ਅਦਬਾਂ ਦੇ ਵਿਹੜੇ

 ਸੱਭਿਆਚਾਰਕ ਪ੍ਰਦੂਸ਼ਣ ਹੈ ਕੀ ?

– ਜਸਵਿੰਦਰ ਸਿੰਘ “ਰੁਪਾਲ-9198147145796

                                                   ਅੱਜ ਅਸੀਂ ਸਾਰੇ ਕਈ ਤਰਾਂ ਦੇ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ ਜਿਵੇਂ ਹਵਾ ਪ੍ਰਦੂਸ਼ਣ,ਪਾਣੀ ਪ੍ਰਦੂਸ਼ਣ,ਭੂਮੀ ਪ੍ਰਦੂਸ਼ਣ ਅਤੇ ਸ਼ੋਰ ਪ੍ਰਦੂਸ਼ਣ ਆਦਿ।ਪਰ ਅੱਜ ਅਸੀਂ ਜਿਸ ਪ੍ਰਦੂਸ਼ਣ ਦੀ ਗੱਲ ਕਰਨ ਜਾ ਰਹੇ ਹਾਂ,ਉਹ ਉਪਰ ਵਰਣਿਤ ਪ੍ਰਦੂਸ਼ਣਾਂ ਨਾਲੋਂ ਅਲੱਗ ਤਰਾਂ ਦਾ ਹੈ,ਇਸ ਦੇ ਵੀ ਸਿੱਟੇ ਬਹੁਤ ਖਤਰਨਾਕ ਹਨ।ਇਹ  ਹੈ -ਸੱਭਿਆਚਾਰਕ ਪ੍ਰਦੂਸ਼ਣ ।

                         ਸੱਭਿਆਚਾਰਕ ਪ੍ਰਦੂਸ਼ਣ ਬਾਰੇ ਗੱਲ ਕਰਨ ਤੋਂ ਪਹਿਲਾਂ ਸੁਕਰਾਤ ਨੂੰ ਯਾਦ ਕਰੀਏ। ਉਸ ਨੇ ਕਿਹਾ ਸੀ, ”  ਵਿਚਾਰ ਕਰਨ ਤੋਂ ਪਹਿਲਾਂ ਆਪਣੇ ਨੁਕਤੇ ਪਰਿਭਾਸ਼ਿਤ ਕਰ ਲੈਣੇ ਚਾਹੀਦੇ ਹਨ। ਤਾਂ ਤੇ ਸਭ ਤੋਂ ਪਹਿਲਾਂ ਅਸੀਂ ਦੇਖੀਏ ਕਿ ਸੱਭਿਆਚਾਰਕ ਪ੍ਰਦੂਸ਼ਣ ਹੈ ਕੀ ? ‘ਸੱਭਿਆਚਾਰਕ’ ਤੋਂ ਭਾਵ ਕਿਸੇ ਖਾਸ ਸਮੂਹ ਦਾ ਜਾਂ ਵਰਗ ਦਾ (ਇੱਥੇ ਅਸੀਂ ‘ਪੰਜਾਬੀਆਂ’ ਦੀ ਗੱਲ ਕਰਨ ਲੱਗੇ ਹਾਂ।) ਖਾਣ-ਪੀਣ, ਪਹਿਰਾਵਾ, ਰਹਿਣ-ਸਹਿਣ,ਬੋਲੀ,ਧਰਮ,ਖੇਡਾਂ ਗੀਤ-ਸੰਗੀਤ,ਕਲਾਵਾਂ ਅਤੇ ਰਸਮੋ ਰਿਵਾਜ਼ ਆਦਿ ਤੋਂ ਹੈ।ਇਸ ਦਾ ਦਾਇਰਾ ਕਾਫ਼ੀ ਵਿਸ਼ਾਲ ਹੈ ।ਪ੍ਰਦੂਸ਼ਣ ਤੋਂ ਭਾਵ ਕਿਸੇ ਚੀਜ ਦਾ ਦੂਸ਼ਿਤ ਹੋ ਜਾਣਾ, ਗੰਦਾ ਹੋ ਜਾਣਾ,ਅਸਲੀ ਰੂਪ ਗੁਆ ਦੇਣਾ ਅਤੇ ਕੁਝ ਅਜਿਹਾ ਆ ਜੁੜਨਾ,ਜੋ ਉਸ ਦਾ ਕੁਦਰਤੀ ਸਰੂਪ ਲੁਕੋਂਦਾ ਹੋਵੇ।ਇਸ ਤਰਾਂ ਸੱਭਿਆਚਾਰਕ ਪ੍ਰਦੂਸ਼ਣ ਦਾ ਭਾਵ ਹੋਇਆ-ਸਾਡੇ ਖਾਣ ਪੀਣ,ਪਹਿਰਾਵੇ,ਬੋਲੀ,ਖੇਡਾਂ,ਗੀਤ ਸੰਗੀਤ ਕਲਾਵਾਂ ਆਦਿ ਵਿੱਚ ਅਣਚਾਹੇ ਅੰਸ਼ਾਂ ਦਾ ਆ ਜਾਣਾ।ਸਾਰਿਆਂ ਬਾਰੇ ਗੱਲ ਬਹੁਤ ਲੰਮੀ ਜਾ ਸਕਦੀ ਹੈ,ਹਲਕੀ ਹਲਕੀ ਬੁਰਸ਼ ਛੋਹ ਦੇਣ ਦੀ ਕੋਸ਼ਿਸ਼ ਕਰਾਂਗੇ।

