ਹੱਡ ਬੀਤੀਆਂ

ਇਸ ਮੁੰਡੇ ਤੇ ਫਿਲਮ ਬਣੀ ਐ ਡਾਕੂਆਂ ਦਾ ਮੁੰਡਾ 2

ਵੇਂਹਦਿਆਂ ਵੇਂਹਦਿਆਂ ਕਿਤਾਬ ਤੋਂ ਕਿਰਚ ਬਣ ਗਈ…

ਜੁਰਮ’ ‘ਸਜਾ’ ‘ਹਿੰਸਾ’ ‘ਖੌਫ’ ‘ਸਾਊਪੁਣਾ’ ‘ਅਵੈੜਪੁਣਾ’ ‘ਦਰਵੇਸ਼ੀ’ ‘ਸ਼ਰਾਫਤ’ ਹੋਰ ਕਿੰਨਾ ਕੁਝ ਐ, ਜਿੱਥੋਂ ਜ਼ਿੰਦਗੀ ਦੇ ਰਾਹ ਨਿਕਲਦੇ ਨੇ। ਇਨ੍ਹਾਂ ਰਾਹਾਂ ਦੇ ਆਪਣੇ ਆਪਣੇ ਰੰਗ ਐ। ਇਨ੍ਹਾਂ ਰੰਗਾਂ ਦਾ ਆਪਣਾ ਆਪਣਾ ਸੁਹੱਪਣ ਐ। ਜੁਰਮ ਦਾ ਸੁਹੱਪਣ ਕਤਲ ਐ, ਸਜਾ ਦਾ ਸੁਹੱਪਣ ‘ਅਣਖ’ ਜਾਂ ‘ਤਰਲੈ’, ‘ਹਿੰਸਾ’ ਦਾ ਸੁਹੱਪਣ ਧਰਾਤਲ ਤੇ ਨਿਰਭਰ ਕਰਦੈ। ਇਹ ਸੁਹੱਪਣ ਦੀ ਸਾਂਝ ਇਸ ਗੱਲ ’ਚ ਐ ਕਿ ਜਿਹੜਾ ਵੀ ਬੰਦਾ ਇਨ੍ਹਾਂ ਨੂੰ ਜਿਉਂਦੈ, ਉਹ ‘ਆਊਟਸਾਈਡਰ’ ਹੁੰਦੈ। ਉਹ ਇਨ੍ਹਾਂ ਵਿੱਚ ਨਿਕਲ ਕੇ ਜੇ ਦੂਜੇ ਰਾਹ ਤੁਰਦੈ ਤਾਂ ਉੱਧਰ ਵੀ ‘ਸਿਖਰ’ ਤੱਕ ਪਹੁੰਚਦੈ। ਇਹ ਸਿਖਰ ਨੂੰ ਬਹੁਤ ਹੰਡਾਉਂਦੇ ਨੇ। ਜਦੋਂ ਹੰਢਾ ਰਹੇ ਹੁੰਦੇ ਨੇ ਉਦੋਂ ਇਨ੍ਹਾਂ ਦੀ ਦੁਨੀਆਂ ਬਾਕੀਆਂ ਨਾਲੋਂ ਵੱਖਰੀ ਹੁੰਦੀ ਐ। ‘ਗੈਗਸਟਰ’ ‘ਨਸ਼ੇੜੀ’ ‘ਜੁਰਮ’ ਕਰਨ ਵਾਲਾ ‘ਸਜਾ’ ਤਾਂ ਕੱਟਦੈ ਪਰ ਇਹ ਸਜਾ ਉਸਨੂੰ ਅਗਾਂਹ ਤੋਂ ਰਾਹ ਦਿੰਦੀ ਐ। ਇਹ ਰਾਹ ਜੇ ਤਾਂ ਉੱਧਰ ਹੀ ਤੋਰਨ ਜਿੱਧਰੋਂ ਉਹ ਆਇਆ ਸੀ ਤਾਂ ਉਸਦਾ ਅੰਤ ਜੁਰਮ ਦਾ ਸਿਖਰ ਹੁੰਦੈ। ਬਹੁਤੀ ਵਾਰ ਇਹ ਰਾਹ ਬਦਲ ਜਾਦੇ ਹਨ। ਜਦੋਂ ਰਾਹ ਬਦਲਣ ਫਿਰ ਇਹ ਨਵੀਆਂ ਪੈੜਾਂ ਪਾਉਂਦੇ ਹਨ। ਇਨ੍ਹਾਂ ਵਿੱਚ ਬਹੁਤੇ ਫੈਸਲੇ ਨ੍ਹੀਂ ਬਦਲਦੇ। ਜੁਰਮ, ਇਕਬਾਲ ਕਰਦੇ ਹਨ। ਬਹੁਤੇ ਵਾਰ ਵਾਰ ਫੈਸਲੇ ਬਦਲਦੇ ਹਨ ਜਿਵੇਂ ਦੋਸਤੋਵਸਕੀ ਦਾ ਪਾਤਰ ਰਸਕੌਲਨਕੋਵ ਆਖਰੀ ਸਮੇਂ ਤੱਕ ਬਦਲਦੈ। ਇਹ ਸੰਸਾਰ ਵੱਖਰੈ। ਸਭ ਦੇ ਸਮਝ ਆਉਣ ਵਾਲਾ ਹੈ ਹੀ ਨ੍ਹੀਂ। ਜੁਰਮ ਦੀ ਦੁਨੀਆਂ ਨਾ ਦਿਲ ਦੀ ਐ, ਨਾ ਦਿਮਾਗ ਦੀ। ਇਹ ਦੌਰੇ ਵਰਗੀ ਸਥਿਤੀ ਐ। ਸਕਿੰਟਾਂ ਵਿੱਚ ਪਾਸਾ ਬਦਲਣ ਵਰਗੀ ਗੱਲ। ਸਵੈਜੀਵਨੀਆਂ ਵਿੱਚ ਇਨ੍ਹਾਂ ਬੰਦਿਆਂ ਦੀ ਦੁਨੀਆਂ ਦਾ ਸੱਚ ਸਾਹਮਣੇ ਆਉਂਦੈ। ਮੰਗਾ ਸਿੰਘ ਅੰਟਾਲ ਦਾ ਸ਼ਰਾਰਤੀਪੁਣਾ ਉਸਨੂੰ ਉੱਧਰ ਲੈ ਜਾਂਦੈ ਜਿੱਧਰ ਉਹ ਜਾਣਾ ਨ੍ਹੀਂ ਚਾਹੁੰਦਾ। ਜਦੋਂ ਨਾ ਚਾਹੁੰਦਿਆਂ ਬੰਦਾ ਕਿਸੇ ਪਾਸੇ ਤੁਰਦੈ ਉਦੋਂ ਵਾਪਿਸ ਮੁੜਨ ਦੀ ਉਮੀਦ ਘੱਟ ਹੁੰਦੀ ਐ ਪਰ ਇਸ ਥੋੜ੍ਹੀ ਉਮੀਦ ਵਿੱਚੋਂ ਵੀ ਉਹ ਵਾਪਿਸ ਮੁੜਿਐ।

ਇਹੇ ਨਾਚ ਨੇ ਸਾਰੇ ਨਗਨਤਾ ਦੇ……
ਇਨ੍ਹਾਂ ਬੰਦਿਆਂ ਅੰਦਰ ਚਿੜ੍ਹ ਹੁੰਦੀ ਐ। ਅੰਦਰ ਦੀ ਜ਼ਹਿਰ ਨੂੰ ਥੁੱਕਣ ਦੀ ਬਜਾਇ ਜ਼ਹਿਰ ਇਨ੍ਹਾਂ ਦੇ ਅੰਦਰ ਵੜ੍ਹਦੀ ਐ। ਜਦੋਂ ਇਹ ਇਸ ਪਾਸੇ ਤੁਰਦੇ ਨੇ ਇਹ ਦੇਹ ਨਾਲੋਂ ਮਨ ਦੀ ਵਿੱਥ ਨ੍ਹੀਂ ਬਣਾ ਸਕਦੇ। ਇੱਕ ਵਾਰ ਧਸ ਗਏ ਜਦੋਂ, ਧਸਦੇ ਤੁਰੇ ਜਾਂਦੇ ਨੇ, ਫਿਰ ਤਾਂ। ਮੌਕੇ ਤਲਾਸ਼ਦੇ ਰਹਿੰਦੇ ਨੇ, ਬਾਹਰ ਨਿਕਲ ਦੇ ਨ੍ਹੀਂ, ਅੰਦਰ ਵੜ੍ਹਨ ਦੇ। ਛੋਟੇ ਹੁੰਦਿਆਂ ਮੰਗਾ ਜਿਹੜੀ ਸ਼ਰਾਰਤ ਕਰਦੈ, ਉਹਦਾ ਬੀਜ ਸੂਏ ’ਚ ਉਦੋਂ ਹੀ ਬੀਜਿਆ ਜਾਂਦੈ ਜਦੋਂ ਉਹ ਝਾੜ ’ਚ ਫਸੀ ਲਾਸ ਨੂੰ ਖਿੱਚ ਕੇ ਤੋਰਦੈ।
‘ਤੈਨੂੰ ਡਰ ਨ੍ਹੀਂ ਲੱਗਿਆ ਉਦੋਂ ਮੰਗਿਆ?’ – ਮੈਂ ਪੁੱਛਿਆ।
‘ਢਿੱਲੋਂ ਉਦੋਂ ਕਦੇ ਡਰ ਨ੍ਹੀਂ ਲੱਗਿਆ ਸੀ। ਗੱਲ ਐਂ ਸੀ ਕਿ ਸਾਨੂੰ ਬੇਲਦਾਰ ਤੋਂ ਪਤਾ ਲੱਗਿਆ, ਬਈ ਲਾਸ਼ ਫਸੀ ਪਈ ਐ ਸੂਏ ਵਿੱਚ। ਅਸੀਂ ਵੇਖਿਆ
ਲਾਸ਼ ਮੂਧੀ ਪਈ ਸੀ। ਸੂਏ ਵਿੱਚ ਲਾਸ਼ਾਂ ਦਾ ਵਗਣਾ ਓਦੋਂ ਜੇ ਆਮ ਵਾਂਗੂੰ ਨ੍ਹੀਂ ਸੀ ਤਾਂ ਟਾਂਵੀ-ਟਾਂਵੀ ਵਗਦੀ ਤਾਂ ਅਸੀਂ ਦੇਖੀ ਐ। ਇਨ੍ਹਾਂ ਲਾਂਸ਼ਾਂ ਵਿੱਚ ਸਾਂਝੀ ਗੱਲ ਇਹ ਹੁੰਦੀ ਕਿ ਜਿਆਦਾਤਰ ਕੇਸਧਾਰੀ ਮੁੰੁਡਿਆਂ ਦੀਆਂ ਹੁੰਦੀਆਂ।’
‘ਫਿਰ ਤੈਂ ਖਿੱਚ ਕੇ ਤੋਰਤੀ ਅਗਾਂਹ?’ – ਮੈਂ ਪੁੱਛਿਆ।
‘ਹਾਂ, ਮੈਂ ਤੇ ਤੋਤਾ ਵੜਗੇ ਸੂਏ ’ਚ। ਕਾਇਮ ਜਿਹਾ ਹੋ ਕੇ ਕੰਬਦੀਆਂ ਲੱਤਾਂ ਨੂੰ ਅਕੜਾਕੇ। ਦੰਦਾਂ ਨੂੰ ਦੰਦਾਂ ਉੱਪਰ ਰੱਖ ਕੇ, ਉਸਦੀ ਲੱਤ ਖਿੱਚੀ। …ਤਾਂ ਕਚ-ਲਹੂ ਦੀ ਤਤੀਰੀ ਮੇਰੇ ਮੂੰਹ ’ਤੇ ਪਈ ਤੇ ਕੁਛ ਛਿੱਟੇ ਜਿਹੇ ਤੋਤੇ ਤੇ ਵੀ ਪੈਗੇ।’ਅਸਲ ਵਿੱਚ ਉਸ ਲਾਸ਼ ਦੇ ਤੁਰਨ ਵਾਂਗ ਉਸਦੇ ਅੰਦਰਲਾ ਵੀ ਤੁਰਦੈ। ਨਿਆਣੀ ਉਮਰ ਕਰਕੇ ਸਮਝ ਨ੍ਹੀਂ ਆਉਂਦਾ। ਉਹਦੇ ਅੰਦਰ ਇਕ ਬੀਜ ਐ, ਜੇ ਉਹ ਉਦੋਂ ਜੁਆਨ ਹੁੰਦਾ ਉਸ ਪਾਸੇ ਜਾਂਦਾ ਜਿੱਧਰੋਂ ਕੋਈ ਮੁੜਿਆ ਨ੍ਹੀਂ। ਉਸ ਅੰਦਰ ਇਹ ਗੱਲ ਘਰ ਕਰਦੀ ਐ ਕਿ ਨਹਿਰਾਂ ਚ ਤਰਦੀਆਂ ਫਿਰਦੀਆਂ ਲਾਸ਼ਾਂ, ਕਿੰਨਾ ਦੀਆਂ ਹਨ। ਉਨ੍ਹਾਂ ਗੱਲਾਂ ਦਾ ਅਨੁਵਾਦ ਐ, ਜਿਹੜਾ ਉਹ ਅੱਜਕੱਲ ਕਰ ਰਿਹੈ।ਏਨੀ ਜ਼ਹਿਰ ਦੇ ਹੁੰਦਿਆਂ ਵੀ ਉਸਦੇ ਕਿਸੇ ਕੋਨੇ ਮੁਹੱਬਤ ਐ। ਇਹ ਮੁਹੱਬਤ ਉਸਨੂੰ ਮਾਂ, ਪਤਨੀ, ਵੈਲੀ ਮਿੱਤਰਾਂ ਕੋਲੋਂ ਮਿਲਦੀ ਐ। ਮਾਂ ਦੀ ਮੁਹੱਬਤ ਅੱਗੇ ਉਹ ਬੇਵਸ ਐ, ਉਸ ਸਾਹਮਣੇ ਹੋਣੋਂ ਟਲਦੈ। ਪਤਨੀ ਦੀ ਮੁਹੱਬਤ ਅੱਗੇ ‘ਚੁੱਪ’ ਐ, ਅੰਦਰ ਨੂੰ ਛਪਾਉਂਦੈ। ਮਿੱਤਰਾਂ ਦੀ ਮੁਹੱਬਤ ਅੱਗੇ ਉਹ ਵਿਛਦੈ, ਏਨਾ ਵਿਛਦੈ ਕਿ ਬੰਦੇ ਵੱਢਣ ਨੂੰ ਆਪਣਾ ਕਿੱਤਾ ਬਣਾ ਲੈਂਦੈ। ਕੋਈ ਸਮੈਂ ਉਹ ‘ਨੰਗਾ’ ਹੋ ਕੇ ਘਰ ਪਰਤਦੈ। ਕੋਈ ਸਮੈਂ ਉਹ ਨੰਗਾ ਹੋ ਕੇ ਸਪੋਰਟਸ ਕਾਲਜ ਦੇ ਹੋਸਟਲ ਵਿੱਚ ਜਸ਼ਨ ਮਨਾਉਂਦੈ। ਕੋਈ ਸਮੈਂ ਉਹ ਆਪਣੇ ਸਹੁਰਿਆਂ ਸਾਹਮਣੇ ‘ਨੰਗਾ’ ਹੋਇਐ। ਤਾਸੀਰ ਤਿੰਨੋਂ ਥਾਂ ਵੱਖਰੀ ਐ। ਉਸ ਅੰਦਰ ਕਈ ਧਿਰਾਂ ਨੇ, ਜਿਹੜੀਆਂ ਉਸਨੂੰ ਅੰਦਰੇ ਅੰਦਰ ਮਾਰਦੀਆਂ ਨੇ। ਪਹਿਲੀ ਵਾਰ ਉਸਦੀ ਮਾਸੀ ਸੂਏ ਚ ਨਹਾਉਂਦਿਆਂ ਦੇ ਕੱਪੜੇ ਚੁੱਕਦੀ ਐ। ਸ਼ਰਾਰਤ ਉਨ੍ਹਾਂ ਅੰਦਰ ਐ। ਉਨ੍ਹਾਂ ਦੇ ਸ਼ਰਾਰਤੀ ਮਿੱਤਰ ਕੋਲ ਦਿਮਾਗੀ ਚਾਲ ਐ। ਜਿਸ ਰਾਹੀਂ ਉਹ ਘਰ ਪਰਤਦੇ ਨੇ। ਉਨ੍ਹਾਂ ਨੂੰ ਪਤੈ ਘਰ ਉਨ੍ਹਾਂ ਲਈ ਸ਼ਰਾਰਤ ਨ੍ਹੀਂ, ਅਨੁਸ਼ਾਸਨ ਦੀ ਥਾਂ ਐ। ਛੋਟਾ ਜਿਹਾ ਜੁਰਮ ਐ, ਮਾਂ ਤੋਂ ਚੋਰੀ ਦੂਰ ਸੂਏ ਚ ਨਹਾਉਣ ਜਾਣਾ। ਛੋਈ ਜਿਹੀ ਸਜੈ, ਛਿੱਤਰ। ਉਹ ਸਜਾ ਕਬੂਲਦੇ ਨੇ, ਹੋਰ ਕੋਈ ਹੀਲਾ ਵੀ ਨ੍ਹੀਂ। ਇੱਥੋਂ ਉਸਦੀ ਜੁਰਮ ਦੀ ਦੁਨੀਆਂ ਸ਼ੁਰੂ ਹੁੰਦੀ ਐ, ਛੋਟੀ ਜਿਹੀ ਸ਼ਰਾਰਤ ਕਰਕੇ। ਇਸ ਨੂੰ ‘ਖੇਡ੍ਹ’ ਵਿੱਚ ਤਬਦੀਲ ਕਰਦੈ। ਉਸ ਅੰਦਰ ਜਿਹੜੀ ਹਿੰਸਾ ਪਈ ਐ, ਉਸਨੂੰ ਮੈਦਾਨ ਵਿੱਚ ਲੈ ਕੇ ਜਾਂਦੈ। ਉਥੇ ਜੁਰਮ ਵੀ ਨ੍ਹੀਂ, ਸਜਾ ਵੀ ਨ੍ਹੀਂ। ਵਿਰੋਧੀ ਦੇ ਪਾਲੇ ਚ ਮਾਰੀ ਲਲਕਾਰ ਐ। ਉੱਥੇ ਜੁਰਮ ਦਾ ਸੁਹੱਪਣ ‘ਲਲਕਾਰ’ ਐ, ਸਜਾ ਸਾਹਮਣੇ ਦਾ ਸਿੱਧਾ ਹੋ ਕੇ ਟੱਕਰਣਾ। ਦੂਜੀ ਵਾਰ ਉਹ ਹੋਸਟਲ ਵਿੱਚ ਜਸ਼ਨ ਕਰਦੇ ਹਨ। ਉੱਥੇ ਸਾਰੀ ਮਿੱਤਰ ਮੰਡਲੀ ਨੰਗੀ ਐ। ਇਹ ਵੀ ਇੱਕ ਦੁਨੀਐ। ਖੇਡ੍ਹ ਦੀ ਹਿੰਸਾ, ਦੇਹ ਦੀ ਹਿੰਸਾ ਵਿੱਚ ਬਦਲਦੀ ਐ। ਵੱਢ ਟੁੱਕ, ਥਾਣਾ, ਜੇਲ੍ਹ ਸਭ ਕੁਝ ਇੱਕੋ ਵਰਗਾ। ਇਹ ਨਗਨਤਾ ਦੀ ਜਿੱਦ ਏਨੀ ਭਿਆਨਕ ਐ ਕਿ ਪੱਟ ਚ ਵੱਜੀ ਗੋਲੀ ਨੂੰ ਚਾਕੂ ਨਾਲ ਕੱਢਣ ਤੁਰ ਪੈਂਦੀ ਐ। ਇਹ ਪਹਿਲੀ ਸ਼ਰਾਰਤ ਦੀ ਬੀਜ ਐ ਜਿਹੜਾ ਹੁਣ ਉੱਗ ਚੁੱਕਿਐ। ਇਸ ਦੇਹੀ ਹਿੰਸਾ ਵਿੱਚ ਉਹ ਬਰਾਬਰ ਦੀ ਧਿਰ ਨੂੰ ਟੱਕਰ ਰਿਹੈ। ਇੱਥੇ ਆ ਕੇ ਧੜੇ ਬਣ ਜਾਂਦੇ ਹਨ। ਇਹ ਧੜੇ ਅਖੀਰ ਤੱੱਕ ਨਿਭਦੇ ਹਨ। ਇੱਥੋਂ ਲੜਾਈ ਦੇ ਸਿਧਾਂਤ ਨਿਕਲਦੇ ਨੇ। ਲੜਨਾ ਸਮੇਂ ਪਿੱਠ ਕਿਵੇਂ ਜੁੜਦੀ ਐ, ਇੱਥੋਂ ਸਮਝ ਲੱਗਦੈ। ਇਹ ਜੁਰਮ ਦਾ ਸਿਖਰ ਐ। ਇਸ ਦੀ ਸਜਾ ਬਰਾਬਰ ਦੀ ਵੱਢ ਟੱੁਕ ਐ। ਬਰਾਬਰ ਦਾ ਸਮਾਂ ਬੰਨ੍ਹ ਕੇ ਮੁਕਾਬਲੈ। ਖੂਨ ਦਾ ਬਦਲਾ ਖੂਨ ਐ। ਇਸ ਨਗਨਤਾ ਵਿੱਚ ਉਹ ਜਿਹੜੀ ਸੁੱਚਤਾ ਰੱਖਦੈ ਉਹ ਉਸਦੀ ਖੂਬੀ ਐ। ਉਹ ਸੁੱਚਤਾ ਉਸ ਅੰਦਰ ਦੇ ਕਾਮ ਦੀ ਐ। ਤੀਜੀ ਨਗਨਤਾ ਉਸ ਦੀ ਸਹੁਰਿਆ ਅੱਗੇ ਐ। ਇਹ ਨਗਨਤਾ ਦਾ ਆਪਣਾ ਜੁਰਮ ਐ, ਇਸ ਦੀ ਸਜਾ ‘ਮੁਹੱਬਤ’ ਐ। ਇਹ ਮੁਹੱਬਤ ਉਸਨੂੰ ਇਸ ਦੁਨੀਆਂ ਚੋਂ ਬਾਹਰ ਲੈ ਕੇ ਆਉਂਦੀ ਐ। ਇਹ ਜਾਣਦਿਆਂ ਕਿ ਇਸਦੇ ਖੰਨੇ ਦੇ ਗਾਂਧੀ ਗਰੁੱਪ ਨਾਲ, ਨਾਭੇ ਦੇ ਗਰੁੱਪ ਨਾਲ, ਸਿਖਰ ਦੇ ਨਸ਼ੇੜੀਆਂ ਨਾਲ ਰਾਬਤੇ ਨੇ। ਫਿਰ ਵੀ ਇਸ ਅੰਦਰਲੀ ਜ਼ਹਿਰ ਨੂੰ ਅੰਮ੍ਰਿਤ ‘ਅੰਮ੍ਰਿਤ’ ਬਣਕੇ ਮਿਲਦੀ ਐ। ਇਸ ਦੁਨੀਆਂ ਦੀ ਘੁੰਮਣਘੇਰੀ ਵਿੱਚੋਂ ‘ਮੁਹੱਬਤ’ ਉਸਨੂੰ ਕੱਢਦੀ ਐ। ਅੰਮ੍ਰਿਤ ਨੂੰ ਜਾਣਦਿਆਂ ਫਰੈਂਚ ਸਿਰਜਕ ਓ ਹੈਨਰੀ ਦੀ ‘ਲਾਸਟ ਲੀਫ’ ਯਾਦ ਆਉਂਦੀ ਐ। ਉਹ ਘਟਨਾ ਸੁਣਾਉਂਦੈ। ਕਥਾ ਵਿੱਚ ਕੁੜੀ ਨੂੰ ਨਮੂਨੀਆ ਹੈ। ਉਹ ਕਮਰੇ ਵਿੱਚ ਬੈਠੀ ਬਾਹਰ ਵੇਲ ਵੱਲ ਵੇਖਦੀ ਹੈ। ਸਰਦੀ ਕਾਰਨ ਵੇਲ ਦੇ ਪੱਤੇ ਝੜ ਰਹੇ ਹਨ। ਕੁੜੀ ਨੂੰ ਵਹਿਮ ਹੈ ਕਿ ਜਿਸ ਦਿਨ ਆਖਰੀ ਪੱਤਾ ਝੜ ਗਿਆ ਉਸ ਦੀ ਮੌਤ ਹੋਵੇਗੀ। ਜਿਸ ਬਿਲਡਿੰਗ ਵਿੱਚ ਕੁੜੀ ਰਹਿੰਦੀ ਹੈ ਉਸ ਬਿਲਡਿੰਗ ਵਿੱਚ ਬੁੱਢਾ ਚਿੱਤਰਕਾਰ ਰਹਿੰਦਾ ਹੈ। ਕੁੜੀ ਦੀ ਸਹੇਲੀ ਸੂ ਚਿੱਤਰਕਾਰ ਕੋਲ ਜਾਂਦੀ ਹੈ। ਕੁੜੀ ਦੇ ਮਨ ਅੰਦਰਲੇ ਵਹਿਮ ਬਾਰੇ ਦੱਸਦੀ ਹੈ। ਚਿੱਤਰਕਾਰ ਜਾਗ ਕੇ ਰਾਤ ਨੂੰ ਪੇਂਟਿੰਗ ਕਰਦਾ ਹੈ। ਕੁੜੀ ਸਵੇਰੇ ਵੇਖ ਕੇ ਹੈਰਾਨ ਹੋ ਜਾਂਦੀ ਹੈ। ਨਵੇਂ ਪੱਤੇ ਫੁਟਣ ਲੱਗ ਗਏ ਹਨ। ਉਸ ਅੰਦਰ ਨਵੀਂ ਜ਼ਿੰਦਗੀ ਧੜਕਣ ਲੱਗਦੀ ਹੈ। ਠੀਕ ਹੋ ਕੇ ਬਿਮਾਰੀ ਤੋਂ ਬਾਅਦ ਆ ਜਾਂਦੀ ਹੈ। ਠੰਢ ਨਾਲ ਬੁੱਢਾ ਮਰ ਜਾਂਦਾ ਹੈ। ਮੰਗੇ ਅੰਦਰ ਪਿਆ ‘ਬੰਦਾ’ ਅੰਮ੍ਰਿਤ ਦੀ ਮੁਹੱਬਤ ਨਾਲ ਜਾਗਦੈ। ਅੰਮ੍ਰਿਤ, ਜਿਸ ਪੱਤੇ ਨੂੰ ਹਰਾ ਕਰਦੀ ਐ। ਉਸਦੇ ਨਾੜ ਨਾੜ ਵਿੱਚ ਜ਼ਹਿਰ ਐ। ਉਹ ਆਸ ਨ੍ਹੀਂ ਛੱਡਦੀ। ਇਹ ਆਸ ਵਿੱਚ ਸ਼ਰਾਰਤ ਨ੍ਹੀਂ, ਸੰਜੀਦਗੀ ਐ।ਮੰਗਾ, ਧਿਰ ਬਣਦੈ। ਧਿਰ ਵਿੱਚ ਸਮਰਪਣ ਹੁੰਦੈ। ਇਹ ਸਮਰਪਣ ਹੀ ਐ ਕਿ ਵਿਰੋਧੀ ਧਿਰ ਉਸਦੇ ਮਿੱਤਰ ਨੂੰ ਆ ਕੇ ਕੁੱਟਣ ਲੱਗ ਪੈਂਦੀ ਐ, ਨਾਲ ਦੇ ਸਭ ਤੁਰ ਜਾਂਦੇ ਨੇ। ਦੂਰੋਂ ਭੱਜ ਕੇ ਮੰਗਾ ਮਿੱਤਰ ਦੇ ਉੱਤੇ ਡਿੱਗਦੈ। ਇਹ ਉਸਦਾ ਦਾਅ ਐ। ਜਿਹੜਾ ਉਹਨੇ ਸਿੱਖਿਐ। ਜਦੋਂ ਦੂਜੀ ਧਿਰ ਭਾਰੂ ਹੋਵੇ ਭੱਜ ਜੋ, ਜਾਂ ਖੜ੍ਹ ਕੇ ਟਾਕਰਾ। ਇਹ ਦਾਅ ਉਸਦੇ ਨਾਲ ਨਾਲ ਤੁਰਦੈ। ਭਾਵੇਂ ਉਹ ਫਿਜੀਕਲ ਕਾਲਜ ਚ ਹੋਵੇ, ਭਾਵੇਂ ਬੇਗਾਨੇ ਰਾਜ, ਭਾਵੇਂ ਆਮ ਥਾਵਾਂ ਤੇ। ਇਹ ਉਸ ਅੰਦਰ ਬੈਠੇ ‘ਬੰਦੇ’ ਦਾ ਸੰਕੇਤ ਐ। ਇਹ ਬੰਦਾ ਹੀ ਉਸ ਅੰਦਰ ਦਲੇਰੀ, ਦ੍ਰਿੜਤਾ ਅਤੇ ਅਣਖ ਭਰਦੈ।

