ਐਨ ਡੀ ਪੀ ਦੇ ਉਮੀਂਦਵਾਰ ਪਰਮੀਤ ਸਿੰਘ ਬੋਪਾਰਾਇ ਨੇ ਯੂ ਸੀ ਪੀ ਦੇ ਐਮ ਐਲ ਏ ਦਵਿੰਦਰ ਤੂਰ ਨੂੰ ਵੱਡੇ ਫਰਕ ਨਾਲ ਹਰਾਇਆ
ਐਨ ਡੀ ਪੀ ਦੇ ਜਸਵੀਰ ਦਿਉਲ, ਇਰਫਾਨ ਸਾਬਿਰ, ਗੁਰਿੰਦਰ ਬਰਾੜ ਅਤੇ ਯੂ ਸੀ ਪੀ ਦੀ ਰਾਜਨ ਸਾਹਨੀ ਨੇ ਚੋਣ ਜਿੱਤੀ
ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਅਲਬਰਟਾ ਸੂਬੇ ਅੰਦਰ 29 ਮਈ 2023 ਹੋਈਆਂ ਚੋਣਾਂ ਦੌਰਾਨ ਯੂ ਸੀ ਪੀ ਨੇ ਬਾਜ਼ੀ ਮਾਰ ਲਈ ਹੈ ਪਰ ਬਹੁਤ ਸਾਰੀਆਂ ਥਾਵਾਂ ਉੱਪਰ ਯੂ ਸੀ ਪੀ ਦੇ ਮੰਤਰੀਆਂ ਅਤੇ ਐਮ ਐਲ ਏ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ । ਪਿਛਲੀਆਂ ਸਰਕਾਰਾਂ ਵਿੱਚ ਮੰਤਰੀ ਰਹੇ ਪ੍ਰਸਾਦ ਪਾਂਡਾ, ਕੇ ਸੀ ਮਾਇਡੂ,ਅਤੇ ਹੋਰ ਕਈ ਚੋਣ ਹਾਰ ਗਏ ਹਨ ਪੰਜਾਬੀ ਉਮੀਦਵਾਰਾਂ ਵਿੱਚੋਂ ਰਾਜਨ ਸਾਹਨੀ, ਪਰਮੀਤ ਸਿੰਘ ਬੋਪਾਰਾਏ, ਜਸਵੀਰ ਦਿਉਲ ਅਤੇ ਗੁਰਿੰਦਰ ਬਰਾੜ ਚੋਣ ਜਿੱਤ ਗਏ ਜਦਕਿ ਗੁਰਿੰਦਰ ਸਿੰਘ ਗਿੱਲ, ਅਮਨਪ੍ਰੀਤ ਸਿੰਘ ਗਿੱਲ,ਇੰਦਰ ਗਰੇਵਾਲ,ਰਾਜੇਸ਼ ਅੰਗਰਾਲ ਅਤੇ ਰਣਜੀਤ ਸਿੰਘ ਬਾਠ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਅਲਬਰਟਾ ਦੇ 17 ਹਲਕਿਆਂ ਵਿੱਚ 15 ਪੰਜਾਬੀਆਂ ਸਣੇ ਭਾਰਤੀ ਮੂਲ ਦੇ 24 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਜਿਨ੍ਹਾਂ ਵਿੱਚੋਂ ਪੀਟਰ ਸਿੰਘ ਅਤੇ ਰਾਖੀ ਪੰਚੋਲੀ ਨੇ ਜਿੱਤ ਦਰਜ ਕੀਤੀ॥ ਕੈਲਗਰੀ ਫਾਲਕਿਨਰਿੱਜ ਤੋਂ ਯੂ ਸੀ ਪੀ ਉਮੀਂਦਵਾਰ ਐਮ ਐਲ ਏ ਦਵਿੰਦਰ ਤੂਰ ਨੂੰ ਐਨ ਡੀ ਪੀ ਦੇ ਉਮੀਂਦਵਾਰ ਪਰਮੀਤ ਸਿੰਘ ਬੋਪਾਰਾਇ ਕੋਲੋਂ ਤਕਰੀਬਨ 2318 ਵੋਟਾਂ ਦੇ ਫਰਕ ਨਾਲ ਹਾਰ ਗਏ ਹਨ। ਸਾਲ 2019 ਦੀਆਂ ਚੋਣਾਂ ਮੌਕੇ ਇਹਨਾਂ ਦੋਵੇਂ ਉਮੀਂਦਵਾਰਾਂ ਵਿੱਚ ਬਹੁਤ ਫਸਵਾਂ ਮੁਕਾਬਲਾ ਸੀ ਸਿਰਫ 100 ਤੋਂ ਘੱਟ ਵੋਟਾਂ ਦੇ ਫਰਕ ਨਾਲ ਦੁਬਾਰਾ ਗਿਣਤੀ ਹੋਣ ਉਪਰੰਤ ਵੀ ਪਰਮੀਤ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਵਾਰ ਉਹ ਵੱਡੇ ਫਰਕ ਨਾਲ ਜੇਤੂ ਰਹੇ।