                                                                                ਸਭ ਤੋਂ ਪਹਿਲਾਂ ਖਾਣ ਪੀਣ ਦੀ ਗੱਲ ਕਰੀਏ । ਕਿੱਥੇ ਗਏ ਸਾਡੇ ਦੁੱਧ, ਮਲ਼ਾਈਆਂ, ਮੱਖਣ, ਘਿਓ, ਸਾਗ, ਸੇਵੀਆਂ, ਚੂਰੀਆਂ, ਲੱਡੂ ,ਜਲੇਬੀਆਂ,ਖੀਰ, ਗੁਲਗੁਲੇ, ਕੜਾਹ ਆਦਿ ? ਗਵਾਚ ਗਿਆ ਸਾਡਾ ਗੰਨੇ ਚੂਪਣੇ, ਭੱਠੀ ਵਿੱਚ ਦਾਣੇ ਭੁਨਾਉਣੇ ,ਘੁਲਾੜੀ ਦਾ ਗਰਮਾ ਗਰਮ ਗੁੜ ਖਾਣਾ ਆਦਿ ।ਹੁਣ ਤਾਂ ‘ਫਾਸਟ ਫੂਡ’, ‘ਹੀਟ ਐਂਡ ਈਟ’‘ਪੈਕਡ ਭੋਜਨ’ਨੇ ਥਾਂ ਲੈ ਲਈ ਹੈ।ਭਾਂਤ ਭਾਂਤ ਦੇ ਫਾਸਟ ਫੂਡ, ਹਾਟ ਡਾਗ, ਬਰਗਰ,ਪੀਜ਼ੇ,ਮਨਚੂਰੀਅਨ, ਪੈਟੀਆਂ,ਪੇਸਟਰੀਆਂ,ਰੰਗਬਿਰੰਗੀਆਂ ਮਠਿਆਈਆਂ,ਚਾਈਨੀਜ ਫੂਡ ਅਤੇ ਹੋਰ ਬਾਹਰਲੇ ਖਾਣੇ ਅਤੇ ਹੋਰ ਕਿੰਨਾ ਨਿੱਕ ਸੁੱਕ।ਇਹਨਾਂ ਵਿੱਚ ਬਨਾਵਟੀਪਣ, ਤੇਜ ਮਸਾਲੇ, ਅਤੇ  ਪਕਾਏ ਜਾਣ ਵਾਲੇ ਖਾਣੇ ਹਨ ਜੋ ਕਿਸੇ ਪੱਖ ਤੋਂ ਵੀ ਪੌਸ਼ਟਿਕ ਨਾ ਹੋਣ ਕਰਕੇ ਸਰੀਰ ਨੂੰ ਤੰਦਰੁਸਤੀ ਨਹੀਂ ਦਿੰਦੇ ਅਤੇ ਆਧੁਨਿਕ ਮਨੁੱਖ ਭਾਂਤ ਭਾਂਤ ਦੀਆਂ ਨਵੀਆਂ ਨਵੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਅਸੀਂ ਕੁਦਰਤੀ ਅਤੇ ਸਾਦਾ ਖਾਣਾ ਛੱਡ ਦਿੱਤਾ ਹੈ।