ਕਿਹੜੇ ਰਾਹ ਤੂੰ ਤੁਰ ਪਿਐਂ ਬਚੜਿਆ ਵੇ……
ਜਦੋਂ ਉਹ ਜੰਮਿਆਂ। ਉਦੋਂ ਕਿਸੇ ਨੇ ਗੱਲ ਦੱਸੀ ਕਿ ਇਹ ਫਿਰ ਬਚੂ ਜੇ ਇੰਝ ਕਰੋਂਗੇ। ਜਦੋਂ ਉਸਦੀ ਮਾਂ ਦਿਆਲੋ ਨੇ ਗਰੀਬ ਔਰਤ ਦੀ ਬੁੱਕਲ ਚੋ ‘ਤਰਲੇ’ ਕਰਕੇ ਲਿਆ ਤਾਂ ਉਸਦੀ ਮਾਂ ਉਸ ਸਮੇਂ (ਜਣੇਪੇ) ਭੁੰਜੇ ਚਾਦਰ ਲਪੇਟ ਕੇ ਬੈਠੀ।
ਮੰਗਿਆ ਮੈਂ ਸੁਣਿਐ ਤੈਂ ਜਣੇਪੇ ਵੇਲੇ ਵੀ ਮਾਂ ਨੂੰ ਤੰਗ ਕੀਤੈ?’ – ਮੈਂ ਪੁੱਛਿਆ।
ਹਾਂ ਬਾਈ, ਬੀਬੀ ਦੱਸਦੀ ਹੁੰਦੀ ਐ ਬਈ, ਜਨਮ ਤੋਂ ਕੁਛ ਪਲਾਂ ਬਾਅਦ ਬਹੁਤ ਔਖੀ ਘੜੀ ਤੀ। ਮੇਰੇ ਬਚਣ ਦੀ ਕੋਈ ਉਮੀਦ ਨੀ ਸੀ। ਬੀਬੀ ਨੂੰ ਕਿਸੇ ਨੇ ਕਿਹਾ ਸੀ ਬਈ ਜਦੋਂ ਬੱਚੇ ਨੇ ਜਨਮ ਲਿਆ ਤਾਂ ਬੀਬੀ ਨੂੰ ਭੂੰਜੇ ਬੈਠਣਾ ਪਊ। ਜੀਤੋ ਬੇਬੇ ਮੇਰੇ ਮੰਜੇ ਤੇ ਪਈ ਤੇ ਬੀਬੀ ਭੂੰਜੇ ਬੈਠੀ।’ – ਉਹ ਦੱਸਦਾ ਰਿਹਾ।ਮੰਗੇ ਨੇ ਦੱਸਿਆ ਉਹਦੀ ਮਾਂ ਇੱਕ ਘੰਟਾ ਪੈਰਾਂ ਭਾਰ ਭੂੰਜੇ ਬੈਠੀ। ਉਸ ਘੰਟੇ ਦੀ ਉਡੀਕ ਸਦੀਆਂ ਜਿੱਡੀ ਐ, ਇਹ ਸਮਝਣ ਵਾਲੇ ਸਮਝਦੇ ਨੇ। ਮੰਗਾ ਵੱਡਾ ਹੋਇਆ ਤਾਂ ਉਸਦਾ ਅੰਦਰ ਉਸਨੂੰ ਸਦਾ ਦਲਾਨ ਚ ਖੜਕੇ ਉਡੀਕਦਾ ਰਿਹਾ। ਪਹਿਲੀ ਉਡੀਕ ਤੇ ਆਖਰੀ ਉਡੀਕ ਵਿੱਚ ਡਾਢ੍ਹਾ ਫਰਕ ਐ। ਪਹਿਲੀ ਜਿਉਂਣ ਦੀ ਉਡੀਕ ਐ, ਦੂਜੀ ਜਿਉਂਦੇ ਰਹਿਣ ਦੀ।

