ਕਲਮੀ ਸੱਥ

 ਅੱਠਵੀਂ ਕੇਸਰ ਸਿੰਘ ਵਾਲਾ ਕਹਾਣੀ ਗੋਸ਼ਟੀ

ਸਾਹਿਤਕ ਰਿਪੋਰਟ
                           ਅੱਠਵੀਂ ਕੇਸਰ ਸਿੰਘ ਵਾਲਾ ਕਹਾਣੀ ਗੋਸ਼ਟੀ

                                ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

ਅੱਠਵੀਂ ਕੇਸਰ ਸਿੰਘ ਵਾਲਾ ਕਹਾਣੀ ਗੋਸਟੀ ਬੀਤੇ ਦਿਨੀਂ ਸਥਾਨਕ ਟੀਚਰਜ ਹੋਮ ਵਿਖੇ ਕਰਵਾਈ ਗਈ, ਪਹਿਲਾਂ ਹਰ ਸਾਲ ਇਹ ਗੋਸਟੀ ਪਿੰਡ ਕੇਸਰ ਸਿੰਘ ਵਾਲਾ ਵਿਖੇ, ਇਸ ਸਮਾਗਮ ਦੇ ਮੁੱਖ ਸੰਯੋਜਕ ਸ੍ਰ: ਹਰਬੰਸ ਸਿੰਘ ਬਰਾੜ ਦੇ ਫਾਰਮ ਹਾਊਸ ਵਿੱਚ ਕਰਵਾਈ ਜਾਂਦੀ ਸੀ, ਪਰ ਸਾਹਿਤਕਾਰਾਂ ਤੇ ਸਰੋਤਿਆਂ ਦੀ ਸਹੂਲਤ ਨੂੰ ਵੇਖਦਿਆਂ ਪਿਛਲੇ ਸਾਲ ਤੋਂ ਇਹ ਗੋਸਟੀ ਬਠਿੰਡਾ ਵਿਖੇ ਕਰਵਾਈ ਜਾ ਰਹੀ ਹੈ। ਦੋ ਦਿਨਾਂ ਇਸ ਗੋਸਟੀ ਵਿੱਚ ਉੱਘੇ ਕਹਾਣੀਕਾਰਾਂ, ਆਲੋਚਕਾਂ ਤੇ ਸਾਹਿਤਕ ਪ੍ਰੇਮੀਆਂ ਨੇ ਭਾਗ ਲਿਆ। ਇਸ ਗੋਸਟੀ ਵਿੱਚ ਪੇਸ਼ ਕੀਤੀਆਂ ਕਥਾ ਰਚਨਾਵਾਂ ਦੇ ਵਿਸ਼ੇ ਸ਼ਹਿਰੀ ਮੱਧਵਰਗੀ ਮਾਨਸਿਕਤਾ, ਜਾਇਦਾਦ ਕਾਰਨ ਬਦਲਦੇ ਰਿਸ਼ਤੇ, ਪ੍ਰਵਾਸ ਦੇ ਦੁਰਪ੍ਰਭਾਵ, ਨਸ਼ੇ, ਡੇਰਾਵਾਦ ਆਦਿ ਉੱਪਰ ਆਧਾਰਤ ਸਨ।
ਇਸ ਗੋਸਟੀ ਦੀ ਅਰੰਭਤਾ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਕਹਾਣੀਕਾਰ ਤੇ ਨਾਵਲਕਾਰ ਸ੍ਰੀ ਜਸਪਾਲ ਮਾਨਖੇੜਾ ਨਗਰ ਨਿਗਮ ਵਿੱਚ ਸਰਵਿਸ ਕਰਦੇ ਸਨ, ਜੋ ਸਾਲ 2016 ਵਿੱਚ ਸੇਵਾਮੁਕਤ ਹੋ ਗਏ। ਇਸ ਉਪਰੰਤ ਉਹਨਾਂ ਦੇ ਮਨ ਵਿੱਚ ਕੁੱਝ ਨਾ ਕੁੱਝ ਨਵਾਂ ਕਰਨ ਦਾ ਖਿਆਲ ਆਇਆ। ਉਹਨਾਂ ਨੂੰ ਨਗਰ ਨਿਗਮ ਵਿੱਚ ਕੁੱਝ ਸਮਾਂ ਹੋਰ ਕੰਮ ਕਰਨ ਦੀ ਪੇਸ਼ਕਸ ਕੀਤੀ ਗਈ, ਪਰ ਉਹਨਾਂ ਇਨਕਾਰ ਕਰ ਦਿੱਤਾ। ਉਹਨਾਂ ਦਾ ਪਰਿਵਾਰ ਖੇਤੀਬਾੜੀ ਕਰਦਾ ਹੋਣ ਕਰਕੇ ਖੇਤੀ ਕਰਨ ਦੀ ਇੱਛਾ ਵੀ ਪ੍ਰਬਲ ਹੋਈ, ਪਰ ਸੱਠ ਸਾਲ ਉਮਰ ਲੰਘਾ ਕੇ ਇਹ ਕਾਰਜ਼ ਕੁੱਝ ਮੁਸਕਿਲ ਭਰਿਆ ਲੱਗਾ। ਇੱਕ ਅਖ਼ਬਾਰ ਵੱਲੋਂ ਸਾਹਿਤਕ ਸੰਪਾਦਕੀ ਦੀ ਪੇਸ਼ਕਸ ਵੀ ਕੀਤੀ ਗਈ, ਪਰ ਦਿਲ ਨਾ ਮੰਨਿਆਂ। ਇਸੇ ਦੌਰਾਨ ਕੋਈ ਸਾਹਿਤਕ ਮੈਗਜੀਨ ਕੱਢਣ ਦੀ ਇੱਛਾ ਪ੍ਰਬਲ ਹੋ ਗਈ, ਉਸ ਸਮੇਂ ਟੀਚਰਜ ਹੋਮ ਟਰਸਟ ਦੇ ਮੈਗਜੀਨ ‘ਸਹੀ ਬੁਨਿਆਦ’ ਦਾ ਸੰਚਾਲਨ ਉਹ ਅਤੇ ਲਛਮਣ ਮਲੂਕਾ ਮਿਲ ਕੇ ਕਰ ਰਹੇ ਸਨ। ਮਿੱਤਰਾਂ ਦੋਸਤਾਂ ਨਾਲ ਸਲਾਹ ਮਸਵਰੇ ਕੀਤੇ ਤਾਂ ਉਹਨਾਂ ਕਿਹਾ ਕਿ ਪਹਿਲਾਂ ਹੀ ਬਹੁਤ ਮੈਗਜੀਨ ਨਿਕਲਦੇ ਹਨ, ਮੁਕਾਬਲਾ ਵੀ ਸਖ਼ਤ ਹੈ, ਸਭ ਤੋ ਵੱਡੀ ਮੁਸਕਿਲ ਵਿਤ ਦੀ ਆਵੇਗੀ। ਇਸ ਤਰ੍ਹਾਂ ਇਹ ਖਿਆਲ ਵਿੱਚ ਦੱਬਿਆ ਰਹਿ ਗਿਆ।