                  ਪਹਿਰਾਵੇ ਵਿੱਚ ਸਾਡਾ ਸੱਭਿਆਚਾਰ ਦਸਤਾਰਾਂ, ਦੁਪੱਟੇ, ਚਾਦਰੇ, ਕੁੜਤਾ ਪਜਾਮਾ ,ਫੁਲਕਾਰੀ, ਸਲਵਾਰ ਸੂਟ,ਲਹਿੰਗੇ ਦੀ ਬਾਤ ਪਾਉਂਦਾ ਹੈ ਪਰ ਪੰਜਾਬੀਆਂ ਦੇ ਤਨ ਤੇ ਪੈਂਟ ਸ਼ਰਟਾਂ ਤੋਂ ਬਿਨਾਂ ਜ਼ੀਨਾਂ ,ਸ਼ੌਰਟਾਂ,ਕੈਪਰੀਆਂ,ਅਤੇ ਅਧ ਨੰਗੇ ਸਰੀਰਾਂ ਵਾਲੇ ਕੱਪੜੇ ਪਾਏ ਦੇਖਣ ਨੂੰ ਮਿਲਦੇ ਹਨ।ਚੀਰੇ ਅਤੇ ਦੁਪੱਟੇ ਯਾਨੀ ਪੱਗਾਂ ਅਤੇ ਚੁੰਨੀਆਂ ਅਲੋਪ ਹੋ ਰਹੇ ਹਨ। ਸਿਰਾਂ ਤੋਂ ਕੇਸ ਵੀ ਕਤਲ ਕਰਵਾਏ ਜਾ ਰਹੇ ਹਨ ਹੁਣ ਉਸ ਤੋਂ ਅਗਲਾ ਕਦਮ ਕੀ ਹੋਵੇਗਾ ? ਸਮਝ ਤੋਂ ਬਾਹਰ ਹੈ।…….

                    ਮਾਖਿਓਂ ਮਿੱਠੀ ਬੋਲੀ ਜਿਸ ਵਿੱਚ ਬਾਬਾ ਫ਼ਰੀਦ,ਸਾਈਂ ਬੁੱਲੇ ਸ਼ਾਹ ਅਤੇ ਬਾਬਾ ਨਾਨਕ ਜਿਹੇ ਕਿੰਨੇ ਹੀ ਮਹਾਂਪੁਰਸ਼ਾਂ ਨੇ ਅੰਮ੍ਰਿਤ ਰਸ ਘੋਲ ਕੇ ਸਾਨੂੰ ਜੀਵਨ ਜਾਚ ਸਿਖਾਈ ਸੀ,ਉਹ ਪੰਜਾਬੀ ਵੀ ਸੁਰੱਖਿਅਤ ਨਹੀਂ ਰਹੀ। ਪੰਜਾਬੀ ਬੋਲਣਾ ਅਤੇ ਲਿਖਣਾ “ਘਟੀਆਪਣ ਅਤੇ ਪਛੜੇਪਣ”ਦਾ ਸੂਚਕ ਸਮਝਿਆ ਜਾਣ ਲੱਗਾ ਹੈ।ਜਿੰਨਾ ਕੋਈ ਵੱਧ ਪੜ੍ਹਿਆ ਲਿਖਿਆ ਹੈ ਜਾਂ ਧਨਵਾਨ ਹੈ ਜਾਂ ਉਚੇ ਅਹੁਦੇ ਤੇ ਬਿਰਾਜਮਾਨ ਹੈ, ਉਤਨਾ ਹੀ ਉਹ ਪੰਜਾਬੀ ਤੋਂ ਦੂਰੀ ਬਣਾਈ ਰੱਖਣ ਵਿੱਚ ਸ਼ਾਨ ਸਮਝਦਾ ਹੈ।ਕਿਸੇ ਵੀ ਸੱਭਿਆਚਾਰ ਦੀਆਂ ਜੜ੍ਹਾਂ ਉਸ ਖਿੱਤੇ ਦੀ ਬੋਲੀ ਵਿੱਚ ਹੁੰਦੀਆਂ ਹਨ ਪਰ ਇੱਥੇ ਤਾਂ ਹਿੰਦੀ ਅਤੇ ਅੰਗਰੇਜੀ ਨੂੰ ਪੰਜਾਬੀ ਵਿੱਚ ਇਸ ਤਰਾਂ ਮਿਲਾਇਆ ਜਾ ਰਿਹਾ ਹੈ ਜਿਵੇਂ ਕਈ ਗਾਇਕਾਂ ਦੇ ਗੀਤ ਅਤੇ ਸੰਗੀਤ ਮਿਲਾ ਕੇ ਨਵਾਂ ਗੀਤ ਪੇਸ਼ ਕਰ ਦਿੱਤਾ ਜਾਂਦਾ ਹੈ।

                  ਅਸਲੀ ਬੋਲੀ ਕਿੱਥੇ ਹੈ? ਅਸੀਂ ਸਿਰਫ਼ ‘ਕਿਰਿਆ’ ਪੰਜਾਬੀ ਦੀ ਵਰਤਦੇ ਹਾਂ,ਬਾਕੀ ‘ਨਾਉਂ’’ ‘ਵਿਸ਼ੇਸ਼ਣ’ਆਦਿ ਬਹੁਤੇ ਸ਼ਬਦ ਹਿੰਦੀ ਜਾਂ ਅੰਗਰੇਜੀ ਦੇ ਵਰਤਦੇ ਹਾਂ।ਸਵੇਰ ਤੋਂ ਸ਼ਾਮ ਤੱਕ ਬੋਲੇ ਗਏ ਆਪਣੇ ਹੀ ਬੋਲ ਰਿਕਾਰਡ ਕਰ ਲਈਏ ਤਾਂ ਹੈਰਾਨ ਰਹਿ ਜਾਂਵਾਂਗੇ।…..

              ਸਾਡੇ ਗੀਤ ਅਤੇ ਸੰਗੀਤ ਵੀ ਪੱਛਮ ਦੇ ਪਦਾਰਥਵਾਦ ਅਤੇ ਨੰਗੇਜ ਦੀ ਮਾਰ ਹੇਠ ਆ ਚੁੱਕੇ ਹਨ।ਕਿੱਥੇ ਤਾਂ ਸਾਡੇ ਗੀਤਾਂ ਵਿੱਚ ਰਿਸ਼ਤਿਆਂ ਦਾ ਨਿੱਘ ਸੀ,ਪ੍ਰੇਮੀਆਂ ਦੇ ਦਿਲਾਂ ਨੂੰ ਧੂਹ ਪਾਉਣ ਵਾਲੇ ਵਿਛੋੜੇ ਅਤੇ ਮੇਲ ਦੇ ਜ਼ਜ਼ਬਾਤ ਸਨ, ਸੂਰਬੀਰਾਂ ਦੀ ਬਹਾਦਰੀ ਅਤੇ ਅਣਖ ਦੇ ਕਿੱਸੇ ਅਤੇ ਕੁਰਬਾਨੀ ਦੇ ਜ਼ਜ਼ਬੇ ਪਰੋਏ ਹੁੰਦੇ ਸਨ। ਪਰ ਅੱਜ ਦੇ ਗੀਤਾਂ ਨੂੰ ਦੇਖੋ ਜ਼ਰਾ-ਘਟੀਆ,ਅਧ-ਨੰਗੇ ਸਰੀਰਾਂ ਨਾਲ਼ ਘਟੀਆ ਅੰਦਾਜ ਵਿੱਚ ਡੱਡੂ ਛੜੱਪੇ ਮਾਰਦੇ ਨੌਜਵਾਨ ਲੜਕੇ ਲੜਕੀਆਂ ਪਤਾ ਨਹੀ ਕੀ ਕਹਿਣਾ ਚਾਹੁੰਦੇ ਹਨ ? ਅੱਜ ਗੀਤ ਸੁਣੇ ਨਹੀਂ ਜਾਂਦੇ, ਦੇਖੇ ਜਾਂਦੇ ਹਨ। ਗੀਤ ਨਹੀਂ ਗਾਏ ਜਾਂਦੇ ਸਗੋਂ ਸਰੀਰਾਂ ਨੂੰ ਨੱਚ ਟੱਪ ਕੇ ਦਿਖਾਇਆ ਜਾਂਦਾ ਹੈ।ਸਾਜਾਂ ਦੀ ਭੀੜ,ਮਰਦ ਔਰਤਾਂ ਦਾ ਸਮੂਹ,ਸਰੀਰ ਦੀਆਂ ਵੱਖ ਵੱਖ ਮੁਦਰਾਵਾਂ ,ਪਤਾ ਨਹੀਂ ਇਹ ਗੀਤ ਗਾਇਆ ਜਾ ਰਿਹਾ ਹੈ ਜਾਂ ਕਿਸੇ ਨਾਟਕ ਦਾ ਸੀਨ ਹੈ ? ਵਿਸ਼ੇ ਦੀ ਗੱਲ ਕਰੀਏ, ਤਾਂ ਦਾਰੂ ਦੀ ਗੱਲ, ਔਰਤ ਦੇ ਜਿਸਮ ਦੀ ਗੱਲ, ਹਿੰਸਾ ਦੀ ਗੱਲ, ਪਦਾਰਥਾਂ ਦੀ ਗੱਲ,-ਸਮਝ ਨਹੀਂ ਲੱਗਦੀ ਕਿ ਇਹ ਕਿਸ ਸੱਭਿਆਚਾਰਕ ਦੀ ਗੱਲ ਹੋ ਰਹੀ ਹੈ ? ਅਸ਼ਲੀਲਤਾ ,ਨੰਗੇਜ਼ ਅਤੇ ਨਸ਼ੇ ਤਾਂ ਭਲਾ ਪੱਛਮੀ ਸੱਭਿਆਚਾਰਕ ਦੀ ਰੀਸ ਕਰ ਕੇ ਲੈ ਲਏ,ਪਰ ਹਿੰਸਾ ?? ਰਫਲਾਂ, ਗੰਨਾਂ, ਹਥਿਆਰਾਂ ਦੀ ਗੱਲ ਕਿੱਥੋਂ ਉਧਾਰ ਲਈ ਹੈ? ਕਦੇ ਜੁਲਮ ਦੇ ਵਿਰੁੱਧ ਹਥਿਆਰ ਚੁੱਕਦੇ ਸਾਂ,ਅੱਜ ‘ਕਥਿਤ’ ਪ੍ਰੇਮਿਕਾ ਨੂੰ ਖੁਸ਼ ਕਰਨ ਲਈ ,ਜਿਸ ਨੂੰ ਮਰਵਾਉਣਾ ਹੈ,ਉਸ ਲਈ ਹਥਿਆਰ ਚੁੱਕੇ ਜਾਂਦੇ ਹਨ । ਕੱਲ੍ਹ ਇੱਜਤਾਂ ਦੀ ਰਾਖੀ ਲਈ ਹਥਿਆਰ ਚੁੱਕੇ ਸਨ ਤੇ ਅੱਜ ??ਕੀ ਇਸੇ ਦਾ ਨਾਂ ਤਰੱਕੀ ਹੈ ????

            ਸਾਡੀ ਆਪਣੀ ਮਿੱਟੀ ਦੀਆਂ ਖੇਡਾਂ ਫੁਟੱਬਾਲ ,ਹਾਕੀ, ਕਬੱਡੀ, (ਜਿਹੜੀਆਂ ਖਿੱਦੋ ,ਖਿੱਦੋ ਖੂੰਡੀ ਤੋਂ ਸੁਰੂ ਹੋਈਆਂ ਸਨ,) ਨੂੰ ਭੁੱਲ ਕੇ ਅਸੀਂ ਕ੍ਰਿਕਟ ਦੇ ਮਗਰ ਪੈ ਗਏ ਹਾਂ।ਉਸ ਵਿੱਚ ਵੀ ਖੇਡਣ ਨਾਲੋਂ ਦੇਖਣ ਵਿੱਚ ਜਿਆਦਾ ਸਮਾਂ ਖਰਾਬ ਕਰਦੇ ਹਾਂ।ਅਜੋਕੇ ਮੈਚ ਸਿਰਫ ਜਿੱਤੇ ਜਾਣ ਲਈ ਅਤੇ ਇਨਾਮ ਲੈਣ ਲਈ ਹੀ ਖੇਡੇ ਜਾਂਦੇ ਹਨ ।ਅਰਬਾਂ ਖਰਬਾਂ ਰੁਪਏ ਵਹਾਏ ਜਾ ਰਹੇ ਹਨ ,ਪਰ ਖੇਡ ਭਾਵਨਾ ਖਤਮ ਹੋ ਗਈ ਹੈ,ਜਿਸ ਵਿੱਚ ਕੁਦਰਤੀ ਮਨੋਰੰਜਨ ਵੀ ਸੀ ,ਭਾਈਚਾਰਾ ਅਤੇ ਪ੍ਰੇਮ ਵੀ ਸੀ,ਪਰ ਗਲ਼ ਘੋਟੂ ਮੁਕਾਬਲਾ ਨਹੀਂ ਸੀ। ਹਾਰ ਜਿੱਤ ਨਾਲ ਬਹੁਤਾ ਫਰਕ ਨਹੀਂ ਸੀ ਪੈਂਦਾ,ਪਰ ਅੱਜ ਹਾਰ ਨੂੰ ਬਰਦਾਸ਼ਤ ਕਰਨਾ ਔਖਾ ਹੈ ਅਤੇ ਜਿੱਤ ਦੇ ਜਸ਼ਨ ਮਨਾਏ ਜਾਂਦੇ ਹਨ । ਭੁੱਲ ਚੁੱਕੇ ਹਾਂ ਕਿ ਸਿਰਫ਼ ਖੇਡ ਭਾਵਨਾ ਨਾਲ ਖੇਡਣ ਤੇ ਤਨ ਅਤੇ ਮਨ ਦੋਵੇਂ ਤੰਦਰੁਸਤ ਰਹਿਣਗੇ।।……………..

