ਅਦਬਾਂ ਦੇ ਵਿਹੜੇ

ਗ਼ਜ਼ਲ ਮੰਚ ਸਰੀ ਵੱਲੋਂ ਨਾਮਵਰ ਪੰਜਾਬੀ ਸ਼ਾਇਰ ਦਰਸ਼ਨ ਬੁੱਟਰ ਦਾ ਸਨਮਾਨ

ਸਰੀ, 5 ਨਵੰਬਰ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬ ਤੋਂ ਆਏ ਸਾਹਿਤ ਅਕਾਦਮੀ ਅਵਾਰਡ ਵਿਜੇਤਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਦੇ ਸਨਮਾਨ ਵਿਚ ਸਾਹਿਤਕ ਮਿਲਣੀ ਕੀਤੀ ਗਈ। ਗ਼ਜ਼ਲ ਮੰਚ ਦੇ ਪ੍ਰਧਾਨ ਅਤੇ ਨਾਮਵਰ ਸ਼ਾਇਰ ਜਸਵਿੰਦਰ ਨੇ ਦਰਸ਼ਨ ਬੁੱਟਰ ਨੂੰ ਜੀ ਆਇਆਂ ਕਿਹਾ। ਉਨ੍ਹਾਂ ਦੱਸਿਆ ਕਿ ਦਾਰਸ਼ਨਿਕ ਕਵਿਤਾ ਦੇ ਖੇਤਰ ਵਿੱਚ ਦਰਸ਼ਨ ਬੁੱਟਰ ਦੀ ਵੱਖਰੀ ਪਹਿਚਾਣ ਹੈ। ਉਸ ਦੇ ਸੱਤ ਕਾਵਿ ਸੰਗ੍ਰਿਹ ‘ਔੜ ਦੇ ਬੱਦਲ’, ‘ਸਲ੍ਹਾਬੀ ਹਵਾ’, ‘ਸ਼ਬਦ. ਸ਼ਹਿਰ ਤੇ ਰੇਤ’, ‘ਖੜਾਵਾਂ’, ‘ਦਰਦ ਮਜੀਠੀ’, ‘ਮਹਾਂ ਕੰਬਣੀ’ ਅਤੇ ‘ਅੱਕਾਂ ਦੀ ਕਵਿਤਾ’ ਪ੍ਰਕਾਸ਼ਿਤ ਹੋ ਚੁੱਕੇ ਹਨ। ‘ਮਹਾਂ ਕੰਬਣੀ’ ਲਈ ਉਸ ਨੂੰ ਭਾਰਤੀ ਸਾਹਿਤ ਅਕਦਾਮੀ ਪੁਰਸਕਾਰ ਮਿਲਿਆ ਹੈ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਰੋਮਣੀ ਕਵੀ ਸਨਮਾਨ ਨਾਲ ਨਿਵਾਜਿਆ ਗਿਆ ਹੈ। ਉਹ ਦੂਜੀ ਵਾਰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸਰਬਸਮੰਤੀ ਨਾਲ ਬਣੇ ਹਨ। ਉਹ ਪਿਛਲੇ 25 ਸਾਲਾਂ ਤੋਂ ਨਾਭਾ ਵਿਖੇ ਪੰਜਾਬੀ ਕਵਿਤਾ ਦਾ ਮਹਾਂ ਕੁੰਭ (ਨਾਭਾ ਕਵਿਤਾ ਉਤਸਵ) ਕਰਵਾਉਂਦੇ ਆ ਰਹੇ ਹਨ ਜਿੱਥੇ ਨਵੇਂ, ਪੁਰਾਣੇ ਕਵੀਆਂ ਨੂੰ ਆਪਣੀ ਕਾਵਿ ਪ੍ਰਤਿਭਾ ਦੇ ਸੰਚਾਰ ਦਾ ਮੌਕਾ ਮਿਲਦਾ ਹੈ।

