ਖੇਡਾਂ ਖੇਡਦਿਆਂ

ਟੌਰਾਂਟੋ ਦੇ ਖੇਡ ਮੈਦਾਨਾਂ ਵਿੱਚ ਕੌਡੀ ਕੌਡੀ ਹੋਈ–

ਜੀ ਟੀ ਏ ਕਬੱਡੀ ਕਲੱਬ ਨੇ ਕਰਵਾਇਆ ਟੋਰਾਂਟੋ ‘ਚ ਵਿਸ਼ਾਲ ਕਬੱਡੀ ਕੱਪ
ਬਰੈਪਟਨ ਯੂਨਾਈਟਡ ਕਬੱਡੀ ਕਲੱਬ ਨੇ ਜਿੱਤਿਆ ਖਿਤਾਬ
ਸ਼ੀਲੂ ਹਰਿਆਣਾ, ਭੂਰੀ ਛੰਨਾ ਤੇ ਕਾਲਾ ਧੂਰਕੋਟ ਨੇ ਦਿਖਾਈ ਸਰਵੋਤਮ ਖੇਡ


ਡਾ. ਸੁਖਦਰਸ਼ਨ ਸਿੰਘ ਚਹਿਲ 403 660 5476, 9779590575

ਟੋਰਾਂਟੋ ਕਬੱਡੀ ਸੀਜ਼ਨ-2023 ਦਾ ਦੂਸਰਾ ਸ਼ਾਨਦਾਰ ਤੇ ਵਿਸ਼ਾਲ ਕਬੱਡੀ ਕੱਪ ਸੀਸੀਏ ਸੈਂਟਰ (ਪਾਵਰੇਡ ਸੈਂਟਰ) ਦੇ ਖੂਬਸੂਰਤ ਮੈਦਾਨ ‘ਚ ਜੀ ਟੀ ਏ ਕਬੱਡੀ ਕਲੱਬ ਵੱਲੋਂ ਦਲਜੀਤ ਸਿੰਘ ਸਹੋਤਾ, ਮੇਜਰ ਨੱਤ, ਬਿੱਲਾ ਰੰਧਾਵਾ, ਜਿੰਦਰ ਬੁੱਟਰ, ਕਰਮਜੀਤ ਸੁੰਨੜ, ਬੰਤ ਨਿੱਝਰ ਤੇ ਸਤਨਾਮ ਸਰਾਏ ਹੋਰਾਂ ਵੱਲੋਂ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਝੰਡੇ ਹੇਠ ਕਰਵਾਇਆ ਗਿਆ। ਜਿਸ ਨੂੰ ਬਰੈਪਟਨ ਯੂਨਾਈਟਡ ਕਬੱਡੀ ਕਲੱਬ ਦੀ ਟੀਮ ਨੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਉਪ ਜੇਤੂ ਬਣੀ। ਦਰਸ਼ਕਾਂ ਦੇ ਅਥਾਹ ਹੁੰਗਾਰੇ ਨੇ ਟੂਰਨਾਮੈਂਟ ਪ੍ਰਬੰਧਕਾਂ ਤੇ ਖਿਡਾਰੀਆਂ ਦਾ ਪੂਰਾ ਦਿਨ ਉਤਸ਼ਾਹ ਬਣਾਈ ਰੱਖਿਆ।
ਪਹਿਲੇ ਦੌਰ ਦੇ ਮੈਚ:- ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਨਾਲ ਸਬੰਧਤ ਸੱਤ ਕਲੱਬਾਂ ਦੀਆਂ ਟੀਮਾਂ ਨੇ ਇਸ ਕੱਪ ਨੂੰ ਸਫਲ ਬਣਾਉਣ ‘ਚ ਸ਼ਾਨਦਾਰ ਭੂਮਿਕਾ ਨਿਭਾਈ। ਵਾਹਿਗੁਰੂ ਦਾ ਓਟ ਆਸਰਾ ਲੈ ਕੇ ਆਰੰਭ ਹੋਏ ਇਸ ਕੱਪ ਦੇ ਪਹਿਲੇ ਮੈਚ ‘ਚ ਮੇਜ਼ਬਾਨ ਜੀ ਟੀ ਏ ਕਲੱਬ ਦੀ ਟੀਮ ਨੇ ਮੰਨਾ ਬੱਲ ਨੌ ਤੇ ਸੁੱਖਾ ਬਾਜਵਾ ਦੇ ਵਧੀਆ ਧਾਵਿਆ, ਅੰਮ੍ਰਿਤ ਔਲਖ ਤੇ ਯਾਦ ਕੋਟਲੀ ਦੇ ਸ਼ਾਨਦਾਰ ਜੱਫਿਆਂ ਸਦਕਾ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਐਂਡ ਕਲਚਰ ਕਲੱਬ ਦੀ ਟੀਮ ਨੂੰ 34-27 ਅੰਕਾਂ ਨਾਲ ਹਰਾਇਆ। ਇੰਟਰਨੈਸ਼ਨਲ ਪੰਜਾਬੀ ਕਲੱਬ ਵੱਲੋਂ ਚਿੱਤਪਾਲ ਚਿੱਟੀ ਤੇ ਜੱਸੀ ਸਹੋਤਾ ਨੇ ਵਧੀਆ ਰੇਡਾਂ ਪਾਈਆਂ ਤੇ ਜੱਸਾ ਮਾਣੂਕੇ ਨੇ ਵਧੀਆ ਜੱਫੇ ਲਗਾਏ। ਦੂਸਰੇ ਮੈਚ ‘ਚ ਯੂਨਾਈਟਡ ਬਰੈਪਟਨ ਕਬੱਡੀ ਕਲੱਬ ਦੀ ਟੀਮ ਨੇ ਭੂਰੀ ਛੰਨਾ, ਬੰਟੀ ਟਿੱਬਾ ਤੇ ਬੁਲਟ ਪੀਰਾਂਵਾਲ ਦੇ ਸ਼ਾਨਦਾਰ ਧਾਵਿਆਂ, ਸ਼ੀਲੂ ਅਕਬਰਪੁਰ ਦੇ ਸ਼ਾਨਦਾਰ ਜੱਫਿਆਂ ਸਦਕਾ ਮੈਟਰੋ ਪੰਜਾਬੀ ਕਬੱਡੀ ਕਲੱਬ ਦੀ ਟੀਮ ਨੂੰ ਫਸਵੇਂ ਮੁਕਾਬਲੇ ‘ਚ 36-34 ਅੰਕਾਂ ਨਾਲ ਹਰਾਇਆ। ਮੈਟਰੋ ਦੀ ਟੀਮ ਲਈ ਸੰਦੀਪ ਲੁੱਧਰ ਤੇ ਪੱਟੂ ਛੰਨਾ ਨੇ ਜ਼ੋਰਦਾਰ ਧਾਵੇ ਬੋਲੇ, ਪ੍ਰੀਤ ਲੱਧੂ ਤੇ ਪ੍ਰਵੀਨ ਮਿਰਜਾਪੁਰ ਨੇ ਵਧੀਆ ਜੱਫੇ ਲਗਾਏ। ਤੀਸਰੇ ਮੈਚ ‘ਚ ਓ.ਕੇ.ਸੀ. ਕਬੱਡੀ ਕਲੱਬ ਦੀ ਟੀਮ ਨੇ ਜਸਮਨਪ੍ਰੀਤ ਰਾਜੂ ਦੇ ਧੜੱਲੇਦਾਰ ਧਾਵਿਆਂ ਤੇ ਫਰਿਆਦ ਸ਼ਕਰਪੁਰ ਦੇ ਜੁਝਾਰੂ ਜੱਫਿਆ ਸਦਕਾ ਯੰਗ ਕਬੱਡੀ ਕਲੱਬ ਦੀ ਟੀਮ ਨੂੰ 37-33 ਅੰਕਾਂ ਨਾਲ ਹਰਾਇਆ। ਯੰਗ ਕਲੱਬ ਦੀ ਟੀਮ ਵੱਲੋਂ ਦੁੱਲਾ ਨਿਜ਼ਾਮਪੁਰ ਨੇ ਧਾਕੜ ਧਾਵੇ ਬੋਲੇ, ਪੰਮਾ ਸੋਹਣਾ ਤੇ ਸੰਨੀ ਆਦਮਵਾਲ ਨੇ ਸੰਘਰਸ਼ਮਈ ਜੱਫੇ ਲਗਾਏ।