                           ਗੱਲ ਇੱਕ ਨੁਕਤੇ ਤੇ ਖਤਮ ਕਰੀਏ ਤਾਂ ਇਹ ਹੈ ਕਿ ਪਦਾਰਥਵਾਦ ਦੀ ਹਨੇਰੀ ਨੇ ਸਾਡੇ ਸੱਭਿਆਚਾਰਕ ਨੂੰ ਪੂਰੀ ਤਰਾਂ ਅਪਣੀ ਜਕੜ ਵਿੱਚ ਲੈ ਆਂਦਾ ਹੈ।ਅੱਜ  ਸਾਡੀਆਂ ਕਦਰਾਂ ਕੀਮਤਾਂ ਖਤਮ ਹੋਣ ਦੇ ਕਿਨਾਰੇ ਹਨ।ਮਾਇਆ, ਚੌਧਰ, ਸਵਾਰਥ, ਦਿਖਾਵਾ  ,ਰੀਸ, ਫੋਕਾ ਸਟੇਟਸ ਅਤੇ ਨਿੱਜੀ ਫਾਇਦੇ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਹਾਂ । ਜਿਹੜੇ ਪੰਜਾਬੀਆਂ ਨੇ ਆਪਣੀ ਕਿਰਤ ਅਤੇ ਸੁੰਦਰਤਾ ਨੂੰ ਵਿਦੇਸ਼ੀ ਜਰਵਾਣਿਆਂ ਕੋਲੋਂ ਲੜਾਈ ਕਰ ਕੇ ਰੱਖਿਆ ਕੀਤੀ ਸੀ। ਅੱਜ ਓਹੀ ਪੰਜਾਬੀ ਆਪਣੀਆਂ ਲੜਕੀਆਂ ਨੂੰ ਸੁੰਦਰਤਾ ਮੁਕਾਬਲਿਆਂ ਵਿੱਚ ਰੱਖ ਕੇ ਉਨਾਂ ਨੂੰ ਬਜ਼ਾਰ ਦੀ ਵਸਤ ਬਣਾਉਣ ਲੱਗੇ ਹਨ। ਮਾਈ ਭਾਗੋ ਦੀ ਵਾਰਸ,ਬੜੀ ਬੇਸ਼ਰਮੀ ਨਾਲ ਇਨਾਂ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੀ ਹੈ।ਆਪਣੀ ਕਿਰਤ ਨੂੰ ਬਾਬਿਆਂ ,ਜੋਤਸ਼ੀਆਂ, ਟਰੈਵਲ ਏਜੰਟਾਂ ਕੋਲ ਲੁਟਾ ਰਹੇ ਹਨ। ਬਾਹਰਲੇ ਦੇਸ਼ ਵਿਚ  ਅਪਣੇ ਪੁੱਤ ਜਾਂ ਧੀ ਦਾ ਸਾਕ ਕਰਨ ਲਈ ਪੌਂਡ ਜਾਂ ਡਾਲਰਾਂ ਦੀ ਚਕਿਆਚੌਂਧ ਤੋਂ ਪ੍ਰਭਾਵਿਤ ਹੋ ਕੇ ਧਰਮ ਅਤੇ ਸੱਭਿਆਚਾਰਕ ਦੀ ਬਲੀ ਦੇਣ ਲਈ ਤਿਆਰ ਹੋ ਜਾਂਦੇ ਹਾਂ।………