Oplus_0

ਆਖ਼ਰ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਸਾਹਿਤਕ ਵਿਚਾਰਾਂ ਕਰਨ ਅਤੇ ਉਭਰਦੇ ਸਾਹਿਤਕਾਰਾਂ ਨੂੰ ਹੌਂਸਲਾ ਦੇਣ ਲਈ ਕਹਾਣੀ ਗੋਸਟੀ ਦੀ ਸੁਰੂਆਤ ਕੀਤੀ ਜਾਵੇ। ਪਹਿਲਾਂ ਵੀ ਪੰਜਾਬ ਵਿੱਚ ਦੀਵਾ ਬਲੇ ਸਾਰੀ ਰਾਤ, ਸਮਾਂਨਤਰ ਕਹਾਣੀ ਗੋਸ਼ਟੀ ਦੀ ਪਰੰਪਰਾ ਰਹੀ ਹੈ। ਡਲਹੌਜੀ ਵਿਖੇ ਵੀ ਹਰ ਸਾਲ ਕਹਾਣੀ ਗੋਸ਼ਟੀ ਕੀਤੀ ਜਾਂਦੀ ਹੈ। ਕਿਉਂ ਨਾ ਪੰਜਾਬ ਵਿੱਚ ਖੁਲ੍ਹੇ ਡੁੱਲ੍ਹੇ ਪੇਂਡੂ ਮਹੌਲ ਵਿੱਚ ਅਜਿਹੀ ਗੋਸ਼ਟੀ ਦਾ ਮੁੱਢ ਬੰਨਿਆਂ ਜਾਵੇ। ਜਿਸ ਵਿੱਚ ਚਿੰਤਾ ਮੁਕਤ ਹੋ ਕੇ ਕਹਾਣੀਕਾਰ, ਆਲੋਚਕ, ਵਿਦਵਾਨ, ਪਾਠਕ ਦੋ ਦਿਨ ਇਕੱਠੇ ਰਹਿਣ ਅਤੇ ਕਹਾਣੀਆਂ ਤੇ ਚਰਚਾ ਕਰਨ। ਇਸ ਸ਼ੁਭ ਵਿਚਾਰ ਤੇ ਮੋਹਰ ਲਾਉਂਦਿਆਂ ਉੱਚੀ ਸੋਚ ਦੇ ਮਾਲਕ ਸ੍ਰ: ਹਰਬੰਸ ਸਿੰਘ ਬਰਾੜ ਨੇ ਆਪਣੇ ਫਾਰਮ ਹਾਊਸ ਵਿਖੇ ਗੋਸ਼ਟੀ ਕਰਵਾਉਣ ਅਤੇ ਖ਼ਰਚਾ ਬਰਦਾਸਤ ਕਰਨ ਦਾ ਭਰੋਸਾ ਦੇ ਦਿੱਤਾ। ਬੱਸ ਫੇਰ! ਇਸ ਸ਼ੁਭ ਕਾਰਜ ਲਈ ਫੈਸਲਾ ਹੋ ਗਿਆ।
ਇਸ ਤਰ੍ਹਾਂ ਸਾਲ 2017 ਵਿੱਚ ਸ੍ਰ: ਹਰਬੰਸ ਸਿੰਘ ਬਰਾੜ ਦੇ ਫਾਰਮ ਹਾਊਸ ਪਿੰਡ ਕੇਸਰ ਸਿੰਘ ਵਾਲਾ ਵਿਖੇ ਪਹਿਲੀ ਕਹਾਣੀ ਗੋਸ਼ਟੀ ਕਰਵਾ ਕੇ ਇਸ ਸਾਹਿਤਕ ਪ੍ਰੋਗਰਾਮ ਦੀ ਸੁਰੂਆਤ ਕੀਤੀ ਗਈ। ਉਸਤੋਂ ਬਾਅਦ ਹਰ ਸਾਲ ਬੜੇ ਸੁਚੱਜੇ ਢੰਗ ਨਾਲ ਇਹ ਪ੍ਰੋਗਰਾਮ ਕੀਤਾ ਜਾਂਦਾ ਹੈ। ਸਾਹਿਤਕਾਰਾਂ ਤੇ ਵਿਦਵਾਨਾਂ ਦੀ ਕੁੱਝ ਸਮੱਸਿਆ ਨੂੰ ਵੇਖਦਿਆਂ ਹੁਣ ਦੋ ਸਾਲ ਤੋਂ ਇਹ ਗੋਸ਼ਟੀ ਟੀਚਰਜ ਹੋਮ ਬਠਿੰਡਾ ਵਿਖੇ ਕਰਵਾਈ ਜਾਂਦੀ ਹੈ। ਇਸ ਵਾਰ ਬੀਤੇ ਦਿਨੀਂ ਅੱਠਵੀਂ ‘‘ਕੇਸਰ ਸਿੰਘ ਵਾਲਾ ਕਹਾਣੀ ਗੋਸ਼ਟੀ’’ ਹੋਈ, ਜਿਸਦੇ ਪਹਿਲੇ ਦਿਨ ਚਰਨਜੀਤ ਸਮਾਲਸਰ ਨੇ ਆਪਣੀ ਕਹਾਣੀ ‘ਪੁੜਾਂ ’ਚ ਪਿਸਦੀ ਜਿੰਦਗੀ’ ਪੜ੍ਹੀ ਜਿਸਤੇ ਪ੍ਰੋ: ਗੁਰਬਿੰਦਰ ਨੇ ਆਲੋਚਨਾਤਮਕ ਟਿੱਪਣੀਆਂ ਕੀਤੀਆਂ। ਜਸਪਾਲ ਕੌਰ ਵੱਲੋਂ ਪੇਸ਼ ਕਹਾਣੀ ‘ਫੈਸਲਾ’ ਤੇ ਡਾ: ਗੁਰਪ੍ਰੀਤ ਸਿੰਘ ਅਤੇ ਬਲਵਿੰਦਰ ਸਿੰਘ ਬਰਾੜ ਵੱਲੋਂ ਪੜ੍ਹੀ ਕਹਾਣੀ ‘ਮੈਡਮ ਦਾ ਕੁੱਤਾ’ ਉੱਪਰ ਡਾ: ਹਰੀਸ਼ ਨੇ ਭਖ਼ਵੀਂ ਆਲੋਚਨਾ ਦਾ ਅਰੰਭ ਕੀਤਾ। ਦੂਜੇ ਦਿਨ ਦੇ ਸੈਸਨ ਵਿੱਚ ਅਲਫਾਜ਼ ਨੇ ਆਪਣੀ ਕਹਾਣੀ ‘ਜੈਸਮੀਨ’ ਪੇਸ਼ ਕੀਤੀ, ਜਿਸਤੇ ਪ੍ਰੋ: ਪਰਮਜੀਤ ਨੇ ਆਲੋਚਨਾਤਮਕ ਟਿੱਪਣੀਆਂ ਪੇਸ਼ ਕੀਤੀਆਂ ਅਤੇ ਰਵਿੰਦਰ ਰੁਪਾਲ ਕੌਲਗੜ੍ਹ ਨੇ ਕਹਾਣੀ ‘ਮੈਂ ਲਾਸ਼ੇ ਬਨਾਤਾ ਹੂੰ’ ਪੜ੍ਹੀ, ਜਿਸ ਉੱਪਰ ਆਲੋਚਨਾ ਦਾ ਅਰੰਭ ਪ੍ਰੋ: ਮਨਜੀਤ ਸਿੰਘ ਨੇ ਕੀਤਾ। ਪੇਸ਼ ਰਚਨਾਵਾਂ ਤੇ ਭਖ਼ਵੀਂ ਬਹਿਸ ਹੋਈ, ਜਿਸ ਵਿੱਚ ਕਹਾਣੀਆਂ ਦੇ ਵਿਸ਼ੇ, ਬਣਤਰ ਤੇ ਬੁਣਤਰ, ਨਿਭਾਅ ਆਦਿ ਨੂੰ ਪਰਖਿਆ ਅਤੇ ਸੁਝਾਅ ਵੀ ਪੇਸ਼ ਕੀਤੇ। ਇਸ ਗੋਸਟੀ ਵਿੱਚ ਨਵਾਂਪਣ ਇਹ ਸੀ ਕਿ ਇਸ ਵਾਰ ਸਾਰੇ ਕਹਾਣੀਕਾਰ ਨਵੇਂ ਸਨ ਅਤੇ ਆਲੋਚਕ ਵੀ ਨੌਜਵਾਨ ਅਤੇ ਉੱਚ ਸਿੱਖਿਆ ਪ੍ਰਾਪਤ ਅਧਿਆਪਕ ਸਨ, ਜੋ ਪੀ ਐੱਚ ਡੀ ਕਰ ਚੁੱਕੇ ਹਨ ਜਾਂ ਕਰ ਰਹੇ ਹਨ। ਗੋਸਟੀ ’ਚ ਭਾਗ ਲੈਣ ਵਾਲੇ ਕਹਾਣੀਕਾਰਾਂ ਦਾ ਸਨਮਾਨ ਵੀ ਕੀਤਾ ਗਿਆ।

