ਏਹਿ ਹਮਾਰਾ ਜੀਵਣਾ

ਆਓ ਪੰਜਾਬੀ ਮਾਂ ਬੋਲੀ ਦੀ ਆਨ ,ਸ਼ਾਨ ਅਤੇ ਮਾਣ ਵਿੱਚ ਵਾਧਾ ਕਰੀਏ—


ਮਾਂ ਬੋਲੀ ਸਿਰਫ ਭਾਵਨਾਵਾਂ ਦੇ ਅਦਾਨ ਪ੍ਰਦਾਨ ਦਾ ਹੀ ਸਾਧਨ ਨਹੀਂ ਬਲਕਿ ਆਪਣੀ ਗੋਦ ਵਿੱਚ ਸਾਡੀ ਸਦੀਆਂ ਪੁਰਾਣੀ ਸੰਸਕ੍ਰਿਤੀ,ਇਤਿਹਾਸ,ਵਿਰਾਸਤ ਅਤੇ ਸਭਿਆਚਾਰ ਸੰਭਾਲੀ ਬੈਠੀ ਹੈ।ਜਿਸਨੂੰ ਅਸੀਂ ਆਪਣਾ ਅਮੀਰ ਵਿਰਸਾ ਆਖਦੇ ਹਾਂ। ਉਸਨੂੰ ਅਮੀਰ ਬਣਾਉਣ ਲਈ ਅਤੇ ਸੁਨਹਿਰੀ ਸਿਰਜਣ ਲਈ ਸਾਡੇ ਪੁੂਰਵਜ਼ਾਂ ਨੇ ਆਪਣਾ ਪੂਰੇ ਦਾ ਪੂਰਾ ਜੀਵਨ ਲਾਇਆ ਹੈ।ਬਾਬੇ ਫਰੀਦ ਤੋਂ ਲੈ ਕੇ ਅੱਜ ਤੱਕ ਸਾਡੇ ਕੋਲ ਬੜਾ ਅਮੀਰ ਖ਼ਜ਼ਾਨਾ ਹੈ।ਸਾਡੀ ਪਵਿੱਤਰ ਬਾਣੀ ਆਮ ਮਨੁੱਖ ਨੂੰ ਸੰਪੂਰਨ ਮਨੁੱਖ ਬਣਾਉਣ ਦੇ ਪੂਰੀ ਤਰ੍ਹਾਂ ਸਮਰੱਥ ਹੈ।ਪਵਿੱਤਰ ਬਾਣੀ ਵਿੱਚ ਹਰ ਸਮੱਸਿਆ ਦਾ ਹੱਲ ਸਾਡੇ ਮਹਾਨ ਗੁਰੂਆਂ ਨੇ ਮਨੱੁਖਤਾ ਨੂੰ ਪ੍ਰਦਾਨ ਕੀਤਾ ਹੈ ਸਮੁੱਚੀ ਜੀਵਨ ਜਾਚ ਇਸ ਪਵਿੱਤਰ ਬਾਣੀ ਵਿੱਚ ਸਮਾਈ ਹੋਈ ਹੈ। ਜੇ ਮਾਂ ਬੋਲੀ ਨਾ ਰਹੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਡੀ ਸੰਸਕ੍ਰਿਤੀ,ਇਤਿਹਾਸ ਅਤੇ ਅਮੀਰ ਸਭਿਆਚਾਰਕ ਵਿਰਸੇ ਤੋਂ ਵੀ ਵਾਂਝੀਆਂ ਰਹਿ ਜਾਣਗੀਆਂ।ਮਾਂ ਬੋਲੀ ਖ਼ਤਮ ਕਦੋਂ ਹੁੰਦੀ ਹੈ ਜਦੋਂ ਉਸਨੂੂੰ ਬੋਲਣ ਵਾਲੇ ਘੱਟ ਜਾਣ ਜਾਂ ਖ਼ਤਮ ਹੋ ਜਾਣ ।ਪੂਰੀ ਦੁੁਨੀਆਂ ਵਿੱਚ ਭਾਸ਼ਾ ਵਿਿਗਆਨੀਆਂ ਅਨੁਸਾਰ 7000 ਭਾਸ਼ਾਵਾਂ ਬੋਲੀਆਂ ਜਾਂਦੀਆ ਸਨ ਜਿਸ ਵਿਚੋਂ ਸੈਂਕੜੇ ਭਾਸ਼ਾਵਾਂ ਇਸ ਧਰਤੀ ਤੋਂ ਅਲੋਪ ਹੋ ਗਈਆਂ ਹਨ।