ਹੱਡ ਬੀਤੀਆਂ

ਜਦੋਂ ਮੈਂ ਬਲਵੰਤ ਗਾਰਗੀ ਦੇ ‘ਡਰਾਮੇ’ ਤੋਂ ਬਚਿਆ !

ਪ੍ਰਿੰ. ਸਰਵਣ ਸਿੰਘ

20ਵੀਂ ਬਰਸੀ `ਤੇ ਬਲਵੰਤ ਗਾਰਗੀ ਮੈਨੂੰ ਫਿਰ ਯਾਦ ਆ ਗਿਐ। ਨਾਲ ਹੀ ਯਾਦ ਆ ਗਿਆ ਮੇਰੇ ਨਾਲ ਖੇਡਿਆ ਮਜ਼ਾਕੀਆ ਡਰਾਮਾ। ਉਹ ਖ਼ਸਤਾ ਕਰਾਰੀ ਤੇ ਵੇਗਮੱਤੀ ਕਾਮਕ ਲੇਖਣੀ ਦਾ ਦਿਲਚਸਪ ਲੇਖਕ ਸੀ। ਉਸ ਨੇ ਆਪਣੇ ਬਾਰੇ ਲਿਖਿਆ, “ਮੈਂ ਗਾਰਗੀ ਨੂੰ ਬਹੁਤ ਨੇੜਿਓਂ ਜਾਣਦਾ ਹਾਂ। ਉਸ ਦੀਆਂ ਲਿਖਤਾਂ, ਉਸ ਦੇ ਝੂਠੇ ਵਾਇਦਿਆਂ ਤੇ ਉਸ ਦੀਆਂ ਕਮਜ਼ੋਰੀਆਂ ਨੂੰ ਖੁਰਦਬੀਨ ਨਾਲ ਤੱਕਿਆ ਹੈ। ਉਹ ਬਹੁਤ ਸਾਰੇ ਭੁਲੇਖਿਆਂ ਦਾ ਮਰਕਜ਼ ਹੈ। ਉਸ ਦੇ ਨਾਂ ਨੂੰ ਹੀ ਲਓ, ਗਾਰਗੀ! ਕਿਤਨਾ ਬੋਗਸ ਨਾਂ ਹੈ! ਕਿਸੇ ਕੁੜੀ ਦੀ ਨਕਲ ਜਾਪਦਾ ਹੈ… ਸਾਹਿਤ ਵੱਲ ਤਾਂ ਉਹ ਐਵੇਂ ਹੀ ਆ ਗਿਆ, ਜਿਵੇਂ ਕੋਈ ਆਦਮੀ ਦੂਜੇ ਥਾਂ ਵਿਆਹਿਆ ਜਾਵੇ।” ਉਹਦਾ ਹਲਫੀਆ ਬਿਆਨ ਸੀ, “ਸੰਗੀਤ ਨੂੰ ਮੈਂ ਸਭ ਤੋਂ ਵਧੇਰੇ ਪਿਆਰ ਕੀਤਾ ਹੈ। ਸੰਗੀਤ ਮੇਰਾ ਮਹਿਬੂਬ ਸੀ, ਸਾਹਿਤ ਮੇਰੀ ਰਖੇਲ ਹੈ।”

ਗਾਰਗੀ ਵਧੀਆ ਨਾਟਕਕਾਰ ਹੋਣ ਨਾਲ ਪੂਰਾ ਡਰਾਮੇਬਾਜ਼ ਵੀ ਸੀ। ਛੇਤੀ ਕੀਤਿਆਂ ਪਤਾ ਨਹੀਂ ਸੀ ਲੱਗਣ ਦਿੰਦਾ, ਨਾਟਕ ਕਰ ਰਿਹੈ ਜਾਂ ਡਰਾਮਾ? 1966 ਵਿਚ ਜਦੋਂ ਮੈਂ ਦਿੱਲੀ ਲੈਕਚਰਾਰ ਸਾਂ ਤਾਂ ਉਸ ਨੇ ਮੈਨੂੰ ਆਪਣੀ ਅਮਰੀਕਨ ਸਾਲੀ ਦਾ ਰਿਸ਼ਤਾ ਕਰਾਉਣ ਦੀ ਸੁਲ੍ਹਾ ਮਾਰੀ ਸੀ। ਇਕ ਦਿਨ ਮੈਂ ਗਾਰਗੀ ਨੂੰ ਮਿਲਣ ਗਿਆ ਤਾਂ ਉਹਦੀ ਨਵਵਿਆਹੀ ਪਤਨੀ ਜੀਨੀ ਉਦਾਸ ਦਿਸੀ। ਗਾਰਗੀ ਨੇ ਦੱਸਿਆ ਇਹ ਪੇਕਿਆਂ ਨੂੰ ਓਦਰੀ ਐ। ਫਿਰ ਪਤਾ ਨਹੀਂ ਸੱਚੀਂ, ਪਤਾ ਨਹੀਂ ਝੂਠੀਂ, ਉਹ ਕਹਿਣ ਲੱਗਾ, “ਆਖੇਂ ਤਾਂ ਤੈਨੂੰ ਸਾਲੀ ਦਾ ਸਾਕ ਲਿਆ ਦਿੰਨਾਂ। ਇਹ ਦੋ ਭੈਣਾਂ ਨੇ, ਭਰਾ ਕੋਈ ਨਹੀਂ। ਸਾਲੀ ਦਾ ਨਾਂ ਐਂ ਐਲਿਜ਼ਾਬੈੱਥ। ਇਹਨਾਂ ਦੀ ਮਾਂ ਆਰਟਿਸਟ ਐ ਤੇ ਪਿਉ ਬੈਂਕ ਮੈਨੇਜਰ। ਤੂੰ ਹਾਂ ਕਰ। ਏਥੇ ਦੋਹਾਂ ਭੈਣਾਂ ਦਾ ਜੀਅ ਲੱਗਿਆ ਰਹੂ।”