ਮੰਗੇ ਅੰਦਰ ‘ਬੇਵਸੀ’ ਐ। ਇਹ ‘ਬੇਵਸੀ’ ਉਡਾਰੀ ਭਰਨ ਦੀ ਤਾਂਘ ਚ ਰਹੀ। ਪਹਿਲੀ ਉਮਰੇ ਉਹ ਰੋਸ਼ਨਦਾਨ ’ਤੇ ਚੜ੍ਹਦੈ। ਉਸ ਉਮਰੇ ਹੀ ਦੀਨੇ ਅੰਦਰਲੀ ਨਫਰਤ ਨੂੰ ਪਛਾਣਦੈ। ਪਛਾਣਦਾ ਹੀ ਨ੍ਹੀਂ, ਬਦਲੇ ਦੀ ਸੋਚਦੈ। ਇਹ ਗੱਲਾਂ ਉਸਨੂੰ ਠਿੱਠ ਕਰਦੀਆਂ ਨੇ। ਉਸ ਅੰਦਰਲੀ ‘ਬੇਵਸੀ’ ਸੂਰਮਗਤੀ ਵਿੱਚ ਰੁਪਾਂਤਰਨ ਹੁੰਦੀ ਐ। ਉਹ ਪਿੰਡ ਦੀ ਸਾਊ ਮਿੱਟੀ ਵਿੱਚ ਪਈ ਮਹਿਕ ਦੀ ਕੀਮਤ ਨੂੰ ਜਾਣ ਜਾਂਦੈ, ਜਿਹੜੀ ਪੰਜਾਬ ਦੇ ਸੁਹੱਪਣ ਚ ਗੁੱਝੀ ਐ। ੳਸਦੇ ਪਿੰਡ ਘਟਨਾ ਵਾਪਰਦੀ ਐ। ਜਦੋਂ ਸੰਤਾਲੀ ਵਾਪਰਦੀ ਐ। ਲਹਿੰਦੇ ਪੰਜਾਬ ਦਾ ਉਮਰਾ, ਏਧਰ ਰਹਿ ਕੇ ਸਿੱਖ ਧਰਮ ਵਿੱਚ ਆਉਂਦੈ। ਚਾਅ ਨਾਲ ਪਛਾਣ ਬਣਾਉਂਦੈ। ਰੰਗ ਵਿੱਚ ਰੰਗਿਆ ਜਾਂਦੈ। ਪਿੰਡ ਉਸਦਾ ਹੋ ਜਾਂਦੈ, ਉਹ ਪਿੰਡ ਦਾ। ਇਸ ਤਰ੍ਹਾਂ ਦੇ ਬਿਰਤਾਂਤ ਕਹਾਣੀਆਂ, ਨਾਵਲਾਂ ਚ ਮਿਲਦੇ ਨੇ। ਉਸਦੇ ਮਰਨ ਸਮੇਂ ਦੀਨਾ ਉਸਦੇ ਕੇਸ ਕੱਟਦੈ। ਇਹ ਗੱਲ ਮੰਗੇ ਦੇ ਅੰਦਰ ਉੱਤਰ ਜਾਂਦੀ ਐ। ਉਸ ਅੰਦਰ ਉਮਰੇ ਦੀ ਥਾਵੇਂ ਪੰਜਾਬ ਦੀ ਸਾਂਝ ਦਾ ਕਿੱਸੈ। ਇਹ ਉਸਦੇ ਅੰਦਰਲੇ ਮਨ ਦਾ ਆਪਣਾ ਟਰੈਕ ਐ। ਇਹ ਉਸ ਅੰਦਰਲੀ ਤੜਫ ਦਾ ਸੰਕੇਤ ਐ, ਜਿਹੜੀ ਉਸ ਅੰਦਰ ਲਰਜ਼ ਰਹੀ ਐ। ਉਸ ਅੰਦਰ ਗਾਲ ਐ। ਇਹ ਗਾਲ ਜੁਰਮ ਨ੍ਹੀਂ। ਇਸ ਗਾਲ ਬਦਲੇ ਮਿਲੀ ਛੋਟੀ ਛੋਟੀ ਸਜਾ ਉਸਨੂੰ ਥਾਂ ਸਿਰ ਰੱਖਦੀ ਐ। ਇਹ ਗਾਲ ਦੇ ਨਾਲ ਉਸ ਅੰਦਰ ਲਲਕ ਐ, ਸੁਪਨੇ ਨੇ। ਇਹ ਗਾਲ ਉਸ ਅੰਦਰਲੀ ਤੜਫ ਦਾ ਰੁਪਾਂਤਰਨ ਐ। ਦੀਨੇ ਮਰਾਸੀ ਦੀ ਉਮਰੇ ਦੀ ਮੌਤ ਤੇ ਕੀਤੀ ਟਿੱਚਰ ਉਸ ਅੰਦਰ ਰੰਦਾ ਫੇਰਦੀ ਐ।ਅੱਠਵੀਂ ਚ ਪੜ੍ਹਦਿਆਂ ਉਸ ਅੰਦਰ ਸ਼ਰਾਰਤ ਦੀ ਅੱਗ ਐ। ਉਸ ਅੰਦਰ ਉਸਦੀ ਮਿੱਤਰ ਮੰਡਲੀ ਦੀ ‘ਸੱਤਾ’ ਬਣਦੀ ਐ। ਇਸ ਸੱਤਾ ਦੇ ਸਮਾਂਨਾਤਰ ਉਸ ਸਮੇਂ ਦਾ ਪੰਜਾਬ ਐ। ਸਮੇਂ ਦੀ ਤੜਫ ਐ। ਰਾਤਾਂ ਦੀ ਚੁੱਪ ਚ ਗੋਲੀਆਂ ਦੀ ਚੀਕ ਐ। ਸਵੇਰਿਆਂ ਚ ਛਾਪਾਮਾਰੀ ਐ। ਮੁਕਾਬਲੇ ਆ। ਕਸੂਰ, ਬੇਕਸੂਰ ਕੁਝ ਨ੍ਹੀਂ, ਮੁਕਾਬਲੈ। ਸੱਤਾ ਦੀ ਦਰਿੰਦਗੀ ਐ। ਧਰਤੀ ਉਹੀ ਐ, ਲੋਕ ਉਹੀ ਐ, ਸਾਊਪੁਣਾ ਉਹੀ ਐ ਪਰ ਘੜੀਆਂ ਰੁਕੀਆਂ ਹੋਈਆਂ ਨੇ। ਅੱਠਵੀਂ ਚ ਪੜ੍ਹਦਾ ਮੰਗਾ, ਸੂਏ ਚ ਨਹਾਉਣ ਜਾਂਦੈ। ਉਹ ਸੂਏ ਚ ਜਵਾਨ ਮੁੰਡਿਆਂ ਦੀ ਲਾਸ਼ਾ ਵੇਖਦੈ। ਤ੍ਰਬਕਦਾ ਨ੍ਹੀਂ। ਉਹ ਲਿਖਦੇ ਕਿ ਜਿਆਦਾਤਰ ਕੇਸਧਾਰੀ ਮੁੰਡਿਆਂ ਦੀਆਂ ਹੁੰਦੀਆਂ ਸਨ। ਮੰਗੇ ਅੰਦਰ ਉਸਦੇ ਭੀਰੇ ਮਾਮੇ ਦੇ ਬੋਲਾਂ ਦੀ ਦਲੇਰੀ ਐ। ਉਹ ਸੂਏ ਦੇ ਝਾੜ ਚ ਫਸੀ ਲਾਸ਼ ਨੂੰ ਖਿੱਚ ਕੇ ਤੋਰ ਦਿੰਦੈ, ਅਗਲੇ ਟਿਕਾਣੇ ਲਈ। ਖਿੱਚਣ ਵੇਲੇ ਖੂਨ ਦੇ ਛਿੱਟੇ ਉਸ ਦੇ ਪਿੰਡੇ ਤੇ ਹੱਥਾਂ ਤੇ ਲੱਗਦੇ ਨੇ। ਉਸ ਸਮੇਂ ਉਹ ਇਸ ਨੂੰ ਮੁਸਕ ਕਹਿੰਦੈ। ਸਮਾਂ ਪੈ ਕੇ ਇਹ ਮੁਸ਼ਕ ਮੁਹੱਬਤ ਵਿੱਚ ਬਦਲਦੈ। ਉਸਦੀ ਪੰਜਾਬ ਨਾਲ ਸਾਂਝ ਜੁੜਦੀ। ਪਾਣੀਆਂ ਨਾਲ, ਬੋਲੀ ਨਾਲ ਉਦੋਂ ਮੁਹੱਬਤ ਜੁੜਦੀ ਐ, ਜਿਹੜੀ ਉਸਨੂੰ ਉਦੋਂ ਪਤਾ ਨ੍ਹੀਂ। ਛੋਟੀ ਉਮਰੇ ‘ਸਿਆਣਪ’ ਦੀ ਦੁਨੀਆਂ ਦਾ ਇਹ ਜਸ਼ਨ ਐ। ਮਿੱਤਰ ਮੰਡਲੀ ਚੋਂ ਇਹ ਆਊਟਸਾਈਡਰ ਐ। ਇਸ ਅੰਦਰ ਕੋਈ ਬੀਜ ਐ, ਜਿਹੜਾ ਫੁੱਟ ਰਿਹੈ। ਇਸ ਫੁਟਾਰ ਦੇ ਉਨ੍ਹਾਂ ਸਮਿਆਂ ਚ ਆਪਣੇ ਦਰਦ ਨੇ। ਲੋਕਾਂ ਨੇ ਆਪਣੇ ਅੰਦਰ ਦੱਬੇ ਹੋਏ ਨੇ। ਐਸੇ ਦਰਦ ਜਿਹੜੇ ਰੋਇਆਂ ਵੀ ਰੋਏ ਨ੍ਹੀਂ ਗਏ।

