ਅਰਦਾਸ–


ਰਹਿ ਰਾਸ ਦੇ ਪਾਠ ਉਪਰੰਤ ਭਾਈ ਜੀ ਵਲੋਂ ਕੀਤੀ ਅਰਦਾਸ ਨੂੰ ਸੁਣਕੇ ਸਾਰਾ ਪਿੰਡ ਹੈਰਾਨ ਸੀ। ਉਮਰਾਂ ਹੰਢਾ ਚੁੱਕੇ ਕਈ ਸਿਆਣਿਆਂ ਨੇ ਤਾਂ ਇਹੋ ਜਿਹੀ ਅਰਦਾਸ ਪਹਿਲੀ ਵਾਰ ਸੁਣੀ ਸੀ। ਭਾਈ ਜੀ ਨੇ ਅਕਾਲ ਪੁਰਖ ਅੱਗੇ ਜੋਦੜੀਆਂ, ਬੇਨਤੀਆਂ ਕਰਦਿਆਂ ਕਿਹਾ ਸੀ “ਹੇ ਸੱਚੇ ਪਾਤਸ਼ਾਹ, ਨਿਮਾਣਿਆਂ ਦੇ ਮਾਣ, ਨਿਉਟਿਆਂ ਦੀ Eਟ, ਜੁੱਗੋ ਜੁੱਗ ਅਟੱਲ, ਧੰਨ ਧੰਨ ਮਹਾਰਾਜ ਜੀE, ਆਪਣੇ ਸੱਚੇ ਸੁੱਚੇ ਸੇਵਾਦਾਰ ਭਾਈ ਕੁਲਦੀਪ ਸਿੰਘ ਦੇ ਪਰਿਵਾਰ ਦੀ ਲਾਜ ਰੱਖਣੀ। ਤੱਤੀ ਵਾਅ ਨਾ ਲੱਗਣ ਦੇਣੀ ਸੱਚੇ ਪਾਤਸ਼ਾਹ, ਹਰ ਮੈਦਾਨ ਫਤਿਹ ਬਖ਼ਸ਼ਣੀ। ਇਸ ਪਰਿਵਾਰ ਨੇ ਗੁਰੂ ਦੇ ਦਰ-ਘਰ ਆ ਕੇ ਆਪਣੀ ਨੇਕ ਕਮਾਈ ‘ਚੋਂ ਖੁੱਲੇ ਦਿਲ ਨਾਲ ਮਾਇਆ ਭੇਟ ਕੀਤੀ ਹੈ, ਉਨ੍ਹਾਂ ਖਜ਼ਾਨਿਆਂ ਨੂੰ ਭਰਪੂਰ ਕਰਨਾ ਸੱਚੇ ਪਾਤਸ਼ਾਹ ਜੀE।” ਅਰਦਾਸ ਦੇ ਅਖੀਰ ‘ਚ ਭਾਈ ਜੀ ਨੇ ਨਗਰ ਨਿਵਾਸੀਆਂ ਨੂੰ ਵੀ ਨਿਮਰਤਾ ਸਹਿਤ ਬੇਨਤੀਆਂ ਕਰਦਿਆਂ ਕਿਹਾ ਸੀ—-
“ਹਰ ਮਾਈ ਭਾਈ ਸੱਚੇ ਮਨ ਨਾਲ ਵਹਿਗੁਰੂ ਦੇ ਚਰਨਾਂ ‘ਚ ਅਰਦਾਸ ਕਰੋ ਭਾਈ। ਇਨਸਾਨ ਭੁੱਲਣਹਾਰ ਹੈ, ਉਹ ਦੀਨ-ਦੁਨੀ ਦਾ ਮਾਲਕ ਬਖਸ਼ਣਹਾਰ ਹੈ। ਸੰਗਤ ਪ੍ਰਮੇਸ਼ਵਰ ਦਾ ਰੂਪ ਹੁੰਦੀ ਹੈ ਭਾਈ, ਤੁਹਾਡੇ ਵਲੋਂ ਕੀਤੀ ਅਰਦਾਸ ਮਾਲਕ ਦੇ ਘਰ ਪਰਵਾਨ ਹੋਵੇਗੀ। ਵਹਿਗੁਰੂ ਜੀ ਕਾ ਖਾਲਸਾ, ਵਹਿਗੁਰੂ ਜੀ ਕੀ ਫਤਿਹ।”
ਭਾਈ ਜੀ ਦੀ ਅਰਦਾਸ ਨੇ ਲੋਕਾਂ ਨੂੰ ਅਚੰਭੇ ‘ਚ ਪਾ ਦਿੱਤਾ। “ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਕਿੱਧਰ ਨੂੰ ਤੁਰ ਪਏ ਹਾਂ– ਜਿੱਥੇ ਮਨੁੱਖਤਾ ਲਈ ਬੰਦ ਬੰਦ ਕਟਵਾਉਂਣ ਵਾਲੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ, ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨ ਲਈ ਅਰਦਾਸ ਹੁੰਦੀ ਹੈ, ਉੱਥੇ ਆਹ ਕੀ ਭਾਣਾ ਵਰਤ ਰਿਹਾ।” ਭਾਈ ਜੀ ਦੇ ਬੋਲਾਂ ਨਾਲ ਜੀਤੇ ਪੰਚ ਦੇ ਮਨ ਨੂੰ ਡੂੰਘੀ ਠੇਸ ਪਹੁੰਚੀ ਸੀ। “ਜੀਤ ਸਿਆਂ ਚੁੱਪ ਹੀ ਭਲੀ ਹੈ। ਨਾਲੇ ਇਹ ਕਿਹੜਾ ਕੋਈ ਨਵੀਂ ਗੱਲ ਐ, ਜਦੋਂ ਦੀ ਮੇਰੀ ਸੁਰਤ ਸੰਭਲੀ ਹੈ ਮੈਂ ਤਾਂ ਬੜੀ ਵਾਰ ਇਹੋ ਜਿਹਾ ਕੁੱਝ ਹੁੰਦਾ ਦੇਖਿਆ। ਬਹੁਤੇ ਚੋਰ, ਡਾਕੂ, ਠੱਗ ਅਰਦਾਸਾਂ ਵੀ ਕਰਦੇ ਨੇ ਤੇ ਕਰਵਾਉਂਦੇ ਵੀ ਨੇ। ਦੇਵੀਆਂ ਦੇ ਦਰਸ਼ਣ ਵੀ ਕਰਨ ਜਾਂਦੇ ਨੇ—” ਪੰਡਿਤ ਸੰਕਰ ਨੇ ਵੀ ਆਪਣੇ ਮਨ ਦੀ ਕਹਿ ਦਿੱਤੀ।
ਮਖੌਲੀਆ ਸੁਭਾਅ ਦੇ ਲੋਕ ਤਾਂ ਇੱਕ ਦੂਜੇ ਨੂੰ ਘੇਰ ਘੇਰ ਕੇ ਮਸ਼ਕਰੀਆਂ ਕਰਦੇ। ਦਰਵਾਜ਼ੇ ਦੀ ਚੌਂਕੜੀ ‘ਤੇ ਬੈਠੀ ਤਾਸ ਕੁੱਟ ਢਾਣੀ ਨੂੰ ਤਾਂ ਜਿਵੇਂ ਕਿਸੇ ਆਸਿ਼ਕ ਮਸੂਕ ਦੇ ਪਿੰਡੋਂ ਭੱਜ ਜਾਣ ਦਾ ਮਸਾਲਾ ਮਿਲ ਗਿਆ ਹੋਵੇ। ਹਰ ਕੋਈ ਆਪਣਾ ਮਨ-ਭਾਉਂਦਾ ਤਬਸਰਾ ਕਰਦਾ। ਤੇਜੇ ਅਮਲੀ ਨੇ ਤੋਤਲੀ ਜਿਹੀ ਅਵਾਜ਼ ‘ਚ ਆਖਿਆ “ਡਾਲਰ ਦੇਖਕੇ ਤਾਂ ਵੱਡਿਆਂ ਵੱਡਿਆਂ ਦੇ ਇਮਾਨ ਡੋਲ ਜਾਂਦੇ ਨੇ, ਭਾਈ ਜੀ ਵਿਚਾਰਾ ਕਿਹੜੇ ਬਾਗ ਦੀ ਮੂਲੀ ਐ।”
