ਅਣਹੋਇਆਂ ਦਾ ਚਿਤੇਰਾ : ਨਾਵਲਕਾਰ ਗੁਰਦਿਆਲ ਸਿੰਘ, ਮੁੱਖ ਵਿਸ਼ੇ ’ਤੇ ਜੈਤੋ ਵਿਖੇ ਪ੍ਰਭਾਵਸ਼ਾਲੀ ਸੈਮੀਨਾਰ

ਨਾਵਲਕਾਰ ਗੁਰਦਿਆਲ ਸਿੰਘ : ਅਣਹੋਇਆਂ ਦਾ ਚਿਤੇਰਾ ਮੁੱਖ ਵਿਸ਼ੇ ’ਤੇ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਪ੍ਰਭਾਵਸ਼ਾਲੀ ਸੈਮੀਨਾਰ ਕਰਾਇਆ
ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਏ ਉੱਘੇ ਵਿਦਵਾਨਾਂ ਨੇ ਗੁਰਦਿਆਲ ਸਿੰਘ ਸਾਹਿਤ ’ਤੇ ਕੀਤੀ ਭਰਪੂਰ ਚਰਚਾ
ਜੈਤੋ (ਪੰਜਾਬੀ ਅਖ਼ਬਾਰ ਬਿਊਰੋ) ਯੂਨੀਵਰਸਿਟੀ ਕਾਲਜ ਜੈਤੋ ਵਿਖੇ ਪਦਮਸ੍ਰੀ ਪ੍ਰੋਫ਼ੈਸਰ ਗੁਰਦਿਆਲ ਸਿੰਘ ਲਾਇਬਰੇਰੀ ਹਾਲ ਵਿਖੇ ਪੰਜਾਬ ਨਵ ਸਿਰਜਣਾ ਮਹਾਂ ਉਤਸਵ ਤਹਿਤ ਗਿਆਨਪੀਠ ਪੁਰਸਕਾਰ ਜੇਤੂ ‘ਨਾਵਲਕਾਰ ਗੁਰਦਿਆਲ ਸਿੰਘ : ਅਣਹੋਇਆਂ ਦਾ ਚਿਤੇਰਾ’ ਮੁੱਖ ਵਿਖੇ ’ਤੇ ਇਕ ਭਾਵਪੂਰਤ ਸੈਮੀਨਾਰ ਕਰਵਾਇਆ ਗਿਆ। ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਅਕਾਦਮੀ ਚੰਡੀਗੜ੍ਹ, ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਯੂਨੀਵਰਸਿਟੀ ਕਾਲਜ ਜੈਤੋ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਪ੍ਰੋ. ਸਾਧੂ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਨੇ ਸ਼ਿਰਕਤ ਕੀਤੀ। ਯੂਨੀਵਰਸਿਟੀ ਧੁਨੀ ਨਾਲ ਪ੍ਰਾਰੰਭ ਹੋਏ ਇਸ ਸੈਮੀਨਾਰ ਵਿਚ ਸਵਾਗਤੀ ਸ਼ਬਦ ਕੰਪਿਊਟਰ ਵਿਭਾਗ ਦੇ ਮੁਖੀ ਡਾ. ਸੁਭਾਸ਼ ਚੰਦਰ ਨੇ ਕਹੇ। ਸੈਮੀਨਾਰ ਦਾ ਸੰਚਾਲਨ ਕਰਦਿਆਂ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ ਨੇ ਸੈਮੀਨਾਰ ਦੀ ਰੂਪ ਰੇਖਾ ਬਿਆਨ ਕਰਨ ਲਈ ਸੈਮੀਨਾਰ ਦੇ ਕਨਵੀਨਰ ਅਤੇ ਡੀ. ਏ.