ਕੈਲਗਰੀ(ਪੰਜਾਬੀ ਅਖਬਾਰ ਬਿਊਰੋ) ਅਰਪਨ ਲਿਖਾਰੀ ਸਭਾ ਦੀ ਸਤੰਬਰ ਮਹੀਨੇ ਦੀ ਮੀਟਿੰਗ ਡਾ. ਜੋਗਾ ਸਿੰਘ ਸੁਰਿੰਦਰ ਸਿੰਘ ਨੇਕੀ ਅਤੇ ਜਰਨੈਲ ਸਿੰਘ ਤੱਗੜ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਭਰਵੀ ਹਾਜ਼ਰੀ ਵਿੱਚ ਹੋਈ।ਸਭ ਤੋਂ ਪਹਿਲਾਂ ਜਨਰਲ ਸਕੱਤਰ ਜਸਵੰਤ ਸਿੰਘ ਸੇਖੋਂ ਨੇ ਆਏ ਹੋਏ ਸਾਹਿਤਕਾਰਾਂ ਅਤੇ ਸਾਹਿਤ ਪੇ੍ਰਮੀਆਂ ਨੂੰ ਜੀ ਆਇਆ ਆਖਿਆ।ਨਾਲ ਹੀ ਪ੍ਰੋਗਰਾਮ ਦੀ ਜਾਣਕਾਰੀ ਦੱਸਿਆ ਕਿ ਸਾਡੇ ਕੋਲ ਪੰਜਾਬ ਤੋਂ ਨਾਮਵਰ ਨਾਵਲਕਾਰ ਸੁਰਿੰਦਰ ਸਿੰਘ ਨੇਕੀ ਪਹੁੰਚੇ ਹਨ ਉਨ੍ਹਾਂ ਨਾਲ ਉਨ੍ਹਾਂ ਦੀਆਂ ਲਿਖਤਾਂ ਬਾਰੇ ਗੱਲਬਾਤ ਕੀਤੀ ਜਾਵੇਗੀ।ਉਪਰੰਤ ਜਸਵੰਤ ਸਿੰਘ ਸੇਖੋਂ ਨੇ ਗਮੀਆਂ ਦੀਆਂ ਖ਼ਬਰਾਂ ਸਾਂਝੀਆਂ ਕਰਦਿਆਂ ਸਭਾ ਦੇ ਸੁਹਰਿਦ ਮੈਂਬਰ ਕਾਮਰੇਡ ਗੁਰਦੀਪ ਸਿੰਘ ਚੀਮਾਂ ਦੀ ਧਰਮ ਪਤਨੀ ਬੀਬੀ ਮੁਹਿੰਦਰ ਕੌਰ, ਨਾਮਵਰ ਪੱਤਰਕਾਰ ਅਤੇ ਲੇਖਕ ਦੇਸ ਰਾਜ ਕਾਲੀ, ਕਵੀ ਸ਼ਿਵਨਾਥ, ਸਿੰਗਰ ਜਿੰਮੀ ਵਪਟ (ਇੰਗਲਿਸ਼) ਗੀਤਕਾਰ ਅਤੇ ਪ੍ਰਸਿੱਧ ਸ਼ਾਇਰ ਹਰਜਿੰਦਰ ਸਿੰਘ ਬੱਲ ਵਰਗੀਆਂ, ਵਿਛੋੜਾ ਦੇ ਗਈਆਂ ਸ਼ਖ਼ਸੀਅਤਾਂ ਨੂੰ ਇਕ ਮਿੰਟ ਦਾ ਮੋਨਧਾਰ ਕੇ ਸ਼ਰਧਾਜਲੀ ਭੇਟ ਕੀਤੀ। ਪਰਿਵਾਰਾਂ ਨਾਲ ਦੱੁਖ ਦਾ ਇਜ਼ਹਾਰ ਕੀਤਾ ਗਿਆ।