ਕਾਰਨ ਉਪਰਲਾ ਹੀ ਹੇੈ ਜਦੋਂ ਉਹਨਾਂ ਨੂੰ ਬੋਲਣ ਵਾਲ਼ੇ ਹੀ ਨਾ ਰਹੇ ਉਹ ਖ਼ਤਮ ਹੋ ਗਈਆਂ ਹਨ।ਸਾਲ 1952 ਵਿੱਚ 21 ਫਰਵਰੀ ਨੂੰ ਬੰਗਲਾ ਦੇਸ਼ ਦੀ ਢਾਕਾ ਯੂਨੀਵਰਸਿਟੀ ਦੇ ਵਿਿਦਆਰਥੀਆਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਰਲ਼ ਕੇ ਆਪਣੀ ਮਾਂ ਬੋਲੀ ਬਾਂਗਰਾ ਲਈ ਬਹੁਤ ਵੱਡਾ ਸੰਘਰਸ਼ ਵਿਿਢਆ ਸੀ ਜਿਸ ਨੂੰ ਦਬਾਉਣ ਲਈ ਪਾਕਿਸਤਾਨ ਸਰਕਾਰ ਵੱਲੋਂ ਘੋਰ ਤਸ਼ੱਦਦ ਕੀਤਾ ਗਿਆ ਅਤੇ ਗੋਲੀ ਚਲਾ ਕੇ ਜਿੱਥੇ ਪੰਜ ਕਾਰਕੁਨ ਸ਼ਹੀਦ ਕਰ ਦਿੱਤੇ ਸਨ ਅਤੇ ਉਥੇ ਅਨੇਕਾਂ ਜਖਮੀ ਵੀ ਹੋ ਗਏ ਸਨ ਅਖੀਰ ਪਾਕਿਸਤਾਨ ਸਰਕਾਰ ਨੂੰ ਮਜ਼ਬੂਰ ਹੋ ਕੇ ਬਾਂਗਰਾ ਭਾਸ਼ਾ ਨੂੰ ਮਾਨਤਾ ਦਿੱਤੀ ਗਈ ਸੀ।ਇਸ 21 ਫਰਵਰੀ ਨੂੰ ਹੀ ਮੁੱਖ ਰੱਖਦਿਆਂ ਹੋਇਆਂ ਯੁਨੈਸਕੋ ਨੇ 21 ਫਰਵਰੀ ਨੂੰ ਅੰਤਰ ਰਾਸ਼ਟਰੀ ਭਾਸ਼ਾ ਦਿਵਸ ਮਨਾਉਣ ਦਾ ਫੈਸ਼ਲਾ ਲਿਆ ਸੀ।ਸਾਰੇ ਵਿਦਵਾਨ ਇਸ ਗੱਲ ਨੂੰ ਮੰਨਦੇ ਹਨ ਕਿ ਬੱਚੇ ਦਾ ਪਹਿਲਾ ਅਧਿਆਪਕ ਉਸਦੀ ਮਾਂ ਹੀ ਹੁੰਦੀ ਹੈ ਪਰ ਅਜੋਕੇ ਯੁੱਗ ਦੀਆਂ ਬਹੁਤੀਆਂ ਮਾਂਵਾਂ ਇਹੀ ਚਾਹੁੰਦੀਆਂ ਹਨ ਕਿ ਮੇਰਾ ਬੱਚਾ ਮਾਡਲ ਸਕੂਲ(ਅੰਗਰੇਜ਼ੀ)ਵਿਚ ਪੜ੍ਹੇ ਉਹ ਵੱਧ ਤੋਂ ਵੱਧ ਅੰਗਰੇਜ਼ੀ ਸਿੱਖੇ,ਲਿਖੇ,ਪੜ੍ਹੇ ਅਤੇ ਬੋਲੇ।ਤੁਸੀਂ ਪੰਜਾਬ ਦੇ ਕਿਸੇ ਵੀ ਪਿੰਡ ਜਾਂ ਸ਼ਹਿਰ ਦੀ ਗਲੀ ਵਿਚੋਂ ਲੰਘੋ ਤਾਂ ਤੁਹਾਨੂੰ ਮਾਵਾਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਂਦੀਆਂ ਹੀ ਮਿਲਣਗੀਆਂ।