ਚੇਤਿਆਂ ਦੀ ਚੰਗੇਰ ਵਿੱਚੋਂ

ਅਜ਼ਾਦੀ ਸੰਗਰਾਮ ਦੀ ਚਸ਼ਮਦੀਦ ਗਵਾਹ ਮਾਤਾ ਸੁਰਜੀਤ ਕੌਰ

1 4 ਸਤੰਬਰ2024 ਦੇ ਅੰਕ ਲਈ, ਬਰਸੀ ‘ਤੇ ਵਿਸ਼ੇਸ਼


ਮਾਤਾ ਸੁਰਜੀਤ ਕੌਰ ਸੁਪਤਨੀ ਵੀਰ ਸਿੰਘ ਵੀਰ, ਪ੍ਰਸਿੱਧ ਪੰਜਾਬੀ ਕਵੀ ਅਤੇ ਸੁਤੰਤਰਤਾ ਸੈਨਾਨੀ ਦਾ ਜਨਮ ਲਾਹੌਰ ਦੇ ਨਵਾਂ ਧਰਮਪੁਰਾ
ਗਲੀ ਨੰ : 3, ਗੁਰਦੁਆਰਾ ਸਿੰਘ ਸਭਾ ਪਾਕਿਸਤਾਨ ਵਿਖੇ ਹੋਇਆ।ਆਪ ਦੇ ਪਿਤਾ ਦਾ ਨਾਂ ਸ. ਜੱਸਾ ਸਿੰਘ ਤੇ ਦਾ ਨਾਂ ਸ੍ਰੀ ਮਤੀ ਰਾਜ ਕੌਰ ਸੀ।ਆਪ ਛੋਟੀ ਉਮਰ ਦੇ ਸਨ ਜਦ ਆਪ ਦੇ ਮਾਤਾ ਅਕਾਲ ਚਲਾਣਾ ਕਰ ਗਏ । ਆਪ ਦਾ ਵਿਆਹ ਸੰਨ 1942 ਈ. ਵਿੱਚ ਅੰਮ੍ਰਿਤਸਰ ਦੇ ਨਾਮਵਰ ਕਵੀ ਸ. ਵੀਰ ਸਿੰਘ ਵੀਰ ਜੀ ਨਾਲ ਹੋਇਆ ਜੋ ਕਿ ਉਸ ਸਮੇਂ ਦੇ ਮਸ਼ਹੂਰ ਆਜ਼ਾਦੀ ਘੁਲਾਟੀਏ ਸੋਹਣ ਸਿੰਘ ਜਲਾਲਉਸਮਾ, ਮੋਹਨ ਸਿੰਘ ਨਾਗੋਕੇ, ਦਰਸ਼ਨ ਸਿੰਘ ਫੇਰੂਮਾਨ, ਈਸ਼ਰ ਸਿੰਘ ਮਝੈਲ, ਗਿਆਨੀ ਗੁਰਮੁਖ ਸਿੰਘ ਮੁਸਾਫਿਰ , ਪ੍ਰਤਾਪ ਸਿੰਘ ਕੈਰੋਂ, ਗਿਆਨੀ ਜ਼ੈਲ ਸਿੰਘ ਜੋ ਮੁੱਖ ਮੰਤਰੀ ਪੰਜਾਬ ਤੇ ਬਾਦ ਵਿਚ ਰਾਸ਼ਟਰਪਤੀ ਬਣੇ, ਗਿਆਨੀ ਪ੍ਰਤਾਪ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦਿਆਲ ਸਿੰਘ ਢਿੱਲੋਂ ਸਪੀਕਰ ਲੋਕ ਸਭਾ ਦੇ ਬਹੁਤ ਨਿਕਟਵਰਤੀ ਸਾਥੀ ਸਨ ਤੇ ਇਨ੍ਹਾਂ ਨਾਲ ਹੀ ਵੀਰ ਸਿੰਘ ਹਰ ਮੋਰਚੇ ‘ਤੇ ਰਹਿੰਦੇ ਸਨ। ਆਜ਼ਾਦੀ ਦੀ ਲਹਿਰ ਜ਼ੋਰਾਂ ‘ਤੇ ਸੀ ਤੇ ਮਹਾਤਮਾ ਗਾਂਧੀ ਵਲੋਂ ਅੰਗਰੇਜ਼ ਭਾਰਤ ਛੱਡ ਦਾ ਅੰਦੋਲਨ ਸਿਖਰ ‘ਤੇ ਸੀ।

ਮਾਤਾ ਸੁਰਜੀਤ ਕੌਰ ਦੇ ਵਿਆਹ ਵਾਲੇ ਦਿਨ ਸ਼ਾਮ ਨੂੰ ਵੀਰ ਸਿੰਘ ਵੀਰ ਨੂੰ ਘਰੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਵੀਰ ਸਿੰਘ ਵੀਰ ਉਸ ਸਮੇਂ ਸੋਹਣ ਸਿੰਘ ਜਲਾਲਉਸਮਾ, ਦਰਸ਼ਨ ਸਿੰਘ ਫੇਰੂਮਾਨ, ਮੋਹਣ ਸਿੰਘ ਨਾਗੋਕੇ, ਈਸ਼ਰ ਸਿੰਘ ਮਝੈਲ ਹੋਰਾਂ ਨਾਲ ਮਹਾਤਮਾ ਗਾਂਧੀ ਵੱਲੋਂ ਲਾਏ ਮੋਰਚੇ ਵਿੱਚ ਸ਼ਾਮਿਲ ਸਨ। ਬੀਬੀ ਸੁਰਜੀਤ ਕੌਰ ਉਸੇ ਸ਼ਾਮ ਨੂੰ ਵੀਰ ਸਿੰਘ ਦੀ ਰੋਟੀ ਜੇਲ੍ਹ ਵਿੱਚ ਦੇਣ ਗਏ । ਜਿਥੇ ਕਿ ਅੰਗਰੇਜ਼ੀ ਹਕੂਮਤ ਨੇ ਬੀਬੀ ਸੁਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਤੇ ਜੇਲ੍ਹ ਹੋ ਗਈ। ਉਸ ਤੋਂ ਬਾਅਦ ਬੀਬੀ ਸੁਰਜੀਤ ਕੌਰ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਉਹ ਆਪਣੇ ਪੇਕੇ ਘਰ ਲਾਹੌਰ ਚਲੇ ਗਏ। ਕੁਝ ਦਿਨਾਂ ਬਾਅਦ ਹੀ 1947 ਵਿੱਚ ਦੇਸ਼ ਦੀ ਵੰਡ ਉਹ ਪੇਕੇ ਪਰਿਵਾਰ ਨਾਲੋਂ ਵਿਛੜ ਗਏ ਤੇ ਬਹੁਤ ਹੀ ਮੁਸ਼ਕਿਲਾਂ ਨਾਲ ਡਾ. ਮਨਮੋਹਨ ਸਿੰਘ ਜੋ ਕਿ ਬਾਦ ਵਿਚ ਪ੍ਰਧਾਨ ਮੰਤਰੀ ਬਣੇ ਦੀ ਮਾਤਾ ਕ੍ਰਿਸ਼ਨ ਕੌਰ ਨਾਲ ਅੰਮ੍ਰਿਤਸਰ ਵਿਖੇ ਪਹੁੰਚੇ। ਇਥੇ ਖਾਲਸਾ ਕਾਲਜ ਦੇ ਕੈਂਪ ਵਿੱਚ ਰਹੇ ਅਤੇ ਕੁਝ ਦਿਨਾਂ ਬਾਅਦ ਆਪਣੇ ਸਹੁਰੇ ਘਰ ਪਹੁੰਚੇ। ਜਿਸ ਸਮੇਂ ਦੇਸ਼ ਆਜ਼ਾਦ ਹੋਇਆ ਤਾਂ ਆਪਣੇ ਪਤੀ ਵੀਰ ਸਿੰਘ ਨਾਲ ਬੇਹੱਦ ਗਰੀਬੀ ਭਰੇ ਦਿਨ ਦੇਖੇ। ਮਿਹਨਤ ਮਜ਼ਦੂਰੀ ਕਰਕੇ ਆਪਣੇ ਪਤੀ ਦਾ ਸਾਥ ਦਿੱਤਾ। ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਵੀ ਗੁਆਂਢ ਰਹਿਣ ਲੱਗ ਪਏ। ਉਹ ਵੀਰ ਸਿੰਘ ਦੀਆਂ ਦੇਸ਼ ਪ੍ਰਤੀ ਸੇਵਾਵਾਂ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਸੁਰਜੀਤ ਕੌਰ ਨੂੰ ਆਪਣੀ ਧੀ ਬਣਾ ਲਿਆ। ਸੁਰਜੀਤ ਕੌਰ ਉਨ੍ਹਾਂ ਦੇ ਗ੍ਰਹਿ ਵਿਖੇ ਲੰਗਰ ਦੀ ਸੇਵਾ ਕਰਦੇ ਅਤੇ ਕਈ ਕਾਂਗਰਸੀ ਲੀਡਰ ਉਥੇ ਬਾਬਾ ਗੁਰਦਿੱਤ ਸਿੰਘ ਨੂੰ ਮਿਲਣ ਲਈ ਪਹੁੰਚਦੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀਰ ਸਿੰਘ ਵੀਰ ਨੂੰ ਗੁਰਦੁਆਰਾ ਸਾਹਿਬ ਸਾਰਾਗੜੀ, ਅੰਮ੍ਰਿਤਸਰ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਵਜੋਂ ਨਿਯੁਕਤ ਕੀਤਾ। ਬਾਅਦ ਵਿੱਚ ਪ੍ਰਤਾਪ ਸਿੰਘ ਕੈਰੋਂ ਜਦੋਂ ਮੁੱਖ ਮੰਤਰੀ, ਪੰਜਾਬ ਬਣੇ ਤਾਂ ਉਨ੍ਹਾਂ ਵੀਰ ਸਿੰਘ ਨੂੰ ਲੋਕ ਸੰਪਰਕ ਵਿਭਾਗ ਦੇ ਵਿੱਚ ਨੌਕਰੀ ਦੇ ਦਿੱਤੀ।