ਦਰਸ਼ਨ ਬੁੱਟਰ ਨੇ ਇਸ ਮੌਕੇ ਕਿਹਾ ਕਿ ਮੇਰੀ ਮਾਂ ਊੜੇ ਦੀ ਉਂਗਲ ਫੜਾ ਕੇ ਤੁਰ ਗਈ ਸੀ, ਉਸ ਦਾ ਚਿਹਰਾ ਵੀ ਮੈਨੂੰ ਯਾਦ ਨਹੀਂ ਪਰ ਉਹਦੇ ਠੂਠੀ ‘ਚ ਰਗੜ ਕੇ ਪਾਏ ਹੋਏ ਸੁਰਮੇ ਦੀ ਰੜਕ ਅੱਜ ਤੱਕ ਮੇਰੀਆਂ ਅੱਖਾਂ ‘ਚ ਹੈ। ਮੇਰੀ ਕਵਿਤਾ ਵਿਚ ਮਾੜੀ ਮੋਟੀ ਕੋਈ ਸੰਵੇਦਨਾ ਹੈ ਜਾਂ ਕਿਸੇ ਕਿਸਮ ਦਾ ਸਲੀਕਾ ਹੈ ਤਾਂ ਉਹ ਮੈਨੂੰ ਮੇਰੀ ਮਾਂ ਦੀ ਬਖਸ਼ਿਸ਼ ਲੱਗਦਾ ਹੈ। ਮੇਰੇ ਪਿਤਾ ਵੀ ਕਵਿਤਾ ਲਿਖਦੇ ਸਨ। ਉਨ੍ਹਾਂ ਦੀ ਸਟੇਜ ਦੀ ਕਵਿਤਾ ਮੈਨੂੰ ਬਹੁਤ ਚੰਗੀ ਲੱਗਦੀ ਸੀ। ਹੌਲੀ ਹੌਲੀ ਮੈਂ ਵੀ ਮਾੜੀ ਮੋਟੀ ਕਵਿਤਾ ਝਰੀਟਣ ਲੱਗ ਪਿਆ। ਥੋੜ੍ਹਾ ਜਿਹਾ ਘਰ ਦਾ ਮਾਹੌਲ ਮੈਨੂੰ ਇਸ ਪਾਸੇ ਲੈ ਆਇਆ ਤੇ ਫੇਰ ਮੈਨੂੰ ਅਧਿਆਪਕ ਇਸ ਤਰ੍ਹਾਂ ਦੇ ਮਿਲਦੇ ਰਹੇ, ਸਲੀਕਾ ਇਸ ਤਰ੍ਹਾਂ ਦਾ ਮਿਲਦਾ ਰਿਹਾ ਕਿ ਮੈਂ ਕਵਿਤਾ ਨਾਲ ਹੀ ਜੁੜ ਗਿਆ।

ਉਨ੍ਹਾਂ ਕਿਹਾ ਕਿ ਤੁਸੀਂ ਮੈਨੂੰ ਸ਼ਰੋਮਣੀ ਕਵੀ ਕਹੋ ਜਾਂ ਭਾਰਤੀ ਸਾਹਿਤ ਅਕੈਡਮੀ ਅਵਾਰਡੀ ਕਹੋ, ਮੈਂ ਦਰਅਸਲ ਇੱਕ ਨਿੱਕੇ ਜਿਹੇ ਪਿੰਡ ਦੇ ਨਿੱਕੇ ਜਿਹੇ ਕਿਸਾਨ ਦਾ ਪੁੱਤ ਅੱਖਰਾਂ ਦੀ ਅਰਾਧਨਾ ਕਰਦਾ ਕਰਦਾ ਇੱਥੋਂ ਤੱਕ ਪਹੁੰਚਿਆ ਹਾਂ। ਅਸਲ ਵਿਚ ਇਹ ਕਲਮ ਦੀ ਨੋਕ ਦੀ ਤਾਕਤ ਹੀ ਹੈ ਕਿ ਕਵਿਤਾ ਦੇ ਬਹਾਨੇ ਅਸੀਂ ਸਾਰੀ ਦੁਨੀਆ ਵਿਚ ਘੁੰਮ ਰਹੇ ਹਾਂ। ਇਸ ਕਲਮ ਦੇ ਬਹਾਨੇ ਅਸੀਂ ਉੱਥੇ ਪਹੁੰਚ ਗਏ ਹਾਂ ਜਿਸ ਬਾਰੇ ਕਦੇ ਸੋਚ ਵੀ ਨਹੀਂ ਸੀ ਸਕਦੇ।

ਦਰਸ਼ਨ ਬੁੱਟਰ ਨੇ ਇਸ ਮੌਕੇ ਆਪਣੀਆਂ ਬਹੁਤ ਹੀ ਭਾਵਪੂਰਤ ਅਤੇ ਦਾਰਸ਼ਨਿਕ ਬੋਧ ਦੀਆਂ ਕਾਵਿ ਰਚਨਾਵਾਂ ਸੁਣਾ ਕੇ ਗ਼ਜ਼ਲ ਮੰਚ ਦੇ ਸ਼ਾਇਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਉਨ੍ਹਾਂ ਦੀ ਕਾਵਿਕ ਗਹਿਰਾਈ ਸਭ ਨੂੰ ਆਨੰਦਿਤ ਕੀਤਾ। ਗ਼ਜ਼ਲ ਮੰਚ ਵੱਲੋਂ ਪਲੈਕ ਅਤੇ ਸ਼ਾਲ ਨਾਲ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸਨਮਾਨ ਦੀ ਰਸਮ ਮੰਚ ਦੇ ਆਗੂ ਜਸਵਿੰਦਰ, ਕ੍ਰਿਸ਼ਨ ਭਨੋਟ, ਰਾਜਵੰਤ ਰਾਜ, ਦਵਿੰਦਰ ਗੌਤਮ, ਦਸ਼ਮੇਸ਼ ਗਿੱਲ ਫ਼ਿਰੋਜ਼, ਹਰਦਮ ਸਿੰਘ ਮਾਨ ਅਤੇ ਪ੍ਰੀਤ ਮਨਪ੍ਰੀਤ ਨੇ ਅਦਾ ਕੀਤੀ।

Show More

Related Articles

Leave a Reply

Your email address will not be published. Required fields are marked *

Back to top button
Translate »