ਸਰੀਰ ਦੇ ਅੰਗਾਂ ਦੇ ਨਾਂਅ,ਦਿਨਾਂ ਦੇ ਨਾਂਅ,ਫਲ਼ ਫਰੂਟਾਂ ਦੇ ਨਾਂਅ, ਮਹੀਨਿਆ ਦੇ ਨਾਂਅ ਆਦਿ ਸਭ ਅੰਗਰੇਜ਼ੀ ਵਿੱਚ ਪੜ੍ਹਾਏ, ਲਿਖਾਏ ਅਤੇ ਸਿਖਾਏ ਜਾਂਦੇ ਹਨ।ਜਦੋਂ ਬੱਚੇ ਅੰਗਰੇਜ਼ੀ ਬੋਲਦੇ ਹਨ ਤਾਂ ਮਾਵਾਂ ਤੋਂ ਚਾਅ ਨਹੀਂ ਚੱੁਕਿਆ ਜਾਂਦਾ।ਛੋਟੇ ਬੱਚਿਆਂ ਨੂੰ ੳ,ਅ ਚੰਗੀ ਤਰ੍ਹਾਂ ਆਉਂਦਾ ਨਹੀਂ ਏ,ਬੀ,ਸੀ ਸਾਰੀ ਆਉਂਦੀ ਹੈ ਏਸੇ ਤਰ੍ਹਾਂ ਏਕਾ,ਦੂਆ ਚੰਗੀ ਤਰ੍ਹਾਂ ਆਉਂਦਾ ਨਹੀਂ ਬੰਨ, ਟੂ ਚੰਗੀ ਤਰਾਂ੍ਹ ਆਉਂਦਾ ਹੈ।ਧੰਨਵਾਦ ਜਾਂ ਮੁਆਫ ਕਰੋ ਦੀ ਥਾਂ ਥੈਂਕਸ ਤੇ ਸੌਰੀ ਕਹਿਣਾ ਕਦੇ ਵੀ ਭੁੱਲਦੇ ਨਹੀਂ।ਗਲ਼ੀ ‘ਚ ਖੇਡਦੇ ਛੋਟੇ ਬੱਚਿਆਂ ਨੂੰ ਤੁਸੀਂ ਕੋਈ ਪੰਜਾਬੀ ਵਿੱਚ ਕਵਿਤਾ ਸੁਣਾਉਣ ਨੂੰ ਕਹੋ ਤਾਂ ਉਹ ਤੁਹਾਡੇ ਮੂੰਹ ਵੱਲ ਬਿਟਰ-ਬਿਟਰ ਵੇਖਣਗੇ ਜੇ ਤੁਸੀਂ ਆਖੋਂ ਚਲੋ ਕੋਈ ਇੰਗਲਿਸ਼ ਦੀ ਪੋਇਮ ਸੁਣਾ ਦੇਵੋ ਤਾਂ ਉਹ ਚਾਬੀ ਦੇ ਕੇ ਛੱਡੇ ਖਿਡੌਣੇ ਵਾਂਗ ਸ਼ੁਰੂ ਹੋ ਜਾਣਗੇ ਤੁਹਾਨੂੰ ਇੰਝ ਲੱਗੇਗਾ ਜਿਵੇਂ ਕਿਸੇ ਅੰਗਰੇਜ਼ ਬੱਚਿਆਂ ਅੱਗੇ ਖੜ੍ਹੇ ਹੋ। ਮੈਂ ਕਿਸੇ ਭਾਸ਼ਾ ਦੇ ਖਿਲਾਫ ਨਹੀ ਇਨਸਾਨ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਹੈ ਪਰ ਮਾਂ ਦੇ ਜਿਉਂਦੇ ਜੀਅ ਤਾਈਆਂ ਚਾਚੀਆਂ ਨੂੰ ਹੀ ਮਾਂ ਸਮਝ ਬੈਠਣਾ ਤੇ ਮਾਂ ਤੋਂ ਵੱਧ ਸਤਿਕਾਰ ਸਨਮਾਨ ਦੇਣਾ ਇਸ ਤੋਂ ਵੱਡੀ ਅਕ੍ਰਿਤਘਣਤਾ ਕੀ ਹੋਵੇਗੀ।