱਧ ਨਹੀਂ, ਉਹ ਕਿਸੇ ਬਾਬਰ ਜਾਂ ਮਲਕ ਭਾਗੋ ਦੇ ਵਿਰੱਧ ਵੀ ਨਹੀਂ । ਮਾਲਾ ਫੜੀ ਨਾਮ ਜਪਾਉਂਦਾ ਇਹ ਨਾਨਕ ਕਿਸੇ ਲਈ ਕੋਈ ਖਤਰਾ ਨਹੀਂ । ਕਿਰਤੀ ਲੋਕ-ਮਨ ਚੋਂ ਦੂਰ ਚਲਾ ਗਿਆ ਏ ਨਾਨਕ ।……..

                            ਲੇਖ ਦੇ ਲੰਬਾ ਹੋਣ ਤੋਂ ਡਰਦਾ ਮੈਂ ਨਾ ਹੀ ਹੋਰ ਉਦਾਹਰਣਾਂ ਦੇਵਾਂਗਾ ਅਤੇ ਨਾ ਹੀ ਬਹੁਤੀ ਵਿਆਖਿਆ ਕਰਾਂਗਾ ਪਰ ਇਹ ਜਰੂਰ ਕਹਿਣਾ ਚਾਹਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ,   ਡਾ.ਅੰਬੇਦਕਰ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਅਤੇ ਇਸੇ ਤਰਾਂ ਕੁਝ ਹੋਰ ..ਅਜਿਹੇ ਨਾਂ ਹਨ ਜਿਨਾਂ ਆਪਣੇ ਸਮੇਂ ਵਿੱਚ ਹੀ ਨਹੀਂ ਸਗੋਂ ਬਾਅਦ ਵਿੱਚ ਵੀ ਲੰਮਾ ਅਰਸਾ ਲੋਕਾਂ ਦੇ ਹਿਰਦਿਆਂ ਤੇ ਰਾਜ ਕੀਤਾ । ਪਰ ਸ਼ਾਤਰ ਸਰਕਾਰਾਂ ਨੇ, ਵਿਰੋਧੀ ਧਿਰਾਂ ਨੇ ਜਾਣ ਬੁਝ ਕੇ ਚਾਲਾਂ ਨਾਲ ਅਤੇ ਉਨਾਂ ਦੇ ਆਪਣਿਆਂ ਨੇ ਜਿਆਦਾ ਸ਼ਰਧਾ ਵਿੱਚ, ਕੱਟੜਤਾ ਵਿੱਚ, ਜਾਂ ਕਿਸੇ ਇੱਕ ਧਿਰ ਨਾਲ ਜੁੜ ਕੇ ਉਨਾਂ ਦੀ ਵਿਸ਼ਾਲ ਇਨਕਲਾਬੀ ਸੋਚ ਨੂੰ ਤਹਿਸ ਨਹਿਸ ਕਰ ਦਿੱਤਾ । ਅੱਜ ਉਨਾਂ ਦਾ ਨਾਮ ਲਿਆ ਜਾਂਦਾ ਹੈ ,ਪਰ ਉਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਗੱਲ ਬਹੁਤ ਦੂਰ ਨਿਕਲ ਗਈ ਹੈ । ਕੁਝ ਮਾਇਆ ਨੇ, ਕੁਝ ਸਵਾਰਥਾਂ ਨੇ, ਕੁਝ ਕੁਰਸੀ ਨੇ, ਕੁਝ ਚੌਧਰ ਨੇ ਕੁਝ ਅਜਿਹਾ ਵਾਤਾਵਰਨ ਬਣਾ ਦਿੱਤਾ ਹੈ ਕਿ ਅਸੀਂ ਆਪਣੇ ਹੀ ਬਣਾਏ ਚੱਕਰਵਿਊ ਵਿੱਚ ਫਸ ਕੇ ਰਹਿ ਗਏ ਹਾਂ ਅਤੇ ਉਸ ਆਪੂਂ ਬਣਾਏ ਦਾਇਰਿਆਂ ਤੋਂ ਬਾਹਰ ਨਿਕਲਣਾ ਤਾਂ ਦੂਰ, ਸੋਚਣਾ ਵੀ ਚੰਗਾ ਨਹੀ ਸਮਝਦੇ ।

                                 ਕਦੋਂ ਉਹ ਵੇਲਾ ਆਏਗਾ ਜਦੋਂ ਅਸੀਂ ਆਪਣੇ ਨਾਇਕਾਂ ਨੂੰ ਆਪਣੇ ਹਿਰਦਿਆਂ ਚੋਂ, ਆਪਣੇ ਵਿਚਾਰਾਂ ਚੋਂ ਜਾਣ ਨਹੀਂ ਦੇਵਾਂਗੇ ਅਤੇ ਲੋਟੂ ਤਾਕਤਾਂ ਦੇ ਡਰਾਮੇ ਪਹਿਚਾਣ ਸਕਾਂਗੇ । ਵਿਦਵਾਨਾਂ, ਚਿੰਤਕਾਂ, ਲੇਖਕਾਂ ਤੋਂ ਕੁਝ ਆਸ ਹੈ ਜੇ ਉਹ ਮਾਣ-ਸਨਮਾਨ ਤੋਂ ਉਚਾ ਉਠ ਸਕਣ ਅਤੇ ਧੜੇਬੰਦੀ ਦੇ ਗੁਲਾਮ ਨਾ ਬਣਨ । ਸਿਰਫ ਅਤੇ ਸਿਰਫ ਸੱਚ ਲਿਖ ਸਕਣ………….

ਜਸਵਿੰਦਰ ਸਿੰਘ ‘ਰੁਪਾਲ’

-ਜਸਵਿੰਦਰ ਸਿੰਘ ‘ਰੁਪਾਲ’   ਰਿਟਾਇਰਡ ਲੈਕਚਰਾਰ 

001 403 465 1586, 0091 9814715796
                 ਸਹਿ-ਸੰਪਾਦਕ : ਪੰਜਾਬੀ ਸਾਂਝ
ਐਮ.ਏ.(ਪੰਜਾਬੀ,ਅੰਗਰੇਜ਼ੀ,ਇਕਨਾਮਿਕਸ,ਜਰਨੇਲਿਜਮ, ਮਨੋਵਿਗਿਆਨ )

162,ਗਲੀ ਨੰਬਰ 3, ਸ਼ਹੀਦ ਜਸਦੇਵ ਸਿੰਘ ਨਗਰ
ਡਾਕ : ਗੁਰੂ ਨਾਨਕ ਇੰਜੀ.ਕਾਲਜ, ਲੁਧਿਆਣਾ-141006

Show More

Related Articles

Leave a Reply

Your email address will not be published. Required fields are marked *

Back to top button
Translate »