ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ ?

ਹਰਚਰਨ ਸਿੰਘ ਪ੍ਰਹਾਰ

ਪਿਛਲੇ ਕੁਝ ਮਹੀਨਿਆਂ ਤੋਂ ਕਹਿ ਲਓ ਜਾਂ 3-4 ਤੋਂ ਦਹਾਕਿਆਂ ਤੋਂ ਕਹਿ ਲਓ, ਸਿੱਖਾਂ ਅੰਦਰ ਰਾਜਸੀ ਤੇ ਧਾਰਮਿਕ ਧਿਰਾਂ; ਅਕਾਲੀ ਦਲਾਂ, ਸ਼੍ਰੋਮਣੀ ਕਮੇਟੀ, ਪੰਥਕ ਜਥੇਬੰਦੀਆਂ ਅਤੇ ਟਕਸਾਲ ਵਿੱਚ ਅਕਾਲ ਤਖ਼ਤ ਅਤੇ ਬਾਕੀ ਪੰਜ ਤਖ਼ਤਾਂ ਬਾਰੇ ਜਿੱਥੇ ਵੱਡੀਆਂ ਦੁਬਿਧਾਵਾਂ ਹਨ, ਉੱਥੇ ਸਾਰੇ ‘ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ’ ਦੇ ਨਾਹਰੇ ਮਾਰ ਕੇ ਇੱਕ ਦੂਜੇ ਨੂੰ ਠਿੱਬੀ ਲਾਉਣ ਵਿੱਚ ਲੱਗੇ ਹੋਏ ਹਨ। ਹਰ ਇੱਕ ਦੀ ਕੋਸ਼ਿਸ਼ ਹੈ ਕਿ ਉਹ ਅਕਾਲ ਤਖ਼ਤ ਅਤੇ ਜਥੇਦਾਰਾਂ ਨੂੰ ਵਰਤ ਕੇ ਸ਼੍ਰੋਮਣੀ ਕਮੇਟੀ ‘ਤੇ ਬਾਦਲ ਦਲ ਦੇ ਕਬਜ਼ੇ ਨੂੰ ਹਟਾ ਕੇ ਆਪਣਾ ਕਬਜ਼ਾ ਕਰ ਸਕਦੇ ਹਨ, ਦੂਜੇ ਪਾਸੇ ਬਾਦਲ ਵਾਲ਼ੇ ਇਸ ਕਬਜ਼ੇ ਨੂੰ ਸਥਾਈ ਰੱਖਣ ਲਈ ਉਸੇ ਸਰਬਉਚਤਾ ਵਾਲ਼ਾ ਡੰਡਾ ਵਰਤ ਕੇ ਇਨ੍ਹਾਂ ਦੇ ਪੈਰ ਨਹੀ ਲੱਗਣ ਦੇ ਰਹੇ। ਮਸਲਾ ਸਿਰਫ ਕਬਜ਼ਾ ਰੱਖਣ ਅਤੇ ਕਬਜ਼ਾ ਛੁਡਾ ਕੇ ਆਪਣਾ ਕਬਜ਼ਾ ਕਰਨ ਦਾ ਹੈ। ਮੌਜੂਦਾ ਵਿਵਾਦ ਵਿੱਚ ਸੁਖਬੀਰ ਬਾਦਲ ਕਾਮਯਾਬ ਹੁੰਦਾ ਹੈ ਜਾਂ ਪੰਥਕ ਧਿਰਾਂ ਨੂੰ ਕੁਝ ਰਾਹਤ ਮਿਲਦੀ ਹੈ, ਇਹ ਤਾਂ ਪਤਾ ਕੱਲ੍ਹ ਨੂੰ ਲੱਗੇਗਾ। ਪਰ ਸਿੱਖਾਂ ਨੂੰ ਇਸ ਵਿੱਚੋਂ ਨਿਰਾਸ਼ਾ ਹੀ ਮਿਲੇਗੀ ਕਿਉਂਕਿ ਸਭ ਦਾ ਨਿਸ਼ਾਨਾ ਕਬਜ਼ਾ ਤੇ ਇਸ ਸਿਸਟਮ ਨੂੰ ਆਪਣੇ ਹਿੱਤਾਂ ਲਈ ਵਰਤਣ ਦਾ ਹੈ।