ਜੀਨੀ ਦਾ ਜੀਅ ਲੁਆਉਣ ਲਈ ਉਹਦੀ ਭੈਣ ਦੇ ਸਾਕ ਦਾ ਸ਼ੋਸ਼ਾ ਮੈਨੂੰ ਮਜ਼ਾਕ ਲੱਗਾ। ਮੈਂ ਸਮਝ ਗਿਆ ਗਾਰਗੀ ਹੋਰਨਾਂ ਵਾਂਗ ਮੇਰਾ ਵੀ ਡਰਾਮਾ ਬਣਾ ਰਿਹੈ! ਮੈਂ ਉਹਦਾ ਸਾਂਢੂ ਬਣਨੋਂ ਤਾਂ ਬਚ ਗਿਆ ਪਰ ਉਹਦੀ ਖ਼ਸਤਾ ਕਰਾਰੀ ਵਾਰਤਕ ਸ਼ੈਲੀ ਤੋਂ ਨਾ ਬਚ ਸਕਿਆ। ਉਹ ਮੈਨੂੰ ਪੱਟ ਗਈ। ‘ਨਿੰਮ ਦੇ ਪੱਤੇ’ ਤੇ ‘ਸੁਰਮੇ ਵਾਲੀ ਅੱਖ’ ਤੋਂ ਲੈ ਕੇ ਫਿਰ ਉਹਦੀ ਜਿਹੜੀ ਵੀ ਕਿਤਾਬ ਛਪੀ ਪੜ੍ਹਨੀ ਪਈ।

ਗਾਰਗੀ ਦਾ ਪੈਦਾਇਸ਼ੀ ਨਾਂ ਬਲਵੰਤ ਰਾਏ ਗਰਗ ਸੀ ਤੇ ਉਹਦੀ ਪਤਨੀ ਦਾ ਨਾਂ ਜੀਨੀ ਅਲੈਗਜ਼ੈਂਡਰ ਹੈਨਰੀ ਸੀ। ਬਲਵੰਤ ਦਾ ਜਨਮ 4 ਦਸੰਬਰ 1916 ਨੂੰ ਬਠਿੰਡੇ ਦੇ ਬਾਣੀਏ ਪਰਿਵਾਰ ਵਿਚ ਪਿੰਡ ਸ਼ਹਿਣੇ ਦੀ ਨਹਿਰੀ ਕੋਠੀ `ਚ ਹੋਇਆ ਸੀ। ਜੀਨੀ ਉਸ ਤੋਂ 21 ਸਾਲ ਬਾਅਦ ਸਿਆਟਲ ਦੇ ਨੌਕਰੀ ਪੇਸ਼ਾ ਮਾਪਿਆਂ ਦੇ ਘਰ ਜੰਮੀ ਸੀ। ਜਿਵੇਂ ਇੰਦਰ ਬਾਣੀਏ ਤੇ ਬੇਗੋ ਨਾਰ ਦਾ ਮੇਲ ਲਾਹੌਰ ਵਿਚ ਹੋਇਆ ਉਵੇਂ ਬਲਵੰਤ ਬਾਣੀਏ ਤੇ ਜੀਨੀ ਨਾਰ ਦਾ ਮੇਲ ਸਿਆਟਲ ਵਿਚ ਹੋਇਆ। ਇੰਦਰ ਤੇ ਬੇਗੋ ਇਸ਼ਕ ਦੇ ਪੱਟੇ ਰਾਵੀ ਵਿਚ ਛਾਲਾਂ ਮਾਰ ਗਏ ਤੇ ਆਸ਼ਕਾਂ ਮਸ਼ੂਕਾਂ `ਚ ਨਾਂ ਲਿਖਾ ਕੇ ਅਮਰ ਹੋ ਗਏ। ਕਿੱਸਾਕਾਰਾਂ ਨੇ ਬੇਗੋ ਨਾਰ ਤੇ ਇੰਦਰ ਬਾਣੀਏ ਦੇ ਕਿੱਸੇ ਲਿਖੇ। ਬਲਵੰਤ ਤੇ ਜੀਨੀ ਇਸ਼ਕ `ਚ ਪੱਟੇ ਤਾਂ ਗਏ ਪਰ ਅਮਰ ਨਾ ਹੋ ਸਕੇ। ਜੀਨੀ ਨਾਰ ਤੇ ਬਲਵੰਤ ਬਾਣੀਏ ਦਾ ਕਿੱਸਾ ‘ਨੰਗੀ ਧੁੱਪ’ ਗਾਰਗੀ ਨੂੰ ਆਪ ਲਿਖਣਾ ਪਿਆ। ਉਸ ਨੇ ਲਿਖਿਆ, ਜਦੋਂ ਮੈਂ ਜੀਨੀ ਨੂੰ ਸਿਆਟਲ ਵਿਚ ਮਿਲਿਆ, ਉਸ ਵੇਲੇ ਮੇਰੇ ਤਿੰਨ ਇਸ਼ਕ ਚੱਲ ਰਹੇ ਸਨ। ਤਿੰਨੇ ਕੁੜੀਆਂ ਪਿਆਰ ਵਿਚ ਡੁੱਬੀਆਂ ਹੋਈਆਂ ਸਨ। ਤਿੰਨੇ ਵਫ਼ਾਦਾਰ, ਤਿੰਨੇ ਵੇਗ-ਮੱਤੀਆਂ, ਤਿੰਨੇ ਕੌਲ-ਕਰਾਰ ਦੀਆਂ ਪੂਰੀਆਂ। ਮੈਂ ਪਰੇਸ਼ਾਨ ਸਾਂ ਕਿ ਕਿਸ ਨਾਲ ਵਿਆਹ ਕਰਾਂ? ਕਿਸ ਨੂੰ ਲਾਰਾ ਲਾਵਾਂ? ਕਿਸ ਨੂੰ ਧੋਖਾ ਦੇਵਾਂ?