ਗਿਆਨੀ ਜ਼ੈਲ ਸਿੰਘ ਨਾਲ ਬਹੁਤ ਹੀ ਨਿੱਘਾ ਰਿਸ਼ਤਾ ਸੀ। ਇਥੇ ਇਹ ਕਹਿਣਾ ਜ਼ਰੂਰੀ ਹੈ ਕਿ ਡਾ. ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਦੀ ਮਾਤਾ ਕਿਸ਼ਨ ਕੌਰ ਜੋ ਕਿ ਇਨ੍ਹਾਂ ਦੇ ਘਰ ਲਾਗੇ ਰਹਿੰਦੇ ਸਨ ਤੇ ਮਾਤਾ ਸੁਰਜੀਤ ਕੌਰ ਵਿੱਚ ਭੈਣਾਂ ਵਰਗਾ ਪਿਆਰ ਸੀ। ਗੁਰਦਿਆਲ ਸਿੰਘ ਢਿੱਲੋਂ ਜਦੋਂ ਕੈਨੇਡਾ ਦੇ ਰਾਜਦੂਤ ਬਣੇ ਤਾਂ ਉਹਨਾਂ ਨੇ ਵੀਰ ਸਿੰਘ ਨੂੰ ਪਰਿਵਾਰ ਸਮੇਤ ਕੈਨੇਡਾ ਵਿੱਚ ਰਹਿਣ ਦਾ ਸੱਦਾ ਦਿੱਤਾ । ਪਰ ਇਸ ਜੋੜੀ ਨੇ ਕੈਨੇਡਾ ਨਾਲੋਂ ਅੰਮ੍ਰਿਤਸਰ ਨੂੰ ਪਹਿਲ ਦਿੱਤੀ । ਆਪ 14 ਸਤੰਬਰ 2023 ਨੂੰ108 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ।ਉਹ ਆਪਣੇ ਪਿੱਛੇੇ ਇਕ ਬੇਟਾ , ਇਕ ਬੇਟੀ ਤੇ ਦੋ ਪੋਤਰੇ ਛੱਡ ਗਏ ਹਨ।ਬੇਟਾ ਅਮਰਜੀਤ ਸਿੰਘ ਭਾਟੀਆ 1982 ਤੋਂ ਸਪਤਾਹਿਕ ਪੱਤਰ ਦਲੇਰ ਖ਼ਾਲਸਾ ਕੱਢ ਰਹੇ ਹਨ।ਵੱਡਾ ਪੋਤਰਾ ਮਨਪ੍ਰੀਤ ਸਿੰਘ ਮਾਸਿਕ ਪਰਚਾ ਅਣਖ਼ੀ ਜੋਧਾ 2009 ਤੋਂ ਕੱਢ ਰਹੇ ਹਨ।ਛੋਟਾ ਪੋਤਰਾ ਸਰਬਜੀਤ ਸਿੰਘ ਅੰਮ੍ਰਿਤਸਰ ਸਹਿਕਾਰੀ ਬੈਂਕ ਵਿਚ ਕਲਰਕ ਹੈ । ਇਸ ਤਰ੍ਹਾਂ ਜਿੱਥੇ ਆਪ ਦੇ ਪਤੀ ਦੇਸ਼ ਭਗਤ ਤੇ ਪ੍ਰੱਿਸੱਧ ਸਟੇਜੀ ਕਵੀ ਸਨ ਉੱਥੇ ਆਪਦਾ ਬੇਟਾ ਤੇ ਪੋਤਰਾ ਪੰਜਾਬੀ ਸਾਹਿਤ ਦੀ ਸੇਵਾ ਕਰਕੇ ਨਾਮਣਾ ਖੱਟ ਰਹੇ ਹਨ।

ਡਾ. ਚਰਨਜੀਤ ਸਿੰਘ ਗੁਮਟਾਲਾ 0019375739812 (ਅਮਰੀਕਾ), ਵਟਸਐਪ 919417533060

ਡਾ. ਚਰਨਜੀਤ ਸਿੰਘ ਗੁਮਟਾਲਾ

ਡਾ. ਚਰਨਜੀਤ ਸਿੰਘ ਗੁਮਟਾਲਾ 0019375739812 (ਅਮਰੀਕਾ), ਵਟਸਐਪ 919417533060

Show More

Related Articles

Leave a Reply

Your email address will not be published. Required fields are marked *

Back to top button
Translate »