INDIA

5ਵੀਂ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ‘ਚ ਬਿਆਨ ਕੀਤਾ ਦਰਦ

ਗੋਰਖਪੁਰ— ਇੱਥੇ 5ਵੀਂ ‘ਚ ਪੜ੍ਹਨ ਵਾਲੇ ਇਕ ਵਿਦਿਆਰਥੀ ਨੇ ਟੀਚਰ ਦੀ ਸਜ਼ਾ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਵਿਦਿਆਰਥੀ ਨੇ ਸੁਸਾਈਡ ਨੋਟ ‘ਚ ਆਪਣੀ ਆਖਰੀ ਇੱਛਾ ‘ਚ ਲਿਖਿਆ ਸੀ ਕਿ ਮੇਰੀ ਮੈਨ ਨੂੰ ਕਹੋ ਕਿ ਇੰਨੀ ਵੱਡੀ ਸਜ਼ਾ ਕਿਸੇ ਨੂੰ ਨਾ ਦੇਣ। 11 ਸਾਲ ਦਾ 5ਵੀਂ ਜਮਾਤ ‘ਚ ਪੜ੍ਹਨ ਵਾਲੇ ਨਵਨੀਤ ਪ੍ਰਕਾਸ਼ ਨੇ 15 ਸਤੰਬਰ ਨੂੰ ਕਲਾਸ ਟੀਚਰ ਦੀ ਸਜ਼ਾ ਤੋਂ ਤੰਗ ਆ ਕੇ ਜ਼ਹਿਰ ਖਾ ਲਿਆ ਸੀ। ਬੁੱਧਵਾਰ ਨੂੰ ਉਸ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਸੈਂਟ ਐਂਥੋਨੀਜ਼ ਕਾਨਵੈਂਟ ਸਕੂਲ ‘ਚ ਪੜ੍ਹਨ ਵਾਲੇ ਨਵਨੀਤ ਦੀ ਕਲਾਸ ਟੀਚਰ ਨੇ ਉਸ ਨੂੰ ਕਿਸ ਤਰ੍ਹਾਂ ਦੀ ਸਜ਼ਾ ਦਿੱਤੀ ਸੀ। ਇਹ ਉਸ ਨੇ ਖੁਦਕੁਸ਼ੀ ਤੋਂ ਪਹਿਲਾਂ ਲਿਖੇ ਸੁਸਾਈਡ ਨੋਟ ‘ਚ ਵੀ ਬਿਆਨ ਕੀਤਾ ਹੈ। ਜਿਸ ਨੂੰ ਸੁਣ ਕੇ ਹਰ ਮਾਂ-ਬਾਪ ਦਾ ਕਲੇਜਾ ਦਰਦ ਨਾਲ ਭਰ ਜਾਵੇਗਾ।
ਪਾਪਾ,”ਅੱਜ 15 ਸਤੰਬਰ ਮੇਰੀ ਪਹਿਲੀ ਪ੍ਰੀਖਿਆ ਸੀ। ਮੇਰੀ ਮੈਮ ਕਲਾਸ ਟੀਚਰ ਨੇ ਮੈਨੂੰ ਸਵਾ 9 ਤੱਕ ਰੁਵਾਇਆ ਅਤੇ ਖੜ੍ਹਾ ਰੱਖਿਆ, ਇਸ ਲਈ ਕਿਉਂਕਿ ਉਹ ਚਾਪਲੂਸਾਂ ਦੀ ਗੱਲ ਮੰਨਦੀ ਹੈ। ਉਨ੍ਹਾਂ ਦੀ ਕਿਸੇ ਗੱਲ ਦਾ ਵਿਸ਼ਵਾਸ ਨਾ ਕਰੀਓ। ਕੱਲ ਉਨ੍ਹਾਂ ਨੇ ਮੈਨੂੰ ਤਿੰਨ ਪੀਰੀਅਡ ਖੜ੍ਹਾ ਰੱਖਿਆ। ਅੱਜ ਮੈਂ ਸੋਚ ਲਿਆ ਹੈ ਕਿ ਮੈਂ ਮਰਨ ਵਾਲਾ ਹਾਂ। ਮੇਰੀ ਆਖਰੀ ਇੱਛਾ ਮੇਰੀ ਮੈਮ ਨੂੰ ਕਿਸੇ ਬੱਚੇ ਨੂੰ ਇੰਨੀ ਵੱਡੀ ਸਜ਼ਾ ਨਾ ਦੇਣ ਲਈ ਕਹਿਣਾ।”
ਪਰਿਵਾਰ ਅਨੁਸਾਰ ਨਵਨੀਤ ਪੜ੍ਹਨ ‘ਚ ਹੋਣਹਾਰ ਸੀ। ਉਸ ਦੀਆਂ ਨਜ਼ਰਾਂ ‘ਚ ਗੁਰੂ ਦਾ ਸਥਾਨ ਬਹੁਤ ਵੱਡਾ ਸੀ। ਉਸ ਦੀ ਗੁਰੂ ਹੀ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਵਿਲੇਨ ਬਣ ਜਾਵੇਗੀ, ਕਿਸੇ ਨੇ ਸੁਪਨੇ ‘ਚ ਵੀ ਨਹੀਂ ਸੋਚਿਆ ਹੋਵੇਗਾ। ਬੱਚੇ ਦੇ ਪਰਿਵਾਰ ਵਾਲਿਆਂ ਨੇ ਦੋਸ਼ੀ ਟੀਚਰ ਅਤੇ ਸਕੂਲ ਦੇ ਖਿਲਾਫ ਕੇਸ ਦਰਜ ਕਰਵਾ ਦਿੱਤਾ ਹੈ। ਇਸ ਮਾਮਲੇ ‘ਚ ਅਜੇ ਤੱਕ ਸਕੂਲ ਪ੍ਰਬੰਧਨ ਵੱਲੋਂ ਕੋਈ ਸਫ਼ਾਈ ਨਹੀਂ ਆਈ। ਅਜੇ ਗੁਰੂਗ੍ਰਾਮ ਦੇ ਸਕੂਲ ‘ਚ ਪ੍ਰਦੁੱਮਣ ਦੇ ਕਤਲ ਦਾ ਮਾਮਲਾ ਸੁਲਝਿਆ ਵੀ ਨਹੀਂ ਹੈ ਕਿ ਗੋਰਖਪੁਰ ਦੀ ਇਸ ਘਟਨਾ ਨੇ ਇਕ ਵਾਰ ਫਿਰ ਸਕੂਲ ਦੇ ਅੰਦਰ ਮਾਸੂਮਾਂ ਨਾਲ ਹੋਣ ਵਾਲੇ ਵਤੀਰੇ ‘ਤੇ ਸਵਾਲ ਖੜ੍ਹਾ ਕਰ ਦਿੱਤਾ ਹੈ।

Most Popular

To Top