“ਅਮਲੀਆਂ ਬਹਿਜਾ ਅਰਾਮ ਨਾਲ, ਤੈਨੂੰ ਕਿਹੜਾ ਪਤਾ ਨੀ, ਅਗਲੇ ਨੇ ਗੁਰੂ ਘਰ ਲਈ ਲੱਖਾਂ ਰੁਪਏ ਦਾਨ ਕੀਤੇ ਨੇ, ਭਾਈ ਜੀ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਕੈਨੇਡਾ ਤੋਂ ਹੀ ਆਉਂਦਾ। ਮੇਰੀ ਗੱਲ ਦਾ ਗੁੱਸਾ ਨਾ ਕਰੀਂ, ਜਦੋਂ ਕੁਲਦੀਪ ਦੇ ਘਰ ਮੁਰਗੇ ਰਿੱਝਦੇ ਸੀ—ਅੰਗਰੇਜ਼ੀ ਦਾਰੂ ਚੱਲਦੀ ਸੀ, ਉਦੋਂ ਤਾਂ ਤੂੰ ਵੀ ਸਰਦਾਰ ਜੀ ਸਰਦਾਰ ਜੀ ਕਰਦਾ ਸਭ ਤੋਂ ਮੂਹਰੇ ਬੈਠਾ ਹੁੰਦਾਂ ਸੀ।” ਪਿੰਡ ‘ਚ ਰਹਿੰਦੇ ਕੁਲਦੀਪ ਦੇ ਲੰਗੋਟੀਏ ਯਾਰ ਨੇ ਆਪਣੀ ਨਮੋਸ਼ੀ ਦਾ ਸਾਰਾ ਗੁੱਸਾ ਤੇਜੇ ਅਮਲੀ ‘ਤੇ ਲਾਹ ਦਿੱਤਾ ਸੀ।
ਗੱਲ ਅਮਲੀ ਨੂੰ ਚੁੱਭ ਗਈ, ਉਹ ਕੱੁਝ ਕਹਿਣ ਹੀ ਲੱਗਿਆ ਸੀ ਤਾਂ ਹਰਨਾਮੇ ਨੇ ਉਸਨੂੰ ਰੋਕ ਦਿੱਤਾ “ਅਮਲੀਆ ਛੱਡ ਪਰੇ ਐਂਵੇ ਨੀ ਗੱਲ ਨੂੰ ਵਧਾਈਦਾ————–।”
ਕੱੁਝ ਸਾਲ ਪਹਿਲਾਂ ਹੀ ਕੁਲਦੀਪ ਮੈਕਸੀਕੋ ਦਾ ਬਾਰਡਰ ਟੱਪਕੇ ਅਮਰੀਕਾ ਪਹੁੰਚਿਆ ਸੀ। ਦੋ ਕੁ ਸਾਲ ਦੀ ਖੱਜਲ ਖੁਆਰੀ ਤੋਂ ਬਾਅਦ, ਪੱਕਾ ਨਾ ਹੋਣ ਕਰਕੇ, ਉਹ ਗੈਰ ਕਾਨੂੰਨੀ ਢੰਗ ਨਾਲ ਕੈਨੇਡਾ ਪਹੁੰਚ ਗਿਆ ਸੀ। ਉਸਨੇ ਮਾਂਟਰੀਅਲ ‘ਚ ਰਫਿਊਜੀ ਕੇਸ ਲਈ ਅਰਜ਼ੀ ਲਾ ਦਿੱਤੀ। ਉਸਨੂੰ ਛੇਤੀ ਹੀ ਪੱਕੇ ਤੌਰ ‘ਤੇ ਰਹਿਣ ਦੀ ਇਜਾਜ਼ਤ ਮਿਲ ਗਈ। ਆਪਣੇ ਪਰਿਵਾਰ ਨੂੰ ਇੰਡੀਆਂ ਤੋਂ ਮੰਗਵਾਉਂਣ ਸਮੇਂ ਹੀ ਪੇਪਰਾਂ ‘ਚ ਭਤੀਜੇ ਰੌਕੀ ਨੂੰ ਆਪਣਾ ਮੁੰਡਾ ਦਿਖਾ ਦਿੱਤਾ ਸੀ। ਇਹ ਪਲਾਨ ਉਸਨੇ ਰਫਿਊਜੀ ਕੇਸ ਕਰਨ ਸਮੇਂ ਹੀ ਬਣਾ ਲਈ ਸੀ, ਤਾਂ ਕਿ ਭਤੀਜੇ ਨੂੰ ਕੈਨੇਡਾ ਆਉਂਣ ‘ਚ ਕੋਈ ਦਿੱਕਤ ਨਾ ਆਵੇ।

ਰੌਕੀ ਦੇ ਕੈਨੇਡਾ ਪਹੁੰਚਣ ਦੀ ਕੁਲਦੀਪ ਨੂੰ ਬੇਹੱਦ ਖੁਸ਼ੀ ਸੀ, ਉਸਦੇ ਕੰਮ ‘ਚ ਉਸਨੇ ਹੀ ਹੱਥ ਵਟਾਉਂਣਾ ਸੀ। ਆਪਣੇ ਤਾਂ ਉਸਦੇ ਪੰਦਰਾ ਕੁ ਸਾਲ ਦੀ ਇੱਕ ਬੇਟੀ ਤੇ ਉਸ ਤੋਂ ਛੋਟਾ ਇੱਕ ਬੇਟਾ ਸੀ। ਕੁਲਦੀਪ ਨੇ ਰੌਕੀ ਦੀ ਬਰਥਡੇਅ ਪਾਰਟੀ ਤੇ ਬਹੁਤੇ ਟਰੱਕ ਡਰਾਇਵਰ ਤੇ ਜਾਣ-ਪਹਿਚਾਣ ਵਾਲੇ ਬੁਲਾਏ ਹੋਏ ਸਨ, ਤਾਂ ਕਿ ਸਾਰੇ ਰੌਕੀ ਨੂੰ ਜਾਣ ਲੈਣ। ਪਾਰਟੀ ‘ਚ ਦੋ ਤਿੰਨ ਪੈੱਗ ਲਾ ਕੇ ਬਿੱਕਰ ਨੇ ਰੌਕੀ ਨੂੰ ਪੁੱਛ ਲਿਆ, “ਤੈਨੂੰ ਕਿਵੇਂ ਮਿਲ ਗਈ ਇੰਮੀਗਰੇਸ਼ਨ?——-” ਰੌਕੀ ਨੇ ਜਵਾਬ ‘ਚ ਏਨਾ ਹੀ ਕਿਹਾ “ਚਾਚੇ ਨੂੰ ਹੀ ਪਤਾ।” ਕੋਲ ਖੜ੍ਹੇ ਨਿੰਮੇ ਨੇ ਸੁਭਾਵਿਕ ਹੀ ਕਹਿ ਦਿੱਤਾ, “ਸਾਰੇ ਮੁਲਕਾਂ ਦੇ ਲੋਕ ਇੱਥੇ ਕਾਨੂੰਨੀ, ਗੈਰ-ਕਾਨੂੰਨੀ ਢੰਗ ਨਾਲ ਆਉਂਦੇ ਹੀ ਰਹਿੰਦੇ ਨੇ—ਆਪਣੇ ਲੋਕ ਵੀ ਕੋਈ ਨਾ ਕੋਈ ਜੁਗਾੜ ਲਾ ਹੀ ਲੈਂਦੇ ਨੇ। ਨਾਲੇ ਆਪਾਂ ਕੀ ਲੈਣਾ, ਕੋਈ ਕਿਵੇਂ ਆਈ ਜਾਵੇ—-।” ਨਿੰਮੇ ਨਾਲ ਨਾ ਬਣਦੀ ਹੋਣ ਕਰਕੇ ਉਸ ਨੇ ਗੁੱਸੇ ‘ਚ ਕਹਿ ਦਿੱਤਾ, “ਸਿੱਧੇ ਪੁੱਠੇ ਤਰੀਕਿਆਂ ਨਾਲ ਕੈਨੇਡਾ ਪਹੁੰਚਣ ਵਾਲਿਆਂ ਨੇ ਪੂਰੀ ਕੌਮ ਨੂੰ ਬਦਨਾਮ ਕਰਵਾਤਾ—।”
ਸਾਰਿਆਂ ਨੇ ਬਿੱਕਰ ਦੀ ਗੱਲ ਦਾ ਬੁਰਾ ਮਨਾਇਆ ਸੀ। ਹਰਵਿੰਦਰ ਨੇ ਬਿੱਕਰ ਨੂੰ ਫੜਕੇ ਬਠਾਇਆ ਤੇ ਨਾਲ ਹੀ ਆਪਣੀ ਕਾਮਰੇਡੀ ਸ਼ੁਰੂ ਕਰ ਦਿੱਤੀ, “ਬਿੱਕਰਾਂ, ਕੌਮ ਕੋਈ ਵੀ ਹੋਵੇ ਜਦੋਂ ਲੋਕਾਂ ਦੇ ਚੁੱਲਿਆਂ ‘ਚੋਂ ਧੂਆਂ ਨਿਕਲਣਾ ਬੰਦ ਹੋ ਜਾਵੇ— ਨੌਜਵਾਨ ਰੁਜ਼ਗਾਰ ਲਈ ਭਟਕਦੇ ਫਿਰਦੇ ਹੋਣ—-ਸਹੀ ਰਾਹ ਕੋਈ ਦਿੱਸਦਾ ਨਾ ਹੋਵੇ—– ਫੇਰ ਅਣਖ–ਇੱਜਤ ਦੀਆਂ ਗੱਲਾਂ, ਫੋਕੀਆਂ ਟਾਹਰਾ ਹੀ ਰਹਿ ਜਾਂਦੀਆਂ ਨੇ——–।” ਦਰਵਾਜਾ ਖੋਲਕੇ੍ਹ ਅੰਦਰ ਵੜਦਿਆਂ ਹੀ ਕੁਲਦੀਪ ਨੇ ਲਲਕਾਰਾ ਮਾਰਨ ਵਾਂਗ ਕਿਹਾ ਸੀ, ਹਰਜਿੰਦਰਾ ਪਾE ਭੰਗੜੇ, ਰੌਕੀ ਦਾ ਜਨਮ ਦਿਨ ਹੈ ਅੱਜ।”
ਕੁਲਦੀਪ ਦੇ ਪਿੰਡ ਬੇਗੋਵਾਲ ਹੀ ਹਰਜਿੰਦਰ ਦੇ ਨਾਨਕਿਆਂ ਦਾ ਘਰ ਸੀ। ਹਰਜਿੰਦਰ ਨੂੰ ਜਦੋਂ ਸਕੂਲੋਂ ਛੁੱਟੀਆਂ ਹੁੰਦੀਆਂ—ਉਹ ਕਈ ਕਈ ਹਫਤੇ ਨਾਨਕੇ ਘਰ ਹੀ ਰਹਿੰਦਾ ਸੀ। ਉਦੋਂ ਦਾ ਹੀ ਉਹ ਕੁਲਦੀਪ ਦੇ ਪਰਿਵਾਰ ਨੂੰ ਜਾਣਦਾ ਸੀ। ਕੁਲਦੀਪ ਦਾ ਚਾਚਾ ਉਹਨਾਂ ਸਮਿਆਂ ‘ਚ ਵੀ ਅਫੀਮ ਵੇਚਣ ਦਾ ਕੰਮ ਕਰਦਾ ਸੀ। ਉਹਨਾਂ ਦੇ ਘਰ ਪੁਲੀਸ ਆਈ ਹੀ ਰਹਿੰਦੀ ਸੀ। ਅੱਜ ਵੀ ਹਰਜਿੰਦਰ ਤੇ ਕੁਲਦੀਪ ਕਿੰਨੀ ਦੇਰ ਪਿੰਡ ਦੀਆਂ ਗੱਲਾਂ ਕਰਦੇ ਰਹੇ। ਹਰਜਿੰਦਰ ਉਦੋਂ ਹੀ ਉੱਠਿਆ ਜਦੋਂ ਘਰਵਾਲੀ ਨੇ ਥੋੜਾ ਤਲਖੀ ਨਾਲ ਕਿਹਾ ਸੀ “ਹੁਣ ਚੱਲੀਏ ਵੀ ਮੈਂ ਤਾਂ ਸੁਭ੍ਹਾ ਜਲਦੀ ਕੰਮ ‘ਤੇ ਵੀ ਜਾਣਾ।” ਹਰਜਿੰਦਰ ਉਦੋਂ ਹੀ ਉੱਠਕੇ ਖੜ੍ਹਾ ਹੋ ਗਿਆ ਸੀ। ਰਸਤੇ ‘ਚ ਆਉਂਦਿਆ ਹਰਜਿੰਦਰ ਦੀ ਵਾਈਫ ਨੇ ਬੜੀ ਹੈਰਾਨੀ ਨਾਲ ਪੁੱਛਿਆ ਸੀ, “ਇਹਨਾਂ ਕੋਲੇ ਇੰਨੇ ਪੈਸੇ ਕਿੱਥੋਂ ਆਉਂਦੇ ਨੇ, ਟਰੱਕ ਤਾਂ ਤੁਸੀਂ ਵੀ ਚਲਾਉਂਦੇ ਹੋ, ਆਪਣੇ ਤਾਂ ਖਰਚੇ ਮਸਾਂ ਪੂਰੇ ਹੁੰਦੇ ਨੇ—।” ਸੋਚਦਾ ਤਾਂ ਕਈ ਵਾਰ ਹਰਜਿੰਦਰ ਵੀ ਇਹੀ ਸੀ, ਪਰ ਅਜੇ ਗੱਲ ਉਸਦੀ ਸਮਝ ਤੋਂ ਬਾਹਰ ਸੀ, ਉਸਨੇ ਜਵਾਬ ‘ਚ ਏਨਾ ਹੀ ਕਿਹਾ ਸੀ। “ਪਤਾ ਨਹੀ, ਬਸ ਏਨਾ ਹੀ ਜਾਣਦਾ—ਉਹ ਪੈਸੇ ਲਈ ਕੁੱਝ ਵੀ ਕਰ ਸਕਦੈ—-।ਂ”
ਕੈਨੇਡਾ ਤੱਕ ਪਹੁੰਚਣ ਵਾਲੀ ਆਪਣੀ ਸਟੋਰੀ ਸਣਾੳਂੁਦਿਆ ਇੱਕ ਵਾਰ ਕੁਲਦੀਪ ਨੇ ਹਰਜਿੰਦਰ ਨੂੰ ਦੱਸਿਆ ਸੀ “ਏਜੰਟਾਂ ਨੇ ਜਿਸ ਤਰੀਕੇ ਨਾਲ ਮੈਪ ਬਣਾਕੇ ਸਾਡੇ ਗੁਰੱਪ ਨੂੰ ਪੋਲੈਂਡ ਤੋਂ ਅਮਰੀਕਾ ਲਿਜਾਣ ਦਾ ਸੌਖਾ ਜਿਹਾ ਰਾਹ ਦਿਖਾਇਆ ਸੀ, ਅਸਲੀਅਤ ‘ਚ ਉਹ ਰਸਤਾ ਕਿਤੇ ਖਤਰਨਾਕ, ਡਰਾਉਂਣਾ ਤੇ ਬੜਾ ਮੁਸ਼ਕਲਾਂ ਭਰਿਆ ਸੀ। ਕਈ ਬੰਦਿਆਂ ਨੂੰ ਤਾਂ ਮੈਂ ਬਿਮਾਰੀ ਤੇ ਭੁੱਖ ਨਾਲ ਮਰਦਿਆਂ ਦੇਖਿਆ। ਕਿਤੇ ਪਹੁੰਚਾਂਗੇ ਵੀ ਜਾਂ ਨਹੀਂ, ਇਸ ਗੱਲ ਦਾ ਕੋਈ ਯਕੀਨ ਨਹੀਂ ਸੀ ਆ ਰਿਹਾ। ਜਿੰਨਾ ਹੀ ਅਸੀਂ ਡਰਦੇ ਘਬਰਾਉਂਦੇ—-ੲੰਜੇਂਟ ਉਹਨੇ ਹੀ ਵੱਧ ਪੈਸੇ ਮੰਗਦੇ। ਪੋਲੈਂਡ ਤੋਂ ਸੁਰੂ ਹੋ ਕੇ ਪਤਾ ਨਹੀਂ ਕਿੰਨੇ ਕੁ ਬਾਰਡਰ ਅਸੀਂ ਠੰਡੀਆਂ ਬਰਫੀਲੀਆਂ ਰਾਤਾਂ ‘ਚ ਪਾਰ ਕੀਤੇ। ਸੀਲ ਬੰਦ ਟੈਂਕਰਾਂ ‘ਚ ਘੰਟਿਆਂ ਬੱਧੀ ਬੰਦ ਹੋ ਕੇ ਮੌਤ ਨੂੰ ਨੇੜਿਉ ਤੱਕਿਆ। ਕਦੇ ਕਦੇ ਤਾਂ ਜੀ ਕਰਦਾ ਇਹੋ ਜਿਹੇ ਏਜੰਟਾਂ ਨੂੰ ਗੋਲੀ ਮਾਰ ਦਿਆਂ।”
