ਅਲੀ ਰਾਜਪੁਰਾ ਦੀ ਕਿਤਾਬ ‘ਸਿੱਖਾਂ ਤੇ ਮੁਸਲਮਾਨਾ ਦੀ ਇਤਿਹਾਸਕ ਸਾਂਝ’ ਨੂੰ ਅੰਗਰੇਜ਼ੀ ਤੇ ਹਿੰਦੀ ਵਿਚ ਛਪਵਾਉਣ ਦਾ ਫ਼ੈਸਲਾ

ਪੰਜਾਬ ਵਕਫ਼ ਬੋਰਡ ਵੱਲੋਂ ਅਲੀ ਰਾਜਪੁਰਾ ਦੀ ਕਿਤਾਬ ‘ਸਿੱਖਾਂ ਤੇ ਮੁਸਲਮਾਨਾ ਦੀ ਇਤਿਹਾਸਕ ਸਾਂਝ’ ਨੂੰ ਅੰਗਰੇਜ਼ੀ ਤੇ ਹਿੰਦੀ ਵਿਚ ਛਪਵਾਉਣ ਦਾ ਫ਼ੈਸਲਾ
ਰਾਜਪੁਰਾ, 22 ਦਸੰਬਰ (ਪੰਜਾਬੀ ਅਖ਼ਬਾਰ ਬਿਊਰੋ) ਪ੍ਰਸਿੱਧ ਸਟੇਟ ਅਵਾਰਡੀ ਪੰਜਾਬੀ ਲੇਖਕ ਅਲੀ ਰਾਜਪੁਰਾ ਦੀ ਕਿਤਾਬ ‘ਸਿੱਖਾਂ ਤੇ ਮੁਸਲਮਾਨਾ ਦੀ ਇਤਿਹਾਸਕ ਸਾਂਝ’ ਨੂੰ ਪੰਜਾਬ ਵਕਫ਼ ਬੋਰਡ ਵੱਲੋਂ ਬੋਰਡ ਦੇ ਪ੍ਰਸ਼ਾਸਕ ਸ਼ੌਕਤ ਅਲੀ ਪਰੇ ਆਈਏਐਸ ਦੀ ਅਗਵਾਈ ਹੇਠ ਅੰਗਰੇਜ਼ੀ ਅਤੇ ਹਿੰਦੀ ਵਿਚ ਅਨੁਵਾਦ ਕਰਵਾ ਕੇ ਛਪਵਾਉਣ ਦਾ ਫ਼ੈਸਲਾ ਲਿਆ ਗਿਆ ਹੈ, ਜਿਹੜੀ ਕਿ ਜਲਦੀ ਹੀ ਪਾਠਕਾਂ ਦੇ ਹੱਥਾਂ ਵਿਚ ਹੋਵੇਗੀ।

ਵਕਫ਼ ਬੋਰਡ ਪ੍ਰਸ਼ਾਸਕ ਸ਼ੌਕਤ ਅਹਿਮਦ ਪਰੇ ਨੂੰ ਪੁਸਤਕ ਭੇਟ ਕਰਦੇ ਹੋਏ ਲੇਖਕ ਅਲੀ ਰਾਜਪੁਰਾ

ਜਾਣਕਾਰੀ ਦਿੰਦਿਆ ਲੇਖਕ ਅਲੀ ਰਾਜਪੁਰਾ ਨੇ ਦੱਸਿਆ ਕਿ ਇਸ ਕਿਤਾਬ ਦਾ ਅੰਗਰੇਜ਼ੀ ਅਨੁਵਾਦ ਹਰਦੀਪ ਸਿੰਘ ਗਿੱਲ ਵੱਲੋਂ ਕੀਤਾ ਗਿਆ ਹੈ ਅਤੇ ਹਿੰਦੀ ਵਿਚ ਅਲੀ ਰਾਜਪੁਰਾ ਨੇ ਖ਼ੁਦ ਕੀਤਾ ਹੈ।ਉਨ੍ਹਾਂ ਦੱਸਿਆ ਕਿ ਇਸ ਕਿਤਾਬ ਨੂੰ ਇਸ ਤੋਂ ਪਹਿਲਾਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਵੱਖੋ ਵੱਖਰੀਆਂ ਸੰਸਥਾਵਾਂ ਨੇ ਆਪ ਛਪਵਾ ਕੇ ਤਕਸੀਮ ਕੀਤੀਆਂ ਜਾ ਚੁੱਕੀਆਂ ਹਨ।
ਜ਼ਿਕਰਯੋਗ ਹੈ ਕਿ ਪੰਜਾਬੀ ਦੀ ਇਹ ਪਹਿਲੀ ਕਿਤਾਬ ਹੋਵੇਗੀ ਜਿਸ ਨੂੰ ਵੱਖੋ ਵੱਖਰੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਸਥਾਵਾਂ ਆਪਣੇ ਪੱਧਰ ‘ਤੇ ਛਪਵਾ ਕੇ ਵੰਡ ਰਹੀਆਂ ਹਨ ਤਾਂ ਜੋ ਸਮਾਜ ਅੰਦਰ ਆਪਸੀ ਭਾਈਚਾਰੇ ਦਾ ਸੁਨੇਹਾ ਦਿੱਤਾ ਜਾ ਸਕੇ।ਇਸ ਤੋਂ ਪਹਿਲਾਂ ਅਲੀ ਰਾਜਪੁਰਾ ਪੰਜਾਬੀ ਸਹਿਤ ਦੀ ਝੋਲੀ ਲਗਭਗ ਦੋ ਦਰਜਨ ਦੇ ਕਰੀਬ ਕਿਤਾਬਾਂ ਪਾ ਚੁੱਕੇ ਹਨ।
ਇਸ ਮੌਕੇ ਅਲੀ ਰਾਜਪੁਰਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅਤੇ ਧਰਮ ਪ੍ਰਚਾਰ ਸਬੰਧੀ ਲਿਖੀ ਜਾ ਰਹੀ ਕਿਤਾਬ ‘ ਗੁਰੂ ਤੇਗ਼ ਬਹਾਦਰ ਸਾਹਿਬ, ਮੁਸਲਮਾਨ ਮਿੱਤਰ ਅਤੇ ਸੀਸ ਯਾਤਰਾ’ ਡੂੰਘੀ ਖੋਜ ਰੂਪੀ ਕਿਤਾਬ ਹੈ ਜਿਸ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਦੀਆਂ ਧਰਮ ਪ੍ਰਚਾਰ ਯਾਤਰਾਵਾਂ ਅਤੇ ਮੁਸਲਮਾਨ ਮਿੱਤਰ ਅਤੇ ਸ਼ਹਾਦਤ ਤੋਂ ਬਾਅਦ ਦੇ ਸਫ਼ਰ ਦੀ ਭਰਪੂਰ ਜਾਣਕਾਰੀ ਮਿਲਦੀ ਹੈ ਜੋ ਕਿ ਜਲਦੀ ਹੀ ਪਾਠਕਾਂ ਦੇ ਸਨਮੁਖ ਕੀਤੀ ਜਾਵੇਗੀ।

Exit mobile version