ਦੂਸਰੇ ਦੌਰ ਦੇ ਮੈਚ:-  ਦੂਸਰੇ ਦੌਰ ਦੇ ਪਲੇਠੇ ‘ਚ ਮੈਟਰੋ ਪੰਜਾਬੀ ਕਲੱਬ ਦੀ ਟੀਮ ਨੇ ਸੰਦੀਪ ਲੁੱਧਰ ਤੇ ਦੀਪਕ ਕਾਸ਼ੀਪੁਰ ਦੇ ਵਧੀਆ ਧਾਵਿਆਂ, ਰਵੀ ਸਾਹੋਕੇ ਤੇ ਗਗਨ ਸੂਰੇਵਾਲ ਦੇ ਜੱਫਿਆਂ ਸਦਕਾ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 34-29 ਨਾਲ ਹਰਾਇਆ। ਟੋਰਾਂਟੋ ਕਲੱਬ ਦੀ ਟੀਮ ਲਈ ਕੁਲਵਿੰਦਰ ਧਰਮਪੁਰਾ ਤੇ ਢੋਲਕੀ ਕਾਲਾ ਸੰਘਿਆਂ ਨੇ ਸੰਘਰਸ਼ਮਈ ਧਾਵੇ ਬੋਲੇ, ਜੱਗੂ ਹਾਕਮਵਾਲਾ ਤੇ ਮਨੀ ਮੱਲੀਆਂ ਨੇ ਵਧੀਆ ਜੱਫੇ ਲਗਾਕੇ ਮੈਚ ਨੂੰ ਕਾਂਟੇਦਾਰ ਬਣਾਈ ਰੱਖਿਆ। ਅਗਲੇ ਮੈਚ ਜੀ ਟੀ ਏ ਕਬੱਡੀ ਕਲੱਬ ਦੀ ਟੀਮ ਨੇ ਮੰਨਾ ਬੱਲ ਨੌ ਤੇ ਨੀਨਾ ਡਰੋਲੀ ਦੇ ਧਾਕੜ ਧਾਵਿਆਂ, ਯਾਦ ਕੋਟਲੀ, ਅੰਮ੍ਰਿਤ ਔਲਖ ਤੇ ਸੱਤੂ ਖਡੂਰ ਸਾਹਿਬ ਦੇ ਵਧੀਆ ਜੱਫਿਆਂ ਸਦਕਾ ਯੰਗ ਕਬੱਡੀ ਕਲੱਬ ਦੀ ਟੀਮ ਨੂੰ 37-31 ਅੰਕਾਂ ਨਾਲ ਹਰਾਕੇ, ਟੂਰਨਾਮੈਂਟ ‘ਚੋਂ ਬਾਹਰ ਕਰ ਦਿੱਤਾ। ਯੰਗ ਕਲੱਬ ਵੱਲੋਂ ਜੀਵਨ ਮਾਣੂਕੇ ਤੇ ਦੁੱਲਾ ਨਿਜਾਮਪੁਰ ਨੇ ਚੰਗੀਆਂ ਕਬੱਡੀਆਂ ਪਾਈਆਂ, ਜੀਤਾ ਤਲਵੰਡੀ ਤੇ ਡੋਗਰ ਪਾਕਿਸਤਾਨ ਨੇ ਸੰਘਰਸ਼ਮਈ ਜੱਫੇ ਲਗਾਏ। ਇੱਕ ਹੋੇਰ ਮੈਚ ‘ਚ ਓ ਕੇ ਸੀ ਕਲੱਬ ਦੀ ਟੀਮ ਨੇ ਰਵੀ ਦਿਓਰਾ ਤੇ ਜਸਮਨਪ੍ਰੀਤ ਰਾਜੂ ਦੇ ਧਾਕੜ ਧਾਵਿਆਂ, ਇੰਦਰਜੀਤ ਕਲਸੀਆ ਦੇ ਵਧੀਆ ਜੱਫਿਆਂ ਸਦਕਾ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਐਂਡ ਕਬੱਡੀ ਕਲੱਬ ਦੀ ਟੀਮ ਨੂੰ 35-30 ਅੰਕਾਂ ਨਾਲ ਹਰਾਇਆ। ਇੰਟਰਨੈਸ਼ਨਲ ਕਲੱਬ ਲਈ ਬਿਨਾਯਾ ਮਲਿਕ ਤੇ ਦੁੱਲਾ ਬੱਗਾ ਪਿੰਡ ਨੇ ਵਧੀਆ ਧਾਵੇ ਬੋਲੇ, ਸੰਨੀ ਕਾਲਾ ਸੰਘਿਆਂ ਨੇ ਸੰਘਰਸ਼ਮਈ ਜੱਫੇ ਲਗਾਏ।

ਸੈਮੀਫਾਈਨਲ ਮੈਚ:- ਪਹਿਲੇ ਸੈਮੀਫਾਈਨਲ ਮੁਕਾਬਲੇ ‘ਚ ਯੂਨਾਈਟਡ ਬਰੈਂਪਟਨ ਕਬੱਡੀ ਕਲੱਬ ਦੀ ਟੀਮ ਨੇ ਬੁਲਟ ਪੀਰਾਂਵਾਲ ਤੇ ਭੂਰੀ ਛੰਨਾ ਦੇ ਧਾਕੜ ਧਾਵਿਆਂ, ਸ਼ੀਲੂ ਅਕਬਰਪੁਰ ਤੇ ਯਾਦਾ ਸੁਰਖਪੁਰ ਦੇ ਧੜੱਲੇਦਾਰ ਜੱਫਿਆਂ ਸਦਕਾ ਜੀ ਟੀ ਏ ਕਬੱਡੀ ਕਲੱਬ ਦੀ ਟੀਮ ਨੂੰ 44-35 ਅੰਕਾਂ ਨਾਲ ਹਰਾਕੇ ਫਾਈਨਲ ‘ਚ ਪ੍ਰਵੇਸ਼ ਕੀਤਾ। ਜੀਟੀਏ ਕਲੱਬ ਲਈ ਕਮਲ ਨਵਾਂ ਪਿੰਡ ਤੇ ਮੰਨਾ ਬੱਲ ਨੌ ਨੇ ਧਾਕੜ ਧਾਵੇ ਬੋਲੇ, ਸੱਤੂ ਖਡੂਰ ਸਾਹਿਬ ਨੇ ਸੰਘਰਸ਼ਮਈ ਜੱਫੇ ਲਗਾਏ। ਦੂਸਰੇ ਸੈਮੀਫਾਈਨਲ ‘ਚ ਮੈਟਰੋ ਪੰਜਾਬੀ ਇੰਟਰਨੈਸ਼ਨਲ ਕਬੱਡੀ ਕਲੱਬ ਦੀ ਟੀਮ ਨੇ ਸੰਦੀਪ ਲੁੱਧਰ, ਬੂਰੀਆ ਸਿੰਸਰ ਤੇ ਦੀਪਕ ਕਾਸ਼ੀਪੁਰ ਦੇ ਧਾਕੜ ਧਾਵਿਆਂ ਤੇ ਰਵੀ ਸਾਹੋਕੇ, ਵੈਦ ਉਲ ਰਾਜਪੂਤ ਤੇ ਗਗਨ ਸੂਰੇਵਾਲ ਦੇ ਜੱਫਿਆ ਸਦਕਾ ਓਕੇਸੀ ਕਲੱਬ ਦੀ ਟੀਮ ਨੂੰ 39-34 ਅੰਕਾਂ ਨਾਲ ਹਰਾਕੇ ਫਾਈਨਲ ‘ਚ ਥਾਂ ਬਣਾਈ। ਓਕੇਸੀ ਦੀ ਟੀਮ ਲਈ ਰਵੀ ਦਿਓਰਾ ਤੇ ਜਸਮਨਪ੍ਰੀਤ ਰਾਜੂ ਨੇ ਸੰਘਰਸ਼ਮਈ ਰੇਡਾਂ ਪਾਈਆਂ। ਇਸ ਉਪਰੰਤ ਅੰਡਰ-21 ਟੀਮਾਂ ਦਰਮਿਆਨ ਪ੍ਰਦਰਸ਼ਨੀ ਮੈਚ ਖੇਡਿਆ ਗਿਆ।