ਗੱਲ ਬੱਨਵੇਂ ਤਰੰਨਵੇਂ ਦੀ ਹੋਣੀ ਐ……
ਰੰਗਾਂ ਦਾ ਇਤਿਹਾਸ ਐ। ਰੰਗਾਂ ਦੀ ਸਿਆਸਤ ਐ। ਰੱਤ ਨਾਲ ਭਿੱਜੇ ਸਾਲੂ ਦਾ ਆਪਣਾ ਬਿਰਤਾਂਤ ਐ, ਘਰੇ ਰੰਗੇ ਦਾ ਆਪਣਾ। ਰੱਤ ਦਾ ਰੰਗ ਇੱਕ ਐ। ਰੱਤ ਤੇ ਹੁੰਦੀ ਸਿਆਸਤ ਵੱਖ ਵੱਖ ਐ। ਇਹ ਸਿਆਸਤ ਨੂੰ ਰੰਗ ਖਟਕਦੇ ਨੇ। ਇਹ ਮਿਟਾਉਣਾ ਚਾਹੁੰਦੀ ਐ। ਜਦੋਂ ਰੰਗ ਮਿਟਣਗੇ ਨਾਲ ਉਨ੍ਹਾਂ ਦਾ ਇਤਿਹਾਸ ਮਿਟੇਗਾ। ਉਨ੍ਹੀਂ ਦਿਨੀਂ ਕੇਸਰੀ ਤੇ ਕਾਲਾ ਸੱਤਾ ਦੇ ਉਲਟ ਸੀ। ਬੱਨਵੇਂ ਦੇ ਨੇੜੇ ਜਦੋਂ ਕਾਲੀ ਲੋਈ ਦਿਖਣ ਤੇ ਸੱਤਾ ਮੌਤ ਦਾ ਵਾਰੰਟ ਕੱਢਦੀ ਰਹੀ। ਉਨ੍ਹੀਂ ਦਿਨੀਂ ਮੰਗਾ ਮੰਡਲੀ ਕਾਲੀ ਲੋਈ ਲੈਂਦੀ ਆ। ਉਨ੍ਹਾਂ ਅੰਦਰ ਇਹ ਵਿਅਕਤੀ ‘ਸੱਤੈ’। ਇਸ ਸੱਤਾ ਦਾ ਆਪਣਾ ਵਿਵਹਾਰਿਕ ਰੋਲ ਐ। ਇਨ੍ਹਾਂ ਅੰਦਰਲੀ ਸੱਤਾ ਅਚੇਤ ਐ। ਜਿੱਥੇ ਸੁਚੇਤ ਵਰਗਾ ਕੁਝ ਵੀ ਨ੍ਹੀਂ। ਇਹ ਉਸ ਮੁਹਾਵਰੇ ਚੋਂ ਮਿਲੀ ਜਿਹੜਾ ਉਸ ਸਮੇਂ ਪੰਜਾਬ ਦੈ। ਇਸ ਸੱਤਾ ਦਾ ਸੁਹੱਪਣ ਵਸਤਰ ਹਿੰਸੈ। ਜਦੋਂ ਹਾਕਮ ਰੰਗ ਨੂੰ ਬੰਦ ਕਰਦੈ ਤਾਂ ਉਹ ਰੰਗ ਪਹਿਨ ਕੇ ਜਿਉਂਣਾ ਪੰਜਾਬ ਮਨ ਦੀ ਸੱਤੈ। ਇਹੀ ਮੁੱਢ ਕਦੀਮੀ ਵੈਰ ਐ। ਇਸ ਸਮੇਂ ਕੁਝ ਰੰਗਾਂ ਤੋਂ ਲੋਕ ਤ੍ਰਬਦਕੇ ਨੇ, ਕੁਝ ਤੋਂ ਹਾਕਮ। ਘਰਾਂ ਚ ਚੁੱਲੇ ਬੁਝੇ ਹੋਏ ਨੇ। ਅਣਪਛਾਤੀਆਂ ਲਾਸ਼ਾਂ ਸਿਿਵਆਂ ਚ ਭਾਂਬੜ ਬਣੀਆਂ ਹੋਈਆਂ ਨੇ। ਉਸ ਸਮੇਂ ਦੀ ਖਾਸ ਰਮਜ਼ ਐ। ਮੰਗਾ, ਉਸ ਸਮੇਂ ਖਿਡ੍ਹਾਰੀ ਐ, ਕਬੱਡੀ ਦਾ। ਦੂਰ ਦੂਰ ਖੇਡ੍ਹਣ ਜਾਂਦੈ। ਜਿੱਤਦੈ, ਹਾਰਦੈ। ਦੇਹ ਤੋਂ ਪਾਰ ਐ। ਬੇਚੈਨ ਐ। ਉਨ੍ਹਾਂ ਨੂੰ ਕੇਰਾਂ ਕਬੱਡੀ ਖੇਡ ਕੇ ਮੁੜਦਿਆਂ ਨੂੰ ਰਾਤ ਪੈਂਦੀ ਐ। ਨਾ ਕੋਈ ਸਾਧਨ ਐ। ਕੋਈ ਚੜ੍ਹਾਉਂਦਾ ਨ੍ਹੀਂ। ਕਾਲੀਆਂ ਲੋਈਆਂ ਲਈਆਂ ਨੇ। ਬੇਫਿਕਰੀ ਐ। ਇੱਕ ਮਿੱਤਰ ਦੇ ਅੰਦਰ ਡਰ ਐ। ਗੱਲਾਂ ਕਰਦੇ ਨੇ, ਸਮੇਂ ਦੀਆਂ। ਟਰੱਕ ਰੁਕਦੈ। ਇਹ ਮਿੰਨਤ ਤਰਲਾ ਕਰਦੇ ਆ। ਚੜ੍ਹ ਜਾਂਦੇ ਆ। ਇਨ੍ਹਾਂ ਕੋਲੇ ਰੀਲ ਐ ਇੱਕ। ਨਾਮ ਐ – ਪੱਤਾ ਪੱਤਾ ਸਿੰਘਾਂ ਦਾ ਵੈਰੀ। ਜਦੋਂ ਬੰਦਾ ਮਿੰਨਤ ਤਰਲਾ ਕਰਕੇ ਕਿਸੇ ਨਾਲ ਚੜ੍ਹਿਆ ਹੋਵੇ, ਅੰਦਰ ਸਮੇਂ ਦਾ ਡਰ ਹੋਵੇ। ਸਾਹ ਉੱਪਰਲਾ ਉੱਪਰ ਹੁੰਦੈ, ਹੇਠਲਾ ਹੇਠਾਂ। ਅਗਲੀ ਮਿੰਨਤ ਇਹ ਉਸ ਰੀਲ ਨੂੰ ਸੁਣਨ ਦੀ ਕਰਦੇ ਆ। ਡਰਾਇਵਰ ਡਰਦੈ। ਹੌਲੀ ਹੌਲ਼ੀ ਸਮਝੌਤਾ ਹੁੰਦੈ। ਗੀਤ ਚਲਦੇ ਨੇ। ਡਰਾਇਵਰ ਵੀ ਆਪਣਾ ਪਰਨਾ ਭਾਊ ਸਟਾਈਲ ਦਾ ਕਰ ਲੈਂਦੈ। ਵੱਖਰੀ ਦੁਨੀਆਂ ਚ ਪਹੁੰਚ ਜਾਂਦੇ ਨੇ। ਸਾਹਮਣੇ ਪੁਲਿਸ ਐ। ਡਰਾਈਵਰ ਆਪਣਾ ਰੰਗ ਬਦਲਦੈ। ਬਚ ਜਾਂਦੈ। ਇਹ ਤਾਂ ਤਿੰਨੋਂ ਕਾਲੀਆਂ ਲੋਈਆਂ ਨਾਲ ਉੱਤਰੇ। ਤਿਕੋਨ ਬਣੀ – ਥਾਣੇਦਾਰ, ਤਿੰਨ ਸਾਥੀ ਅਤੇ ਸਥਿਤੀ। ਇੱਥੇ ਨੱਛਤਰ ਆਉਂਦੈ, ਮੰਗੇ ਦੇ ਪਿੰਡ ਦਾ ਫੌਜੀ। ਉਹ ਹਾਮੀ ਭਰਦੈ ਕਿ ਮੁੰਡਾ ਕਬੱਡੀ ਖੇਡ੍ਹਦੇ ਨੇ। ਖਹਿੜਾ ਛੁੱਟਿਆ। ਮੈਨੂੰ ਲੱਗਦੈ ਇਹ ਉਸ ਦਾ ਪਹਿਲਾ ‘ਬੌਨਸ’ ਐ। ਇੱਥੇ ਉਸ ਦਾ ਅੰਤ ਸੀ, ਅਗਲੀ ਦੁਨੀਆਂ ਇੱਥੋਂ ਸ਼ੁਰੂ ਹੁੰਦੀ ਐ।
‘ਇਹ ਰੀਲ ਆਲੀ ਗੱਲ ਕਿਵੇਂ ਵਾਪਰੀ, ਬਾਈ?’ – ਮੈਂ ਪੱੁਛਿਆ।
‘ਅਸੀਂ ਖੇਡ੍ਹ ਕੇ ਆਏ ਸੀ। ਕਾਲੀਆਂ ਲੋਈਆਂ ਲਈਆਂ। ਟਰੱਕ ਆਲੇ ਦੀਆਂ ਮਿੰਨਤਾਂ ਕਰਕੇ ਚੜ੍ਹਗੇ। ਟਰੱਕ ਅਮਲੋਹ ਨੂੰ ਤੁਰ ਪਿਆ। ਥੋੜ੍ਹਾ ਜਿਹਾ ਸੌਖਾ ਸਾਹ ਆਇਆ। ਅਸੀਂ ਉਹਨੂੰ ਕਿਹਾ ਬਾਈ ਪੈਸੇ ਲੈਣੇ ਆ ਪੈਸੇ ਲੈ ਲਈ ਨ੍ਹੀਂ ਆ ਰੀਲ ਐ ਇਹ ਲੈ ਲਈ। ਰੀਲ ਸੀ ਪੱਤਾ ਪੱਤਾ
ਸਿੰਘਾਂ ਦਾ ਵੈਰੀ। ਡਰਾਇਵਰ ਮੰਨਿਆਂ ਨ੍ਹੀਂ ਦੋਵੇਂ ਗੱਲਾਂ ਨੂੰ। ਫੇਰ ਪਤਾ ਨ੍ਹੀਂ ਕੀ ਆਈ ਉਹਦੇ ਮਨ ਵਿੱਚ ਉਹਨੇ ਰੀਲ ਚਲਾ ਤੀ। ਨਾਲੇ ਸਿੱਧਾ ਬੰਨਿਆਂ ਪਰਨਾ ਘੁਮਾ ਕੇ ਭਾਊਆਂ ਵਾਂਗੂੰ ਕਰ ਲਿਆ।’ – ਉਹ ਗੱਲ ਨੂੰ ਜ਼ਾਰੀ ਰੱਖਣਾ ਚਾਹੁੰਦਾ ਸੀ ਪਰ ਮੈਂ ਉਹਤੋਂ ਪੁੱਛਿਆ –
‘ਫਿਰ ਇਹਤੋਂ ਬਾਅਦ ਵਾਪਰਿਆ ਪੁਲਿਸ ਆਲੀ ਗੱਲ?’
‘ਹਾਂ ਬਾਈ। ਪੁਲਿਸ ਨੇ ਗੱਡੀ ਰੋਕ ਲਈ। ਸਾਨੂੰ ਤਾਰ ਲਿਆ ਅਸੀਂ ਮੂਰਖ ਕਾਲੀਆਂ ਲੋਈਆਂ ਵੀ ਨਾਲ ਲੈ ਕੇ ਉੱਤਰੇ। ਪੁਲਿਸ ਆਲਾ ਡਰਾਇਵਰ ਨੂੰ ਕਹਿੰਦਾ – ‘’ਓਏ ਤੈਨੂੰ ਮੈਂ ਸੁਣਾਵਾਂ ਪੱਤੇ ਟਾਹਣੀਆਂ ….ਆਹ ਨੇਫੇ ਚ ਕੀ ਟੰਗਿਆ?…ਦਿਖਾ। ਉੱਦਣ ਪਿੰਡ ਆਲੇ ਚਾਚੇ ਨੇ ਬਚਾ ਲਏ। ਨ੍ਹੀਂ ਤਾਂ ਤੈਨੂੰ ਪਤੈ……।’ – ਉਸਨੇ ਸਾਰੀ ਕਥਾ ਸੁਣਾਈ।

