ਕਲਮੀ ਸੱਥ

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਮਾਘੀ ਨੂੰ ਸਮਰਪਿਤ ਈ ਦੀਵਾਨ ਸੋਸਾਇਟੀ ਕੈਲਗਰੀ ਇੰਟਰਨੈਸ਼ਨਲ ਵੱਲੋਂ ਕਵੀ ਦਰਬਾਰ

ਕੈਲਗਰੀ ( ਪੰਜਾਬੀ ਅਖ਼ਬਾਰ ਬਿਊਰੋ) ਈ ਦੀਵਾਨ ਸੋਸਾਇਟੀ, ਕੈਲਗਰੀ ਵੱਲੋਂ ਆਪਣੇ ਹਫਤਾਵਾਰੀ ਪ੍ਰੋਗਰਾਮ ਵਿੱਚ ਗੁਰੂ ਗੋਬਿੰਦ ਸਿੰਘ ਜੀ  ਨੂੰ ਅਤੇ ਮੁਕਤਸਰ ਸਾਹਿਬ ਦੇ ਸ਼ਹੀਦ ਸਿੰਘਾਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਸਤਿਕਾਰ ਭੇਂਟ ਕਰਨ ਲਈ ਇੱਕ ਆਨਲਾਈਨ ਅੰਤਰਰਾਸ਼ਟਰੀ ਕਵੀ ਦਰਬਾਰ  ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀ ਜਨਾਂ ਨੇ ਸ਼ਹੀਦਾਂ ਨੂੰ ਆਪਣੀ ਅਕੀਦਤ ਭੇਟ ਕੀਤੀ। ਇਹ ਸੋਸਾਇਟੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ  ਕਵੀ – ਦਰਬਾਰ ਸਜਾਉਣ ਦੀ ਪਿਰਤ ਨੂੰ ਜਿੰਦਾ ਰੱਖ ਰਹੀ ਹੈ। ਸਭ ਤੋਂ ਪਹਿਲਾਂ ਸੋਸਾਇਟੀ ਦੇ ਸੰਸਥਾਪਕ ਸ.ਬਲਰਾਜ ਸਿੰਘ ਜੀ ਨੇ  ਸਭ ਨੂੰ ਜੀਅ ਆਇਆਂ ਆਖਦੇ ਹੋਏ ਕਵੀ ਦਰਬਾਰ ਦੇ ਮਕਸਦ ਤੇ ਚਾਨਣਾ ਪਾਇਆ।

ਪ੍ਰੋਗਰਾਮ ਦਾ ਆਰੰਭ  ਇੱਕ ਸ਼ਬਦ ਗਾਇਨ “ ਤੁਮ ਸਾਚੁ ਧਿਆਵਹੁ ਮੁਗਧ ਮਨਾ ” ਨਾਲ ਕੀਤਾ ਗਿਆ। ਉਪਰੰਤ ਬਰਜਿੰਦਰ ਕੌਰ ਜੈਪੁਰ ਜੀ ਨੇ ਇੱਕ ਸ਼ਬਦ “ਵਾਹਿਗੁਰੂ ਤੇਰਾ ਸਭ ਸਦਕਾ” ਸ਼ਬਦ ਗਾ ਕੇ ਸੁਣਾਇਆ । ਫਿਰ ਪਰਨੀਤ  ਕੌਰ , ਸਿਮਰਲੀਨ ਕੌਰ ਅਤੇ ਸ. ਪਰਮਜੀਤ ਸਿੰਘ  ਟੋਰਾਂਟੋ  ਨੇ ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਗੀਤ “ਲੱਥਣਾ ਨਹੀਂ ਰਿਣ ਸਾਥੋਂ ਬਾਜਾਂ ਵਾਲੇ ਮਾਹੀ ਦਾ“ਸਾਜਾਂ ਨਾਲ ਗਾ ਕੇ ਇੱਕ ਮਾਹੌਲ ਦੀ ਸਿਰਜਣਾ ਕੀਤੀ। ਦਿੱਲੀ  ਤੋਂ ਕਵਿੱਤਰੀ ਸ੍ਰੀ ਮਤੀ ਪ੍ਰੀਤਮ ਕੌਰ ਪ੍ਰੀਤਮਾ ਨੇ “ਬਾਜਾਂ ਵਾਲੇ ਗੁਰੂ ਦੀ ਨਹੀਂ ਮਿਸਾਲ ਜੀ” ਕਵਿਤਾ ਤਰੰਨਮ ਵਿੱਚ  ਸੁਣਾ ਕੇ ਕਵੀ ਦਰਬਾਰ ਦਾ ਆਗਾਜ ਕੀਤਾ। ਡਾ. ਰਾਮ ਮੂਰਤੀ , ਨਕੋਦਰ ਜੀ ਨੇ ਦਸਵੇਂ ਪਾਤਸ਼ਾਹ ਤੇ ਲਿਖੀ ਇੱਕ ਗ਼ਜ਼ਲ ਨਾਲ ਹਾਜਰੀ ਲਵਾਈ । ਪਟਿਆਲੇ ਤੋ ਸ.ਕੁਲਵੰਤ ਸਿੰਘ ਸੇਦੋਕੇ ਜੀ ਨੇ  ਬੁਲੰਦ ਆਵਾਜ਼ ਵਿੱਚ ਲਹਿਰੀਆ ਛੰਦ ਵਿਚ ਲਿਖੀ ਕਵਿਤਾ “ਵਿੱਚ ਪਟਨੇ ਸ਼ਹਿਰ ਨੂਰੀ ਚੰਨ ਆਇਆ ਜੀ“ਸੁਣਾ ਕੇ ਵਾਹ ਵਾਹ ਖੱਟੀ। ਜਸਪ੍ਰੀਤ ਕੌਰ ਨੋਇਡਾ ਨੇ ਇੱਕ ਗੀਤ “ਜੋਤ ਨੂਰਾਨੀ” ਗਾ ਕੇ ਰੰਗ  ਬੰਨ੍ਹਿਆ ।ਸ. ਅਵਤਾਰ ਸਿੰਘ ਆਦਮਪੁਰੀ,  ਸਿਆਟਲ ਜੀ ਨੇ “ਪਾਹੁਲ ਖੰਡੇਧਾਰ ਦਾਤਾ ਕੈਸੀ ਤੂੰ ਪਿਲਾ ਗਿਆ ?” ਗੀਤ ਗਾਇਆ। ਅਮਨਪ੍ਰੀਤ ਸਿੰਘ ਕੈਲਗਰੀ  ਨੇ ਕਵੀਸ਼ਰੀ ਅੰਦਾਜ  ਵਿਚ” ਛਿੜਿਆ ਭੰਗਾਣੀ ਵਾਲਾ ਯੁੱਧ ਦੇਖ ਲੈ” ਸੁਣਾ ਕੇ ਜੰਗ ਦਾ ਮੈਦਾਨ ਅੱਖਾਂ ਸਾਹਵੇਂ ਲਿਆ ਦਿੱਤਾ।