ਹਰਜਿੰਦਰ ਉਸਦਾ ਗੁੱਸਾ ਠੰਡਾ ਕਰਦਾ, ਉਸਨੂੰ ਆਪਣੇ ਵਿਚਾਰਾਂ ਨਾਲ ਸਮਝਾਉਂਣ ਦੀ ਕੋਸਿ਼ਸ਼ ਕਰਦਾ “ਬਾਈ ਸਾਨੂੰ ਸੋਚਣਾ ਪੈਣੇ, ਆਪਣੇ ਘਰ-ਬਾਰ ਛੱਡਕੇ ਇਹਨਾ ਮੁਲਕਾਂ ‘ਚ ਕਿਉਂ ਆਉਂਣਾ ਪੈਂਦਾ। ਼ਇਹ ਸਿਸਟਮ ਹੀ ਠੀਕ ਨਹੀਂ —-” ਕੁਲਦੀਪ ਉਸਦੀਆਂ ਗੱਲਾਂ ਨੂੰ ਅਣਸੁਣੀਆਂ ਕਰ ਦਿੰਦਾ—- ਉਹ ਆਪਣੀ ਗੱਲ ‘ਤੇ ਜ਼ੋਰ ਦੇ ਕੇ ਕਹਿੰਦਾ “ਅੱਜ-ਕੱਲ ਤਾਂ ਬੰਦੇ ਕੋਲ ਪੈਸਾ ਹੋਣਾ ਚਾਹੀਦਾ—-ਸਿਸਟਮ ਤਾਂ ਆਪੇ ਠੀਕ ਹੋ ਜਾਂਦਾ।”
ਟਰੱਕ ਤਾਂ ਕੁਲਦੀਪ ਨੇ ਵਰਕ ਪਰਮਿਟ ਮਿਲਦਿਆਂ ਹੀ ਚਲਾਉਂਣਾ ਸ਼ੁਰੂ ਕਰ ਦਿੱਤਾ ਸੀ। ਕੁੱਝ ਮਹੀਨਿਆਂ ‘ਚ ਹੀ ਉਸਨੇ ਇਸ ਬਿਜਨਿਸ਼ ਦੇ ਸਾਰੇ ਭੇਦ ਜਾਣ ਲਏ। ਕਿਹੜੀ ਕੰਪਨੀ ਦਾ ਛੇਤੀ ਤਰੱਕੀ ਕਰਨ ਦਾ ਰਾਜ ਕੀ ਹੈ। ਪੱਕੇ ਹੰੁਦਿਆ ਹੀ ਉਸਨੇ ਆਪਣੇ ਸੁਪਨਿਆਂ ਦੀ ਕੰਪਨੀ ਚੁਣ ਲਈ ਤੇ ਅਮਰੀਕਾ ਦਾ ‘ਗੇੜਾ’ ਲਾਉਂਣਾ ਸ਼ੁਰੂ ਕਰ ਦਿੱਤਾ। ਇੱਕ ਸਮੇਂ ਤਾਂ ਕੈਨੇਡਾ ‘ਚ ਰਹਿੰਦੇ ਪੰਜਾਬੀ ਲੋਕਾਂ ਲਈ, ਟਰੱਕਿੰਗ ਕਿੱਤੇ ‘ਚ ‘ਗੇੜਾ’ ਲਫ਼ਜ਼ ਇੱਕ ਅਪਭਾਸ਼ਾ ਵਰਗਾ ਹੀ ਸ਼ਬਦ ਬਣ ਗਿਆ ਸੀ। ਕੁੱਝ ਸਾਲ ਪਹਿਲਾਂ ਜਦੋਂ ਬਰੈਂਪਟਨ ਸ਼ਹਿਰ ‘ਚ ਕੁੱਝ ਪੈਸੇ ਵਾਲੇ ਲੋਕਾਂ ਨੇ ਹਮਰ ਮਾਡਲ ਦੇ ਪਿੱਕ-ਅੱਪ ਟਰੱਕ ਖਰੀਦੇ—–ਤਾਂ ਚਰਚਾ ਇਹ ਚੱਲ ਪਈ ਸੀ ਕਿ ਹਮਰ ਦੇ ਬਹੁਤ ਸਾਰੇ ਮਾਲਕ ਗੈਰ ਕਾਨੂੰਨੀ ਧੰਦੇ ਨਾਲ ਸਬੰਧਤ ਨੇ। ਕੁੱਝ ਨੇ ਤਾਂ ਇਸ ਬਦਮਾਨੀ ਤੋਂ ਡਰਦਿਆਂ ਹਮਰ ਦੇ ਪਿੱਛੇ ਲਿਖਵਾ ਹੀ ਲਿਆ ਸੀ—- ‘ਗੇੜਾ’ ਲਾ ਕੇ ਨਹੀਂ ਲਿਆ।
ਡਾਲਰ ਦੇਖਕੇ ਕੁਲਦੀਪ ਦਾ ਰਹਿਣ-ਸਹਿਣ ਤੇ ਚਾਲ-ਚਲਣ ਪੂਰੀ ਤਰ੍ਹਾਂ ਬਦਲ ਗਿਆ। ਹਰ ਵੀਕ ਐਂਡ ‘ਤੇ ਲੰਗੋਟੀਏ ਯਾਰਾਂ ਨਾਲ, ਸ਼ਾਮ ਨੂੰ ਮੀਟ ਮੁਰਗਾ ਤੇ ਬਰੈਂਡਡ ਦਾਰੂ ਚੱਲਦੀ। ਢਾਣੀ ਦੇ ਯਾਰ ਉਸਦੀਆਂ ਫੁੱਕਰੀਆਂ ਸੁਣਨ ਲਈ ਕੁਰਸੀਆਂ ਨੇੜੇ ਨੂੰ ਖਿੱਚ ਲੈਂਦੇ। ਸਰੂਰ ‘ਚ ਆਉਦਿਆਂ ਹੀ ਮੁੱਛਾਂ ਨੂੰ ਤਾਅ ਦੇ ਕੇ ਉਸਨੇ ਹਰਜਿੰਦਰ ਨੂੰ ਕਿਹਾ ਸੀ, “ਸਰਦਾਰ ਨੇ ਟਰੱਕਾਂ ‘ਤੇ ਉਹ ਡਰਾਇਵਰ ਰੱਖੇ ਹੋਏ ਨੇ–ਜਿਹੜੇ ਕਿਸੇ ਸਮੇਂ ਯੂਨੀਵਰਸਟੀ ‘ਚ ਡਾਕਟਰ ਲੱਗੇ ਹੁੰਦੇ ਸੀ—।” ਘੱਟ ਪੜ੍ਹਿਆ ਹੋਣ ਕਰਕੇ ਭਾਵੇਂ ਹੀ, ਪੀ ਐਚ ਡੀ, ਦਾ ਮਤਲਬ ਉਸਨੂੰ ਨਹੀਂ ਸੀ ਪਤਾ, ਪਰ ਇਹ ਪਤਾ ਸੀ ਕਿ ਇਹ ਡਰਾਇਵਰ ਕਿਸੇ ਸਮੇਂ ਖਾਸ ਵਿਅਕਤੀ ਰਹੇ ਨੇ।
ਕੁੱਝ ਮਹੀਨਿਆਂ ਬਾਅਦ ਹੀ ਉਸਦਾ ਬਿਜਨਿਸ ਜ਼ੋਰਾਂ ‘ਤੇ ਸੀ। ਕੁੱਝ ‘ਗੇੜਿਆਂ’ ਬਾਅਦ ਹੀ ਉਹ ਇੱਕ ਹੋਰ ਨਵਾਂ ਟਰੱਕ ਖਰੀਦ ਲੈਂਦਾ। ਉਸਨੇ ‘ਕੈਨੇਡਾ ਟਰਾਸਪੋਰਟ’ ਨਾਂ ਦੀ ਕੰਪਨੀ ਖੋ੍ਹਲ ਲਈ। ਪੈਸੇ ਲਈ ਤਾਂ ਉਹ ਹੁਣ ਕੁੱਝ ਵੀ ਕਰਨ ਲਈ ਤਿਆਰ ਸੀ। ਕੈਨੇਡਾ ‘ਚ ਵਸਦੇ ਤੇ ਗੈਰ ਕਾਨੂੰਨੀ ਕੰਮ ਕਰਦੇ ਬਹੁਤੇ ਪੰਜਾਬੀ ਸਮਾਜ “ਚ ਆਪਣਾ ਰੁੱਤਬਾ ਬਣਾਈ ਰੱਖਣ ਲਈ ਫੰਕਸ਼ਨਾਂ ‘ਤੇ ਇਨਾਮਾਂ ਸਨਮਾਨਾਂ ਲਈ ਖੁੱਲ੍ਹੇ ਡਾਲਰ ਖਰਚਦੇ ਹਨ। ਕੁਲਦੀਪ ਵੱਲੋਂ ਵੀ ਕਬੱਡੀ ਖਿਡਾਰੀਆਂ ਦੀਆਂ ਰੇਡਾਂ ਲਈ ਵੱਡੇ ਵੱਡੇ ਇਨਾਮ ਰੱਖੇ ਜਾਂਦੇ। ਜਦੋਂ ਤੱਕ ਕਬੱਡੀ ਚੱਲਦੀ, ਮਾਇੱਕ ‘ਤੇ ਕੁਲਦੀਪ, ਕੁਲਦੀਪ ਹੀ ਹੁੰਦੀ ਰਹਿੰਦੀ। ਬਦਮਾਸ਼ ਕਿਸਮ ਦੇ ਬੰਦਿਆਂ ਦਾ ਇੱਕ ਟੋਲਾ, ਉਸਦੇ ਨਾਲ ਹੀ ਜੁੜਿਆ ਰਹਿੰਦਾ। ‘ਕਬੂਤਰ’ ਬਣਕੇ ਆਇਆ ਕਬੱਡੀ ਖਿਡਾਰੀ ਪਿਛਾਂਹ ਮੁੜਨ ਦੀ ਵਜਾਏ—ਜਦੋਂ ਕੈਨੇਡਾ ‘ਚ ਹੀ ਡੁੱਬਕੀ ਮਾਰ ਜਾਂਦਾ ਤਾਂ ਇਹੋ ਜਿਹੇ ਮਜਬੂਰ ਖਿਡਾਰੀ ਨੂੰ –ਉਹ ਵਰਕ ਪਰਮਿਟ ਦਿਵਾਕੇ ਆਪਣਾ ਡਰਾਇਵਰ ਬਣਾ ਲੈਂਦਾ ਤੇ ਉਸ ਤੋਂ ਆਪਣੀ ਇੱਛਾ ਮੁਤਾਬਕ ਕੰਮ ਕਰਵਾਉਂਦਾ।
ਖੁੱਲਾ ਖਾਣ-ਪੀਣ ਨਾਲ ਕੁਲਦੀਪ ਦੀ ਗੋਗੜ ਵੱਧ ਗਈ। ਉਸਦੇ ਸੁਪਨੇ ਵਿਸ਼ਾਲ ਰੂਪ ਧਾਰਨ ਕਰ ਗਏ। ਹੁਣ ਉਹ ਆਪਣੇ ਪੈਸੇ ਦਾ ਦਬਦਬਾ ਆਪਣੀ ਜੰਮਣ ਭੋਂਇ ‘ਤੇ ਜਾ ਕੇ ਦਿਖਾਉਂਣ ਲਈ—ਹਰ ਸਾਲ ਇੱਕ ਦੋ ਗੇੜੇ ਆਪਣੇ ਪਿੰਡ ਜ਼ਰੂਰ ਮਾਰਦਾ। ਉਸਦੇ ਆਉਂਣ ਦਾ ਪਤਾ ਲੱਗਣ ‘ਤੇ ਇਲਾਕੇ ਦੇ ਮੰਦਰਾਂ— ਗੁਰਵਾਰਿਆਂ ਤੇ ਖੇਡ ਕਲੱਬਾਂ ਦੇ ਪ੍ਰਬੰਧਕ ਉਸਦੇ ਘਰ ਚੱਕਰ ਮਾਰਨੇ ਸੁਰੂ ਕਰ ਦਿੰਦੇ। ਕੁੱਝ ਮੀਡੀਆਕਾਰ ਵੀ ਉਸਦੀ ਸਫਲਤਾ ਦੇ ਕਿੱਸੇ ਅਖਬਾਰਾਂ ਦੇ ਮੁੱਖ ਪੰਨਿਆਂ ‘ਤੇ ਫੋਟੋਆਂ ਸਮੇਤ ਛਾਪਦੇ। ਜਦੋਂ ਕਦੀ ਭਰੇ ਇੱਕੱਠਾਂ ‘ਚ ਉਸਨੂੰ ਸਨਮਾਨਿਤ ਕੀਤਾ ਜਾਂਦਾ ਤਾ ਉਸਦਾ ਚਾਅ ਦੇਖ਼ਣ ਵਾਲਾ ਹੁੰਦਾ ਸੀ। ਸ਼ਾਮ ਨੂੰ ਦਾਰੂ ਨਾਲ ਰੱਜਕੇ ਉਹ ਆਪਣੇ ਕੈਨੇਡਾ ਵਸਦੇ ਪੈਂਡੂਆਂ ਨੂੰ ਫ਼ੋਨ ਮਿਲਾਉਂਦਾ ਤੇ ਆਪਣੀ ਪ੍ਰਸੰਸਾਂ ਦੇ ਖੂਬ ਪੁੱਲ ਬੰਨਦਾ।
ਭਾਵੇਂ ਕੈਨੇਡਾ ਰਹਿੰਦੇ ਹੋਰ ਲੋਕ ਵੀ ਪਿੰਡ ‘ਚ ਕੁੱਝ ਨਾ ਕੁੱਝ ਕਰਵਾਉਂਦੇ ਰਹਿੰਦੇ ਸਨ—- ਕਿਸੇ ਨੇ ਸਕੂਲ ‘ਚ ਪੱਖੇ ਲਗਵਾ ਦਿੱਤੇ–ਕਿਸੇ ਨੇ ਪੰਚਾਇਤ ਵਲੋਂ ਸਕੂਲ ‘ਚ ਆਰਜੀ ਰੱਖੇ ਟੀਚਰ ਦੀ ਸਾਲ ਦੀ ਪੇਅ ਦੇ ਦਿੱਤੀ—- ਬੱਸ ਅੱਡਾ ਬਣਵਾ ਦਿੱਤਾ–ਕਿਸੇ ਨੇ ਗਰੀਬ ਬੱਚਿਆਂ ਦੀ ਫੀਸ ਦੇ ਦਿੱਤੀ। ਪਰ ਇਹੋ ਜਿਹੇ ਕੰਮ ਪਿੰਡ ਵਾਲਿਆਂ ਦੀ ਗਿਣਤੀ ‘ਚ ਨਹੀਂ ਸੀ ਆਉਂਦੇ। ਇੱਕ ਵਾਰ ਤਾਂ ਤੇਜੇ ਅਮਲੀ ਨੇ ਬਿੱਟੂ ਨੂੰ ਕਹਿ ਹੀ ਦਿੱਤਾ ਸੀ, “ਜਦੋਂ ਕੁਲਦੀਪ ਆਉਂਦਾ ਤਾਂ ਪਿੰਡ ‘ਚ ਰੌਣਕਾਂ ਲੱਗ ਜਾਂਦੀਆਂ ਨੇ— ਬਾਕੀ ਤਾਂ ਕੰਜੂਸ ਜਿਹੇ ਹੀ ਲੱਗਦੇ ਨੇ।”
ਕੁਲਦੀਪ ਨੇ ਇਲਾਕੇ ਦੇ ਲੀਡਰਾਂ ਨਾਲ ਨੇੜਤਾ ਬਣਾਉਂਣ ਦਾ ਵੀ ਢੰਗ ਲੱਭ ਲਿਆ। ਏਰੀਏ ਦੇ ਜੱਥੇਦਾਰ ਬਲਜੀਤ ਮਾਜਰੀ ਨੂੰ ਐਮ ਐਲ ਏ ਦੀਆਂ ਵੋਟਾਂ ਸਮੇਂ, ਚੰਗਾਂ ਫੰਡ ਝੋਕ ਕੇ ਉਸ ਨਾਲ ਨੇੜਤਾ ਬਣਾ ਲਈ। ਜੱਥੇਦਾਰ ਭਾਵੇਂ ਹੀ ਚੋਣ ਹਾਰ ਗਿਆ– ਪਰ ਪਾਰਟੀ ਦੀ ਸਰਕਾਰ ਹੋਣ ਕਰਕੇ— ਸਰਕਾਰੇ, ਦਰਬਾਰੇ, ਠਾਣੇ, ਕਚਿਹਰੀ ‘ਚ ਉਸ ਦਾ ਹੀ ਹੁਕਮ ਚੱਲਦਾ ਸੀ। ਜੱਥੇਦਾਰ ਕਦੀ ਕਦਾਈ ਉਸਦੇ ਘਰ ਵੀ ਚੱਕਰ ਮਾਰ ਜਾਂਦਾ। ਵੱਡੇ ਠਾਣੇਦਾਰ ਦਾ ਉਸਦੇ ਘਰ ਆਉਂਣਾ ਜਾਣਾ ਵੀ ਪਿੰਡ ਦੇ ਆਮ ਲੋਕਾਂ ‘ਤੇ ਰੋਹਬ ਬਣਾਈ ਰੱਖਦਾ। ਵਿਰੋਧ ਕਰਨ ਵਾਲੇ ਨੂੰ ਉਹ ਝੂਠੇ ਕੇਸ ‘ਚ ਫਸਾ ਦਿੰਦਾ। ਕੈਨੇਡਾ ਵਰਗੇ ਦੇਸ਼ ‘ਚ ਵੀ ਨਵੇਂ ਡਰਾਇਵਰਾਂ ਦੀ ਤਨਖਾਹ ਦੱਬ ਲੈਣੀ, ਅੱਗਿਉਂ ਬੋਲਣ ਵਾਲੇ ਨੂੰ ਪੱਕੇ ਹੋਣ ਤੋਂ ਰੋਕ ਦੇਣ ਦੀਆਂ ਧਮਕੀਆਂ ਦੇ ਛੱਡਦਾ। ਪੰਜਾਬ ਵਸਦੇ ਉਹਨਾਂ ਦੇ ਘਰਦਿਆਂ ਨੂੰ ਪੁਲੀਸ ਰਾਂਹੀ ਡਰਾਉਂਦਾ ਧਮਕਾਉਂਦਾ। ਇਹੋ ਜਿਹੇ ਕਾਰਨਾਮਿਆਂ ਨੂੰ ਉਹ ਆਪਣੇ ਦੋਸਤਾਂ ਕੋਲ ਹੁੱਬ ਹੁੱਬ ਕੇ ਬਿਆਨਦਾ।
ਮਨਜੀਤ ਨੇ ਵੀ ਕੁਲਦੀਪ ਦੀ ਕੰਪਨੀ ‘ਚ ਕੁੱਝ ਸਮਾਂ ਟਰੱਕ ਚਲਾਇਆ ਸੀ। ਉਹ ਆਪਣੀ ਭੈਣ ਲਈ ਕੈਨੇਡਾ ‘ਚ ਰਿਸ਼ਤਾ ਲੱਭ ਰਿਹਾ ਸੀ। ਕਾਨੂੰਨ ਮੁਤਾਬਕ ਕੁੜੀ ਦੀ ਉਮਰ ਵੱਡੀ ਹੋਣ ਕਰਕੇ ਉਹ ਮਾਂ ਪਿਉ ਤੇ ਭਰਾ ਨਾਲ ਕੈਨੇਡਾ ਨਹੀਂ ਸੀ ਆ ਸਕੀ। ਮਨਜੀਤ ਨੇ ਤਾਂ ਪਹਿਲਾਂ ਭੈਣ ਨੂੰ ਬਥੇਰਾ ਸਮਝਾਇਆ– “ਤੂੰ ਪੜੀ ਲਿਖੀ ਐਂ—ਤੈਨੂੰ ਇੱਥੇ ਹੀ ਚੰਗੇ ਘਰਦਾ ਪੜ੍ਹਿਆ ਲਿਿਖਆ ਮੁੰਡਾ ਲੱਭ ਦਿੰਨੇ ਆਂ—ਵਿਆਹ ਵੀ ਚੰਗਾ ਕਰਾਂਗੇ—-।” ਕਿਰਨ ਆਪਣੇ ਭਰਾ ਨਾਲ ਏਸ ਜਿੱਦ ‘ਤੇ ਹੀ ਅੜ ਗਈ, “ਵਿਆਹ ਕਰਵਾੳਂੁਣਾ ਤਾਂ ਕੈਨੇਡਾ ‘ਚ ਹੀ ਕਰਵਾਉਂਣਾ– ਨਹੀਂ ਤਾਂ ਕਰਵਾਉਂਣਾ ਹੀ ਨਹੀਂ—।” ਮਾਂ-ਪਿਉ ਨੇ ਵੀ ਕਿਰਨ ਨੂੰ ਮੰਗਵਾਉਂਣ ਲਈ ਮੁੰਡੇ ਦੇ ਨੱਕ ‘ਚ ਦਮ ਕਰ ਰੱਖਿਆ ਸੀ–ਆਨੀ-ਬਹਾਨੀ ਸਾਰਾ ਦੋਸ਼ ਨੂੰਹ ਸਿਰ ਮੜ੍ਹ ਦਿੰਦੇ। ਇਸ ਗੱਲ ਨੂੰ ਲੈ ਕੇ ਮਨਜੀਤ ਬੜਾ ਪ੍ਰੇਸ਼ਾਨ ਰਹਿੰਦਾ।
ਮਨਜੀਤ ਟਰੱਕ ਚਲਾਉਂਦਿਆਂ ਸਮੇਂ ਰੌਕੀ ਨੂੰ ਮਿਲਦਾ ਰਹਿਣ ਕਰਕੇ ਉਸਨੂੰ ਏਨਾ ਕੁ ਪਤਾ ਸੀ ਕਿ ਰੌਕੀ ਨਾ ਬਹੁਤਾ ਪੜ੍ਹਿਆ ਲਿਿਖਆ ਤੇ ਨਾ ਹੀ ਬਹੁਤਾ ਚਤੁਰ ਚਲਾਕ। ਬੱਸ ਆਪਣੇ ਕੰਮ ਤੱਕ ਮਤਲਬ ਰੱਖਦਾ ਸੀ। ਦੋਸਤਾਂ ਮਿੱਤਰਾਂ ਦੀ ਕਿਸੇ ਰਾਇ ਵੱਲ ਮਨਜੀਤ ਨੇ ਬਹੁਤੀ ਤਵੱਕੋ ਹੀ ਨਾ ਦਿੱਤੀ। ਭੈਣ ਨੂੰ ਕੈਨੇਡਾ ਲਿਆਉਂਣ ਲਈ ਇਹ ਇੱਕ ਚੰਗਾ ਮੌਕਾ ਸੀ। ਇਸੇ ਸੋਚ ਵਿਚਾਰ ਨਾਲ ਉਸਨੇ ਭੈਣ ਦਾ ਰਿਸ਼ਤਾ ਰੌਕੀ ਨਾਲ ਕਰ ਦਿੱਤਾ। ਵਿਆਹ ਬੜੀ ਧੂਮ ਧਾਮ ਨਾਲ ਪੰਜਾਬ ‘ਚ ਜਾ ਕੇ ਕੀਤਾ। ਰੌਕੀ ਵਿਆਹ ਤੋਂ ਇੱਕ ਹਫਤਾ ਬਾਅਦ ਹੀ ਚਾਚੇ ਦੇ ਆਡਰ ਨੂੰ ਮੰਨਦਾ ਕੈਨੇਡਾ ਵਾਪਸ ਆ ਗਿਆ ਸੀ, ਪਰ ਚਾਚਾ ਇਸ ਖੁਸ਼ੀ ਨੂੰ ਵੱਡੇ ਰੁਤਬੇ ਵਾਲੇ ਲੋਕਾਂ ਨਾਲ ਹਫਤਿਆਂ ਬੱਧੀ ਮਨਾਉਂਦਾ ਰਿਹਾ।
ਚਾਚੇ ਨੇ ਰੌਕੀ ਨੂੰ ਸਪਰੋਟਸ ਕਾਰ ਲੈ ਦਿੱਤੀ ਤੇ ਖਾਣ ਪੀਣ ਨੂੰ ਖੁੱਲਾ ਖਰਚਾ ਦੇਣਾ। ਨਾਲ ਦੇ ਡਰਾਈਵਰ ਨੇ ਹੌਲੀ ਹੌਲੀ ਕੰਮ ਦਾ ਸਾਰਾ ਭੇਦ ਰੌਕੀ ਨੂੰ ਸਮਝਾ ਦਿੱਤਾ ਸੀ। ਰੌਕੀ ਨੇ ਵਿਆਹ ਤੋਂ ਬਾਅਦ ਅਜੇ ਕਿਰਨ ਨੂੰ ਕੈਨੇਡਾ ਲਈ ਸਪੌਂਸਰ ਵੀ ਨਹੀਂ ਸੀ ਕੀਤਾ ਜਦੋਂ ਉਹ ਡਰੱਗ ਦੇ ਕੇਸ ‘ਚ ਫੜਿਆ ਗਿਆ। ਰੌਕੀ ਨਾਲ ਫ਼ੋਨ ਦਾ ਸਬੰਧ ਟੁੱਟ ਜਾਣ ਕਰਕੇ ਇਹ ਗੱਲ ਕਿਰਨ ਤੱਕ ਵੀ ਪਹੁੰਚ ਗਈ। ਉਹ ਸਹੁਰੇ ਘਰ ਬੈਠੀ ਸਿਸਕਦੀ, ਕੇਸ ਦਾ ਫੈਸਲਾ ਉਡੀਕਦੀ। ਉਸਨੂੰ ਕਿਸੇ ਵੀ ਪਲ ਚੈਨ ਨਾ ਆਉਂਦੀ। ਕੈਨੇਡਾ ਵਸਦੇ ਮਾਂ-ਪਿਉ ਨੂੰ ਫ਼ੋਨ ਮਿਲਾਈ ਰੱਖਦੀ। ਮਾਂ ਕਹਿ ਛੱਡਦੀ “ਪੁੱਤ ਧੀਰਜ ਰੱਖ ਰੱਬ ਭਲੀ ਕਰੂਗਾ——–।” ਪਰ ਕਿਰਨ ਨੂੰ ਧੀਰਜ ਕਿੱਥੋਂ ਮਿਲੇ। ਉਹ ਆਪਣੇ ਸੌਹਰੇ ਕੁਲਦੀਪ ਨੂੰ ਵੀ ਫ਼ੋਨ ਕਰਦੀ। ਕੁਲਦੀਪ ਜਦੋਂ ਵੀ ਪਿੰਡ ਜਾਂਦਾ ਉਸਨੂੰ ਹਰ ਹਾਲਤ ਕੈਨੇਡਾ ਲੈ ਜਾਣ ਦੇ ਧਰਵਾਸੇ ਦਿੰਦਾ—ਨਵੇਂ ਨਵੇਂ ਸਬਜ਼ਬਾਗ ਦਿਖਾਉਂਦਾ– – ਏਜੰਟਾਂ ਦੇ ਦਫ਼ਤਰਾਂ ‘ਚ ਗੇੜੇ ਲਵਾਉਂਦਾ। ਪਿੰਡ ਦੇ ਲੋਕ ਹਰ ਰੋਜ਼ ਨਵੀਂਆਂ ਨਵੀਂਆਂ ਕਹਾਣੀਆਂ ਬਣਾਉਂਦੇ, ਆਪੋ ਆਪਣੇ ਗਣਿਤ ਨਾਲ ਕੁੜੀ ਦੀ ਕਿਸਮਤ ਦੇ ਟੇਵੇ ਲਾਉਂਦੇ।
ਕਿਰਨ ਨੂੰ ਸੁਪਨੇ ਟੁੱਟਦੇ ਨਜ਼ਰ ਆਉਂਣ ਲੱਗੇ, ਹਰ ਪਾਸੇ ਹਨੇਰਾ ਦਿਖਾਈ ਦੇਣ ਲੱਗਾ। ਉਸਦੀ ਰਾਤਾਂ ਦੀ ਨੀਂਦਰ ਉੱਡ ਗਈ। ਵਾਰ ਵਾਰ ਭਰਾ ਨੂੰ ਫੋ਼ਨ ਕਰਦੀ। ਭਰਾ ਕੋਲ ਕੋਈ ਜਵਾਬ ਨਾ ਹੁੰਦਾ— ਉਹ ਭੈਣ ਦਾ ਦਿਲ ਧਰਾਉਂਣ ਲਈ ਅੱਧੀਆਂ ਗੱਲਾਂ ਲਕੋ ਜਾਂਦਾ। ਕਿਰਨ ਸਟਰੈਸ ਨਾਲ ਜੂਝਦੀ ਡਿਪਰੈਸ਼ਨ ‘ਚ ਚਲੀ ਗਈ। ਗੱਲ ਕਰਦਿਆਂ ਸਮੇਂ ਉਹ ਵਾਰ ਵਾਰ ਕੈਨੇਡਾ ਦਾ ਨਾਂ ਦੁਹਰਾਉਂਦੀ। ਤਮਾਸ਼ਬੀਨ ਉਸਨੂੰ ਦੇਖਕੇ ਹੱਸਦੇ, ਕਈ ਤਾਂ ਉਸਨੂੰ ਕੈਨੇਡੀਅਨ ਬੇਬੀ ਕਹਿਣ ਲੱਗ ਪਏੇ। ਹੌਲੀ ਹੌਲੀ ਕਿਰਨ ਦੀ ਸੇਹਤ ਵਿਗਣਨੀ ਸ਼ੁਰੂ ਹੋ ਗਈ। ਦੂਰ ਨੇੜੇ ਦੇ ਰਿਸ਼ਤੇਦਾਰ ਉਸਨੂੰ ਬਾਬਿਆਂ ਦੇ ਡੇਰਿਆਂ ‘ਚ ਲਈ ਫਿਰਦੇ। ਸਾਧਾਂ-ਸੰਤਾਂ ਦੇ ਰਵੱਈਏ ਤੇ ਗਲਤ ਦਵਾਈਆਂ ਨੇ ਕਿਰਨ ਦੀ ਦਿਮਾਗੀ ਹਾਲਤ ਨੂੰ ਹੋਰ ਵਿਗਾੜ ਦਿੱਤਾ। ਉਸਦੀ ਵਿਗੜਦੀ ਸੇਹਤ ਬਾਰੇ ਸੁਣਕੇ ਮਾਂ-ਪਿਉ ਇੰਡੀਆ ਪਹੁੰਚ ਗਏ। ਕਿਰਨ ਨੂੰ ਹੌਸਪਿਟਲ ‘ਚ ਦਾਖਲ ਕਰਵਾਇਆ। ਮਾਂ ਦੀਆਂ ਉਦਾਸ ਕਰਨ ਵਾਲੀਆਂ ਗੱਲਾਂ ਸੁਣਕੇ ਮਨਜੀਤ ਵੀ ਇੰਡੀਆ ਪਹੁੰਚ ਗਿਆ।
ਮਨਜੀਤ ਨੂੰ ਹੁਣ ਇਹ ਗੱਲ ਸਾਫ ਹੋ ਗਈ ਸੀ ਕਿ ਕੈਨੇਡਾ ਵਾਲੀ ਗੱਲ ਸਿਰੇ ਨਹੀਂ ਚੜ੍ਹੇਗੀ। ਉਹ ਕਿਰਨ ਨੂੰ ਸਮਝਾਉਂਣ ਦੀ ਕੋਸਿ਼ਸ਼ ਕਰਦਾ। ਪਰ ਜਦੋਂ ਵੀ ਗੱਲ ਹੋਰ ਵਿਆਹ ਕਰਵਾਉਂਣ ਦੀ ਤੁਰਦੀ ਤਾਂ ਕਿਰਨ ਬੇਹੋਸ਼ੀ ਦੀ ਹਾਲਤ ‘ਚ ਪਹੁੰਚ ਜਾਂਦੀ— ਕੁੱਝ ਕੁੱਝ ਬੁੜਬੜਾਉਂਣ ਲੱਗਦੀ। ਉਸਨੇ ਖਾਣਾ ਪੀਣਾ ਘੱਟ ਕਰ ਦਿੱਤਾ, ਉਹ ਜਿੰ਼ਦਗੀ ਤੋਂ ਬੁਰੀ ਤਰ੍ਹਾਂ ਨਿਰਾਸ ਹੋ ਚੁੱਕੀ ਸੀ। ਮਨਜੀਤ ਲਈ ਇਹ ਸਭ ਦੇਖਣਾ ਅਸਹਿ ਸੀ—ਉਹ ਇੱਕੋ ਇੱਕ ਭੈਣ ਲਈ ਕੁੱਝ ਵੀ ਕਰਨ ਲਈ ਤਿਆਰ ਸੀ—ਪਰ ਉਸਨੂੰ ਕੋਈ ਰਸਤਾ ਵੀ ਨਹੀਂ ਸੀ ਲੱਭ ਰਿਹਾ। ਇੱਕ ਦਿਨ, ਰਾਤ ਨੂੰ ਕੱਲੀ ਮਾਂ ਹੀ ਕਿਰਨ ਦੇ ਕੋਲ ਸੀ— ਬੇਅਰਾਮੀ ਕਾਰਨ ਮਾਂ ਦੀ ਅੱਖ ਲੱਗ ਗਈ। ਰਾਤ ਦੇ ਸਮੇਂ ਕਿਰਨ ਹੌਸਪਿਟਲ ‘ਚੋਂ ਗਾਇਬ ਹੋ ਗਈ। ਮਾਂ ਦੀ ਅੱਖ ਖੁੱਲੀ ਤਾਂ ਕਿਰਨ ਨੂੰ ਉੱਥੇ ਨਾ ਦੇਖਕੇ ਉਸਦੇ ਹੋਸ਼ ਹਬਾਸ਼ ਉੱਡ ਗਏ, ਉਹ ਕਦੇ ਬਾਥਰੂਮ ਵੱਲ ਭੱਜੇ ਕਦੇ ਬਾਹਰ ਨੂੰ ਜਾਵੇ। ਪਤਾ ਲੱਗਦਿਆਂ ਹੀ ਸਾਰੇ ਸਟਾਫ਼ ‘ਚ ਹਾਹਾਕਾਰ ਮੱਚ ਗਈ। ਗੱਲ ਪੁਲੀਸ ਤੱਕ ਪਹੁੰਚ ਗਈ, ਦਿਨ ਦੇ ਪਹੁ ਫੁਟਾਲੇ ਨਾਲ ਹੀ ਹੌਸਪਿਟਲ ਤੋਂ ਥੋੜੀ ਦੂਰੀ ਤੇ ਲੰਘਦੀ ਸੜਕ ‘ਤੇ ਲੋਕਾਂ ਦਾ ਇੱਕ ਵੱਡਾ ਮਜਮਾ– ਇੱਕ ਲਹੂ ਨਾਲ ਭਿੱਜੀ ਲਾਸ਼ ਦੁਆਲੇ ਜੁੜਿਆ ਹੋਇਆ ਸੀ। ਮਨਜੀਤ ਤੇ ਉਸਦਾ ਪਿਉ ਵੀ ਘਟਨਾ ਵਾਲੀ ਤਾਂ ‘ਤੇ ਪਹੁੰਚ ਗਏ।