ਸਤਨਾਮ ਸਿੰਘ ਢਾਅ ਨੇ ਵਿੱਛੜੇ ਕਵੀ ਸ਼ਿਵ ਨਾਥ, ਦੇਸ ਰਾਜ ਕਾਲੀ ਬਾਰੇ ਸੰਖੇਪ ਅਤੇ ਭਾਵਪੂਰਤ ਸ਼ਬਦਾਂ ਵਿਚ ਸ਼ਰਧਾ ਦੇ ਫੱੁਲ ਭੇਟ ਕਰਦੇ ਹੋਏ ੳੇਨ੍ਹਾਂ ਦੇ ਜੀਵਨ ਸ਼ੰਘਰਸ਼ ਅਤੇ ਸਿਰਜਣ ਕਲਾ ਬਾਰੇ ਚਾਨਣਾ ਪਾਇਆ ਨਾਲ ਹੀ ਕਾਮਰੇਡ ਗੁਰਦੀਪ ਸਿੰਘ ਦੀ ਧਰਮ ਪਤਨੀ ਬੀਬੀ ਮਹਿੰਦਰ ਕੌਰ ਦੀ ਬੇਵਕਤੀ ਮੌਤ ਤੇ ਦੱੁਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂ ਦੇ ਫੁੱਲ ਭੇਟ ਕੀਤੇ।ਟੀਚਰ-ਡੇ, ਲੇਬਰ-ਡੇ ਆਉਦੇ ਦਿਨਾਂ ਵਿਚ ਆ ਰਹੇ ਸ਼ਹੀਦ ਭਗਤ ਸਿੰਘ ਅਤੇ ਪਾਸ਼ ਦੇ ਜਨਮ ਦਿਨ ਦੀ ਵਧਾਈ ਦੀ ਸਾਂਝ ਪਾਈ ਗਈ। ਦੇਸ਼ ਬਿਦੇਸ਼ ਵਿਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਅਤੇ ਨਵੀਂ ਪੀੜ੍ਹੀ ਦੇ ਬੱਚਿਆਂ ਦੀਆਂ ਉਵਰ-ਡੋਜ਼ ਨਾਲ ਹੋ ਰਹੀਆਂ ਮੌਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਬੁਲਾਰਿਆਂ ਨੇ ਖੱੁਲ੍ਹ ਕੇ ਚਰਚਾ ਕੀਤੀ। ਇਸ ਗੱਲ ਦੀ ਅਪੀਲ ਕੀਤੀ ਗਈ ਕਿ ਸਿਟੀ-ਪੁਲੀਸ, ਸਰਕਾਰ ਅਤੇ ਲੋਕਾਂ ਨੂੰ ਰਲ ਕੇ ਇਸ ਵੱਧ ਰਹੀ ਸਮੱਸਿਆ ਨੂੰ ਰੋਕਣ ਦੇ ਉਪਰਲੇ ਕੀਤੇ ਜਾਣ। ਨਛੱਤਰ ਸਿੰਘ ਪੁਰਬਾ ਨੇ ਦੁਨੀਆਂ ਭਰ ਵਿਚ ਚਲ ਰਹੇ ਟੀਵੀ ਸ਼ੋਆਂ ਬਾਰੇ ਬਹੁਤ ਹੀ ਖ਼ੋਜ ਭਰਪੂਰ ਜਾਣਕਾਰੀ ਵਾਲਾ ਲੇਖ ਸਾਂਝਾ ਕਰਕੇ ਸਰੋਤਿਆਂ ਨੂੰ ਹੈਰਾਨੀਜਨਕ ਜਾਣਕਾਰੀ ਦਿੱਤੀ।ਗੁਰਦੀਸ਼ ਗਰੇਵਾਲ ਨੇ ਟੀਚਰ-ਡੇ ਬਾਰੇ ਆਪਣੇ ਵਿਚਾਰ ਰੱਖੇ ਅਤੇ ਬੱਚਿਆਂ ਲਈ ਆਪਣੀ ਨਵੀਂ ਕਿਤਾਬ ਬਾਰੇ ਜਾਣਕਾਰੀ ਦਿੱਤੀ।