ਤੁਸੀਂ ਕਿਸੇ ਵੀ ਆਪਣੇ ਜਾਣ ਪਛਾਣ ਵਾਲੇ ਲੋਕਾਂ ਦੀ ਗਲ਼ੀ ਵਿਚ ਜਾਓ ਤਾਂ ਮਾਂਵਾਂ ਆਪਣੇ ਬੱਚਿਆਂ ਨੂੰ ਕਹਿਣਗੀਆਂ ਬੇਟਾ ਅੰਕਲ ਜਾਂਦੇ ਨੇ ਗੁੱਡ ਮਾਰਨਿੰਗ ਕਰੋ ਜੇ ਸ਼ਾਮ ਦਾ ਸਮਾਂ ਹੋਵੇਗਾ ਤਾਂ ਇਹ ਕਹਿਣਗੀਆਂ ਬੇਟਾ ਅੰਕਲ ਜਾਂਦੇ ਨੇ ਗੁੱਡ ਈਵਨਿੰਗ ਕਰੋ।ਸਤਿ ਸ਼੍ਰੀ ਅਕਾਲ,ਨਮਸਤੇ ਅਤੇ ਆਦਾਬ ਆਦਿ ਪੂਰੀ ਤਰਾਂ੍ਹ ਗਾਇਬ ਹੋ ਰਹੇ ਹਨ।ਅੰਕਲ ਅਤੇ ਅੰਟੀ ਸ਼ਬਦਾਂ ਨੇ ਸਾਡੇ ਚਾਚੇ-ਚਾਚੀਆਂ,ਤਾਏ- ਤਾਈਆਂ,ਮਾਸੀ-ਮਾਸੜ ਅਤੇ ਭੂਆ-ਫੁੱਫੜ ਆਦਿ ਅਨੇਕਾਂ ਖੂੁਬਸੂਰਤ ਅਤੇ ਭਾਵਪੂਰਤ ਰਿਸ਼ਤੇ ਨਿਗਲ ਲਏ ਹਨ।ਮੈਂ ਕਹਿਨਾ ਰੀਸ ਕਰੋ ਪਰ ਕਿਸੇ ਚੰਗੀ ਗੱਲ ਦੀ ਉਹ ਵੀ ਅਕਲ ਨਾਲ ਕਰੋ।ਪਰ ਮੇਰੇ ਸਮਝ ਤੋਂ ਬਾਹਰ ਹੈ ਕਿ ਇਹ ਤਾਂ ਅੰਗਰੇਜ਼ ਹੀ ਜਾਣਦੇ ਹੋਣਗੇ ਕਿ ਕਿਵੇਂ ਪਤਾ ਲੱਗਦਾ ਹੈ ਅੰਕਲ ਕਹਿਣ ਨਾਲ ਕਿ ਇਹ ਮੇਰਾ ਚਾਚਾ ਹੈ ਜਾਂ ਤਾਇਆ ਹੈ,ਮਾਸੜ ਹੈ ਜਾਂ ਫੁੱਫੜ ਹੈ।ਅੰਟੀ ਕਹਿਣ ਨਾਲ ਕਿਵੇਂ ਪਤਾ ਲੱਗਦਾ ਹੈ ਕਿ ਇਹ ਮੇਰੀ ਚਾਚੀ ਹੈ ਜਾਂ ਤਾਈ ਹੈ ਮਾਸੀ ਹੈ ਜਾਂ ਭੂਆ ਹੈ।ਸਾਡੀ ਮਾਂ ਬੋਲੀ ਇਕੱਲੀ ਮਿੱਠੀ ਅਤੇ ਪਿਆਰੀ ਹੀ ਨਹੀਂ ਬਲਕਿ ਉਪਰੋਕਤ ਰਿਸ਼ਤਿਆਂ ਵਿਚਲਾ ਫਰਕ ਵੀ ਦੱਸਦੀ ਹੈ ਅਤੇ ਉਸ ਅਨੁਸਾਰ ਮਨ ਵਿਚ ਭਾਵਨਾਵਾਂ ਵੀ ਪ੍ਰਗਟ ਕਰਦੀ ਹੈ ਉਹਨਾਂ ਭਾਵਨਾਵਾਂ ਅਨੁਸਾਰ ਹੀ ਵੱਖ-ਵੱਖ ਰਿਸ਼ਤਿਆਂ ਪ੍ਰਤੀ ਪਿਆਰ,ਸਤਿਕਾਰ ਅਤੇ ਸਨਮਾਨ ਪੈਦਾ ਹੁੰਦਾ ਹੈ।