Oplus_0


ਇਸ ਸਮਾਗਮ ਦੌਰਾਨ ਗੱਲ ਕਰਦਿਆਂ ਨਾਵਲਕਾਰ ਸ੍ਰੀ ਜਸਪਾਲ ਮਾਨਖੇੜਾ ਨੇ ਕਿਹਾ ਕਿ ਪੰਜਾਬ ਵਿੱਚ ਦੀਵਾ ਬਲੇ ਸਾਰੀ ਰਾਤ, ਸਮਾਂਨਾਤਰ ਆਦਿ ਗੋਸਟੀਆਂ ਦੀ ਪਰੰਪਰਾ ਰਹੀ ਹੈ। ਡਲਹੌਜੀ ਵਿਖੇ ਵੀ ਕਹਾਣੀ ਗੋਸਟੀ ਕੀਤੀ ਜਾਂਦੀ ਹੈ, ਉਸੇ ਤਰਜ ਤੇ ਕੇਸਰ ਸਿੰਘ ਵਾਲਾ ਗੋਸਟੀ ਦੀ ਸੁਰੂਆਤ ਕੀਤੀ ਗਈ ਸੀ, ਜੋ ਅੱਠਵੀਂ ਚੋਟੀ ਸਰ ਕਰ ਚੁੱਕੀ ਹੈ। ਗੋਸਟੀ ਸਮਾਗਮ ਦੇ ਮੁੱਖ ਸੰਯੋਜਕ ਸ੍ਰ: ਹਰਬੰਸ ਸਿੰਘ ਬਰਾੜ ਨੇ ਕਿਹਾ ਕਿ ਕਹਾਣੀ ਗੋਸਟੀ ਸੁਰੂ ਕਰਨ ਸਮੇਂ ਰੱਖੀਆਂ ਉਮੀਦਾਂ ਤੇ ਖ਼ਰੀ ਉੱਤਰ ਰਹੀ ਹੈ, ਪੇਸ਼ ਕੀਤੀਆਂ ਕਹਾਣੀਆਂ ਤੇ ਉਸਾਰੂ ਬਹਿਸ ਕੀਤੀ ਜਾਂਦੀ ਹੈ। ਇਹ ਗੋਸਟੀ ਨਵੇਂ ਸਾਹਿਤਕਾਰਾਂ ਲਈ ਸਕੂਲ ਦੀ ਭੂਮਿਕਾ ਵੀ ਨਿਭਾ ਰਹੀ ਹੈ।  ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਕਹਾਣੀ ਦੀ ਬੁਣਤਰ ਸੰਘਣੀ ਤੇ ਅੰਤ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ। ਖੁਸਵੰਤ ਬਰਗਾੜੀ ਨੇ ਕਿਹਾ ਕਿ ਕਹਾਣੀ ਦਾ ਅੰਤ ਪਾਠਕ ਨੂੰ ਝੰਜੋੜ ਦੇਣ ਵਾਲਾ ਹੋਣਾ ਚਾਹੀਦਾ ਹੈ। ਪਰਮਜੀਤ ਮਾਨ ਦਾ ਕਹਿਣਾ ਸੀ ਕਿ ਲੇਖਕ ਨੂੰ ਕਹਾਣੀ ਵਿੱਚ ਸਮੇਂ ਦੀ ਨਬਜ਼ ਨੂੰ ਪਕੜਦਿਆਂ ਸਵਾਲ ਜਰੂਰ ਖੜੇ ਕਰਨੇ ਚਾਹੀਦੇ ਹਨ।

