ਅਰਪਨ ਲਿਖਾਰੀ ਸਭਾ ਵੱਲੋਂ ਸਾਲਾਨਾ ਸਮਾਗਮ ਵਿੱਚ ਜਸਵਿੰਦਰ ਗ਼ਜ਼ਲਗੋ ਦਾ ਸਨਮਾਨ


ਕੈਲਗਰੀ(ਪੰਜਾਬੀ ਅਖਬਾਰ ਬਿਊਰੋ): ਅਰਪਨ ਲਿਖਾਰੀ ਸਭਾ ਦਾ ਸਾਲਾਨਾ ਸਮਾਗਮ 15 ਜੂਨ 2024 ਨੂੰ ਟੈਂਪਲ ਕਮਿਊਨਟੀ ਹਾਲ ਵਿੱਚ ਮੁੱਖ ਮਹਿਮਾਨ ਜਸਵਿੰਦਰ, ਸਭਾ ਦੇ ਪ੍ਰਧਾਨ ਡਾ. ਜੋਗਾ ਸਿੰਘ ਸਹੋਤਾ ਅਤੇ ਕੇਸਰ ਸਿੰਘ ਨੀਰ ਦੀ ਪ੍ਰਧਾਨਗੀ ਹੇਠ ਭਰਵੇ ਇੱਕਠ ਵਿੱਚ ਹੋਇਆ।ਉਪਰੰਤ ਕੈਨੇਡਾ ਅਤੇ ਭਾਰਤ ਦੇ ਕੌਮੀਂ ਗੀਤ ਗਾਏ ਗਏ।ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਕੈਨੇਡੀਅਨ ਬੱਚਿਆਂ ਵੱਲੋਂ ਪੰਜਾਬੀ ਬੋਲੀ ਵਿੱਚ ਆਪੋ ਆਪਣੀਆਂ ਕਵਿਤਾਵਾਂ, ਪੰਜਾਬੀ ਗੀਤ ਤੇ ਤਿੰਨ ਬੱਚੀਆਂ ਨੇ ਨਾਚ ਅਤੇ ਭੰਗੜਾ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਸਭਾ ਵੱਲੋਂ ਜਸਵਿੰਦਰ ਰਾਹੀਂ ਉਨ੍ਹਾਂ ਨੂੰ ਗਿਫ਼ਟ-ਕਾਰਡ ਦੇ ਕੇ ਹੌਸਲਾ ਅਫ਼ਜਾਈ ਕੀਤੀ।ਇਸ ਔਖੇ ਅਤੇ ਵਿਲੱਖਣ ਕੰਮ ਲਈ ਸੁਖਬੀਰ ਸਿੰਘ ਗਰੇਵਾਲ ਵੱਲੋਂ ਯੰਗਸਤਾਨ ਸੰਸਥਾ ਰਾਹੀਂ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਦੇ ਯਤਨਾਂ ਨੂੰ ਵੀ ਸਲਾਹਿਆ ਗਿਆ।ਉਪਰੰਤ ਡਾ. ਜੋਗਾ ਸਿੰਘ ਸਹੋਤਾ ਨੇ ਸਭਾ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ।
ਕੈਲਗਰੀ ਦੇ ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਨੇ ਜਸਵਿੰਦਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਗ਼ਜ਼ਲ ਦੇ ਜਨਮ ਅਤੇ ਇਤਿਹਾਸਕ ਪਿਛੋਕੜ ਬਾਰੇ ਬਹੁਤ ਹੀ ਭਾਵਪੂਰਤ ਜਾਣਕਾਰੀ ਦਿੱਤੀੇ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤੀ ਸਾਹਿਤ ਅਕੈਦਮੀ ਦਾ ਪਹਿਲਾ ਪੰਜਾਬੀ ਗ਼ਜ਼ਲ ਪੁਰਸਕਾਰ ਡਾ. ਜਗਤਾਰ ਨੂੰ ਮਿਿਲ਼ਆ ਸੀ ਅਤੇ ਉਸ ਤੋਂ ਬਾਅਦ ਇਹ ਐਵਾਰਡ ਸਿਰਫ਼ ਜਸਵਿੰਦਰ ਨੂੰ ਹੀ ਮਿਿਲ਼ਆ ਹੈ। ਨੀਰ ਨੇ ਆਖਿਆ ਕਿ ਜਸਵਿੰਦਰ ਨਵੀਂ ਗੱਲ ਵੀ ਕਹਿੰਦਾ ਹੈ ਅਤੇ ਵਿਲੱਖਣ ਅੰਦਾਜ਼ ਵਿੱਚ ਕਹਿੰਦਾ ਹੈ। ਡਾ. ਜੋਗਾ ਸਿੰਘ ਨੇ ਅਰਪਨ ਲਿਖਾਰੀ ਸਭਾ ਦੀ ਸਾਲਾਨਾਂ ਰੀਪੋਰਟ ਪੇਸ਼ ਕਰਦਿਆਂ ਪੰਜਾਬੀ ਭਾਈਚਾਰੇ ਦੇ ਕਾਰੋਬਾਰੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧਨੰਵਾਦ ਕੀਤਾ ਜਿਨ੍ਹਾਂ ਦੀ ਖੱੁਲ੍ਹ-ਦਿਲੀ ਨਾਲ ਕੀਤੀ ਮਾਇੱਕ ਸਹਾਇਤਾ ਨਾਲ ਇਹ ਸਮਾਗਮ ਕੀਤਾ ਜਾਂਦਾ ਹੈ। ਡਾ. ਜੋਗਾ ਸਿੰਘ ਸਹੋਤਾ ਨੇ ਜਸਵਿੰਦਰ ਦੀ ਗ਼ਜ਼ਲ ‘ਸੁਣੀਆਂ ਖ਼ੁਦੀ ਤੋਂ ਬੇਖ਼ੁਦੀ ਤੀਕਰ ਕਹਾਣੀਆਂ ਫੇਰ ਵੀ ਮੈਂ ਜ਼ਿੰਦਗੀ ਦੀਆਂ ਰਮਜ਼ਾਂ ਨਾ ਜਾਣੀਆਂ।’ ਸਾਜ (ਕੈਸ਼ੀਓ) ਨਾਲ ਸੁਣਾ ਕੇ ਰੰਗ ਬੰਨਿਆ।ਜਰਨੈਲ ਤੱਗੜ ਨੇ ਇੱਕ ਗ਼ਜ਼ਲ ਸੁਣਾਈ।ਗੁਰਦੀਸ਼ ਗਰੇਵਾਲ ਨੇ ਆਪਣੀ ਇੱਕ ਪੁਸਤਕ ਜਸਵਿੰਦਰ ਸਿੰਘ ਨੂੰ ਭੇਟ ਕੀਤੀ। ਵਰਨਨ ਤੋਂ ਪਹੁੰਚੇ ਸ਼ਾਇਰ ਪਾਲ ਢਿੱਲੋਂ ਨੇ ਆਪਣੀਆਂ ਗ਼ਜ਼ਲਾਂ ਦੇ ਚੋਣਵੇਂ ਸ਼ੇਅਰ ਪੇਸ਼ ਕੀਤੇ। ਸੁਰਿੰਦਰ ਗੀਤ ਨੇ ਵੀ ਕਵਿਤਾ ਰਾਹੀਂ ਸਾਂਝ ਪਾਈ।

ਉਪਰੰਤ ਅਰਪਨ ਲਿਖਾਰੀ ਸਭਾ ਦੇ ਕਾਰਜ-ਕਾਰਨੀ ਮੈਂਬਰਾਂ ਵੱਲੋਂ ਜਸਵਿੰਦਰ ਨੂੰ ‘ਇੱਕ ਬਾਲ ਅਰਪਨ ਯਾਦਗਾਰੀ ਪੁਰਸਕਾਰ’ ਦੇ ਕੇ ਸਨਮਾਨਿਤ ਕੀਤਾ ਗਿਆ।ਜਸਵਿੰਦਰ ਨੇ ਸਭਾ ਦੇ ਸੁਹਿਰਦ ਅਤੇ ਮੋਢੀ ਮੈਂਬਰ ਇੱਕ ਬਾਲ ਖ਼ਾਨ ਨੂੰ ਅਤੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨੂੰ ਯਾਦ ਕੀਤਾ। ਉਨ੍ਹਾਂ ਆਖਿਆ ਸਾਡੇ ਕੋਲੋ ਇਨ੍ਹਾਂ ਸ਼ਖ਼ਸੀਅਤਾਂ ਦੇ ਵਿੱਚ ਵਿਛੜਨ ਨਾਲ ਪੰਜਾਬੀ ਸ਼ਾਇਰੀ /ਪੰਜਾਬੀ ਲਿਟਰੇਚਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਹ ਹਮੇਸ਼ਾਂ ਸਾਡੀ ਯਾਦ ਵਿੱਚ ਉੱਕਰੇ ਰਹਿਣਗੇ।ਜਸਵਿੰਦਰ ਨੇ ਛੋਟੇ ਬੱਚਿਆਂ ਵੱਲੋਂ ਪੰਜਾਬੀ ਉਚਾਰਣ ਦੀ ਮੁਹਾਰਤ ਨੂੰ ਸਲਾਹੁਦਿਆਂ ਅਰਪਨ ਲਿਖਾਰੀ ਸਭਾ ਦੇ ਇਸ ਉਪਰਾਲੇ ਨੂੰ ਵੀ ਸਲਾਇਆ ਜੋ ਨਵੀਂ ਪੀੜ੍ਹੀ ਨੂੰ ਪੰਜਾਬੀ ਬੋਲੀ ਨਾਲ ਜੋੜਨ ਲਈ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਆਖਿਆ ਇੱਕ ਬਾਲ ਅਰਪਨ ਆਪ ਇੱਕ ਉੱਘੇ ਸਾਹਿਤਕਾਰ, ਸਮਾਜ ਸੇਵੀ ਅਤੇ ਪੰਜਾਬੀ ਬੋਲੀ ਦੇ ਉਪਾਸ਼ਕ ਸਨ। ਇਸ ਸਭਾ ਨੇ ਉਨ੍ਹਾਂ ਦੇ ਪੂਰਨਿਆਂ ਤੇ ਚੱਲਦਿਆਂ ਉਨ੍ਹਾਂ ਦੇ ਨਾਂ ‘ਤੇ ਸਭਾ ਬਣਾ ਕੇ ਨਾਲ ਹੀ ‘ਇੱਕ ਬਾਲ ਅਰਪਨ ਯਾਦਗਾਰੀ ਪੁਰਸਕਾਰ’ ਪਿਛਲੇ ਲੰਮੇ ਸਮੇਂ ਤੋਂ ਦੇ ਕੇ ਕੈਨੇਡਾ ਭਰ ਦੇ ਵੱਖ ਵੱਖ ਸ਼ਹਿਰਾਂ ਤੋਂ ਪੰਜਾਬੀ ਲੇਖਕਾਂ/ਸਾਹਿਤਕਾਰਾਂ ਨੂੰ ਹੋਰ ਵਧੀਆ ਸਾਹਿਤ ਸਿਰਜਣ ਲਈ ਉਤਸ਼ਾਹਿਤ ਕੀਤਾ ਹੈ।ਇਨ੍ਹਾਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ ਹਾਂ।ਮੇਰੇ ਖ਼ਿਆਲ ਵਿੱਚ ਸ਼ਾਇਦ ਹੀ ਕੈਨੇਡਾ ਵਿੱਚ ਕੋਈ ਵਿਰਲੀ ਸਾਹਿਤ ਸਭਾ ਇਹ ਕੰਮ ਕਰਦੀ ਹੋਵੇਗੀ। ਉਪਰੰਤ ਜਸਵਿੰਦਰ ਨੇ ਆਪਣੀਆਂ ਦੋ ਮਕਬੂਲ ਗ਼ਜ਼ਲਾਂ ਸਰੋਤਿਆਂ ਦੀਆਂ ਵਾਰ ਵਾਰ ਤਲੀਆਂ ਦੀ ਗੂੰਜ਼ ਵਿੱਚ ਪੇਸ਼ ਕੀਤੀਆਂ ‘ਸੁਣੇ ਕੋਈ ਤਾਂ ਮੇਰੀ ਹੂਕ ਹੈ ਇਹ ਪੜ੍ਹੇ ਕੋਈ ਤਾਂ ਮੇਰੀ ਆਰਜ਼ੂ ਹੈ ਕਿ ਗੂੜੀ ਰਾਤ ਦੇ ਗਲਿਆਰਿਆਂ ਵਿੱਚ ਕੋਈ ਤਾਂ ਜਗਮਗਾਉਂਦੀ ਲਹਿਰ ਹੋਵੇ।’ ਅਤੇ ‘ਨਹੀਂ ਸਰਨਾ ਖਲਾਰਾ ਹੂੰਝ ਕੇ ਬੇਕਾਰ ਸੋਚਾਂ ਦਾ ਸਿਰਾਂ ਵਿੱਚ ਉੱਸਰੇ ਬੁੱਤਾਂ ਦਾ ਢਹਿਣਾ ਜ਼ਰੂਰੀ ਹੈ’।
ਦੂਸਰੇ ਦੌਰ ਵਿੱਚ ਬਾਣੀ ਕੌਰ ਘਟੌੜਾ ਅਤੇ ਗੁਰਨੂਰ ਕੌਰ ਖੁਣਖੁਣ ਨੇ ਪੰਜਾਬੀ ਗੀਤਾਂ ਤੇ ਨੱਚ ਕੇ ਸਰੋਤਿਆਂ ਲਈ ਪੰਜਾਬੀ ਸਭਿਆਚਾਰ ਦੇ ਦਰਸ਼ਣ ਕਰਾ ਦਿੱਤੇ। ਬੁਲੰਦ ਅਵਾਜ਼ ਦੇ ਮਾਲਕ ਸੁਖਵਿੰਦਰ ਤੂਰ ਨੇ ਜਸਵਿੰਦਰ ਦੀ ਹੀ ਗ਼ਜ਼ਲ ‘ਪਿੰਡ ਦੀਆਂ ਮੰਜ਼ਲਾਂ ਉਦਾਸ ਕਰ ਜਾਂਦੀਆਂ ਲੰਘਾਂ ਸਰਹਿੰਦ ‘ਚੋਂ ਤਾਂ ਅੱਖਾਂ ਭਰ ਜਾਂਦੀਆਂ’ ਸੁਣਾ ਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ।ਬੀਸੀ ਤੋਂ ਆਏ ਸ਼ਾਇਰ ਹਰਦਮ ਸਿੰਘ ਮਾਨ ਨੇ ਆਪਣੀ ਗ਼ਜ਼ਲ ਦੀ ਪੇਸ਼ਕਾਰੀ ਬਹੁਤ ਹੀ ਨਿਵੇਕਲ਼ੇ ਅੰਦਾਜ਼ ‘ਚ ਕੀਤੀ।ਬੀਸੀ ਤੋਂ ਹੀ ਇੱਕ ਹੋਰ ਨਾਮਵਰ ਸ਼ਾਇਰ ਕ੍ਰਿਸ਼ਨ ਭਨੋਟ ਨੇ ‘ਸਮਾਂ ਕਦੇ ਨਾ ਬੀਤਿਆਂ ਹੱਥ ਆਵੇ’ ਸੁਣਾ ਕੇ ਗ਼ਜ਼ਲ ਕਹਿਣ ਦੀ ਮੁਹਾਰਤ ਦਾ ਸਬੂਤ ਪੇਸ਼ ਕੀਤਾ। ਬੀਸੀ ਤੋਂ ਆਏ ਸ਼ਾਇਰ ਮਨਪ੍ਰੀਤ ਪ੍ਰੀਤ ਨੇ ਆਪਣੇ ਫੰਨ ਦਾ ਬਹੁਤ ਹੀ ਨਿਵੇਕਲਾ ਮੁਜ਼ਾਹਰਾ ਕੀਤਾ।ਡਾ. ਜੋਗਾ ਸਿੰਘ ਸਹੋਤਾ ਨੇ ਕੇਸਰ ਸਿੰਘ ਨੀਰ ਦੀ ਇੱਕ ਗ਼ਜ਼ਲ ਪੇਸ਼ ਕਰਕੇ ਰੰਗ ਬੰਨਿਆਂ। ਡਾ. ਕੇਵਲ ਸਿੰਘ ਪਰਵਾਨਾ ਨੇ ‘ਕਿਤੇ ਪਹੰਚੁਣ ਲਈ ਦੋ ਰਸਤੇ ਫੜੇ ਸਨ’ ਗ਼ਜ਼ਲ ਪੇਸ਼ ਕੀਤੀ। ਬਚਨ ਸਿੰਘ ਗੁਰਮ, ਜਸ ਚਾਹਲ, ਸੁਰਿੰਦਰ ਕੈਂਥ, ਸਰਦੂਲ ਸਿੰਘ ਲੱਖਾ, ਨੇ ਆਪੋ ਆਪਣੇ ਕਲਾਮ ਸੁਣਾ ਕੇ ਸਮਾਂ ਬੰਨਿਆ। ਕੈਲਗਿਰੀ ਵਿੱਚ ਕਵੀਸ਼ਰੀ ਪ੍ਰੰਮਪਰਾ ਨੂੰ ਜਿਊਂਦੀ ਰੱਖਣ ਵਾਲੇ ਕਵੀਸ਼ਰਾਂ ਸਰੂਪ ਸਿੰਘ ਮੰਡੇਰ ਅਤੇ ਜਸਵੰਤ ਸਿੰਘ ਸੇਖੋਂ ਦੀ ਜੋੜੀ ਨੇ ਕਵੀਸ਼ਰੀ ਰੰਗ ਵਿੱਚ ‘ਕਲੀ’ ਪੇਸ਼ ਕੀਤੀ।ਜਰਨਲ ਸਕੱਤਰ ਜਸਵੰਤ ਸਿੰਘ ਸੇਖੋਂ ਕਵੀਸ਼ਰੀ ਰੰਗ ਵਿੱਚ ਬਾਬਾ ਬਦਨ ਸਿੰਘ ਜੀ ਸਰਾਭਾ ਅਤੇ ਸ੍ਰ ਸਰਾਭੇ ਦੀ ਭੈਣ ਧੰਨ ਕੌਰ ਜੀ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ ਆਖ਼ਰੀ ਮੁਲਾਕਾਤ ਦਾ ਦ੍ਰਿਸ਼ ਪੇਸ਼ ਕਰਕੇ ਕਵੀਸ਼ਰੀ ਰੰਗ ਦੀਆਂ ਰੰਗਣਾਂ ਨੂੰ ਉਚਾਈਆਂ ਤੇ ਲੈ ਗਏ।ਪਰਮਜੀਤ ਭੰਗੂ ਨੇ ਆਪਣੀ ਇੱਕ ਕਵਿਤਾ ਨਾਲ ਹਾਜ਼ਰੀ ਲਗਵਾਈ ਨਾਲ ਹੀ ਸਮਾਗਮ ਦੀ ਵਿਡੀਓਗ੍ਰਾਫ਼ੀ ਕਰਨ ਦੀ ਸੇਵਾ ਵੀ ਨਿਭਾਈ।ਇਸ ਸਾਹਿਤਕ ਸਮਾਗਮ ਵਿੱਚ ਸਟੇਜ ਸਕੱਤਰ ਦੀਆਂ ਜਿੰਮੇਂਵਾਰੀਆਂ ਜਸਵੰਤ ਸਿੰਘ ਸੇਖੋਂ ਨੇ ਬਾਖੂਬੀ ਨਿਭਾਈਆਂ ਗਈਆਂ।
ਅਖ਼ੀਰ ਤੇ ਡਾ. ਜੋਗਾ ਸਿੰਘ ਸਹੋਤਾ ਨੇ ਆਏ ਹੋਏ ਵਿਦਵਾਨ ਸਾਹਿਤਕਾਰਾਂ, ਸਰੋਤਿਆਂ, ਆਪਣੇ ਭਾਈਚਾਰੇ ਦੇ ਕਾਰੋਬਾਰੀਆਂ, ਪੰਜਾਬੀ ਮੀਡੀਆ ਅਤੇ ਸਭਾ ਦੇ ਵਲੰਟੀਅਰਾਂ ਦੇ ਦਿਨ ਰਾਤ ਕੀਤੀ ਮਿਹਨਤ ਲਈ ਸਮਾਗਮ ਦੀ ਸਫ਼ਲਤਾ ਲਈ ਪਾਏ ਯੋਗਦਾਨ ਧੰਨਵਾਦ ਕੀਤਾ।ਮੱੁਖ ਮਹਿਮਾਨ ਨਾਲ ਆਏ ਸ਼ਾਇਰਾਂ/ ਸਾਹਿਤਕਾਰਾਂ ਨਾਲ ਸ਼ਾਮ ਦੇ ਭੋਜਨ ਦੇ ਨਾਲ ਨਾਲ ਸ਼ਾਇਰੋ ਸ਼ਾਇਰੀ ਦਾ ਅੰਨਦ ਮਾਣਦੇ ਹੋਏ,ਇਸੇ ਤਰ੍ਹਾਂ ਅਗਲੇ ਸਾਲ ਮਿਲਣ ਦੀ ਕਾਮਨਾ ਕਰਦਿਆਂ ਪ੍ਰੋਗ੍ਰਾਮ ਦੀ ਸਮਾਪਤੀ ਹੋਈ

Exit mobile version