ਗੁਰਚਰਨ ਸਿੰਘ ਹੇਅਰ ਕੈਲਗਰੀ ਜੀ ਨੇ  ਕਵਿਤਾ “ਜਾਹੋ ਜਲਾਲ ਖਾਲਸੇ ਦਾ ਚਹੁੰ ਕੁੰਟੀ ਚੜ੍ਹਤ ਬਣਾਵੇ “ ਨਾਲ ਸਭ ਨੂੰ ਚੜ੍ਹਦੀ ਕਲਾ ਵਿੱਚ ਲੈ ਆਂਦਾ। ਜਸਵਿੰਦਰ ਸਿੰਘ ਰੁਪਾਲ, ਕੈਲਗਰੀ ਜੀ ਨੇ “ਗੁਰੂ ਗੋਬਿੰਦ ਆਗਮਨ ਤੇ”  ਕਵਿਤਾ ਸਟੇਜੀ ਅੰਦਾਜ ਵਿੱਚ ਸੁਣਾਈ।ਜਸਵੀਰ  ਕੌਰ ਗਿੱਲ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਨੂੰ ਕਵਿਤਾ ਰਾਹੀਂ ਪੇਸ਼ ਕੀਤਾ।  ਸੁਜਾਨ ਸਿੰਘ ਸੁਜਾਨ ਟੋਰਾਂਟੋ ਜੀ ਨੇ  ਅਤੇ ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਜੀ  ਨੇ ਆਪਣੀਆਂ ਕਵਿਤਾਵਾਂ ਰਾਹੀਂ ਮੁਕਤਸਰ ਵਿੱਚ ਟੁੱਟੀ ਗੰਢਣ ਦੇ ਇਤਿਹਾਸ ਨੂੰ ਯਾਦ ਕੀਤਾ। ਭੂਪਿੰਦਰਜੀਤ ਸਿੰਘ ਰੰਧਾਵਾ ਦਾ ਗੀਤ ‘ਤਸਵੀਰ’ ਵੀਡੀਓ ਰਾਹੀਂ ਸੁਣਾਇਆ ਗਿਆ ।ਸਾਧੂ ਸਿੰਘ ਝੱਜ ਅਤੇ ਪਲਵਿੰਦਰ ਸਿੰਘ ਰੰਧਾਵਾ ਕਿਸੇ ਕਾਰਨ ਕਵੀ-ਦਰਬਾਰ ਵਿੱਚ ਹਾਜਰ ਨਹੀਂ ਹੋ ਸਕੇ।  । ਕਵੀ ਦਰਬਾਰ ਦੇ ਅੰਤ ਵਿੱਚ ਸ.ਜਗਬੀਰ ਸਿੰਘ ਜੀ ਨੇ ਸਾਰੇ ਕਵੀਆਂ ਦਾ ਅਤੇ ਸਮੂਹ ਸੰਗਤ ਦਾ ਸੋਸਾਇਟੀ ਵੱਲੋਂ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਸੇਵਾ ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਜੀ  ਵਲੋਂ ਬਾਖੂਬੀ ਨਿਭਾਈ ਗਈ। ਅਖੀਰ ਵਿੱਚ ਸੋਸਾਇਟੀ ਦੀ ਪਰੰਪਰਾ ਅਨੁਸਾਰ ਅਨੰਦ ਸਾਹਿਬ ਦੀਆਂ 6 ਪਉੜੀਆ,ਅਰਦਾਸ ਅਤੇ ਹੁਕਮਨਾਮੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ। ਵਧੇਰੇ ਜਾਣਕਾਰੀ ਲਈ ਸ ਬਲਰਾਜ ਸਿੰਘ ਜੀ  (+1 403 978 2419) ਅਤੇ ਸ ਜਗਬੀਰ ਸਿੰਘ ਜੀ (+1 587 718 8100 ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Back to top button
Translate »