ਇਹ ਗੱਲ ਸਿਰਫ ਅਕਾਲ ਤਖ਼ਤ ਜਾਂ ਸ਼੍ਰੋਮਣੀ ਕਮੇਟੀ ਦੀ ਹੀ ਨਹੀਂ, ਦੁਨੀਆਂ ਭਰ ਦੇ ਗੁਰਦੁਆਰਿਆਂ ਵਿੱਚ ਸਾਰੇ ਮਸਲੇ ਕਬਜ਼ਿਆਂ ਦੇ ਹਨ। ਜਿਸਦਾ ਕਬਜ਼ਾ ਹੋ ਜਾਂਦਾ ਹੈ, ਉਹ ਪੰਥਕ ਬਣ ਜਾਂਦਾ, ਦੂਜਾ ਉਨ੍ਹਾਂ ਧੜਾ ਉਨ੍ਹਾਂ ਨੂੰ ਮਸੰਦ ਤੇ ਨਰੈਣੂ ਮਹੰਤ ਕਹੀ ਜਾਂਦਾ ਹੈ।

ਮੇਰਾ ਮੰਨਣਾ ਹੈ ਕਿ ਜਦੋ ਤੱਕ ਸਿੱਖ, ਧਰਮ ਤੇ ਰਾਜਨੀਤੀ ਵੱਖ ਨਹੀਂ ਕਰਦੇ, ਸਿੱਖਾਂ ਦਾ ਨਾਂ ਧਾਰਮਿਕ ਤੌਰ ‘ਤੇ ਅਤੇ ਨਾ ਰਾਜਸੀ ਤੌਰ ‘ਤੇ ਕੁਝ ਬਣਨਾ ਹੈ। ਰਾਜਨੀਤੀ ਵਾਲ਼ੇ ਧਰਮ ਨੂੰ ਵਰਤ ਰਹੇ ਹਨ ਅਤੇ ਧਰਮ ਵਾਲ਼ੇ ਰਾਜਨੀਤੀ ਨੂੰ। ਜਿਸਦੇ ਨਤੀਜੇ ਵਜੋਂ ਨਾਂ ਧਰਮ ਸਾਡੇ ਪੱਲੇ ਰਿਹਾ ਤੇ ਨਾ ਰਾਜਨੀਤੀ। ਮਾਡਰਨ ਵਰਲਡ ਦੇ ਲੋਕਤੰਤਰੀ ਤੇ ਧਰਮ ਨਿਰਪੱਖ ਸਿਸਟਮ ਵਿੱਚ ਅਕਾਲੀ ਦਲ ਵਰਗੀ ਧਰਮ ਅਧਾਰਿਤ ਪਾਰਟੀ ਸਿੱਖਾਂ ਦੇ ਹਿੱਤ ‘ਚ ਨਹੀ ਅਤੇ ਨਾ ਹੀ ਧਾਰਮਿਕ ਸੰਸਥਾਵਾਂ ਦੀ ਵਾਗਡੋਰ ਕਿਸੇ ਰਾਜਸੀ ਪਾਰਟੀ ਜਾਂ ਰਾਜਨੀਤਕ ਲੋਕਾਂ ਦੇ ਹੱਥ ‘ਚ ਸਾਡੇ ਹਿੱਤ ਪੂਰ ਸਕਦੀ ਹੈ। ਸਿੱਖ ਇਸ ਸਮੱਸਿਆ ਨਾਲ਼ ਸਾਰੀ ਦੁਨੀਆਂ ‘ਚ ਜੂਝ ਰਹੇ ਹਨ।

ਸੁਖਬੀਰ ਬਾਦਲ

ਮੌਜੂਦਾ ਦੌਰ ਵਿੱਚ ਸਾਰੇ ਪੰਥਕ ਕਹਾਉਂਦੇ ਸਿੱਖ ਅਤੇ ਜਥੇਬੰਦੀਆਂ ਆਪੇ ਬਣਾਏ ਨਾਹਰੇ, ‘ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ’ ਦੇ ਮਕੜਜਾਲ ‘ਚ ਫਸ ਚੁੱਕੇ ਹਨ। ਹਰ ਇੱਕ ਪੰਥ ਦੀ ਵਾਰਿਸ ਕਹਾਉਣ ਵਾਲ਼ੀ ਜਥੇਬੰਦੀ ਜਾਂ ਵਿਦਵਾਨ, ਜਥੇਦਾਰਾਂ ਨੂੰ ਵਰਤ ਕੇ ਦੂਜੇ ਨੂੰ ਠਿੱਬੀ ਲਾਉਣ ਦੇ ਦਾਅ ‘ਤੇ ਬੈਠਾ ਹਨ। ਜਿਸਦਾ ਦਾਅ ਲੱਗ ਜਾਂਦਾ ਹੈ, ਉਹ ਇਸ ਮਹਾਨਤਾ ਨੂੰ ਵਰਤ ਕੇ ਪੂਰੇ ਪੰਥ ‘ਤੇ ਕਾਠੀ ਪਾਉਣੀ ਚਾਹੁੰਦਾ ਹੈ।

