ਪੰਜਾਬੀਓ ਸਾਡੀ ਮਾਂ ਬੋਲੀ ਪੰਜਾਬੀ
ਇਕ ਬੰਨੇ ਕਸੂਰੀ ਦੂਜੇ ਬੰਨੇ ਗੁਰਗਾਬੀ
ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਲਈ ਐਸ.ਅਸ਼ੋਕ ਭੌਰਾ ਦੀ ਅਗਵਾਈ ’ਚ ਸਾਹਿਤਕ ਕਾਫ਼ਲਾ ਲਾਹੌਰ ਪੁੱਜਾ
-ਨਿਊਜ਼ੀਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਸਮੇਤ ਅਮਰੀਕਾ ਅਤੇ ਭਾਰਤ ਤੋਂ ਪ੍ਰਤੀਨਿੱਧ ਵੀ ਪ੍ਰਤੀਨਿੱਧ ਪੁੱਜੇ
-ਹਰਜਿੰਦਰ ਸਿੰਘ ਬਸਿਆਲਾ-
ਲਾਹੌਰ, 13 ਨਵੰਬਰ 2024
ਪੰਜਾਬੀ ਪ੍ਰਚਾਰ ਵੱਲੋਂ ਪੰਜਾਬੀ ਲਹਿਰ ਅਤੇ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ, ਆਰਟ ਐਂਡ ਕਲਚਰ (ਪਿਲਾਕ) ਦੇ ਸਹਿਯੋਗ ਨਾਲ ਲਾਹੌਰ ਦੇ ਕਦਾਫ਼ੀ ਸਟੇਡੀਅਮ ਵਿਚ ਹੋਣ ਵਾਲੀ ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦੇ ਵਿਚ ਭਾਗ ਲੈਣ ਲਈ ਅੱਜ ਪਹਿਲਾ ਕਾਫਲਾ ਸ੍ਰੀ ਐਸ. ਅਸ਼ੋਕ ਭੌਰਾ ਦੀ ਅਗਵਾਈ ਵਿਚ ਲਾਹੋਰ ਪਹੁੰਚਿਆ। ਵਾਹਗਾ ਬਾਰਡਰ ਪੁੱਜਣ ’ਤੇ ਇਸ ਕਾਫਲੇ ਦਾ ਸਵਾਗਤ ਕਰਨ ਦੇ ਲਈ ਸ੍ਰੀ ਅਹਿਮਦ ਰਜਾ ਪੰਜਾਬੀ, ਸ੍ਰੀ ਨਾਸਿਰ ਢਿੱਲੋਂ, ਸ੍ਰੀ ਸਰਵਰ ਭੁੱਟਾ, ਸ੍ਰੀ ਗੋਗੀ ਸ਼ਾਹ, ਸ੍ਰੀ ਅੰਜੁਮ ਗਿੱਲ, ਸ੍ਰੀ ਰਮਜ਼ਾਨ ਗੁੱਜਰ, ਸ੍ਰੀ ਫੈਸਲ ਅਲੀ ਅਤੇ ਉੱਘੀ ਗਾਇਕਾ ਫਲਕ ਇਜਾਜ਼ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਪਾ ਕੇ ਜੀ ਆਇਆਂ ਆਖਿਆ।
ਪੰਜਾਬੀ ਪ੍ਰਚਾਰ ਦੇ ਮੁੱਖ ਸੰਚਾਲਕ ਸ੍ਰੀ ਅਹਿਮਦ ਰਜਾ ਪੰਜਾਬੀ ਨੇ ਤਿੰਨ ਦਿਨਾਂ ਪੰਜਾਬੀ ਕਾਨਫਰੰਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ‘‘ਲਹਿੰਦੇ ਪੰਜਾਬ ਦੀ ਮਾਣਯੋਗ ਮੁੱਖ ਮੰਤਰੀ ਮਰੀਅਮ ਸ਼ਾਰੀਫ ਦੀ ਸਰਕਾਰ ਵੱਲੋਂ ਸਕੂਲਾਂ ਦੇ ਵਿਚ ਪੰਜਾਬੀ ਲਾਜ਼ਮੀ ਕਰਨ ਦੇ ਫੈਸਲੇ ਨਾਲ ਜਿੱਥੇ ਪੰਜਾਬੀ ਭਾਸ਼ਾ ਪ੍ਰੇਮੀਆ ਦਾ ਉਤਸ਼ਾਹ ਹੋਰ ਵਧਿਆ ਹੈ, ਉਥੇ ਆਪਸੀ ਸਾਂਝ ਹੋਰ ਪੀਡੀ ਹੋਵੇਗੀ। ਇਸ ਦੂਜੀ ਕਾਨਫਰੰਸ ਦੇ ਵਿਚ ਭਾਗ ਲੈਣ ਲਈ ਦੁਨੀਆ ਦੇ ਵਿਚ ਵਸਦੇ ਪੰਜਾਬੀਆਂ ਦੀ ਉਤਸੁਕਤਾ ਹੋਰ ਵਧੀ ਹੈ।’’ ਸ੍ਰੀ ਐਸ. ਅਸ਼ੋਕ ਭੌਰਾ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਪੰਜਾਬੀਆਂ ਪ੍ਰਤੀ ਇਸ ਮੁਹੱਬਤ ਦਾ ਮੁੱਲ ਨਹੀਂ ਮੋੜਿਆ ਜਾ ਸਕਦਾ। ਲਹਿੰਦੇ ਪੰਜਾਬ ਵਿਚ ਆਪਣੀ ਜ਼ੁਬਾਨ ਅਤੇ ਬੋਲੀ ਲਈ ਵੱਡੀ ਗਿਣਤੀ ਦੇ ਵਿਚ ਪੰਜਾਬੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਬੋਲੀ, ਵਿਰਾਸਤ, ਗੀਤ-ਸੰਗੀਤ ਅਤੇ ਸਭਿਆਚਾਰ ਸਾਂਝਾ ਹੋ ਨਿਬੜੇ। ਅਜਿਹੇ ਉਪਰਾਲੇ ਸਾਰਥਿਕ ਨਤੀਜੇ ਸਾਹਮਣੇ ਲਿਆਉਣਗੇ ਅਜਿਹੀ ਆਸ ਹੈ।
ਨਿਊਜ਼ੀਲੈਂਡ ਤੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਪੁੱਜੇ ਸ. ਹਰਜਿੰਦਰ ਸਿੰਘ ਬਸਿਆਲਾ ਨੇ ਉਥੇ ਮਨਾਏ ਗਏ ਪੰਜਵੇਂ ਪੰਜਾਬੀ ਭਾਸ਼ਾ ਹਫਤੇ ਦੀ ਉਦਾਹਰਣ ਦੇ ਕੇ ਆਖਿਆ ਕਿ ਪਾਕਿਸਤਾਨ ਦੇ ਵਿਚ ਪੰਜਾਬੀ ਦੇ ਵਿਕਾਸ ਦਾ ਮਤਲਬ ਹੈ ਕਿ ਸਾਡੀ ਵਿਰਾਸਤ ਦਾ ਵਿਸਥਾਰ ਹੋਰ ਸਾਰਥਿਕ ਹੋ ਨਿਬੜੇਗਾ।
ਇਸ ਕਾਨਫਰੰਸ ਦੇ ਵਿਚ ਉਚੇਚੇ ਤੌਰ ’ਤੇ ਅਮਰੀਕਾ ਤੋਂ ਸ਼ਾਇਰਾ ਮਨਜੀਤ ਕੌਰ ਗਿੱਲ, ਸਵ. ਸ. ਜਗਦੇਵ ਸਿੰਘ ਜੱਸੋਵਾਲ ਦੀ ਭਤੀਜੀ ਸ੍ਰੀਮਤੀ ਮਨਜੀਤ ਕੌਰ ਨਾਗਰਾ, ਲੋਕ ਗਾਇਕ ਸੱਤੀ ਪਾਬਲਾ, ਸ੍ਰੀਮਤੀ ਰਾਜਵੰਤ ਕੌਰ, ਸ੍ਰੀਮਤੀ ਕਸ਼ਮੀਰ ਕੌਰ ਭੌਰਾ, ਸ. ਮਨਜੀਤ ਸਿੰਘ ਝਿੱਕਾ-ਸ੍ਰੀਮਤੀ ਹਰਜਿੰਦਰ ਕੌਰ, ਸ. ਜਸਪਾਲ ਸਿੰਘ, ਸ. ਜਰਨੈਲ ਸਿੰਘ ਪੱਲੀ ਝਿੱਕੀ, ਸ. ਜਰਨੈਲ ਸਿੰਘ ਬਣਬੈਤ, ਸ. ਬਲਜਿੰਦਰ ਸਿੰਘ, ਸ੍ਰੀਮਤੀ ਕਸ਼ਮੀਰ ਕੌਰ ਭੌਰਾ, ਵੀ ਪਹੁੰਚੇ। ਇਹ ਕਾਫ਼ਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਉਤੇ ਸ੍ਰੀ ਨਨਕਾਣਾ ਸਾਹਿਬ ਦੇ ਸਮਾਗਮਾਂ ਵਿਚ ਹੀ ਸ਼ਿਰਕਤ ਕਰੇਗਾ।