ਖਿਤਾਬੀ ਜੰਗ:- ਮੀਂਹ ਤੋਂ ਪ੍ਰਭਾਵਿਤ ਫਾਈਨਲ ਮੈਚ ‘ਚ ਯੂਨਾਈਟਡ ਬਰੈਂਪਟਨ ਕਬੱਡੀ ਕਲੱਬ ਦੀ ਟੀਮ ਨੇ ਭੂਰੀ ਛੰਨਾ ਤੇ ਕਾਲਾ ਧੂਰਕੋਟ ਦੀਆਂ ਅਜੇਤੂ ਰੇਡਾਂ, ਸ਼ੀਲੂ ਅਕਬਰਪੁਰ ਤੇ ਯੋਧਾ ਸੁਰਖਪੁਰ ਦੇ ਧਵੱਲੇਦਾਰ ਜੱਫਿਆਂ ਸਦਕਾ ਮੈਟਰੋ ਪੰਜਾਬੀ ਕਬੱਡੀ ਕਲੱਬ ਦੀ ਟੀਮ ਨੂੰ 25-8 ਅੰਕਾਂ ਨਾਲ ਹਰਾਕੇ, ਖਿਤਾਬੀ ਜਿੱਤ ਦਰਜ ਕੀਤੀ। ਮੈਟਰੋ ਦੀ ਟੀਮ ਵੱਲੋਂ ਸੰਦੀਪ ਲੁੱਧਰ (ਧਾਵੀ), ਵੈਦ ਉਲ ਰਾਜਪੂਤ ਤੇ ਪ੍ਰਵੀਨ ਮਿਰਜਾਪੁਰ ਨੇ ਸੰਘਰਸ਼ਮਈ ਖੇਡ ਦਿਖਾਈ।

ਸਰਵੋਤਮ ਖਿਡਾਰੀ:- ਯੂਨਾਈਟਡ ਬਰੈਂਪਟਨ ਕਬੱਡੀ ਕਲੱਬ ਦੇ ਖਿਡਾਰੀ ਭੂਰੀ ਛੰਨਾ ਤੇ ਕਾਲਾ ਧੂਲਕੋਟ 4-4 ਅਜੇਤੂ ਧਾਵੇ ਬੋਲਕੇ ਸਾਂਝੇ ਤੌਰ ‘ਤੇ ਸਰਵੋਤਮ ਧਾਵੀ ਬਣੇ। ਟੀਮ ਦੀ ਸਹਿਮਤੀ ਨਾਲ ਸ਼ੀਲੂ ਅਕਬਰਪੁਰ (5 ਜੱਫੇ) ਤੇ ਯੋਧਾ ਸੁਰਖਪੁਰ (4 ਜੱਫੇ) ਸਾਂਝੇ ਤੌਰ ‘ਤੇ ਬਿਹਤਰੀਨ ਜਾਫੀ ਐਲਾਨੇ ਗਏ।

ਵਿਸ਼ੇਸ਼ ਮਹਿਮਾਨ:- ਟੂਰਨਾਮੈਂਟ ਦੌਰਾਨ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਮਨਿੰਦਰ ਸਿੰਘ ਸਿੱਧੂ, ਟਿੱਮ ਉਪਲ, ਜਸਰਾਜ ਹੱਲ੍ਹਣ, ਮੇਅਰ ਪੈਟਰਿਕ ਬਰਾਊਨ ਸਮੇਤ ਬਹੁਤ ਸਾਰੇ ਸਾਬਕਾ ਕਬੱਡੀ ਖਿਡਾਰੀਆਂ ਤੇ ਪ੍ਰਮੋਟਰਾਂ ਨੇ ਜੀ ਟੀ ਏ ਕਲੱਬ ਦੇ ਪ੍ਰਬੰਧਕਾਂ ਦਾ ਹੌਂਸਲਾ ਵਧਾਇਆ।

ਸੰਚਾਲਕ ਦਲ:- ਨਾਮਵਰ ਕਬੱਡੀ ਕੁਮੈਂਟੇਟਰ ਮੱਖਣ ਅਲੀ, ਸੁਰਜੀਤ ਕਕਰਾਲੀ,  ਗਾਲਿਬ, ਸ਼ਿੰਦਰ ਧਾਲੀਵਾਲ, ਕਾਲਾ ਰਛੀਨ ਤੇ ਹੈਰੀ ਬਨਭੌਰਾ ਨੇ ਪੂਰਾ ਦਿਨ ਆਪਣੇ ਸ਼ਾਨਦਾਰ ਬੋਲਾਂ ਨਾਲ ਦਰਸ਼ਕਾਂ ਨੂੰ ਕਬੱਡੀ ਨਾਲ ਜੋੜ ਕੇ ਰੱਖਿਆ। ਮੈਚਾਂ ਦਾ ਸੰਚਾਲਨ ਅੰਪਾਇਰਿੰਗ ਟੀਮ ਪੱਪ ਭਦੌੜ, ਬਲਵੀਰ ਸਿੰਘ, ਸਾਬੀ, ਟੀਟਾ ਤੇ ਬੀਨਾ ਨੇ ਵਧੀਆ ਤਰੀਕੇ ਨਾਲ ਕੀਤਾ। ਜਸਵੰਤ ਖੜਗ ਤੇ ਕੁਲਵੰਤ ਢੀਂਡਸਾ ਨੇ ਸਕੋਰਰ ਦੀ ਜਿੰਮੇਵਾਰੀ ਨਿਭਾਈ।