ਗਾਰਗੀ ਨੇ ‘ਨੰਗੀ ਧੁੱਪ’ ਦੇ ਮੁੱਖ ਬੰਦ ਵਿਚ ਲਿਖਿਆ, “ਆਪਣੇ ਬਾਰੇ ਇਹ ਲਿਖਣਾ ਕਿ ਮੈਂ ਕਿੰਨਾ ਚੰਗਾ ਹਾਂ, ਚੰਗੀ ਕਲਾ ਦਾ ਸੂਚਕ ਨਹੀਂ… ਮੈਂ ਆਪਣੇ ਆਪ ਬਾਰੇ ਲਿਖ ਰਿਹਾ ਹਾਂ-ਮਨ ਦੀਆਂ ਤਪਦੀਆਂ ਛਾਵਾਂ, ਸੁਚੇਤ ਤੇ ਅਚੇਤ ਦੀ ਟੱਕਰ, ਦੋਸਤਾਂ ਤੇ ਮਹਿਬੂਬ ਤੀਵੀਆਂ ਦੇ ਜਜ਼ਬੇ ਸਿੰਮੇ ਚਿਤਰ, ਪਿਆਰ ਤੜਪਾਂ ਤੇ ਨਫ਼ਰਤ ਦੀਆਂ ਚਿਣਗਾਂ… ਨੰਗੀ ਧੁੱਪ ਮੇਰੇ ਆਪਣੇ ਜੀਵਨ ਉਤੇ ਆਧਾਰਿਤ ਹੈ। ਜਦੋਂ ਕੋਈ ਲੇਖਕ ਆਪਣੇ ਇੱਮੇਜ ਨੂੰ ਲਿਸ਼ਕਾਉਣ ਦਾ ਫਿਕਰ ਕਰਨ ਲੱਗ ਪਵੇ ਤਾਂ ਉਹ ਉਸੇ ਥਾਂ ਖੜ੍ਹਾ ਰਹਿ ਜਾਂਦਾ ਹੈ… ਮੇਰਾ ਕੋਈ ਇੱਮੇਜ ਨਹੀਂ। ਜੋ ਹੈ ਮੈਂ ਉਸ ਨੂੰ ਹਮੇਸ਼ਾ ਤੋੜਦਾ ਰਿਹਾ ਹਾਂ ਤੇ ਇਸ ਤਰ੍ਹਾਂ ਨਵਾਂ ਇੱਮੇਜ ਬਣਦਾ ਰਿਹਾ ਹੈ… ਮੇਰੇ ਪਾਤਰ ਨੰਗੇ ਹਨ, ਆਦਮ ਤੇ ਹਵਾ ਵਾਂਗ। ਇਹੋ ਉਨ੍ਹਾਂ ਦੀ ਖ਼ੂਬਸੂਰਤੀ ਹੈ ਤੇ ਇਹੋ ਉਨ੍ਹਾਂ ਦਾ ਦੋਸ਼। ਮੈਂ ਜਿਸ ਤੀਵੀਂ ਨੂੰ ਪਿਆਰ ਕੀਤਾ ਉਸ ਦੇ ਹੁਸਨ ਨੂੰ ਤੇ ਨੰਗੇਜ ਨੂੰ ਚਿਤਰਿਆ ਹੈ… ਸੱਚ ਖ਼ੁਦ ਨੰਗਾ ਹੈ। ਮੈਂ ਨੰਗੇ ਸੱਚ ਦਾ ਪੁਜਾਰੀ ਹਾਂ। ਨੰਗੀ ਮੂਰਤੀ ਨੂੰ ਮੱਥਾ ਟੇਕਦਾ ਹਾਂ। ਮਨੁੱਖ ਖ਼ੁਦ ਵੀ ਇਕੱਲਾ ਤੇ ਨੰਗਾ ਹੈ। ਆਪਣੇ ਸਰੀਰ ਦੀ ਚਮੜੀ ਨਾਲੋਂ ਕੋਈ ਹੋਰ ਚੀਜ਼ ਵਧੇਰੇ ਨਿੱਘ ਨਹੀਂ ਦੇਂਦੀ। ਮੈਂ ਪਾਤਰਾਂ ਦੇ ਅਸਲੀ ਨਾਂ, ਅਸਲੀ ਥਾਵਾਂ, ਅਸਲੀ ਸ਼ਹਿਰ ਤੇ ਅਸਲੀ ਘਟਨਾਵਾਂ ਵਰਤੀਆਂ ਹਨ, ਪਰ ਕਿਤੇ ਕਿਤੇ ਕਾਲਪਨਿਕ ਨਾਂ ਤੇ ਬਦਲੇ ਹੋਏ ਚਿਹਰੇ ਵੀ ਹਨ। ਮੇਰਾ ਮਨੋਰਥ ਤੁਹਾਨੂੰ ਸਿਰਫ਼ ਤੱਥ ਦੱਸਣਾ ਨਹੀਂ ਸਗੋਂ ਸੱਚ ਦੱਸਣਾ ਹੈ… ਡੂੰਘੀਆਂ ਤੇ ਲੁਕੀਆਂ ਹਕੀਕਤਾਂ, ਵਾਸ਼ਨਾ ਦਾ ਟੂਣਾ, ਲਹੂ ਵਿਚ ਮੱਚਦੀਆਂ ਖ਼ਾਹਿਸ਼ਾਂ ਤੇ ਰਚਨਾ ਦੇ ਆਪ-ਹੁਦਰੇ ਅਮਲ।”

