ਅਲਬਰਟਾ ਗੈਸ ਟੈਕਸ 2024 ਵਿੱਚ ਫਿਰ ਤੋਂ ਲੱਗਣਾ ਸੁਰੂ ਹੋ ਜਾਵੇਗਾ।


ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਅਲਬਰਟਾ ਦੀ ਪ੍ਰੀਮੀਅਰ ਨੇ ਸੂਬੇ ਦੇ ਗੈਸ ਟੈਕਸ ਨੂੰ ਨਾਂ ਲਗਾਉਣ ਦੇ ਆਪਣੇ ਸਪਰਿੰਗ 2022 ਦੇ ਫੈਸਲੇ ਨੂੰ ਉਲਟਾ ਦਿੱਤਾ ਹੈ ਅਤੇ ਨਵੇਂ ਸਾਲ ਵਿੱਚ ਇਸਨੂੰ 9 ਸੈਂਟ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਪਸ ਲਿਆ ਰਹੀ ਹੈ। ਇਸ ਨੂੰ ਪਹਿਲਾਂ ਕਿਫਾਇਤੀ ਸੰਕਟ ਦੇ ਮੱਦੇਨਜ਼ਰ ਰਾਹਤ ਪ੍ਰਦਾਨ ਕਰਨ ਲਈ ਹਟਾ ਦਿੱਤਾ ਗਿਆ ਸੀ। ਇਹ ਟੈਕਸ ਤੇਲ ਦੀ ਕੀਮਤ ਨਾਲ ਜੁੜਿਆ ਹੋਇਆ ਹੈ, ਅਤੇ ਬੀਤੇ ਸਮਿਆਂ ਦੌਰਾਨ , ਉੱਚੀਆਂ ਕੀਮਤਾਂ ਨੇ ਸੂਬੇ ਨੂੰ ਟੈਕਸ ਘਟਾਉਣ ਲਈ ਕਾਫ਼ੀ ਮਾਲੀਆ ਪ੍ਰਦਾਨ ਕੀਤਾ ਸੀ।
ਮੌਜੂਦਾ ਨੀਤੀ ਕਹਿੰਦੀ ਹੈ ਕਿ ਜੇਕਰ ਵੈਸਟ ਟੈਕਸਾਸ ਇੰਟਰਮੀਡੀਏਟ ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ 90 ਡਾਲਰ ਤੋਂ ਉੱਪਰ ਹੁੰਦੀਆਂ ਹਨ ਤਾਂ ਅਲਬਰਟਾ ਗੈਸ ਟੈਕਸ ਨਹੀਂ ਲਵੇਗਾ।


ਪਰ ਇਸ ਸਮੇ, ਡਬਲਯੂ ਟੀ ਆਈ ਵੱਲੋਂ ਨਿਰਧਾਰਿਤ ਤੇਲ ਦੀ ਕੀਮਤ ਲਗਭਗ 70 ਡਾਲਰ ਪ੍ਰਤੀ ਬੈਰਲ ਹੈ, ਜਿਸ ਤੋਂ ਇਹੀ ਮਤਲਬ ਨਿਕਲਦਾ ਹੈ ਕਿ ਅਗਲੇ ਸਾਲ ਗੈਸ ਪੰਪਾਂ ਦੇ ਕੀਮਤਾਂ ਵਾਲੇ ਫੱਟਿਆਂ ਉੱਪਰ ਅਲਬਰਟਾ ਵਾਸੀਆਂ ਨੂੰ ਟੈਕਸ ਵੱਡੇ ਅੱਖਰਾਂ ਵਿੱਚ ਦਿਖਾਈ ਦੇਵੇਗਾ।
ਕੈਨੇਡੀਅਨ ਟੈਕਸਪੇਅਰਜ਼ ਫੈਡਰੇਸ਼ਨ ਦੇ ਅਨੁਸਾਰ, ਗੈਸ ਟੈਕਸ ਹਟਾਏ ਜਾਣ ਨਾਲ, ਪਰਿਵਾਰਾਂ ਨੂੰ ਪ੍ਰਤੀ ਮਹੀਨਾ $70 ਦੀ ਬਚਤ ਹੁੰਦੀ ਹੈ।
ਇਸ ਹਫ਼ਤੇ, ਐਨਡੀਪੀ ਊਰਜਾ ਆਲੋਚਕ ਕੈਥਲੀਨ ਗੈਨਲੇ ਨੇ ਇਸ ਫੈਸਲੇ ਦੇ ਵਿਰੁੱਧ ਬੋਲਿਆ ਸੀ, ਉਹਨਾਂ ਕਿਹਾ ਕਿ ਹੁਣ ਲਾਗਤ ਬਚਾਉਣ ਦੀਆਂ ਕੋਸ਼ਿਸ਼ਾਂ ਨੂੰ ਉਲਟਾਉਣ ਦਾ ਸਮਾਂ ਨਹੀਂ ਹੈ।
ਫੈਡਰਲ ਸਰਕਾਰ 1 ਅਪ੍ਰੈਲ 2024 ਤੋਂ ਕਾਰਬਨ ਟੈਕਸ ਨੂੰ ਵਧਾ ਕੇ ਗੈਸ ‘ਤੇ 17 ਸੈਂਟ ਅਤੇ ਡੀਜ਼ਲ ‘ਤੇ 21 ਸੈਂਟ ਪ੍ਰਤੀ ਲੀਟਰ ਕਰ ਰਹੀ ਹੈ। ਉਸ ਵੇਲੇ ਗੈਸ ਪੰਪਾਂ ਉੱਪਰ ਜਾਣ ਉਸ ਵੇਲੇ ਹੋਰ ਵੀ ਦਰਦਮਈ ਹੋਵੇਗਾ ।ਸਰਕਾਰਾਂ ਦੇ ਇਹ ਫੈਸਲੇ ਤਾਂ ਉਹਨਾਂ ਦੀਆਂ ਰਾਜਨੀਤਕ ਪਾਲਿਸੀਆਂ ਤਹਿਤ ਲੋਕਾਂ ਉੱਪਰ ਠੋਸ ਦਿੱਤੇ ਜਾਂਦੇ ਹਨ ਪਰ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਅਲਬਰਟਾ ਵਾਸੀ ਬੇ-ਰਾਹਤੇ ਮਹਿਸੂਸ ਕਰ ਰਹੇ ਹਨ।

Exit mobile version