ਵੀ. ਕਾਲਜ ਅਬੋਹਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਤਰਸੇਮ ਸ਼ਰਮਾ ਨੂੰ ਸੱਦਾ ਦਿੱਤਾ। ਉਨ੍ਹਾਂ ਵੱਲੋਂ ਨਾਵਲਕਾਰ ਗੁਰਦਿਆਲ ਸਿੰਘ ਦੀ ਸਾਹਿਤ ਰਚਨਾ ਬਾਰੇ ਵਿਚਾਰ-ਚਰਚਾ ਲੇਖਕ ਦੇ ਆਪਣੇ ਘਰ ਜਾ ਕੇ ਕਰਨ ਦੇ ਮਕਸਦ ਨਾਲ ਇਸ ਸੈਮੀਨਾਰ ਦੇ ਬਣੇ ਸਬੱਬ ਬਾਰੇ ਵਿਸਥਾਰ ਵਿਚ ਦੱਸਿਆ। ਉਨ੍ਹਾਂ ਪ੍ਰੋਫ਼ੈਸਰ ਗੁਰਦਿਆਲ ਸਿੰਘ ਦੇ ਪਰਵਾਰ ਦਾ ਉਚੇਚਾ ਧੰਨਵਾਦ ਕੀਤਾ ਜੋ ਉਨ੍ਹਾਂ ਨਾਲ ਜੁੜੀ ਹਰੇਕ ਵਸਤ ਨੂੰ ਸੰਭਾਲ ਲੈਣ ਦੇ ਯਤਨ ਵਿਚ ਲੱਗੇ ਹੋਏ ਹਨ। ਨਾਵਲਕਾਰ ਗੁਰਦਿਆਲ ਸਿੰਘ ਦੀਆਂ ਅਣਛਪੀਆਂ ਰਚਨਾਵਾਂ, ਚਿੱਠੀਆਂ ਅਤੇ ਹੋਰ ਬੜਾ ਕੁਝ ਪਰਵਾਰ ਵੱਲੋਂ ਡਾ. ਤਰਸੇਮ ਸ਼ਰਮਾ ਨੂੰ ਸੰਭਾਲਨ ਹਿਤ ਸੌਂਪਣ ਸਬੰਧੀ ਉਨ੍ਹਾਂ ਨੇ ਪਰਵਾਰ ਦਾ ਧੰਨਵਾਦ ਕੀਤਾ।

ਨਾਵਲਕਾਰ ਗੁਰਦਿਆਲ ਸਿੰਘ ਦੇ ਪਰਵਾਰ ਵੱਲੋਂ ਉਨ੍ਹਾਂ ਦੇ ਸਪੁੱਤਰ ਰਵਿੰਦਰ ਸਿੰਘ ਉਚੇਚੇ ਤੌਰ ’ਤੇ ਸਨਮਾਨੇ ਜਾਣ ਵਾਲੀ ਸ਼ਖ਼ਸੀਅਤ ਵਜੋਂ ਨਿਮਤਿ੍ਰਤ ਸਨ। ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਕੱਤਰ ਅਤੇ ਜਗਤ ਗੁਰੂ ਬਾਬਾ ਨਾਨਕ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਅਮਰਜੀਤ ਸਿੰਘ ਵੱਲੋਂ ਇਸ ਸੈਮੀਨਾਰ ਦੇ ਆਯੋਜਨ ਬਾਰੇ ਗੱਲ ਕਰਦਿਆਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵੱਲੋਂ 14 ਜਨਵਰੀ ਤੋਂ 29 ਮਾਰਚ 2025 ਤੱਕ ਵੱਖ ਵੱਖ ਸਥਾਨਾਂ ’ਤੇ ਕਰਾਏ ਜਾ ਰਹੇ ਸਾਹਿਤਕ ਸਮਾਗਮਾਂ ਨੂੰ ਸਾਹਿਤ ਦੇ ਮਹਾਂ ਉਤਸਵ ਦਾ ਹਿੱਸਾ ਬਿਆਨ ਕੀਤਾ। ਉੱਘੇ ਗਲਪ ਆਲੋਚਕ ਡਾ. ਸੁਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਪਣੇ ਕੁੰਜੀਵਤ ਭਾਸ਼ਨ ਵਿਚ ਨਾਵਲਕਾਰ ਦੀ ਅਕਾਦਮਿਕਤਾ, ਉਨ੍ਹਾਂ ਦੀ ਸੰਸਾਰ ਪੱਧਰ ਦੇ ਸਾਹਿਤ ਨੂੰ ਪੜ੍ਹਨ ਦੀ ਚੇਟਕ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੇ ਨਾਵਲਾਂ ਨੂੰ ਅੱਜ ਦੇ ਦੌਰ ਵਿਚ ਵੀ ਬਾਰ-ਬਾਰ ਪੜ੍ਹੇ ਜਾਣ ਵਾਲੇ ਨਾਵਲ ਬਿਆਨ ਕੀਤਾ। ਮੁੱਖ ਮਹਿਮਾਨ ਪ੍ਰੋ. ਸਾਧੂ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਨੇ ਨਾਵਲਕਾਰ ਗੁਰਦਿਆਲ ਸਿੰਘ ਨਾਲ ਸਰਕਾਰੀ ਬਰਜਿੰਦਰ ਕਾਲਜ ਫ਼ਰੀਦਕੋਟ ਵਿਖੇ ਬਤੌਰ ਕੁਲੀਗ ਬਿਤਾਏ ਸਮੇਂ ਨੂੰ ਤਾਜ਼ਾ ਕੀਤਾ। ਉਨ੍ਹਾਂ ਕਿਹਾ ਕਿ ਨਾਵਲਕਾਰ ਗੁਰਦਿਆਲ ਸਿੰਘ ਦੇ ਨਾਵਲਾਂ ਵਿਚ ਨਿਮਾਣੇ ਤੇ ਲਤਾੜੇ ਲੋਕਾਂ ਦਾ ਜੀਵਨ ਚਿੱਤਰ ਪੇਸ਼ ਕੀਤਾ ਗਿਆ ਹੈ ਅਤੇ ਅਜਿਹੇ ਲੋਕਾਂ ਨੂੰ ਉਸ ਦੀਆਂ ਲਿਖਤਾਂ ਸਮਾਜ ਵਿਚ ਉੱਪਰ ਉੱਠਣ ਦਾ ਸੁਨੇਹਾ ਦਿੰਦੀਆਂ ਹਨ। ਉਨ੍ਹਾਂ ਇਥੋਂ ਤੱਕ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਸਾਡੇ ਵਰਗੇ ਗ਼ੁਰਬਤ ਵਿਚੋਂ ਨਿਕਲ ਕੇ ਜੋ ਲੋਕ ਅੱਜ ਕੁਝ ਸਥਾਪਤ ਹੋ ਸਕੇ ਹਨ ਉਹ ਗੁਰਦਿਆਲ ਸਿੰਘ ਦੀਆਂ ਲਿਖਤਾਂ ਰਾਹੀਂ ਪੈਦਾ ਕੀਤੀ ਚੇਤਨਾ ਦਾ ਹੀ ਸਿੱਟਾ ਹੈ। ਉਨ੍ਹਾਂ ਕਿਹਾ ਕਿ ਕਲਾ, ਕਲਾ ਲਈ ਨਹੀਂ ਹੁੰਦੀ ਬਲਕਿ ਕਲਾ, ਜ਼ਿੰਦਗੀ ਲਈ ਹੁੰਦੀ ਹੈ। ਉਦਘਾਟਨੀ ਬੈਠਕ ਦੇ ਪ੍ਰਧਾਨਗੀ ਭਾਸ਼ਣ ਵਿਚ ਡਾ. ਬਲਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਨਾਵਲਕਾਰ ਗੁਰਦਿਆਲ ਸਿੰਘ ਬਹੁਤ ਹੀ ਬਰੀਕ ਸਮਝ ਰੱਖਣ ਵਾਲੇ ਸਾਹਿਤਕਾਰ ਸਨ। ਉਹ ਗਲਪ ਰਚਨਾਵਾਂ ਦੀ ਸਿਰਜਣਾ ਮੌਕੇ ਬਹੁਤ ਛੋਟੇ-ਛੋਟੇ ਨੁਕਤੇ ਵਿਚਾਰ ਕੇ ਆਪਣੇ ਪਾਤਰਾਂ ਦੇ ਰਾਹੀਂ ਗੱਲ ਪੇਸ਼ ਕਰਦੇ ਸਨ। ਮਸਲਨ ਜਿਸ ਸਮੇਂ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਉਸ ਸਮੇਂ ਲੋਕਾਂ ਦੀ ਬੋਲੀ ਕਿਹੋ ਜਿਹੀ ਸੀ, ਸਾਧਨ ਕਿਹੋ ਜਿਹੇ ਸਨ, ਆਮਦਨ ਕਿਸ ਤਰ੍ਹਾਂ ਦੀ ਸੀ ਆਦਿ ਗੱਲਾਂ ਨੂੰ ਬਹੁਤ ਧਿਆਨ ਰੱਖ ਕੇ ਰਚਨਾਕਾਰੀ ਕਰਦੇ ਸਨ। ਉਨ੍ਹਾਂ ਦਾ ਅਜਿਹੀਆਂ ਗੱਲਾਂ ਵਿਚ ਦਿੱਤਾ ਗਿਆ ਧਿਆਨ ਉਨ੍ਹਾਂ ਦੀਆਂ ਰਚਨਾਵਾਂ ਨੂੰ ਸੰਸਾਰ ਪੱਧਰ ਤੱਕ ਲੈ ਜਾਣ ਵਿਚ ਸਹਾਈ ਹੋਇਆ ਹੈ। ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ ਨੇ ਯਾਦਾਂ ਤਾਜ਼ਾ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਕਾਲਜ ਜੈਤੋ ਦਾ ਉਦਘਾਟਨ 17 ਅਗਸਤ 2011 ਨੂੰ ਨਾਵਲਕਾਰ ਗੁਰਦਿਆਲ ਸਿੰਘ ਨੇ ਕੀਤਾ ਸੀ ਅਤੇ ਇਸ ਮੌਕੇ ਉਨ੍ਹਾਂ ਦਾ ਚਾਅ ਤੇ ਉਮਾਹ ਲਾਮਿਸਾਲ ਸੀ। ਉਹ ਬਾਰ-ਬਾਰ ਕਾਲਜ ਦੀ ਸੁੰਦਰ ਇਮਾਰਤ ਵੱਲ ਵੇਖਦੇ ਰਹੇ ਅਤੇ ਉਨ੍ਹਾਂ ਦੀਆਂ ਅੱਖਾਂ ਖ਼ੁਸ਼ੀ ਤੇ ਮਾਣ ਵਿਚ ਭਰ ਆਉਂਦੀਆਂ ਰਹੀਆਂ ਤੇ ਉਹ ਕਹਿ ਰਹੇ ਸਨ ਕਿ ਉਨ੍ਹਾਂ ਦੇ ਇਲਾਕੇ ਵਿਚ ਉਚ ਵਿਦਿਆ ਦਾ ਖ਼ੂਬਸੂਰਤ ਮੁਜੱਸਮਾ ਸਥਾਪਤ ਹੋਇਆ ਹੈ ਜਿਸ ਵਿਚ ਪੜ੍ਹ ਕੇ ਇਸ ਇਲਾਕੇ ਦੇ ਵਿਦਿਆਰਥੀ ਖ਼ੂਬ ਤਰੱਕੀਆਂ ਕਰਨਗੇ।