ਮੇਰੀ ਜਾਚੇ ਚੁੰਮਣ ਤੇ ਆਲਿੰਗਣ ਅਤੇ ਪ੍ਰਕਿਰਤੀ ਦੇ ਰੰਗ ਗਾਰਗੀ ਦੀ ਲਿਖਣ ਸ਼ੈਲੀ ਦੇ ਸਿ਼ੰਗਾਰ ਹਨ। ਪਹਿਲੀਆਂ ਲਿਖਤਾਂ `ਚ ਘੱਟ ਸਨ, ਮਗਰਲੀਆਂ `ਚ ਵੱਧ। ਪਹਿਲੀਆਂ ਲਿਖਤਾਂ ਉਤੇ ਪੇਂਡੂ ਪ੍ਰਭਾਵ ਵੱਧ ਸੀ ਜਦ ਕਿ ਪਿਛਲੀਆਂ ਉਤੇ ਪੱਛਮੀ ਤੇ ਸ਼ਹਿਰੀ ਪ੍ਰਭਾਵ ਵਧਦਾ ਗਿਆ। 1944 ਵਿਚ ਲਿਖਿਆ ਪਹਿਲਾ ਨਾਵਲ ‘ਕੱਕਾ ਰੇਤਾ’ ਉਸ ਨੇ ਇਨ੍ਹਾਂ ਸ਼ਬਦਾਂ ਨਾਲ ਆਪਣੀ ਮਾਂ ਨੂੰ ਭੇਟ ਕੀਤਾ ਸੀ, “ਮੇਰੀ ਮਾਂ ਨੂੰ, ਜਿਸ ਦੀਆਂ ਗਾਲ੍ਹਾਂ ਵੀ ਘਿਓ ਦੀਆਂ ਨਾਲਾਂ ਸਨ।”

ਆਪਣੇ ਨਾਟਕਾਂ ਦੀ ਭੂਮਿਕਾ ਬੰਨ੍ਹਦਿਆਂ ਉਸ ਨੇ ਲਿਖਿਆ, “1944 ਵਿਚ ਇਕ ਕੁੜੀ ਨੇ ਮੈਨੂੰ ਆਖਿਆ: ਤੂੰ ਮੈਨੂੰ ਪਿਆਰ ਕਰਦਾ ਹੈਂ, ਪਰ ਇਸ ਦਾ ਕੋਈ ਫ਼ਾਇਦਾ ਨਹੀਂ। ਮੈਥੋਂ ਤੈਨੂੰ ਕੁਝ ਨਹੀਂ ਮਿਲਣਾ। ਮੈਂ ਉਸ ਨੂੰ ਆਖਿਆ: ਪਿਆਰ ਵਿਚ ਕੋਈ ਇਵਜ਼ਾਨਾ ਜਾਂ ਇਨਾਮ ਨਹੀਂ ਹੁੰਦਾ। ਜਦੋਂ ਕੋਈ ਬਰਫ਼ ਦੇ ਪਹਾੜ ਦੀ ਟੀਸੀ ਉਤੇ ਪੁੱਜਣ ਦਾ ਜਤਨ ਕਰਦਾ ਹੈ ਤਾਂ ਉਥੇ ਕੁਝ ਨਹੀਂ ਹੁੰਦਾ। ਅਕਸਰ ਆਦਮੀ ਆਪਣੀ ਜਾਨ ਵੀ ਗੁਆ ਦੇਂਦਾ ਹੈ। ਪਰ ਇਸ ਵਿਚ ਇਕ ਅਜੀਬ ਆਨੰਦ ਹੈ ਤੇ ਮਜਬੂਰੀ। ਉਸ ਨੇ ਗੱਲ ਨੂੰ ਹੱਸ ਕੇ ਟਾਲ ਦਿੱਤਾ ਤੇ ਕਿਸੇ ਹੋਰ ਨਾਲ ਵਿਆਹ ਕਰ ਲਿਆ। ਉਸ ਪਿੱਛੋਂ ਮੈਂ ਲਾਹੌਰ ਛੱਡ ਕੇ ਚਲਾ ਗਿਆ ਤੇ ਕੁੱਲੂ ਦੀ ਵਾਦੀ ਵਿਚ ਕਈ ਦਿਨ ਚੀਲ੍ਹਾਂ ਦੇ ਜੰਗਲਾਂ ਵਿਚ ਘੁੰਮਦਾ ਰਿਹਾ…।”

ਇਸ ਮਨੋਦਸ਼ਾ ਵਿਚ ਘੁੰਮਦਿਆਂ ਉਸ ਨੇ ‘ਕੁਆਰੀ ਟੀਸੀ’ ਨਾਟਕ ਲਿਖਿਆ ਜੋ ਲਾਹੌਰ ਤੇ ਦਿੱਲੀ ਰੇਡੀਉ ਤੋਂ ਅਨੇਕਾਂ ਵਾਰ ਖੇਡਿਆ ਗਿਆ। ‘ਕੁਆਰੀ ਟੀਸੀ’ ਇਕ ਅਣਛੋਹੀ ਕੁਆਰੀ ਕੁੜੀ ਦਾ ਪ੍ਰਤੀਕ ਹੈ ਜਿਸ ਨੂੰ ਕੋਈ ਛੋਹ ਨਹੀਂ ਸਕਦਾ। ਜੋ ਕੋਈ ਉਸ ਨੂੰ ਚੁੰਮੇਗਾ ਉਹ ਨਾਸ਼ ਹੋ ਜਾਵੇਗਾ। 1944 ਵਿਚ ਲਿਖੇ ਨਾਟਕ ‘ਕੁਆਰੀ ਟੀਸੀ’ ਦੀ ਚੰਦੀ 1954 ਵਿਚ ਲਿਖੇ ਨਾਟਕ ‘ਕਣਕ ਦੀ ਬੱਲੀ’ ਵਿਚ ਭਰਪੂਰ ਜਜ਼ਬੇ ਵਾਲੀ ਤਾਰੋ ਬਣ ਗਈ।