ਚਾਹ ਦੀਆਂ ਚੁਸਕੀਆਂ ਤੋਂ ਪਹਿਲਾਂ ਸਭਾ ਦੀ ਕਾਰਜਕਾਰਨੀ ਮੈਂਬਰਾਂ ਵੱਲੋਂ ਸੁਰਿੰਦਰ ਸਿੰਘ ਨੇਕੀ ਨੂੰ ਇਕ ਯਾਦਗਾਰੀ ਚਿੰਨ, ਸ਼ਾਲ ਅਤੇ ਸਭਾ ਦੇ ਮੈਂਬਰਾਂ ਦੀਆਂ ਕਿਤਾਬਾਂ ਦਾ ਸੈੱਟ ਦੇ ਸਨਮਾਨਿਤ ਕੀਤਾ ਗਿਆ।ਸਤਨਾਮ ਸਿੰਘ ਢਾਅ ਵੱਲੋਂ ਨਾਵਲਕਾਰ ਨੇਕੀ ਦੀ ਸੰਖੇਪ ਜਾਣਕਾਰੀ ਦਿੰਦਿਆਂ, ਡਾ. ਰਾਮ ਮੂਰਤੀ ਦਾ ਸੁਰਿੰਦਰ ਸਿੰਘ ਨੇਕੀ ਦੇ ਨਾਵਲਾਂ ਬਾਰੇ ਲਿਿਖਆ ਪਰਚਾ ਪੜ੍ਹਿਆ, ਜਿਸ ਵਿਚ ਸੁਰਿੰਦਰ ਨੇਕੀ ਨੂੰ ਦੂਜੇ ਨਾਵਲਕਾਰਾਂ ਨਾਲੋਂ ਵਖ਼ਰਿਆਉਣ ਦੀ ਗੱਲ ਅਤੇ ਉਸ ਦੀ ਯਥਾਰਥ ਨੂੰ ਰੋਚਿਕਤਾ ਨਾਲ ਪੇਸ਼ ਕਰਨ ਦੀ ਕਲਾ ਦੀ ਗੱਲ ਸਾਹਮਣੇ ਆਉਂਦੀ ਹੈ।ਉਸ ਦੇ ਲਿਖੇ ਬੜੇ ਹੀ ਚਰਚਿਤ ਨਾਵਲ ‘ਛੇਵਾਂ ਦਰਿਆਂ’ ਬਾਰੇ ਉਸਾਰੂ ਚਰਚਾ ਵੀ ਹੋਈ।ਸੁਰਿੰਦਰ ਨੇਕੀ ਨੇ ਆਪਣੀ ਸਿਰਜਣ ਪ੍ਰਕਿਆ ਬਾਰੇ ਵਿਚਾਰ ਪੇਸ਼ ਕਰਦਿਆਂ ਇਕ ਕਵਿਤਾ ਦੀ ਸਾਂਝ ਪਾਉਂਦਿਆਂ ਸਭਾ ਦਾ ਧੰਨਵਾਦ ਕੀਤਾ।
ਨੈਚਰੋਥਰੈਪਿਸਟ ਡਾ. ਹਰਮਿੰਦਰ ਸਿੰਘ ਨੇ ਸ਼ਿਵ ਦੀ ਇਕ ਗ਼ਜ਼ਲ ‘ਪੀੜ ਤੇਰੇ ਜਾਣ ਦੀ ਕਿਸ ਤਰ੍ਹਾਂ ਜਰਾਂਗਾ ਮੈਂ’ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ।ਇੰਜੀ: ਜੀਰ ਸਿੰਘ ਬਰਾੜ ਨੇ ਆਪਣੇ ਟੀਚਰਾਂ ਨੂੰ ਸਤਿਕਾਰਤ ਸ਼ਬਦਾਂ ਰਾਹੀਂ ਯਾਦ ਕੀਤਾ। ਬੀਬੀ ਸਰਬਜੀਤ ਉੱਪਲ ਨੇ ‘ਕੱਚਾ ਘੜਾ’ ਨਾਂ ਦੀ ਕਵਿਤਾ ਸੁਣਾਈ। ਪ੍ਰੀਤ ਸਾਗਰ ਸਿੰਘ ਨੇ ਆਪਣੀ ਇਕ ਕਵਿਤਾ ‘ਨਸ਼ਾ ਕਾਮਯਾਬੀ ਦਾ’ ਸੁਣਾ ਕੇ ਇੰਟਰਨੈਸ਼ਨਲ ਵਿਿਦਆਰਥੀਆਂ ਦੇ ਬਿਦੇਸ਼ਾਂ ਵਿਚਲੇ ਸੰਘਰਸ਼ ਦੀ ਦਾਸਤਾਨ ਪੇਸ਼ ਕੀਤੀ। ਗੁਰਮੀਤ ਕੌਰ ਸਰਪਾਲ ਨੇ ਬੀਤੇ ਦਿਨੀ ਉਨ੍ਹਾਂ ਦੀ ਸੰਸਥਾ ਵੱਲੋਂ ਕੀਤੇ ਗਏ ਪ੍ਰੋਗਰਾਮ ਤੇ ਸ਼ਾਮਲ ਹੋਣ ‘ਤੇ ਸਰੋਤਿਆਂ ਦਾ ਧੰਨਵਾਧ ਕੀਤਾ।ਅਮਰਪ੍ਰੀਤ ਗਿੱਲ ਨੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਿਆਨਦੀ ਕਵਿਤਾ ਪੇਸ਼ ਕਰਕੇ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਦਾ ਦ੍ਰਿਸ਼ ਪੇਸ਼ ਕਰ ਦਿੱਤਾ।ਬੀਬੀ ਸੁਰਿੰਦਰ ਕੈਂਥ ਨੇ ਸ਼ਿਵ ਕੁਮਾਰ ਦਾ ਗੀਤ ਅਪਣੀ ਬੁਲੰਦ ਅਵਾਜ਼ ਵਿਚ ਪੇਸ਼ ਕੀਤਾ। ਜਰਨੈਲ ਤੱਗੜ ਨੇ ਹਰਨੇਕ ਵੱਧਣੀ ਦੀ ਇਕ ਗ਼ਜ਼ਲ ਪੇਸ਼ ਕੀਤੀ। ਹਰਪ੍ਰੀਤ ਸਿੰਘ ਗਿੱਲ ਨਿੱਕੀ ਕਹਾਣੀ ਰਾਹੀਂ ਵੱਡੀ ਵੱਡੀ ਗੱਲ ਨਾਲ ਸਰੋਤਿਆਂ ਨੂੰ ਹਲੂਣਾ ਦੇ ਗਿਆ। ਬੀਬੀ ਗੁਰਨਾਮ ਕੌਰ ਨੇ ਆਪਣੀ ਕਵਿਤਾ ਨਾਲ ਸਰੋਤਿਆਂ ਨੂੰ ਕੀਲ ਲਿਆ।ਜਸਵੀਰ ਸਿਹੋਤਾ ਨੇ ਨਸ਼ਿਆਂ ਬਾਰੇ ਆਪਣੇ ਵਿਚਾਰ ਰੱਖੇ।
ਗੁਰਦਿਲਰਾਜ ਸਿੰਘ ਦਾਨੇਵਾਲੀਆ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ‘ਰੁੱਖਾਂ ਦੀ ਜੀਰਾਦ’ ਦੇ ਸਿਧਾਂਤ ਨੂੰ ਅਪਣਾਉਣ ਦਾ ਸਨੇਹਾ ਦਿੱਤਾ।ਇਕਬਾਲ ਖ਼ਾਨ ਨੇ ਸ਼ਹੀਦ ਭਗਤ ਸਿੰਘ ਅਤੇ ਪਾਸ਼ ਦੇ ਜਨਮ ਦਿਨ ਦੀ ਗੱਲ ਕਰਦਿਆਂ ‘ਮੁਕਤੀ’ ਨਾਂ ਦੀ ਉਸਾਰੂ ਸੋਚ ਵਾਲੀ ਕਵਿਤਾ ਸਾਂਝੀ ਕੀਤੀ। ਲਖਵਿੰਦਰ ਸਿੰਘ ਜੌਹਲ ਨੇ ਧੀਆਂ ਨੂੰ ਕੱੁਖ ਵਿਚ ਮਾਰਨ ਵਾਲਿਆਂ ਨੂੰ ਹਲੂਣਾ ਦਿੰਦੀ ਕਵਿਤਾ ਸੁਣਾਈ ਜਿਸ ਨੂੰ ਬਹੁਤ ਸਲਾਹਿਆ ਗਿਆ। ਜਸਵੰਤ ਸਿੰਘ ਸੇਖੋਂ ਨੇ ਕਿਸਾਨੀ ਅੰਦੋਲਨ ਸਮੇਂ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਦੀ ਕੀਤੀ ਕਰਬਾਨੀ ਨੂੰ ਪੇਸ਼ ਕਰਦੀ ਕਵਿਤਾ ਕਵੀਸ਼ਰੀ ਰੰਗ ਵਿਚ ਸੁਣਾ ਕੇ ਸ਼ੰਘਰਸ਼ ਵਿਚ ਹਿੱਸਾ ਪਾਉਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ।
ਇਨ੍ਹਾਂ ਤੋਂ ਇਲਾਵਾ ਕਾਮਰੇਡ ਗੁਰਦੀਪ ਸਿੰਘ,ਬਲਜੀਤ ਕੌਰ ਢਿੱਲੋਂ, ਸਰਬਜੀਤ ਸਿੰਘ ਢਿੱਲੋਂ, ਬੀਬੀ ਅਵਤਾਰ ਕੌਰ ਤੱਗੜ, ਪ੍ਰਿਤਪਾਲ ਸਿੰਘ ਮੱਲ੍ਹੀ, ਬੀਬੀ ਬਲਬੀਰ ਕੌਰ ਮੱਲ੍ਹੀ, ਗੁਰਦੇਵ ਸਿੰਘ ਬਾਬਾ, ਬਲਦੇਵ ਸਿੰਘ ਦੁੱਲਟ ਅਤੇ ਸੁਬਾ ਸਦੀਕ ਨੇ ਇਸ ਸਾਹਿਤਕ ਚਰਚਾ ਵਿਚ ਆਪਣਾ ਯੋਗਦਾਨ ਪਾਇਆ।
ਅਖ਼ੀਰ ‘ਤੇ ਡਾ. ਜੋਗਾ ਸਿੰਘ ਨੇ ਆਏ ਹੋਏ ਸਾਰੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਅਤੇ ਇਸੇ ਤਰ੍ਹਾਂ 14 ਅਕਤੂਬਰ ਨੂੰ ਅਗਲੇ ਮਹੀਨੇ ਦੀ ਇਕੱਤਰਤਾ ਵਿਚ ਸ਼ਾਮਲ ਹੋਣ ਲਈ ਅਪੀਲ ਕੀਤੀ।ਹੋਰ ਜਾਣਕਾਰੀ ਲਈ ਡਾ. ਜੋਗਾ ਸਿੰਘ ਨੂੰ 403-207-4412, ਜਸਵੰਤ ਸਿੰਘ ਸੇਖੋਂ ਨੂੰ 403-681-3132 ਤੇ ਸੰਪਰਕ ਕੀਤਾ ਜਾ ਸਕਦਾ ਹੈ।