ਕਲਮੀ ਸੱਥ

‘ਅੱਧੀ ਛੁੱਟੀ ਸਾਰੀ’

ਕੁਲਬੀਰ ਸਿੰਘ ਸੂਰੀ ਦਾ ‘ਅੱਧੀ ਛੁੱਟੀ ਸਾਰੀ’ ਬੱਚਿਆਂ ਲਈ ਪੜ੍ਹਨਯੋਗ ਨਾਵਲ

ਰਵਿੰਦਰ ਸਿੰਘ ਸੋਢੀ

ਬੱਚਿਆਂ ਨੂੰ ਗੱਲਾਂ ਬਾਤਾਂ ਵਿਚ ਵਰਚਾ ਲੈਣਾ ਜਿੰਨਾਂ ਅਸਾਨ ਹੈ, ਕਿਸੇ ਲਿਖਤ ਨਾਲ
ਉਹਨਾਂ ਨੂੰ ਪ੍ਰਭਾਵਿਤ ਕਰਨਾ ਓਨਾ ਹੀ ਮੁਸ਼ਕਲ। ਪੰਜਾਬੀ ਬਾਲ ਸਾਹਿਤ ਵਿਚ
ਗਿਣਾਤਮਕ ਪੱਖੋਂ ਹੋ ਰਿਹਾ ਵਾਧਾ ਪ੍ਰਸੰਸਾਯੋਗ ਹੈ, ਪਰ ਇਸਦੇ ਗੁਣਾਤਮਕ ਪੱਖ ਸੰਬੰਧੀ
ਬਹੁਤੀ ਸੰਤੁਸ਼ਟੀ ਨਹੀਂ। ਇਸਦਾ ਮੁੱਖ ਕਾਰਨ ਹੈ ਕਿ ਬਹੁਤਾ ਬਾਲ ਸਾਹਿਤ ਬੱਚਿਆਂ ਦੇ
ਮਾਨਸਿਕ ਪੱਧਰ ਅਤੇ ਬਾਲ ਮਨੋ ਵਿਗਿਆਨ ਨੂੰ ਧਿਆਨ ਵਿਚ ਰੱਖ ਕੇ ਨਹੀਂ ਰਚਿਆ ਜਾ
ਰਿਹਾ, ਪਰ ਪੰਜਾਬੀ ਦੇ ਕੁਝ ਸਿਰੜੀ ਬਾਲ ਲੇਖਕ ਅਜਿਹੇ ਵੀ ਹਨ ਜਿੰਨਾਂ ਨੇ ਆਪਣੀ
ਜ਼ਿੰਦਗੀ ਦਾ ਬਹੁਤਾ ਹਿੱਸਾ ਬਾਲ ਸਾਹਿਤ ਨੂੰ ਹੀ ਸਮਰਪਿਤ ਕੀਤਾ ਹੈ। ਉਹਨਾਂ ਵਿਚੋਂ ਇਕ
ਹੈ ਡਾ. ਕੁਲਬੀਰ ਸਿੰਘ ਸੂਰੀ, ਜਿੰਨਾਂ ਨੂੰ ਸ਼ਾਇਦ ਜਨਮ ਵੇਲੇ ਉਹਨਾਂ ਦੇ ਪਿਤਾ(ਪੰਜਾਬੀ
ਦੇ ਪ੍ਰਸਿੱਧ ਨਾਵਲਕਾਰ ਸ੍ਰ. ਨਾਨਕ ਸਿੰਘ) ਨੇ ਸਾਹਿਤ ਦੀ ਗੁੜਤੀ ਚਟਾਈ ਸੀ। ਡਾ. ਸੂਰੀ
ਹੁਣ ਤੱਕ ਪੰਜਾਬੀ ਬਾਲ ਸਾਹਿਤ ਲਈ 33 ਕਹਾਣੀ ਸੰਗ੍ਰਹਿ ਅਤੇ ਚਾਰ ਨਾਵਲਾਂ ਦਾ
ਯੋਗਦਾਨ ਪਾ ਚੁੱਕੇ ਹਨ। ਪੰਜਾਬੀ ਦੇ ਪ੍ਰਸਿੱਧ ਅਖ਼ਬਾਰ ‘ਅਜੀਤ’ ਵਿਚ ਉਹਨਾਂ ਦਾ
ਲੜੀਵਾਰ ਕਾਲਮ ‘ਦਾਦੀ ਮਾਂ ਦੀਆਂ ਕਹਾਣੀਆਂ’ ਲਗਾਤਾਰ ਸੱਤ ਸਾਲ ਛਪਦਾ ਰਿਹਾ।
ਉਹਨਾਂ ਰਚਿਤ ਬਾਲ ਸਾਹਿਤ ਦੇ ਮਿਆਰ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ
ਸਕਦਾ ਹੈ ਕਿ ਉਹਨਾਂ ਨੂੰ ਭਾਰਤੀ ਸਾਹਿਤ ਅਕੈਡਮੀ ਦੇ ਬਾਲ ਸਾਹਿਤ ਪੁਰਸਕਾਰ ਨਾਲ
ਸਨਮਾਨਿਤ ਕੀਤਾ ਜਾ ਚੁੱਕਿਆ ਹੈ, ਪੰਜਾਬ ਭਾਸ਼ਾ ਵਿਭਾਗ ਵੱਲੋਂ ਉਹਨਾਂ ਨੂੰ ਸ਼੍ਰੋਮਣੀ ਬਾਲ
ਸਾਹਿਤਕਾਰ ਪ੍ਰਦਾਨ ਕੀਤਾ ਗਿਆ ਹੈ ਅਤੇ ਉਹਨਾਂ ਦੀ ਬਾਲ ਪੁਸਤਕ ‘ਦੁੱਧ ਦੀਆਂ
ਧਾਰਾਂ’ ਨੂੰ ਭਾਸ਼ਾ ਵਿਭਾਗ ਦਾ ਗੁਰੂ ਹਰਿ ਕ੍ਰਿਸ਼ਨ ਸਨਮਾਨ ਪ੍ਰਾਪਤ ਹੋਇਆ। 

ਉਹਨਾਂ ਦਾ ਪ੍ਰਸਤੁਤ ਬਾਲ ਨਾਵਲ ‘ਅੱਧੀ ਛੁੱਟੀ ਸਾਰੀ’ ਦੀ ਕਹਾਣੀ ਚਾਰ ਸਕੂਲੀ ਦੋਸਤਾਂ
ਦੇ ਦੁਆਲੇ ਘੁੰਮਦੀ ਹੈ। ਸੋਨੂੰ, ਜੱਸ, ਮੀਕਾ ਅਤੇ ਬਿੱਲੂ ਜਮਾਤੀ ਹਨ। ਉਹਨਾਂ ਦਾ
ਪਰਿਵਾਰਕ ਪਿਛੋਕੜ ਵੀ ਤਕਰੀਬਨ ਇਕੋ ਕਿਸਮ ਦਾ ਹੈ। ਉਹ ਚਾਰੇ ਹੀ ਨੇੜੇ-ਨੇੜੇ ਹੀ
ਰਹਿੰਦੇ ਹਨ। ਵੱਡੀ ਗੱਲ ਇਹ ਹੈ ਕਿ ਚਾਰੇ ਮਿੱਤਰਾਂ ਦੇ ਮਾਤਾ-ਪਿਤਾ ਵੱਲੋਂ ਉਹਨਾਂ ਦਾ
ਪਾਲਣ-ਪੋਸਣ ਵੀ ਉਸਾਰੂ ਢੰਗ ਨਾਲ ਕੀਤਾ ਜਾ ਰਿਹਾ ਹੈ, ਇਹੋ ਕਾਰਨ ਹੈ ਕਿ ਇਹਨਾਂ
ਬੱਚਿਆਂ ਵਿਚ ਚੰਗੇ ਸੰਸਕਾਰ ਪੈਦਾ ਹੋ ਰਹੇ ਹਨ। ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ
ਕੀਤੇ ਚੰਗੇ ਅਤੇ ਕਲਿਆਣਕਾਰੀ ਕਾਰਜਾਂ ਲਈ ਉਹਨਾਂ ਦੀ ਹੌਸਲਾ ਅਫਜਾਈ ਕੀਤੀ
ਜਾਂਦੀ ਹੈ। ਮਸਲਨ ਜਦੋਂ ਉਹ ਗਾਰੇ ਨਾਲ ਲਿੱਬੜੇ ਕੱਪੜਿਆਂ ਨਾਲ ਘਰ ਵਾਪਸ ਆਉਂਦੇ
ਹਨ ਤਾਂ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਸ਼ਰਾਰਤਾਂ ਕਰਕੇ ਕੱਪੜੇ ਮਿੱਟੀ ਨਾਲ ਗੰਦੇ
ਕੀਤੇ ਹਨ, ਪਰ ਜਦੋਂ ਬੱਚੇ ਦੱਸਦੇ ਹਨ ਕਿ ਇਕ ਬਜ਼ੁਰਗ ਬਾਰਸ਼ ਕਰਕੇ ਸੜਕ ਤੇ ਹੋਏ
ਚਿੱਕੜ ਕਾਰਣ ਤਿਲਕ ਗਿਆ ਸੀ, ਉਸ ਨੂੰ ਉਠਾਉਂਦੇ ਹੋਏ ਅਤੇ ਉਸਦੇ ਘਰ ਛੱਡ ਕੇ