ਬਲਵੰਤ ਗਾਰਗੀ ਹਰ ਗੱਲ ਨਾਟਕੀ ਅੰਦਾਜ਼ ਵਿਚ ਕਰਦਾ ਸੀ। ਇਸ਼ਕ ਵੀ ਤੇ ਤੋੜ ਵਿਛੋੜਾ ਵੀ। ਲੇਖਣੀ ਨੂੰ ਸੈਕਸੀ ਮਸਾਲਾ ਵੀ ਲਾਉਂਦਾ ਸੀ। ਉਸ ਨੇ ਅਜੀਤ ਕੌਰ ਦੇ ਸ਼ਬਦ ਚਿੱਤਰ ਦਾ ਨਾਂ ‘ਕਾੜ੍ਹਨੀ’ ਰੱਖਿਆ ਜਿਸ ਵਿਚ ਉਹਦੇ ਮੂੰਹੋਂ ਡਾਇਲਾਗ ਬੁਲਾਇਆ, “ਤੀਵੀਂ ਖਾਲੀ ਘਰ ਵਾਂਗ ਹੈ। ਹਰ ਕੋਈ ਉਸ `ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਕਿਸੇ ਆਦਮੀ ਨੂੰ ਚੰਗਾ ਸਮਝ ਕੇ ਜੇ ਤੀਵੀਂ ਉਸ ਨਾਲ ਸੌਂ ਜਾਵੇ ਤਾਂ ਉਹ ਝੱਟ ਉਸ ਨੂੰ ਕੋਈ ਜਾਇਦਾਦ ਸਮਝਣ ਲੱਗ ਪੈਂਦਾ ਹੈ। ਮੁਸੀਬਤ! ਚੰਗੇ ਆਦਮੀ ਨਾਲ ਸਿਰਫ਼ ਜਿਸਮਾਨੀ ਰਿਸ਼ਤਾ ਹੀ ਕਾਫੀ ਨਹੀਂ, ਉਸ ਨੂੰ ਕਲਪਨਾ ਤੇ ਸਮਝ ਦੀ ਵੀ ਲੋੜ ਹੈ। ਆਦਮੀ ਨਿਰਾ ਜਾਨਵਰ ਹੈ, ਉਸ ਨੂੰ ਮਨ ਦੀ ਲੋੜ ਨਹੀਂ। ਔਰਤ ਨੂੰ ਮਨ ਦੀ ਵਧੇਰੇ ਲੋੜ ਹੈ।”

‘ਕੌਡੀਆਂ ਵਾਲਾ ਸੱਪ’ ਵਿਚ ਸਿ਼ਵ ਕੁਮਾਰ ਦੇ ਮੂੰਹੋਂ ਅਖਵਾਇਆ, “ਇਹ ਸਾਲੀਆਂ ਤੀਵੀਆਂ ਹਮੇਸ਼ਾਂ ਰੋਂਦੀਆਂ ਰਹਿੰਦੀਆਂ ਨੇ ਕਿ ਫਲਾਂ ਮਰਦ ਨੇ ਮੇਰੀ ਅਸਮਤ ਲੁੱਟ ਲਈ। ਤੁਸੀਂ ਆਪਣੇ ਹੁਸਨ ਨੂੰ ਬੈਂਕ ਦੇ ਲਾਕਰ ਵਿਚ ਰੱਖ ਦਿਉ। ਮੈਂ ਬੈਂਕ ਵਿਚ ਕੰਮ ਕਰਦਾ ਹਾਂ। ਬੜੇ ਲਾਕਰ ਨੇ ਉਥੇ। ਨੋਟਾਂ ਦੇ ਥੱਬੇ। ਸੋਨੇ ਦੇ ਗਹਿਣੇ। ਹੀਰੇ। ਪਰ ਕੋਈ ਅਜਿਹਾ ਲਾਕਰ ਨਹੀਂ ਜਿਥੇ ਤੀਵੀਂ ਆਪਣੇ ਹੁਸਨ ਜਾਂ ਜਵਾਨੀ ਨੂੰ ਰੱਖ ਕੇ ਕੁੰਜੀ ਜੇਬ ਵਿਚ ਪਾ ਲਵੇ? ਇਹ ਸਾਲੇ ਹੁਸਨ ਨੇ ਤਾਂ ਤਬਾਹ ਹੋਣਾ ਹੀ ਹੈ… ਤੇ ਤਬਾਹੀ ਕਿਸ ਗੱਲ ਦੀ? ਪਿਆਰ ਨਾਲ ਹੁਸਨ ਚਮਕਦਾ ਹੈ। ਜਵਾਨੀ ਮੱਚਦੀ ਹੈ। ਅਸਮਤ ਦਾ ਪਾਖੰਡ ਤਾਂ ਕੋਝੀਆਂ ਤੀਵੀਆਂ ਨੇ ਰਚਿਆ ਹੈ। ਇਨਸਾਨੀ ਜਿਸਮ ਨੂੰ ਕੋਈ ਚੀਜ਼ ਮੈਲ਼ਾ ਨਹੀਂ ਕਰ ਸਕਦੀ। ਹਮੇਸ਼ਾਂ ਨਿਖਰਿਆ ਤੇ ਸੱਜਰਾ ਰਹਿੰਦਾ ਹੈ ਹੁਸਨ।”

ਖ਼ੁਸ਼ਵੰਤ ਸਿੰਘ ਬਾਰੇ ਲਿਖਿਆ: ਜਦੋਂ ਮਿਲੋ ਉਹ ਗੱਪ-ਸ਼ੱਪ ਲਈ ਤਿਆਰ ਹੈ। ਉਸ ਨੂੰ ਲੋਕਾਂ ਦੇ ਲੁਕੇ ਰਾਜ਼, ਕਮੀਨਗੀ, ਦਰਿਆਦਿਲੀ ਤੇ ਬੇਵਕੂਫ਼ੀ ਬਾਰੇ ਬੇਸ਼ੁਮਾਰ ਕਿੱਸੇ ਯਾਦ ਹਨ। ਉਹ ਤੀਵੀਆਂ ਨਾਲ ਭੋਗ ਵਿਲਾਸ ਕਰਨ, ਉਹਨਾਂ ਦੇ ਠੰਢੇ ਤੇ ਗਰਮ ਸੁਭਾਅ ਬਾਰੇ, ਉਹਨਾਂ ਦੀਆਂ ਛਾਤੀਆਂ ਤੇ ਪੱਟਾਂ ਬਾਰੇ ਤੇ ਤੁਰੰਤ ਇਸ਼ਕਾਂ ਬਾਰੇ ਮਸਾਲੇਦਾਰ ਗੱਲਾਂ ਕਰਦਾ ਹੈ। ਕਾਫੀ ਪੀਂਦਾ ਜਾਂ ਪਾਨ ਚੱਬਦਾ ਉਹ ਹੱਸ ਹੱਸ ਦੂਜਿਆਂ ਦੀ ਖੱਲ ਲਾਹੁੰਦਾ ਹੈ। ਉਸ ਦੀ ਨਜ਼ਰ ਪਾਖੰਡ ਨੂੰ, ਸਾਹਿਤਕਾਰਾਂ ਦੀਆਂ ਫੜ੍ਹਾਂ ਨੂੰ, ਪੁੱਠੀਆਂ ਕੀਮਤਾਂ ਨੂੰ, ਬਸਤਰਾਂ ਅੰਦਰਲੇ ਅਸਤਰਾਂ ਨੂੰ, ਅੰਗੀਆਂ `ਚ ਲੁਕੇ ਜਿਨਸੀ ਰੂਪ ਨੂੰ ਝੱਟ ਤਾੜ ਜਾਂਦੀ ਹੈ…।

ਉਹ ਆਖਦਾ ਹੈ, “ਮਜ਼ਹਬ ਨੇ ਦੁਨੀਆ ਵਿਚ ਜਿਤਨਾ ਖ਼ੂੰਨ ਖਰਾਬਾ, ਕਤਲ ਤੇ ਜੰਗਾਂ ਕਰਵਾਈਆਂ ਹਨ, ਹੋਰ ਕਿਸੇ ਚੀਜ਼ ਨੇ ਨਹੀਂ। ਈਸਾਈਆਂ ਨੇ ਕਈ ਸੌ ਸਾਲ ਤੀਕ ਯੂਰੇਸ਼ਲਮ ਉਤੇ ਕਬਜ਼ਾ ਕਰਨ ਲਈ ਹਜਰਤ ਈਸਾ ਦਾ ਨਾਂ ਲੈ ਕੇ ਲੜਾਈਆਂ ਲੜੀਆਂ। ਮੁਸਲਮਾਨਾਂ ਨੇ ਕਾਫ਼ਰਾਂ ਦੇ ਖਿ਼ਲਾਫ਼ ਜਹਾਦ ਕੀਤੇ ਤੇ ਉਨ੍ਹਾਂ ਨੂੰ ਕਤਲ ਕੀਤਾ। ਹਿੰਦੂਆਂ ਦੇ ਧਰਮ ਯੁਧ ਤੇ ਸਿੱਖਾਂ ਦੇ ਮੋਰਚਿਆਂ ਦੀ ਬਿਨਾਅ ਵੀ ਮਜ਼ਹਬ ਹੈ। ਹਿੰਦੋਸਤਾਨ ਵਿਚ ਵੀ ਹਿੰਦੂਆਂ ਤੇ ਇਸਾਈਆਂ ਵਿਚਕਾਰ, ਮੁਸਲਮਾਨਾਂ ਤੇ ਹਿੰਦੂਆਂ ਵਿਚਕਾਰ, ਹਿੰਦੂਆਂ ਤੇ ਸਿੱਖਾਂ ਵਿਚਕਾਰ ਅਤੇ ਸੁੰਨੀਆਂ ਤੇ ਸ਼ੀਆਂ ਵਿਚਕਾਰ ਫਸਾਦ ਹੋਏ। ਹਰੀਜਨਾਂ ਦੀਆਂ ਤੀਵੀਆਂ ਨੂੰ ਫੜ ਕੇ ਜਬਰ ਜਿਨਾਹ ਕੀਤਾ ਜਾਂਦਾ ਹੈ ਤੇ ਉਹਨਾਂ ਦੀਆਂ ਝੁੱਗੀਆਂ ਨੂੰ ਸਾੜਿਆ ਜਾਂਦਾ ਹੈ-ਜਾਤ ਪਾਤ ਤੇ ਮਜ਼ਹਬ ਦੇ ਨਾਂ ਉਤੇ…।”

ਕਹਿਣ ਨੂੰ ਭਾਵੇਂ ਕੋਈ ਕੁਝ ਕਹੀ ਜਾਵੇ ਬਲਵੰਤ ਗਾਰਗੀ ਤੇ ਖ਼ੁਸ਼ਵੰਤ ਸਿੰਘ ਸੀ ਕਮਾਲ ਦੇ ਲੇਖਕ!

