ਅਨਮੋਲ ਗਗਨ ਮਾਨ ਨੇ ਡੋਰ-ਟੂ-ਡੋਰ ਪ੍ਰਚਾਰ ਦੀ ਕੀਤੀ ਸ਼ੁਰੂਆਤ


…ਚੋਣ ਕਮਿਸ਼ਨ ਦੇ ਕੋਵਿਡ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦਿਆਂ ਮਾਨ ਨੇ ਘਰ-ਘਰ ਜਾਕੇ ਕੀਤੀ ਲੋਕਾਂ ਨਾਲ ਮੁਲਕਾਤ, ਸੁਣੀਆਂ ਸਮੱਸਿਆਵਾਂ


…ਕਿਹਾ, ਇਨ੍ਹਾਂ ਚੋਣਾਂ ‘ਚ ਪੰਜਾਬ ਦੇ ਲੋਕ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਰਾਜ ਦਾ ਕਰਨਗੇ ਖਾਤਮਾ, ਚੁਣਨਗੇ ਇਮਾਨਦਾਰ ਸਰਕਾਰ


ਖਰੜ, 11 ਜਨਵਰੀ 2022
(ਪੰਜਾਬੀ ਅਖ਼ਬਾਰ ਬਿਊਰੋ) ਆਮ ਆਦਮੀ ਪਾਰਟੀ ਵੱਲੋਂ ਖਰੜ ਹਲਕੇ ਤੋਂ ਉਮੀਦਵਾਰ ਅਨਮੋਲ ਗਗਨ ਮਾਨ ਨੇ ਚੋਣ ਕਮਿਸ਼ਨ ਦੇ ਕੋਵਿਡ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਹਲਕੇ ‘ਚ ਪੈਂਦੇ ਪਿੰਡਾਂ ਵਿਖੇ ਡੋਰ-ਟੂ-ਡੋਰ ਪ੍ਰਚਾਰ ਦੀ ਸ਼ੁਰੂਆਤ ਕਰਦਿਆਂ ਇਲਾਕਾ ਨਿਵਾਸੀਆਂ ਨੂੰ 14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ‘ਚ ਝਾੜੂ ਦਾ ਬਟਨ ਦਬਾਕੇ ਰਿਵਾਇਤੀ ਪਾਰਟੀਆਂ ਦੀ ਗੰਦੀ ਰਾਜਨੀਤੀ ਨੂੰ ਠੱਲ੍ਹ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੇ ਸਾਥ ਸਦਕਾ ਉਹ ਆਉਣ ਵਾਲ਼ੀਆਂ ਚੋਣਾਂ ‘ਚ ਰਿਵਾਇਤੀ ਪਾਰਟੀਆਂ ਦੇ ਅਸਲੀ ਚਿਹਰੇ ਬੇਨਕਾਬ ਕਰਨਗੇ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦੇਣਗੇ।
ਮੰਗਲਵਾਰ ਨੂੰ ਮਾਨ ਨੇ ਰਤਨਗੜ੍ਹ ਅਤੇ ਕੰਸਾਲਾ ਵਿਖੇ ਘਰ-ਘਰ ਜਾਕੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਇੱਕ ਪਾਸੇ ਅਕਾਲੀ-ਭਾਜਪਾ ਸਰਕਾਰ ਨੇ 10 ਸਾਲ ਆਮ ਲੋਕਾਂ ‘ਤੇ ਤਸ਼ੱਦਦ ਕਰਦੇ ਹੋਏ ਰੇਤ ਅਤੇ ਡਰੱਗ ਮਾਫੀਏ ਦਾ ਸ਼ਰੇਆਮ ਸਾਥ ਦਿੱਤਾ ਉੱਥੇ ਹੀ ਪੰਜਾਬ ਨੂੰ ਤਰੱਕੀ ਦੇ ਰਾਹ ‘ਤੇ ਲੈਕੇ ਜਾਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੇ ਲੋਕਾਂ ਦੇ ਮਸਲਿਆਂ ‘ਤੇ ਪੂਰੀ ਤਰਾਂ ਚੁੱਪੀ ਵੱਟਦਿਆਂ ਕੇਵਲ ਝੂਠੇ ਐਲਾਨਾਂ ਦੀ ਝੜੀ ਲਗਾ ਦਿੱਤੀ। ਸਥਾਨਕ ਲੋਕਾਂ ਨੇ ਮਾਨ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਿਵੇਂ ਪਿਛਲੀਆਂ ਸਰਕਾਰਾਂ ਨੇ ਉਨ੍ਹਾਂ ਨਾਲ ਵੋਟਾਂ ਵੇਲ਼ੇ ਵਾਅਦੇ ਤਾਂ ਕੀਤੇ ਪਰ ਸਰਕਾਰਾਂ ਬਣਾਉਣ ਪਿੱਛੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ। ਇਸ ਵਾਰ ਲੋਕਾਂ ਨੂੰ ਆਮ ਆਦਮੀ ਪਾਰਟੀ ਵਿੱਚ ਇੱਕ ਆਸ ਦੀ ਕਿਰਨ ਵੇਖਣ ਨੂੰ ਮਿਲ ਰਹੀ ਹੈ। ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ ਕੀਤੇ ਗਏ ਲੋਕ ਭਲਾਈ ਕਾਰਜ ਆਪ ਮੁਹਾਰੇ ਸਭ ਕੁਝ ਬਿਆਨ ਕਰ ਰਹੇ ਹਨ।