ਸਭ ਪਾਸੇ ਸਵਾਰਥੀ, ਮੌਕਾਪ੍ਰਸਤ, ਬੇਈਮਾਨ, ਦੋਗਲੇ, ਕਮੀਨੇ, ਜਰਾਇਮਪੇਸ਼ਾ, ਦੰਭੀ, ਪਖੰਡੀ, ਕੋਪਟੀ ਲੋਕ ਆਪਣੀ-ਆਪਣੀ ਸਿਆਸਤ ਕਰ ਰਹੇ ਹਨ। ਜਿਹੜੇ ਦੇਸ਼-ਵਿਦੇਸ਼ ‘ਚ ਅਕਾਲ ਤਖ਼ਤ ਦੀ ਸਰਬਉਚਾਾ ਦਾ ਵੱਧ ਰੌਲ਼ਾ ਪਾਉਂਦੇ ਹਨ, ਉਹ ਹੀ ਇਨ੍ਹਾਂ ਸਰਬਉਚ ਜਥੇਦਾਰਾਂ ਨੂੰ ਪਿਛਲੇ ਸਮੇਂ ਵਿੱਚ ਗੋਲ਼ੀਆਂ ਮਾਰਦੇ ਰਹੇ ਹਨ, ਉਨ੍ਹਾਂ ਨੂੰ ਹਰ ਪੱਧਰ ‘ਤੇ ਬੇਇੱਜ਼ਤ ਕਰਦੇ ਰਹੇ ਹਨ। ਜਦ ਉਹ ਇਨ੍ਹਾਂ ਦੀ ਬੋਲੀ ਨਹੀ ਬੋਲਦੇ ਸਨ। ਅਕਾਲ ਤਖ਼ਤ ਇਨ੍ਹਾਂ ਲਈ ਉਦੋਂ ਹੀ ਮਹਾਨ ਹੈ, ਜਦੋਂ ਇਨ੍ਹਾਂ ਦੇ ਹਿੱਤ ਪੂਰਦਾ ਹੈ, ਜੇ ਨਹੀ ਤਾਂ ਇਸਦੀ ਕੋਈ ਮਹਾਨਤਾ ਨਹੀਂ।

ਮੇਰਾ ਮੰਨਣਾ ਹੈ ਕਿ ਇਸ ਵਾਦ-ਵਿਵਾਦ ਵਿੱਚੋਂ ਕੁਝ ਨਹੀ ਨਿਕਲਣਾ ਅਤੇ ਨਾ ਪਹਿਲਾਂ ਕਦੇ ਕੁਝ ਨਿਕਲਿਆ ਹੈ ਕਿਉਂਕਿ ਅਸੀਂ ਸਮੱਸਿਆ ਦੀ ਜੜ੍ਹ ਲੱਭ ਕੇ ਹੱਲ ਕਰਨ ਦੀ ਥਾਂ ਸਮੱਸਿਆ ਦੇ ਲੱਛਣਾਂ ‘ਤੇ ਹੀ ਰੌਲ਼ਾ ਰੱਪਾ ਪਾ ਰਹੇ ਹਾਂ ਅਤੇ ਜਦੋ ਕੋਈ ਨਵਾਂ ਮੁੱਦਾ ਆ ਜਾਂਦਾ ਤਾਂ ਪਿਛਲਾ ਛੱਡ ਕੇ ਉਧਰ ਭੱਜਣ ਲੱਗਦੇ ਹਾਂ। ਫਿਰ ਕਿਸੇ ਨਵੇਂ ਮੁੱਦੇ ਦੀ ਤਲਾਸ਼ ਕਰਨ ਲੱਗਦੇ ਹਾਂ। ਜੇ ਕੋਈ ਮੁੱਦਾ ਨਾ ਮਿਲ਼ੇ ਤਾਂ ਫਿਰ ਨਕਲੀ ਬਣਾ ਲੈਂਦੇ ਹਾਂ, ਝੂਠੇ ਬ੍ਰਿਤਾਂਤ ਸਿਰਜ ਲੈਂਦੇ ਹਾਂ।

ਹਰਚਰਨ ਸਿੰਘ ਪ੍ਰਹਾਰ 01/12/2024

Exit mobile version