Oplus_0

ਕਹਾਣੀਕਾਰ ਅਤਰਜੀਤ ਨੇ ਕਿਹਾ ਕਿ ਕਹਾਣੀਕਾਰ ਉਸ ਸਮੇਂ ਨੂੰ ਆਪਣੀ ਰਚਨਾ ਵਿੱਚ ਜਰੂਰ ਲਿਆਵੇ, ਜਿਸ ਦੌਰ ਵਿੱਚ ਉਹ ਵਿਚਰ ਰਿਹਾ ਹੈ। ਦਰਸ਼ਨ ਜੋਗਾ ਦਾ ਕਹਿਣਾ ਸੀ ਕਿ ਕਹਾਣੀ ਸ਼ਿਲਪ ਵਿਧਾਨ ਨੂੰ ਚੰਗੀ ਤਰ੍ਹਾਂ ਸਮਝ ਕੇ ਹੀ ਸਿਰਜਣੀ ਚਾਹੀਦੀ ਹੈ ਤੇ ਕਾਹਲ ਤੋਂ ਗੁਰੇਜ ਕਰਨਾ ਚਾਹੀਦਾ ਹੈ। ਭੁਪਿੰਦਰ ਮਾਨ ਨੇ ਕਿਹਾ ਕਿ ਕਹਾਣੀ ਦੀ ਵਿਸ਼ਵਵਿਆਪੀ ਪਹੁੰਚ ਹੋਣਾ ਮਾਣ ਵਾਲੀ ਗੱਲ ਹੈ, ਇਸ ਨਾਲ ਪੰਜਾਬੀ ਦਾ ਦਾਇਰਾ ਵਸੀਹ ਹੋਵੇਗਾ। ਇਹਨਾਂ ਕਹਾਣੀਆਂ ਉੱਪਰ ਹੋਈ ਚਰਚਾ ’ਚ ਸਰਵ ਸ੍ਰੀ ਆਗਾਜਵੀਰ, ਬਲਵਿੰਦਰ ਸਿੰਘ ਭੁੱਲਰ, ਕਾ: ਜਰਨੈਲ ਸਿੰਘ, ਦੀਪ ਦਿਲਵਰ, ਜਸਵਿੰਦਰ ਸੁਰਗੀਤ, ਸੰਦੀਪ ਰਾਣਾ, ਰਮੇਸ ਗਰਗ, ਕਮਲ ਬਠਿੰਡਾ, ਦਮਜੀਤ ਦਰਸ਼ਨ, ਅਮਰਜੀਤ ਮਾਨ, ਮਨਦੀਪ ਡਡਿਆਣਾ, ਰਣਬੀਰ ਰਾਣਾ ਆਦਿ ਨੇ ਵੀ ਭਾਗ ਲਿਆ।

Show More

Related Articles

Leave a Reply

Your email address will not be published. Required fields are marked *

Back to top button
Translate »