*

ਪ੍ਰਿੰ. ਸਰਵਣ ਸਿੰਘ

ਮੈਂ ਸਿਆਟਲ ਕਈ ਵਾਰ ਗਿਆ ਹਾਂ। ਉਥੇ ਮੈਨੂੰ ਗਾਰਗੀ ਮੁੜ ਮੁੜ ਯਾਦ ਆ ਜਾਂਦਾ ਰਿਹਾ। ਉਥੇ ਜਾ ਕੇ ਜੀਨੀ ਵੀ ਯਾਦ ਆ ਜਾਂਦੀ ਰਹੀ। ਜੀਨੀ ਗਾਰਗੀ ਚੰਡੀਗੜ੍ਹੋਂ ਭੱਜ ਕੇ ਜੀਨੀ ਚੌਹਾਨ ਬਣ ਗਈ ਤੇ ਉਹਦੀ ਭੈਣ ਐਲਿਜ਼ਾਬੈੱਥ ਸੰਧੂ ਬਣਨੋਂ ਬਚ ਗਈ! ਬਣ ਜਾਂਦੀ ਤਾਂ ਜੀਨੀ ਵਾਂਗ ਭੱਜਣਾ ਉਹਨੂੰ ਵੀ ਪੈਣਾ ਸੀ! ਹੁਣ ਐਲਿਜ਼ਾਬੈੱਥ ਦਾ ਇਕ ਪੁੱਤਰ ਹੈ ਮੈਥਿਊ ਜੈਫ਼ਕੌਟ ਅਤੇ ਦੋ ਪੋਤੇ ਹਨ, ਮਿੱਲੋ ਤੇ ਔਗਸਤ ਪੈਪਰ। ਪੋਤੇ ਤਾਂ ਮੇਰੇ ਵੀ ਹਨ ਸੁਹੇਲ, ਸਿਮਰ ਤੇ ਹਿੰਮਤ ਸਿੰਘ। ਜੀਨੀ ਦੀ ਮਾਂ ਜੀਨ ਮੈਕਲਾਰਨ ਹੈਨਰੀ, 18 ਜੁਲਾਈ 2005 ਨੂੰ ਸਿਆਟਲ `ਚ ਪੂਰੀ ਹੋਈ। ਗਾਰਗੀ 22 ਅਪ੍ਰੈਲ 2003 ਨੂੰ ਮੁੰਬਈ ਵਿਚ ਪੂਰਾ ਹੋਇਆ। ਉਹਦਾ ਦਿੱਲੀ ਵਿਚ ਸਸਕਾਰ ਹੋਇਆ ਤੇ ਅਸਥੀਆਂ ਬਠਿੰਡੇ ਨਹਿਰ ਵਿਚ ਤਾਰੀਆਂ ਗਈਆਂ। ਜੀਨ ਮੈਕਲਾਰਨ 1912 ਵਿਚ ਜੰਮੀ ਸੀ ਜੋ ਆਪਣੇ ਜੁਆਈ ਗਾਰਗੀ ਤੋਂ ਚਾਰ ਸਾਲ ਹੀ ਵੱਡੀ ਸੀ। ਸ਼ੁਕਰ ਐ ਗਾਰਗੀ ਉਹਦੇ ਨਾਲ ਨੀ ਸੀ ਵਿਆਹਿਆ ਗਿਆ! ਜੀਨੀ ਦਾ ਪਿਓ ਜੈਕ ਹੈਨਰੀ 1997 `ਚ ਪੂਰਾ ਹੋ ਗਿਆ ਸੀ। ਜੀਨੀ ਤੇ ਗਾਰਗੀ ਦਾ ਪੁੱਤ ਮੰਨੂ ਗਾਰਗੀ ਬਾਲੀਵੁੱਡ ਤੇ ਹਾਲੀਵੁੱਡ ਦੀਆਂ ਫਿਲਮਾਂ `ਚ ਕੰਮ ਕਰਦਾ ਰਿਹਾ ਤੇ ਧੀ ਜੱਨਤ ਗਾਰਗੀ ਸਿਆਟਲ ਵਿਚ ਮਾਡਲਿੰਗ ਕਰਦੀ ਰਹੀ। ਗਾਰਗੀ ਦੇ ਡਰਾਮੇ `ਚੋਂ ਬਚ ਜਾਣ ਪਿੱਛੋਂ ਆਪਾਂ ਨੂੰ ਕੋਈ ਫਿਕਰ ਨਹੀਂ ਰਿਹਾ ਪਈ ਐਲਜ਼ਾਬੈੱਥ ਹੈਨਰੀ ਕੀ ਕਰਦੀ ਰਹੀ?

Show More

Related Articles

Leave a Reply

Your email address will not be published. Required fields are marked *

Back to top button
Translate »