ਏਕ ਕਾਮ ਹੈ ਮਹਿਨ ਜੀ, ਅਗਰ ਕਰੋਗੇ ਤੋਂ……ਬੰਦੇ ਅੰਦਰਲੀ ਅਵੈੜੀ ਸੱਤਾ ਘਰ ਤੋਂ ਦੂਰ ਹੋ ਕੇ ਦੇਹ ਤੇ ਭਾਰੂ ਪੈਂਦੀ ਐ। ਜਾਂ ਤਾਂ ਦਾਬਾ ਬਣਦੈ ਜਾਂ ਅਵੈੜਪੁਣਾ। ਮੰਗਾ, ਪਟਿਆਲੇ ਗਿਆ। ਗਿਆ ਤਾਂ ਪੜ੍ਹਨ ਪਰ ਪੜ੍ਹਿਆ ਉਹ ਕੁਝ ਹੋਰ। ਯਾਰੀ ਜਾਂਦਿਆਂ ਹੀ ਤੋਚੀ ਤੇ ਮੋਹਨੇ ਨਾਲ ਫਿੱਟ ਬੈਠ ਗਈ। ਬਾਹਰ ਰਹਿੰਦਿਆਂ ਪੈਸੇ ਦੀ ਲੋੜ ਐ। ਕਮਾਉਣ ਦਾ ਮਨ ਬਣਿਆ। ਬਣਿਆ ਤਾਂ ਚੰਗੇ ਢੰਗ ਨਾਲ, ਪਰ ਬਣੇ ਗਲਤ ਰਾਹੇ ਪੈ ਕੇ। ਕੰਪਨੀ ਦੇ ਧੱਕੇ ਚੜ੍ਹੇ। ਪੈਂਤੀ ਸੌ ਰੁਪਏ ਲਈ ਪਟਿਆਲਾ ਸ਼ਹਿਰ ਵੀ ਛੱਡਿਆ। ਉੱਥੇ ਜੁਰਮ ਦੀ ਦੁਨੀਆਂ ਵਿੱਚ ਪੈਰ ਧਰਿਆ। ਪਹਿਲਾ ਬੰਦਾ ਕੁੱਟਿਆ ਵੀਹ ਹਜ਼ਾਰ ਦਾ ਭਾਅ ਖੋਲ੍ਹ ਕੇ। ਉਥੇ ਰਹਿੰਦੇ ਤਿਆਗੀ ਨੇ ਇਨ੍ਹਾਂ ਅੰਦਰਲਾ ਵਹਿਸ਼ੀਪੁਣਾ ਪਛਾਣਿਆ। ਉਹ ਕਹਿੰਦਾ – ‘ਏਕ ਕਾਮ ਹੈ ਮਹਿਨ ਜੀ, ਅਗਰ ਕਰੋਗੇ ਤੋਂ ਪੂਰੇ ਵੀਸ ਹਜ਼ਾਰ ਮਿਲੇਂਗੇ।’
ਮੰਗਿਆ, ਇਹ ਗੱਲ ਕਿਵੇਂ ਵਾਪਰੀ, ਦੱਸੇਂਗਾ?’ – ਮੈਂ ਕਿਹਾ।
ਹਾਂ, ਅਸੀਂ ਉਹਤੋਂ ਪੈਸੇ ਲੈ ਲਏ। ਸਾਨੂੰ ਜਿਹੜਾ ਬੰਦਾ ਕੁੱਟਣਾ ਸੀ ਉਹਦਾ ਹੁਲੀਆ ਦੱਸਤਾ। ਅਸੀਂ ਉੱਥੇ ਗਏ। ਮੋਹਣੇ ਨੇ ਲਾਲੇ ਦੇ ਰਿੰਗ ਬਦਲਤੇ, ਮਿੰਟਾਂ ਵਿੱਚ। ਫਿਲਮੀ ਸਟਾਇਲ ਵਿੱਚ। ਕਮੀਜ਼ ਉਹਨੇ ਖੋਲ੍ਹ ਕੇ ਬੰਨ ਲਈ ਲੱਕ ਨਾਲ। ਕੁੱਟੀ ਗਿਆ ਨਾਲੇ ਆਪਣੀ ਬੌਡੀ ਵੇਖੀ ਗਿਆ। ਨਾਲੇ ਕਹੇ ‘ਹੁਣ ਮਾਰੇਂਗਾ ਸਾਡੇ ਮੁੰਡੇ ਵਿੱਚ ਗੱਡੀ, ਹੁਣ ਕੱਢੇਂਗਾ ਗਾਲ?’ ਅਸੀਂ ਉਦੋਂ ਹੀਰੋ ਆਲੀ ਫੀਲੰਿਗ ਵਿੱਚ ਸੀ।’ਇਹ ਦੋਵੇਂ ਟਾਰਗਿਟ ਪੂਰਾ ਕਰਦੇ ਨੇ। ਕੁੱਟਣ ਤੋਂ ਬਾਅਦ ਅੱਧੇ ਪੈਸੇ ਵਿੱਚ ਛੱਡ ਪੰਜਾਬ ਭੱਜਦੇ ਨੇ। ਇੱਥੇ ਇਨ੍ਹਾਂ ਅੰਦਰਲੀ ਸੱਤਾ, ਹਾਕਮੀ ਸੱਤਾ ਵਾਂਗ ਅਸੰਵੇਦਨ ਹੁੰਦੀ ਐ। ਮੰਗਾ, ਇਸ ਨੂੰ ‘ਤਜ਼ਰਬਾ’ ਕਹਿੰਦੈ। ਇਹ ਤਜ਼ਰਬਾ ਡਰ ਨੂੰ ਮੁਕਾ ਕੇ ਚਾਅ ਪੈਦਾ ਕਰਦੈ। ਬਰਬਾਦੀ, ਬਹਾਦਰੀ ਲੱਗਦੀ ਐ। ਝਾੜ ਚ ਫਸੇ ਨੌਜਵਾਨ ਮੁੰਡੇ ਦੀ ਲਾਸ਼ ਖਿੱਚ ਕੇ ਅਗਾਂਹ ਤੋਰਨ ਵਾਲਾ ਮੰਗਾ ਹੁਣ ਬਦਲ ਗਿਆ। ਬੇਕਸੂਰ, ਬੰਦੇ ਨੂੰ ਕੁੱਟ ਕੇ ਉਹ ਕਮਾਈ ਦਾ ਸਾਧਨ ਬਣਾਉਂਦੈ। ਸਿਖਰ ਦੀ ਦਰਿੰਦਗੀ ਐ।
ਚਲਦਾ………….

ਗੁਰਦੀਪ ਸਿੰਘ ਢਿੱਲੋਂ
6280477383

ਗੁਰਦੀਪ ਸਿੰਘ ਢਿੱਲੋਂ
6280477383

Show More

Related Articles

Leave a Reply

Your email address will not be published. Required fields are marked *

Back to top button
Translate »