ਇਸ ਮੌਕੇ ਹੋਈ ਚਿੰਤਨੀ ਬੈਠਕ ਦੀ ਪ੍ਰਧਾਨਗੀ ਉੱਘੇ ਸਭਿਆਚਾਰ ਤੇ ਲੋਕਧਾਰਾ ਵਿਗਿਆਨੀ ਡਾ. ਜੀਤ ਸਿੰਘ ਜੋਸ਼ੀ ਨੇ ਕੀਤੀ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਵਿਚ ਪ੍ਰੋਫ਼ੈਸਰ ਗੁਰਦਿਆਲ ਸਿੰਘ ਹੋਰਾਂ ਨਾਲ ਬਿਤਾਏ ਸਮੇਂ ਨੂੰ ਯਾਦ ਕੀਤਾ। ਉਨ੍ਹਾਂ ਇਸ ਗੱਲ ਦੀ ਬੇਹੱਦ ਤਸੱਲੀ ਜ਼ਾਹਰ ਕੀਤੀ ਕਿ ਪੰਜਾਬੀ ਦੇ ਸਿਰਮੌਰ ਨਾਵਲਕਾਰ ਪ੍ਰੋਫ਼ੈਸਰ ਗੁਰਦਿਆਲ ਸਿੰਘ ਦੇ ਜੱਦੀ ਸ਼ਹਿਰ ਜੈਤੋ ਵਿਚ ਸਥਾਪਤ ਯੂਨੀਵਰਸਿਟੀ ਕਾਲਜ ਦਾ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਜਿੱਥੇ ਵਧਾਈ ਦਾ ਪਾਤਰ ਹੈ ਉਥੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਤੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਹਾਰਦਿਕ ਧੰਨਵਾਦ ਦੇ ਹੱਕਦਾਰ ਹਨ ਕਿਉਂਕਿ ਇਹ ਉੱਦਮ ਨਾਵਲਕਾਰ ਗੁਰਦਿਆਲ ਸਿੰਘ ਵਰਗੇ ਮਹਾਨ ਲੇਖਕ ਦੀ ਰਚਨਾਕਾਰੀ ਦੀ ਭਰਪੂਰ ਕਦਰ ਦਾ ਬਾਇਸ ਹੈ। ਇਸ ਮੌਕੇ ਗੁਰਦਿਆਲ ਸਿੰਘ ਸਾਹਿਤ ’ਤੇ ਆਪਣੇ ਵਿਖਿਆਨ ਪੇਸ਼ ਕਰਨ ਵਾਲੇ ਹੋਰ ਵਿਦਵਾਨਾਂ ਵਿਚ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਹਿੰਦੀ ਵਿਭਾਗ ਦੇ ਮੁਖੀ ਡਾ. ਰਜਿੰਦਰ ਕੁਮਾਰ ਸੈਣ, ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਤੋਂ ਡਾ. ਰਜਿੰਦਰ ਸਿੰਘ, ਡੀ. ਏ. ਵੀ. ਕਾਲਜ ਅਬੋਹਰ ਦੇ ਪੰਜਾਬੀ ਵਿਭਾਗ ਦੇ ਮੁਖੀ ਤੇ ਸੈਮੀਨਾਰ ਕਨਵੀਨਰ ਡਾ. ਤਰਸੇਮ ਸ਼ਰਮਾ, ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਭਾਸ਼ਾਵਾਂ ਵਿਭਾਗ (ਅੰਗਰੇਜ਼ੀ) ਤੋਂ ਡਾ. ਗੁਰਪ੍ਰੀਤ ਸਿੰਘ ਸ਼ਾਮਲ ਸਨ। ਚਿੰਤਨੀ ਬੈਠਕ ਦਾ ਸੰਚਾਲਨ ਪ੍ਰੋ. ਗੁਰਜੀਤ ਕੌਰ ਨੇ ਕੀਤਾ।