ਪਿਛਲੀ ਸਰਕਾਰ ਵਿੱਚ ਮੰਤਰੀ ਰਹੀ ਰਾਜਨ ਸਾਹਨੀ ਕੈਲਗਰੀ ਨੌਰਥ-ਵੈਸਟ ਸੀਟ ‘ਤੇ ਹੋਈ ਫਸਵੇਂ ਮੁਕਾਬਲੇ ਦੌਰਾਨ ਆਪਣੇ ਵਿਰੋਧੀ ਮਿਸ਼ਾਇਲ ਲਿਸਾਬੌਅ ਕੋਲੋਂ ਸਿਰਫ 149 ਵੋਟਾਂ ਵੱਧ ਲੈਕੇ ਜਿੱਤ ਦਰਜ ਕਰਵਾਈ । ਪ੍ਰੀਮੀਅਰ ਡੈਨੀਅਲ ਸਮਿੱਥ ਦੀ ਕੈਬਨਿਟ ਵਿਚ ਇੰਮੀਗ੍ਰੇਸ਼ਨ ਅਤੇ ਸਭਿਆਚਾਰਕ ਵੰਨ ਸੁਵੰਨਤਾ ਮਾਮਲਿਆਂ ਬਾਰੇ ਮੰਤਰੀ ਰਾਜਨ ਸਾਹਨੀ ਨੂੰ ਮੁੜ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਕੈਲਗਰੀ ਨੌਰਥ ਈਸਟ ਤੋਂ ਐਨਡੀਪੀ ਦੇ ਗੁਰਿੰਦਰ ਬਰਾੜ ਨੇ ਯੂਸੀਪੀ ਦੇ ਇੰਦਰ ਗਰੇਵਾਲ ਨੂੰ 2033 ਵੋਟਾਂ ਵੱਧ ਲੈਕੇ ਹਰਾਇਆ। ਗੁਰਿੰਦਰ ਬਰਾੜ ਨੂੰ 11111 ਵੋਟਾਂ ਮਿਲੀਆਂ ਜਦਕਿ ਇੰਦਰ ਗਰੇਵਾਲ 9078 ਵੋਟਾਂ ਹਾਸਲ ਕਰ ਸਕੇ। ਐਡਮਿੰਟਨ-ਮੈਡੋਜ਼ ਸੀਟ ਤੋਂ ਐਨਡੀਪੀ ਦੇ ਜਸਵੀਰ ਦਿਉਲ ਜੇਤੂ ਜਿਨ੍ਹਾਂ ਨੂੰ 10,964 ਵੋਟਾ ਮਿਲੀਆਂ ਅਤੇ ਉਨ੍ਹਾਂ ਨੇ ਆਪਣੇ ਨੇੜਲੇ ਉਮੀਦਵਾਰ ਯੂਸੀਪੀ ਦੇ ਅੰਮ੍ਰਿਤਪਾਲ ਸਿੰਘ ਮਠਾੜੂ ਨੂੰ ਵੱਡੇ ਫਰਕ ਨਾਲ ਹਰਾਇਆ। ਕੈਲਗਰੀ-ਕਰੌਸ ਵਿਧਾਨ ਸਭਾ ਹਲਕੇ ਤੋਂ ਐਨ ਡੀਪੀ ਦੇ ਗੁਰਿੰਦਰ ਸਿੰਘ ਗਿੱਲ ਨੂੰ ਯੂਸੀਪੀ ਦੇ ਮਿੱਕੀ ਐਮਰੀ ਨਾਲੋਂ 518 ਵੋਟਾਂ ਘੱਟ ਮਿਲਣ ਕਾਰਣ ਹਾਰ ਦਾ ਸਾਹਮਣਾ ਕਰਨਾ ਪਿਆ। ਕੈਲਗਰੀ-ਈਸਟ ਤੋਂ ਯੁਨਾਈਟਡ ਕੰਜ਼ਰਵੇਟਿਵ ਪਾਰਟੀ ਦੇ ਪੀਟਰ ਸਿੰਘ ਨੇ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਰੋਜ਼ਮੈਨ ਵਲੈਂਸ਼ੀਆ ਨੂੰ 1500 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਕੈਲਗਰੀ-ਭੁੱਲਰ-ਮੈਕਾਲ ਹਲਕੇ ਤੋਂ ਯੂਨਾਈਟਡ ਕੰਜ਼ਰਵੇਟਿਵ ਪਾਰਟੀ ਦੇ ਅਮਨਪ੍ਰੀਤ ਸਿੰਘ ਗਿੱਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਐਨ ਡੀ ਪੀ ਦੇ ਦੋ ਵਾਰ ਤੋਂ ਐਮ ਐਲ ਏ ਬਣਦੇ ਆ ਰਹੇ ਇਰਫਾਨ ਸਾਬਿਰ ਨਾਲੋਂ 1898 ਵੋਟਾਂ ਘੱਟ ਮਿਲੀਆਂ । ਕੈਲਗਰੀ-ਨੌਰਥ ਤੋਂ ਐਨਡੀਪੀ ਦੇ ਰਾਜੇਸ਼ ਅੰਗਰਾਲ ਅਤੇ ਯੂ ਸੀ ਪੀ ਦੇ ਮੁਹੰਮਦ ਯਾਸੀਨ ਵਿਚਕਾਰ ਮੁਕਾਬਲਾ ਬਹੁਤ ਫਸਵਾਂ ਰਿਹਾ । ਸਿਰਫ 113 ਵੋਟਾਂ ਘੱਟ ਹੋਣ ਕਾਰਣ ਰਾਜੇਸ਼ ਅੰਗਰਾਲ ਨੂੰ ਹਾਰਿਆ ਹੋਇਆ ਉਮੀਂਦਵਾਰ ਐਲਾਨ ਕੀਤਾ ਗਿਆ। ਐਡਮਿੰਟਨ-ਐਲਰਸਲੀ ਵਿਧਾਨ ਸਭਾ ਹਲਕੇ ਵਿੱਚ ਯੂਸੀਪੀ ਦੇ ਰਣਜੀਤ ਸਿੰਘ ਬਾਠ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕੈਲਗਰੀ-ਪੀਗੈਨ ਸੀਟ ਤੋਂ ਐਨਡੀਪੀ ਦੇ ਡੈਨਿਸ ਰਾਮ ਵੀ ਚੋਣ ਹਾਰ ਗਏ ਹਨ। ਐਡਮਿੰਟਨ-ਮਿੱਲ ਵੁੱਡਜ਼ ਤੋਂ ਰਮਨ ਅਟਵਾਲ ਐਨ ਡੀ ਪੀ ਦੀ ਕ੍ਰਿਸਟੀਨ ਗਰੇਅ ਕੋਲੋਂ ਹਾਰ ਗਏ। ਐਡਮਿੰਟਨ-ਵਾਈਟਮੱਡ ਤੋਂ ਐਨ ਡੀ ਪੀ ਦੀ ਰਾਖੀ ਪੰਚੋਲੀ 60 ਫ਼ੀ ਸਦੀ ਤੋਂ ਵੱਧ ਵੋਟਾਂ ਲੈ ਕੇ ਜੇਤੂ ਰਹੇ। ਉਨ੍ਹਾਂ ਨੇ ਲਿਬਰਲ ਤੋਂ ਦਲਬਦਲੀ ਕਰਕੇ ਗਏ ਯੂਸੀਪੀ ਦੇ ਰਾਜ ਸ਼ਰਮਨ ਨੂੰ ਹਰਾਇਆ। ਰਾਖੀ ਪੰਚੋਲੀ ਨੂੰ 12,793 ਵੋਟਾਂ ਪਈਆਂ ਜਦਕਿ ਰਾਜ ਸ਼ਰਮਨ 7,803 ਵੋਟਾਂ ਹਾਸਲ ਕਰ ਸਕੇ। ਸੱਤਾ ਵਿੱਚ ਵਾਪਸੀ ਮਗਰੋਂ ਡੈਨੀਅਲ ਸਮਿੱਥ ਨੇ ਮੰਨਿਆ ਕਿ ਇਹਨਾਂ ਚੋਣਾਂ ਮੌਕੇ ਉਹਨਾਂ ਨੂੰ ਐਨ ਡੀ ਪੀ ਤੋਂ ਸਖਤ ਚੁਣੌਤੀ ਮਿਲੀ ਪਰ ਅਲਬਰਟਾ ਵਾਸੀਆਂ ਦੇ ਪਿਆਰ ਸਦਕਾ ਯੂ ਸੀ ਪੀ ਮੁੜ ਸੱਤਾ ‘ਤੇ ਕਾਬਜ਼ ਹੋਣ ਵਿੱਚ ਸਫ਼ਲ ਰਹੀ। ਡੈਨੀਅਲ ਸਮਿਥ ਨੇ ਦਾਅਵਾ ਕੀਤਾ ਕਿ ਉਹ ਸੂਬੇ ਦੇ ਲੋਕਾਂ ਵੱਲੋਂ ਜਤਾਏ ਭਰੋਸੇ ‘ਤੇ ਖਰੇ ਉਤਰਨਗੇ ਅਤੇ ਉਨ੍ਹਾਂ ਲੋਕਾਂ ਦਾ ਵਿਸ਼ਵਾਸ ਜਿੱਤਣ ਦਾ ਯਤਨ ਵੀ ਕੀਤਾ ਜਾਵੇਗਾ ਜਿਨ੍ਹਾਂ ਨੇ ਯੂ ਸੀ ਪੀ ਨੂੰ ਵੋਟ ਨਹੀਂ ਪਾਈ।