ਆਉਂਦੇ ਵੇਲੇ ਕੱਪੜਿਆਂ ਨੂੰ ਚਿੱਕੜ ਲੱਗ ਗਿਆ ਤਾਂ ਉਹਨਾਂ ਦੇ ਮਾਤਾ-ਪਿਤਾ ਉਹਨਾਂ ਦੇ
ਇਸ ਕੰਮ  ਦੀ ਤਾਰੀਫ਼ ਕਰਦੇ ਹਨ। ਇਸੇ ਪ੍ਰਸੰਸਾ ਕਰਕੇ ਉਹ ਸਕੂਲ ਦੇ ਬਾਹਰ ਖੜੇ
ਇਕ ਬਜ਼ੁਰਗ ਦੀ ਡਿੱਗੀ ਹੋਈ ਸੋਟੀ ਉਸ ਨੂੰ ਫੜਾਉਂਦੇ ਹਨ ਅਤੇ ਆਸਰਾ ਦੇ ਕੇ ਕੁਝ ਦੂਰ
ਛੱਡ ਕੇ ਵੀ ਆਉਂਦੇ ਹਨ। ਇਹੋ ਨਹੀਂ ਬਾਅਦ ਵਿਚ ਆਪਣੇ ਘਰ ਵਾਲਿਆਂ ਦੀ
ਇਜਾਜ਼ਤ ਨਾਲ ਉਸ ਨਵੇਂ ਬਣੇ ‘ਦਾਦਾ ਜੀ’ ਨੂੰ ਲੱਭ ਕੇ ਆਪਣੇ ਘਰ ਵੀ ਬੁਲਾਉਂਦੇ ਹਨ।
ਉਹ ਬੱਚੇ ਜਦੋਂ ਇਕ ਦੂਜੇ ਦੇ ਘਰ ਬੈਠੇ ਇਕੱਠੇ ਪੜ੍ਹਦੇ ਹਨ, ਤਾਂ ਉਥੇ ਵੀ ਉਹਨਾਂ ਨਾਲ
ਬਹੁਤ ਵਧੀਆ ਸਲੂਕ ਹੁੰਦੇ ਦਿਖਾਇਆ ਜਾਂਦਾ ਹੈ, ਜਿਸ ਨਾਲ ਬੱਚਿਆਂ ਵਿਚ ਵੀ ਇਕ
ਦੂਜੇ ਦੇ ਮਾਤਾ-ਪਿਤਾ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਹੀ ਨਹੀਂ ਹੁੰਦੀ ਸਗੋਂ ਉਹਨਾਂ ਨੂੰ
ਇਹ ਸਿੱਖਿਆ ਵੀ ਅਚਨਚੇਤ ਹੀ ਮਿਲ ਜਾਂਦੀ ਹੈ ਕਿ ਘਰ ਆਏ ਹਰ ਮਹਿਮਾਨ ਦੀ
ਆਓ-ਭਗਤ ਕਰਨੀ ਹਰ ਇਨਸਾਨ ਦਾ ਬੁਨਿਆਦੀ ਫਰਜ਼ ਹੈ ਅਤੇ ਬੱਚੇ ਪਿਆਰ ਦੇ ਭੁੱਖੇ
ਹੁੰਦੇ ਹਨ। ਇਸੇ ਤਰਾਂ ‘ਦਾਦਾ ਜੀ’ ਅਤੇ ‘ਦਾਦੀ ਜੀ’ ਵੱਲੋਂ ਉਹਨਾਂ ਚਾਰੇ ਬੱਚਿਆਂ ਨਾਲ
ਕੀਤਾ ਵਿਵਹਾਰ ਅਤੇ ਉਹਨਾਂ ਦੇ ਮਾਤਾ-ਪਿਤਾ ਵੱਲੋਂ ਬੜੇ ਸਤਿਕਾਰ ਨਾਲ ਉਹਨਾਂ ਦੋਹਾਂ

ਬਜ਼ੁਰਗਾਂ ਨੂੰ ਆਪਣੇ-ਆਪਣੇ ਘਰ ਲੈ ਕੇ ਆਉਣਾ, ਉਹਨਾਂ ਪ੍ਰਤੀ ਸਨੇਹ ਦਾ ਪ੍ਰਗਟਾਵਾ
ਕਰਨਾ ਵੀ ਬੱਚਿਆਂ ਦੀ ਆਉਣ ਵਾਲੀ ਜ਼ਿੰਦਗੀ ਲਈ ਰਾਹ ਦਸੇਰਾ ਬਣਦਾ ਹੈ।
ਸਕੂਲ ਵਿਚ ਵਾਪਰਦੀਆਂ ਰੋਜ ਮਰਾਹ ਦੀਆਂ ਘਟਨਾਵਾਂ ਵਿਚ ਕਿਤੇ ਵੀ ਦਿਖਾਵਾ ਨਹੀਂ
ਸਗੋਂ ਵਿਦਿਆਰਥੀਆਂ ਦੇ ਜੀਵਨ ਵਿਚ ਵਾਪਰਨ ਵਾਲੀਆਂ ਆਮ ਘਟਨਾਵਾਂ ਹਨ।
ਅਧਿਆਪਕਾਂ ਵੱਲੋਂ ਆਪਣੀ ਗੱਲ ਦਾ ਡੂੰਘਾ ਪ੍ਰਭਾਵ ਪਾਉਣ ਲਈ ਕਹਾਣੀਆਂ ਸੁਣਾਉਣਾ
ਇਕ ਸੁਹਿਰਦ ਅਧਿਆਪਕ ਦੇ ਗੁਣਾ ਨੂੰ ਦਰਸਾਉਂਦਾ ਹੈ। ਪੰਜਾਬੀ ਦੇ ਅਧਿਆਪਕ ਵੱਲੋਂ
‘ਗੁੱਸਾ’ ਪਾਠ ਵਾਲਾ ਪੜਾਉਣ ਤੋਂ ਬਾਅਦ ਆਪ ਗੁੱਸੇ ਵਿਚ ਆ ਕੇ ਇਕ ਵਿਦਿਆਰਥੀ ਦੇ
ਥੱਪੜ ਮਾਰਨ ਵਾਲੀ ਘਟਨਾ ਵੀ ਬੱਚਿਆਂ ਲਈ ਸਿੱਖਿਆ ਦਾਇਕ ਹੈ ਕਿ ਕਿਸੇ ਨੂੰ
ਨਸੀਹਤ ਕਰਨ ਤੋਂ ਪਹਿਲਾਂ ਉਸ ਗੱਲ ਤੇ ਪਹਿਲਾਂ ਆਪ ਅਮਲ ਕਰਨਾ ਚਾਹੀਦਾ ਹੈ।
ਇਸੇ ਤਰਾਂ ‘ਸਮੇਂ’ ਦੀ ਅਹਿਮੀਅਤ ਦਰਸਾਉਂਦੀ ਪੰਜਾਬੀ ਦੀ ਕਵਿਤਾ ਦਾ ਹਵਾਲਾ ਦੇ ਕੇ
ਵੀ ਬੱਚਿਆਂ ਨੂੰ ਸਮੇਂ ਦੀ ਸਹੀ ਕਦਰ ਵੱਲ ਪ੍ਰੇਰਿਤ ਕੀਤਾ ਗਿਆ ਹੈ। ਬੱਚਿਆਂ ਦੇ ਮਾਤਾ-
ਪਿਤਾ ਵੀ ਉਹਨਾਂ ਨਾਲ ਗੱਲਬਾਤ ਸਮੇਂ ਸਿੱਖਿਆ ਦਾਇਕ ਕਹਾਣੀਆਂ ਸੁਣਾਉਂਦੇ ਹਨ, ਜੋ
ਬੱਚਿਆਂ ਤੇ ਅਸਰ ਵੀ ਕਰਦੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਬੱਚੇ ਭਾਸ਼ਣ ਨਹੀਂ
ਸੁਣਨਾ ਚਾਹੁੰਦੇ ਬਲਕਿ ਹਰ ਗੱਲ ਦਲੀਲ ਨਾਲ ਜਿਆਦਾ ਸਮਝਦੇ ਹਨ।
 ਲੇਖਕ ਭਾਸ਼ਾ ਦੀ ਵਰਤੋਂ ਸੰਬੰਧੀ ਸਾਰੇ ਨਾਵਲ ਵਿਚ ਹੀ ਬੜਾ ਸੁਚੇਤ ਰਿਹਾ ਹੈ। ਬੱਚਿਆਂ
ਦੇ ਪੱਧਰ ਦੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ, ਦੋ-ਚਾਰ ਥਾਂ ਅੰਗ੍ਰੇਜ਼ੀ ਦੇ ਸ਼ਬਦ ਵਰਤੇ
ਹਨ ਜਿੰਨਾਂ ਦੇ ਪੰਜਾਬੀ ਸ਼ਬਦ ਭਾਵੇਂ ਮੌਜੂਦ ਹਨ, ਪਰ ਕਿਉਂ ਜੋ ਉਹ ਸ਼ਬਦ ਆਮ ਹੀ
ਵਰਤੇ ਜਾਂਦੇ ਹਨ, ਇਸ ਲਈ ਓਪਰੇ ਨਹੀਂ ਲੱਗਦੇ। 
ਨਾਵਲ ਦੇ ਮੁੱਢ ਵਿਚ ਮੀਂਹ ਦਾ ਦ੍ਰਿਸ਼ ਦਿਖਾ ਕੇ, ਅਤੇ ਕੁਝ ਲੋਕ ਬੋਲੀਆਂ ਦੀ ਵਰਤੋਂ
ਕਰਕੇ ਡਾ. ਕੁਲਬੀਰ ਸਿੰਘ ਸੂਰੀ ਨੇ ਨਾਵਲ ਨੂੰ ਲੋਕ ਸਾਹਿਤ ਨਾਲ ਜੋੜਿਆ ਹੈਂ ਜੋ ਕਿ