ਸਮਾਪਤੀ ਬੈਠਕ ਵਿਚ ਸੈਮੀਨਾਰ ਰਿਪੋਰਟ ਡਾ. ਹਲਵਿੰਦਰ ਸਿੰਘ ਵੱਲੋਂ ਪੇਸ਼ ਕੀਤੀ ਗਈ। ਯੂਨੀਵਰਸਿਟੀ ਕਾਲਜ ਜੈਤੋ ਦੇ ਨਵ-ਨਿਯੁਕਤ ਇੰਚਾਰਜ ਡਾ. ਸਮਰਾਟ ਖੰਨਾ ਨੇ ਆਪਣੇ ਬਹੁਤ ਸੁੰਦਰ ਪ੍ਰਧਾਨਗੀ ਸ਼ਬਦਾਂ ਵਿਚ ਕਿਹਾ ਕਿ ਗੁਰਦਿਆਲ ਸਿੰਘ ਸਾਹਿਤ ’ਤੇ ਹੋਇਆ ਇਹ ਸੈਮੀਨਾਰ ਕਾਲਜ ਦੇ ਵਿਦਿਆਰਥੀਆਂ ਅਤੇ ਪ੍ਰਾਧਿਆਪਕਾਂ ਦੇ ਮਨਾਂ ਵਿਚ ਹਮੇਸ਼ਾ ਸੁਨਹਿਰੀ ਯਾਦ ਵਾਂਗ ਸਮਾਇਆ ਰਹੇਗਾ। ਨਾਵਲਕਾਰ ਗੁਰਦਿਆਲ ਸਿੰਘ ਦੇ ਪਰਵਾਰਕ ਨਜ਼ਦੀਕੀ ਅਤੇ ਉੱਘੇ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਨੇ ਉਨ੍ਹਾਂ ਨਾਲ ਪਰਵਾਰਕ ਸਾਂਝਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੇ ਨਾਵਲਾਂ ਨੂੰ ਅਣਹੋਇਆਂ ਨੂੰ ਹੋਇਆਂ ਵਿਚ ਤਬਦੀਲ ਕਰਨ ਦੇ ਯਤਨ ਬਿਆਨ ਕੀਤਾ। ਸਮਾਪਤੀ ਬੈਠਕ ਦਾ ਸੰਚਾਲਨ ਪ੍ਰੋ. ਰੁਪਿੰਦਰਪਾਲ ਸਿੰਘ ਧਰਮਸੋਤ ਨੇ ਕੀਤਾ। ਕਾਲਜ ਵੱਲੋਂ ਸੈਮੀਨਾਰ ਨੂੰ ਕਾਮਯਾਬ ਕਰਨ ਲਈ ਡਾ. ਪਰਮਿੰਦਰ ਸਿੰਘ ਤੱਗੜ ਦੀ ਅਗਵਾਈ ਵਿਚ ਕੰਮ ਕਰਨ ਵਾਲੀ ਪ੍ਰਬੰਧਕੀ ਟੀਮ ਵਿਚ ਸੀਨੀਅਰ ਫ਼ੈਕਲਟੀ ਵਿਚੋਂ ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਸ਼ਿਲਪਾ ਕਾਂਸਲ, ਲਾਇਬਰੇਰੀਅਨ ਮੀਨਾਕਸ਼ੀ ਜੋਸ਼ੀ, ਫ਼ਿਜ਼ਿਕਸ ਵਿਭਾਗ ਤੋਂ ਡਾ. ਦਿਵਯ ਜਯੋਤੀ ਚਾਵਲਾ, ਪੰਜਾਬੀ ਵਿਭਾਗ ਤੋਂ ਡਾ. ਗੁਰਬਿੰਦਰ ਕੌਰ ਬਰਾੜ ਅਤੇ ਅੰਗਰੇਜ਼ੀ ਵਿਭਾਗ ਤੋਂ ਪ੍ਰੋ. ਕਮਲਦੀਪ ਕੌਰ ਭੁੱਲਰ ਸ਼ਾਮਲ ਸਨ।