               ਸਾਡੇ ਰਸਮੋ ਰਿਵਾਜ਼, ਜਿਨਾਂ ਵਿੱਚ ਵੱਡਿਆਂ ਦਾ ਸਤਿਕਾਰ ਝਲਕਦਾ ਸੀ ਸੀ ,ਆਪਸੀ ਪਿਆਰ ਇਤਫਾਕ ਡੁੱਲ ਡੁੱਲ ਪੈਂਦਾ ਸੀ,ਰਿਸ਼ਤਿਆਂ ਦਾ ਨਿੱਘ ਸੀ,ਉਹ ਸਭ ਅਲੋਪ ਹੋ ਰਹੇ ਹਨ।ਕੁਝ ਰਸਮਾਂ ਖਾਨਾ ਪੂਰਤੀ ਲਈ ਸੰਭਾਲੀਆਂ ਹਨ,ਪਰ ਉਨਾਂ ਵਿੱਚ ਭਾਵਨਾ ਨਹੀਂ ,ਜਾਨ ਨਹੀਂ। ਮੈਰਿਜ ਪੈਲਿਸਾਂ ਵਿੱਚ ਡੀ.ਜੇ., ਆਰਕੈਸਟਰਾ, ਭਾਂਤ ਭਾਂਤ ਦੇ ਖਾਣਿਆਂ ਅਤੇ ਵਰਤਾਈਆਂ ਜਾ ਰਹੀਆਂ ਸ਼ਰੇਆਮ ਸ਼ਰਾਬਾਂ ਜਾਂ ਵਿਸਕੀਆਂ, ਪੰਜਾਬੀ ਸੱਭਿਆਚਾਰਕ ਦਾ ਮੂੰਹ ਚਿੜਾ ਰਹੀਆਂ ਹਨ। ਹੱਥੀਂ ਹਲਕਾ ਜਿਹਾ ਕੰਮ ਵੀ ਮੁਸ਼ਕਿਲ ਲੱਗਦਾ ਹੈ,ਵਿਆਹ ਦੀ ਸਾਹੇ ਚਿੱਠੀ ਵੀ ਰੈਡੀ ਮੇਡ,ਲੜਕੀ ਦਾ ਸ਼ਿੰਗਾਰ ਵੀ ਰੈਡੀ ਮੇਡ-ਬਿਊਟੀ ਪਾਰਲਰਾਂ ਚੋਂ, ਜਾਗੋ ਵੀ ਰੈਡੀ ਮੇਡ,….ਲਾੜੇ ਦੇ ਹੱਥ ਚ’ ਫੜੀ ਸ਼ਮਸ਼ੀਰ ਲਾੜੇ ਵੱਲ ਦੇਖ ਕੇ ਸ਼ਰਮਾ ਰਹੀ ਹੁੰਦੀ ਹੈ।ਸਾਡੀ ਮਹਿਮਾਨ-ਨਿਵਾਜੀ, ਖੁਲ੍ਹ-ਦਿਲੀ, ਸਾਡਾ ਪਵਿੱਤਰ ਇਸ਼ਕ,ਸਾਡੀ ਅਣਖ ਤੇ ਗੈਰਤ, ਨਰੋਏ ਸਰੀਰ, ਜਾਗਦੀ ਜਮੀਰ, ਸੇਵਾ ਤੇ ਉਪਕਾਰ, ਦੂਜੇ ਲਈ ਮਰ ਮਿਟਣ ਦਾ ਚਾਅ—ਇਨਾਂ ਸਭ ਗੁਣਾਂ ਨੂੰ ਗ੍ਰਹਿਣ ਲੱਗ ਚੁੱਕਿਆ ਹੈ। ਇਸ ਵਿੱਚ ਆ ਰਲਿਆ ਹੈ-ਨਸ਼ਿਆਂ ਦੀ ਭਰਮਾਰ,ਨੰਗੇਜ ਤੇ ਅਸ਼ਲੀਲਤਾ,ਚੌਧਰ ਤੇ ਸੁਆਰਥ,ਲੁੱਟਮਾਰ ਤੇ ਹਿੰਸਾ—ਕਿਸ ਕਿਸ ਦਾ ਨਾਂ ਲਈਏ ?? ਪ੍ਰਦੂਸ਼ਣ ਇੱਕ ਦੋ ਹੋਣ ਤਾਂ ਗਿਣੀਏ।ਦਾਲ਼ ਵਿੱਚ ਕੁਝ ਕਾਲ਼ਾ ਨਹੀਂ ਸਗੋਂ ਦਾਲ਼ ਹੀ ਕਾਲ਼ੀ ਹੈ।ਆਟੇ ਵਿੱਚ ਲੂਣ ਤਾਂ ਬਰਦਾਸ਼ਤ ਕਰ ਲਈਏ,ਪਰ ਯਾਰੋ,ਲੂਣ ਵਿੱਚ ਆਟੇ ਨੂੰ ਕਿਵੇਂ ਬਰਦਾਸ਼ਤ ਕਰੀਏ ??