ਆਪ ਦੀ ਖਰੜ ਹਲਕੇ ਤੋਂ ਉਮੀਂਦਵਾਰ ਅਨਮੋਲ ਗਗਨਮਾਨ ਲੋਕ ਦਰਾਂ ਉੱਪਰ ਚੋਣ ਪ੍ਰਚਾਰ ਦੌਰਾਨ


ਮਾਨ ਨੇ ਕਿਹਾ ਕਿ ਅਰਸਿਆਂ ਤੋਂ ਤੱਕੜੀ ਅਤੇ ਪੰਜੇ ਨੇ ਮਿਲਕੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਜਿਸ ਦਾ ਜਵਾਬ ਪੰਜਾਬੀ ਅਗਲੇ ਮਹੀਨੇ ਦੀਆਂ ਵਿਧਾਨਸਭਾ ਚੋਣਾਂ ‘ਚ ਝਾੜੂ ਦਾ ਬਟਨ ਦਬਾਕੇ ਦੇਣਗੇ। ਪੰਜਾਬ ਦੇ ਸਰੋਤਾਂ ਨੂੰ ਆਪਣੇ ਨਿੱਜੀ ਫਾਇਦਿਆਂ ਲਈ ਵਰਤਦੇ ਹੋਏ ਕੁਝ ਪਰਿਵਾਰਾਂ ਨੇ ਆਮ ਲੋਕਾਂ ਨੂੰ ਉਨ੍ਹਾਂ ਦਿਆਂ ਹੱਕਾਂ ਤੋਂ ਵਾਂਝੇ ਰੱਖਿਆ ਹੈ। ਹੁਣ ਪੰਜਾਬ ਨੇ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਨੂੰ ਮੌਕਾ ਦੇਣ ਦੀ ਠਾਣ ਲਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਦਿੱਲੀ ਦੀ ਤਰਜ਼ ਤੇ ਹੀ ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਦਾ ਵਿਕਾਸ ਕਰਕੇ ਆਮ ਲੋਕਾਂ ਨੂੰ ਉੱਚ ਪੱਧਰੀ ਸਿਹਤ, ਸਿੱਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਮੁੱਹਈਆ ਕਰਵਾਈਆਂ ਜਾਣਗੀਆਂ।

Exit mobile version