World

ਆਈ ਵਿਸਾਖੀ !

ਆਈ ਵਿਸਾਖੀ,ਮੁੱਕ ਗਈ ਫਸਲਾਂ ਦੀ ਰਾਖੀ, ਪਰ ਚੋਰਾਂ ਤੋਂ ਅਜੇ ਵੀ ਖਤਰਾ ਦਿਸਦਾ ਸੀ।

                         

ਆਈ ਵਿਸਾਖੀ,ਮੁੱਕ ਗਈ ਫਸਲਾਂ ਦੀ ਰਾਖੀ, ਪਰ ਚੋਰਾਂ ਤੋਂ ਅਜੇ ਵੀ ਖਤਰਾ ਦਿਸਦਾ ਸੀ।
ਅੰਦਰੋ ਅੰਦਰੀ ਤਿਆਰੀ ਕੀਤੀ, ਪੰਜ ਪਹਿਰੂਆਂ ਦੀ ਭਰਤੀ ਕੀਤੀ,ਨਾਮ ਖ਼ਾਲਸਾ ਜਿਸਦਾ ਸੀ।
ਊਚ ਨੀਚ ਨੂੰ ਕੱਠਿਆਂ ਕਰਕੇ,ਇੱਕੋ ਬਾਟੇ ਅੰਮ੍ਰਿਤ ਭਰਕੇ,ਸਾਂਝਾ ਤੁਪਕਾ ਰਿਸਦਾ ਸੀ।


ਜਾਤ ਪਾਤ ਦੀ ਪੁੱਟ ਕਾਂਗਿਆਰੀ,ਬੀਜੀ ਨਵੀਂ ਕੇਸਰੀ ਕਿਆਰੀ,ਸਿੱਖੀ ਦੇ ਫੁੱਲ ਸੱਜਦੇ ਸੀ।
ਹ੍ਹੋਇਆ ਸਭ ਕੁੱਝ ਅਚਨ ਅਚੀਤੇ,ਗਿੱਦੜ ਰਾਖੇ ਬਦਲੀ ਕੀਤੇ, ਨਵੇਂ ਸੇਰ ਹੁਣ ਗੱਜਦੇ ਸੀ।
ਚਿੱੜੀ ਸਿਕਾਰ ਬਾਜ ਦਾ ਕੀਤਾ,ਕਿਸ ਜਜਬੇ ਦਾ ਇਹ ਪਲੀਤਾ,ਕੱਲੇ ਤੋਂ ਲੱਖ ਭੱਜਦੇ ਸੀ।


ਮਾਲ੍ਹਾ ਦੀ ਥਾਂ ਤੇਗਾਂ ਫੜੀਆਂ ,ਮਿੰਨਤਾਂ ਦੀ ਥਾਂ ਲੈ ਲਈ ਅੜੀਆਂ,ਬਦਲੇ ਸਭ ਵਤੀਰੇ ਸੀ।
ਭਗਤੀ ਦੇ ਨਾਲ ਸਕਤੀ ਜੁੜ ਗਈ,ਕੌਮ ਲਲਾਰੀ ਮੱਟ ਵਿੱਚ ਰੁੜ ਗਈ,ਰੰਗੇ ਕੇਸਰੀ ਚੀਰੇ ਸੀ।
ਸੋਨੇ ਰੰਗ ਇਤਿਹਾਸ ਨੂੰ ਲਿਖੀਏ,ਕਿਸੇ ਲਈ ਕਿੰਝ ਮਰਨਾ ਸਿੱਖੀਏ,ਇਹ ਜਜਬਾਤ ਜਖੀਰੇ ਸੀ।


ਅੱਜ ਫੇਰ ਫਸਲਾਂ ਨੂੰ ਖਤਰਾ, “ਬੁੱਟਰਾ” ਪੜ੍ਹ ਇਤਿਹਾਸਕ ਪੱਤਰਾ,ਮਰਦ ਅਗੰਮੜਾ ਲੋੜੀਂਦਾ।
ਜੋ ਅੱਜ ਪਹਿਰੂ ਅਸੀਂ ਬਿਠਾਏ, ਖੁੱਦ ਉਹ ਵਾੜ ਖੇਤ ਨੂੰ ਖਾਏ, ਗੈਰ ਕਿਸ ਤਰਾਂ ਮੋੜੀਦਾ।
ਪੰਥਕ ਮੋਹਰਿਆਂ ਦੀ ਬਦਨੀਤੀ ਉੱਜੜੀ ਜਾਵੇ ਸਿੱਖ ਬਗੀਚੀ, ਨਿੱਤ ਕੱਚਾ ਫੁੱਲ ਤੋੜੀਦਾ। 
                          ਨਿੱਤ ਕੱਚਾ ਫੁੱਲ ਤੋੜੀਦਾ।


ਖਾਲਸਾ ਪੰਥ ਦੇ ਜਨਮ ਦਿਹਾੜੇ ਮੌਕੇ ਅਦਾਰਾ “ਪੰਜਾਬੀ ਅਖ਼ਬਾਰ” ਵੱਲੋਂ ਸਮੂਹ ਸਿੱਖ ਜਗਤ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ


ਹਰਬੰਸ ਬੁੱਟਰ 
 ਸੰਪਾਦਕ “ਪੰਜਾਬੀ ਅਖ਼ਬਾਰ” 

403 640 2000

Show More

Leave a Reply

Your email address will not be published. Required fields are marked *

Back to top button
Translate »