                                  ਆਓ !ਇਸ ਪ੍ਰਦੂਸ਼ਣ ਨੂੰ ਰੋਕਣ ਲਈ ਵੀ ਕੋਈ ਲਹਿਰ ਚਲਾਈਏ। ਵਾਤਾਵਰਣ ਪ੍ਰਦੂਸ਼ਣ ਲਈ ਜਾਗਰੂਕਤਾ ਲਿਆਉਣ ਲਈ ਯਤਨ ਸ਼ਲਾਘਾ ਯੋਗ ਹਨ। ਸੱਭਿਆਚਾਰਕ ਪ੍ਰਦੂਸ਼ਣ ਤੋਂ ਬਚਣ ਲਈ ਅਸੀਂ ਕੀ ਕਰ ਰਹੇ ਹਾਂ ? ਉਸਾਰੂ, ਸਾਰਥਕ ਅਤੇ ਚੰਗੀਆਂ ਕਦਰਾਂ ਕੀਮਤਾਂ ਵਾਲੇ ਗੀਤ ਲਿਆਉਣ ਦੀ ਜਰੂਰਤ ਹੈ। ਅਸੀਂ ਪਿੱਛੇ ਨੂੰ ਨਹੀਂ ਜਾਣਾ ਚਾਹੁੰਦੇ, ਪਰ ਚੰਗੀਆਂ ਕੀਮਤਾਂ, ਚੰਗੀਆਂ ਨੀਤੀਆਂ, ਸਾਡੀ ਪਹਿਚਾਣ ਬਣੀ ਆਪਣੀ ਬੋਲੀ ਅਤੇ ਪੰਜਾਬੀਅਤ ਕਿਉਂ ਛੱਡੀਏ ??? ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ, ਬੁੱਧੀਜੀਵੀ, ਲੇਖਕਾਂ, ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਜੇ ਹੁਣੇ ਨਾ ਸੰਭਲੇ ਤਾਂ ਇਤਿਹਾਸ ਨੇ ਸਾਨੂੰ ਮੁਆਫ ਨਹੀਂ ਕਰਨਾ । ਕਿਤੇ ਉਹ ਦਿਨ ਨਾ ਦੇਖਣੇ ਪੈ ਜਾਣ ਜਿਸ ਬਾਰੇ ਕਿਹਾ ਗਿਆ ਏ “ ਤੁਮਹਾਰੀ ਦਾਸਤਾਂ ਤੱਕ ਵੀ ਨਾ ਹੋਗੀ ਦਾਸਤਾਨੋਂ ਮੇਂ।” ਜਾਗੋ !! ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ, ਨੌਜਵਾਨਾਂ ਨੂੰ ਅਹਿਸਾਸ ਕਰਵਾਉਣ ਦੀ ਲੋੜ ਹੈ, ਤੁਰਨਾ ਉਹ ਖੂਬ ਜਾਣਦੇ ਹਨ, ਰਸਤਾ ਤੁਸੀਂ ਦਿਖਾਉਂਦੇ ਰਿਹੋ।

Show More

Related Articles

Leave a Reply

Your email address will not be published. Required fields are marked *

Back to top button
Translate »