ਮਨਜੀਤ ਇਸ ਸਭ ਕੁਸ ਦਾ ਗੁਨਾਹਗਾਰ ਆਪਣੇ ਆਪ ਨੂੰ ਸਮਝਦਾ। ਉਹ ਆਪਣੇ ਹੱਥੀਂ ਭੈਣ ਦੀ ਚਿੱਖਾ ਨੂੰ ਅੱਗ ਦੇ ਕੇ ਰੋਦਾਂ ਕਰਲਾਉਂਦਾ ਵਾਪਿਸ ਕੈਨੇਡਾ ਆ ਗਿਆ। ਕੁੱਝ ਦੋਸਤ ਉਸ ਨਾਲ ਨਰਾਜ਼ਗੀ ਜ਼ਾਹਰ ਕਰਦੇ ਕਹਿੰਦੇ, “ਮਨਜੀਤ ਤੂੰ ਉਦੋਂ ਸਾਡੀ ਮੰਨ ਲੈਂਦਾ ਤਾਂ ਆਹ ਦਿਨ ਨਾ ਦੇਖਣੇ ਪੈਂਦੇ—-।” ਕੁੱਝ ਉਸਨੂੰ ਕੁਲਦੀਪ ਤੋਂ ਬਦਲਾ ਲੈਣ ਲਈ ਉਕਸਾਉਂਦੇ, ਪਰ ਮਨਜੀਤ ਕਹਿ ਛੱਡਦਾ “ਗਲਤੀ ਤਾਂ ਮੇਰੀ ਸੀ, ਮੈਂ ਹੀ ਕਾਹਲ ਕੀਤੀ ——-।”
ਹਰਜਿੰਦਰ ਨੇ ਮਨਜੀਤ ਨਾਲ ਹਮਦਰਦੀ ਪਰਗਟ ਕਰਦਿਆਂ ਕਿਹਾ ਸੀ “ਕਿਰਨ ਨੇ ਗੱਲ ਨੂੰ ਕੁੱਝ ਜਿਆਦਾ ਹੀ ਮਨ ‘ਤੇ ਲਾ ਲਿਆ,–ਤੁਹਾਡਾ ਸਾਰਾ ਪਰਿਵਾਰ ਉਸਦੇ ਨਾਲ ਸੀ— ਕੋਈ ਹੋਰ ਚੰਗਾ ਜੀਵਨ ਸਾਥੀ ਵੀ ਮਿਲ ਸਕਦਾ ਸੀ——।” ਮਨਜੀਤ ਨੇ ਇਹ ਕਹਿਿਦਆਂ ਵੱਡਾ ਹਉਕਾ ਭਰਿਆ ਸੀ “ਬਾਈ, ਹੁਣ ਕਿਰਨ ਨੂੰ ਤਾਂ ਵਾਪਿਸ ਨਹੀਂ ਲਿਆਂਦਾ ਜਾ ਸਕਦਾ–।”
ਇਸ ਘਟਨਾ ਦੀ ਖ਼ਬਰ ਮਿਲਣ ‘ਤੇ ਵੀ ਕੁਲਦੀਪ ਪਿੰਡ ਨਹੀਂ ਸੀ ਗਿਆ। ਘਰ ਘਰ ‘ਚ ਇਸੇ ਗੱਲ ਦੀ ਚਰਚਾ ਸੀ। ਏਧਰ ਰੌਕੀ ਦੇ ਕੇਸ ਨੂੰ ਚਲਦਿਆਂ ਕਾਫੀ ਸਮਾਂ ਹੋ ਗਿਆ ਸੀ——-ਫੈਸਲੇ ਦੀ ਤਾਰੀਖ ਨੇੜੇ ਸੀ।

ਨਾਹਰ ਔਜਲਾ ਕੈਨੇਡਾ
416-728-5686

ਕਿਰਨ ਬਾਰੇ ਪਤਾ ਲੱਗਣ ‘ਤੇ ਕੈਨੇਡਾ ‘ਚ ਵਸਦੇ ਪਿੰਡ ਵਾਲੇ, ਸਾਰੇ ਰਿਸ਼ਤੇਦਾਰ ਤੇ ਜਾਣ-ਪਹਿਚਾਣ ਵਾਲੇ ਲੋਕ, ਕੁਲਦੀਪ ਦੇ ਘਰ ਆ ਕੇ ਦੁੱਖ ਦਾ ਇਜ਼ਹਾਰ ਕਰਨ ਲਈ ਪੁੱਛਦੇ। ਉਹ ਹਰ ਇੱਕ ਦੇ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਇੱਕੋ ਵਾਰੀ ਮਰਗ ਦਾ ਭੋਗ ਪਾ ਕੇ ਇਸ ਸੰਕਟ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। ਲੋਕਾਂ ਦੀ ਹਮਦਰਦੀ ਜਿੱਤਣ ਦਾ ਵੀ ਇਹ ਢੁੱਕਵਾਂ ਮੌਕਾ ਸੀ। ਅਖੰਡਪਾਠ ਦੀ ਤਾਰੀਖ ਰੱਖਕੇ ਉਸ ਨੇ ਕਮਿਊਨਟੀ ਦੇ ਸਭ ਰਾਜਨੀਤਕ ਲੀਡਰਾਂ ਨੂੰ ਫ਼ੋਨ ਮਿਲਾਉਂਣੇ ਸੁਰੂ ਕਰ ਦਿੱਤੇ। ਕੁਲਦੀਪ ਦੀ ਕੋਸਿ਼ਸ਼ ਸੀ ਅਗਰ ਕੋਈ ਲੀਡਰ ਰੌਕੀ ਦੇ ਚਾਲ-ਚਲਣ ਬਾਰੇ ਕੁੱਝ ਚੰਗਾ ਲਿੱਖਕੇ ਇੱਕ ਲੈਟਰ ਬਣਾ ਦੇਵੇ ਤਾਂ ਉਸ ਲੈਟਰ ਨੂੰ ਕੋਰਟ ‘ਚ ਵਰਤਿਆਂ ਜਾ ਸਕਦਾ ਸੀ।
ਜੱਜ ਨੇ ਜਿਸ ਦਿਨ ਫੈਸਲਾ ਸਣਾਉਂਣਾ ਸੀ, ਉਸ ਤਾਰੀਖ ਦਾ ਭਾਈ ਜੀ ਨੂੰ ਵੀ ਪਤਾ ਸੀ। ਅਖਬਾਰਾਂ ‘ਚ ਰੌਕੀ ਨੂੰ ਹੋਈ ਸਜਾ ਦੀ ਖ਼ਬਰ ਸੀ। ਭਾਈ ਜੀ ਨੇ ਉਦਾਸ ਮਨ ਨਾਲ ਅੱਜ ਦੀ ਅਰਦਾਸ ‘ਚ ਕੁਲਦੀਪ ਦੇ ਪਰਿਵਾਰ ਬਾਰੇ ਕੁੱਝ ਵੀ ਨਹੀਂ ਸੀ ਬੋਲਿਆ।

ਨਾਹਰ ਔਜਲਾ ਕੈਨੇਡਾ
416-728-5686

Exit mobile version