ਸਵੱਲੀ ਨਜ਼ਰ:- ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਝੰਡੇ ਹੇਠ ਕਰਵਾਏ ਗਏ ਇਸ ਟੂਰਨਾਮੈਂਟ ਦੌਰਾਨ ਖੇਡ ਸੰਚਾਲਨ ‘ਚ ਬਹੁਤ ਹੀ ਅਨੂਸ਼ਾਸ਼ਨ ਦੇਖਣ ਨੂੰ ਮਿਲਿਆ। ਸਾਰੇ ਮੈਚਾਂ ਦੌਰਾਨ ਖਿਡਾਰੀਆਂ, ਪ੍ਰਬੰਧਕਾਂ ਤੇ ਅੰਪਾਇਰਾਂ ਨੇ ਪੂਰਾ ਜਾਬਤਾ ਬਣਾਕੇ ਰੱਖਿਆ। ਟੀਮਾਂ ਨਾਲ ਮੈਚ ਦੌਰਾਨ ਸਿਰਫ ਕੋਚ ਤੇ ਮੈਨੇਜਰ (1-1) ਹੀ ਮੈਦਾਨ ‘ਚ ਜਾ ਸਕਦੇ ਸਨ। ਇੱਕ ਖਿਡਾਰੀ ਚਿਕਨਾਈ ਵਾਲੀ ਚੀਜ਼ ਲਗਾ ਕੇ ਖੇਡਣ ਆਇਆ ਤਾਂ ਉਸ ਨੂੰ ਇੱਕ ਮੈਚ ਨਹੀਂ ਖੇਡਣ ਦਿੱਤਾ ਗਿਆ। ਇੱਕ ਟੀਮ ‘ਚ ਅੱਧੇ ਸਮੇਂ ਤੱਕ ਇੱਕ ਖਿਡਾਰੀ ਘੱਟ ਸੀ ਤਾਂ ਵਿਰੋਧੀ ਟੀਮ ਨੂੰ ਇੱਕ ਅੰਕ ਦਿੱਤਾ ਗਿਆ। ਦੋ ਨਾਮਵਰ ਖਿਡਾਰੀ ਮੈਚ ‘ਚ ਦੇਰੀ ਨਾਲ ਆਏ ਤਾਂ ਉਨ੍ਹਾਂ ਨੂੰ ਮੈਚ ਦੇ ਪਹਿਲੇ ਅੱਧ ਦੌਰਾਨ ਖੇਡਣ ਨਹੀਂ ਦਿੱਤਾ ਗਿਆ। ਗੁਰੂ ਨਾਨਕ ਲੰਗਰ ਸੇਵਾ ਸੰਸਥਾ ਵੱਲੋਂ ਸਾਰਾ ਦਿਨ ਵੱਖ-ਵੱਖ ਪਕਵਾਨਾਂ ਵਾਲਾ ਗੁਰੂ ਕਾ ਲੰਗਰ ਲਗਾਇਆ ਗਿਆ। ਵਿਸ਼ੇਸ਼ ਮਹਿਮਾਨਾਂ ਲਈ ਪ੍ਰਬੰਧਕਾਂ ਵੱਲੋਂ ਫਲਾਂ, ਸੁੱਕੇ ਮੇਵਿਆਂ, ਸਨੈਕਸ ਤੇ ਕੋਲਡ ਡਰਿੰਕਸ ਦਾ ਉਚੇਚਾ ਪ੍ਰਬੰਧ ਕੀਤਾ ਗਿਆ। ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਅਰਿੰਦਰ ਸਿੰਘ ਕਾਲਾ ਹਾਂਸ, ਜਨਰਲ ਸਕੱਤਰ ਮਨਜੀਤ ਘੋਤੜਾ ਤੇ ਚੇਅਰਮੈਨ ਜਸਵਿੰਦਰ ਸਰਾਏ ਨੇ ਸਭ ਪ੍ਰਬੰਧਕਾਂ, ਖਿਡਾਰੀਆਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।

Show More

Related Articles

Leave a Reply

Your email address will not be published. Required fields are marked *

Back to top button
Translate »