ਅੱਜ ਕੱਲ੍ਹ ਦੇ ਸ਼ਹਿਰੀ ਬੱਚਿਆਂ ਨੂੰ ਵੀ ਪੁਰਾਣੇ ਪੇਂਡੂ ਮਾਹੌਲ ਦੀ ਝਲਕ ਦਿਖਾਉਣ ਵਾਲਾ
ਹੈ ।
ਨਿਰਸੰਦੇਹ ‘ਅੱਧੀ ਛੁੱਟੀ ਸਾਰੀ’ ਨਾਵਲ ਪੰਜਾਬੀ ਦੇ ਬਾਲ ਸਾਹਿਤ ਨੂੰ ਨਵੀਂ ਦਿਸ਼ਾ ਪ੍ਰਦਾਨ
ਕਰਨ ਵਾਲੀ ਸਾਹਿਤਕ ਕਿਰਤ ਹੈ ਜੋ ਹਰ ਸਕੂਲੀ ਵਿਦਿਆਰਥੀ ਨੂੰ ਪੜ੍ਹਨੀ ਚਾਹੀਦੀ ਹੈ।
ਅਜਿਹੀ ਉਸਾਰੂ ਲਿਖਤ ਸਕੂਲੀ ਪਾਠ ਕ੍ਰਮ ਦਾ ਹਿੱਸਾ ਬਣਨ ਯੋਗ ਹੈ।

ਸੰਗਮ ਪ੍ਰਕਾਸ਼ਨ, ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦਾ ਟਾਈਟਲ ਅਤੇ ਗੈਟ ਅੱਪ ਵਧੀਆ
ਹੈ।

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ
001-604-369-2371
ਕੈਨੇਡਾ

Show More

Related Articles

Leave a Reply

Your email address will not be published. Required fields are marked *

Back to top button
Translate »