ਇਹ ਅੰਗਰੇਜ਼ੀ ਤਾਂ ਸਾਡੇ ਚਾਚਾ, ਤਾਇਆ ,ਮਾਸੜ ਅਤੇ ਫੁੱਫੜ ਵਿਚਲਾ ਫਰਕ ਦੱਸਣ ਦੇ ਵੀ ਸਮਰੱਥ ਨਹੀਂ ਇਹ ਪਤਿਓਰੇ,ਨਨਿਓਰੇ ਅਤੇ ਦਦੇਸ ਵਰਗੇ ਰਿਸ਼ਤਿਆ ਵਿੱਚ ਫਰਕ ਕਿਵੇਂ ਦੱਸੇਗੀ ।ਇਹ ਸਾਰੀ ਕਰਾਮਾਤ ਸਾਡੀ ਮਾਂ ਬੋਲੀ ਦੇ ਹਿੱਸੇ ਹੀ ਆਈ ਹੈ।ਸਾਰੇ ਭਾਸ਼ਾ ਵਿਿਗਆਨੀ ਇਹ ਗੱਲ ਜ਼ੋਰ ਦੇ ਕੇ ਕਹਿੰਦੇ ਹਨ ਕਿ ਜੇ ਤੁਸੀਂ ਆਪਣੇ ਬੱਚੇ ਨੂੰ ਮਹਾਨ ਵੇਖਣਾ ਚਾਹੁੰਦੇ ਹੋ ਤਾਂ ਪਹਿਲਾਂ ਉਸਨੂੰ ਉਸਦੀ ਮਾਂ ਬੋਲੀ ਵਿਚ ਵੱਧ ਤੋਂ ਵੱਧ ਗਿਆਨ ਦੇਵੋ।ਬਹੁਤ ਸਾਰੇ ਅਜਿਹੇ ਦੇਸ਼ ਹਨ ਜਿਨ੍ਹਾਂ ਨੇ ਜਿੰਨੀ ਵੀ ਤਰੱਕੀ ਕੀਤੀ ਹੈ ਸਿਰਫ ਤੇ ਸਿਰਫ ਆਪਣੀ ਮਾਂ ਬੋਲੀ ਵਿਚ ਹੀ ਕੀਤੀ ਹੈ ਅੱਜ ਉਹਨਾਂ ਦਾ ਨਾਂਅ ਚੋਟੀ ਦੇ ਵਿਕਸਤ ਦੇਸ਼ਾ ਵਿਚ ਸ਼ਾਮਲ ਹੈ।
ਅੱਜ ਅਸੀਂ ਮੰਨੀਏ ਜਾਂ ਨਾ ਮੰਨੀਏ ਪਰ ਇਹ ਚਿੱਟੇ ਦਿਨ ਵਰਗਾ ਸੱਚ ਹੈ ਕਿ ਸਾਡੀ ਮਾਂ ਬੋਲੀ ਉਤੇ ਖ਼ਤਰੇ ਦੇ ਸੰਘਣੇ ਬੱਦਲ ਮੰਡਲਾਅ ਰਹੇ ਹਨ ,ਜਿਸਦਾ ਸਬੂਤ ਹੈ ਘਰਾਂ ਅੱਗੇ ਲੱਗੀਆਂ ਨਾਂਅ ਦੀਆਂ ਪਲੇਟਾਂ ਬਹੁਤੀਆਂ ਅੰਗਰੇਜ਼ੀ ਵਿੱਚ ਹਨ,ਵਿਆਹ ਸ਼ਾਦੀਆਂ ਦੇ ਸਾਰੇ ਸੱਦਾ ਪੱਤਰ ਅੰਗਰੇਜ਼ੀ ਵਿੱਚ ਆ ਰਹੇ ਹਨ।ਸਵੇਰੇ-ਸਵੇਰੇ ਮਾਡਲ ਸਕੂਲਾਂ ਨੂੰ ਭਰੀਆ ਜਾਂਦੀਆਂ ਬੱਸਾਂ ਇਸਦੀ ਮੂੰਹ ਬੋਲਦੀ ਤਸਵੀਰ ਹਨ।ਸ਼ਹਿਰਾਂ ਅਤੇ ਕਸਬਿਆਂ ਵਿੱਚ ਦੁਕਾਨਾਂ ਤੇ ਨੱਬੇ ਪ੍ਰਤੀਸ਼ਤ ਬੌਰਡ ਅੰਗਰੇਜ਼ੀ ਵਿੱਚ ਲਿਖੇ ਮਿਲਣਗੇ।ਪੰਜਾਬ ਦੇ ਕਈ ਸਕੂਲਾਂ ਵਿਚ ਤਾਂ ਪੰਜਾਬੀ ਬੋਲਣ ਤੇ ਵੀ ਪਾਬੰਦੀ ਹੈ। ਪਛਿਲੇ ਤੋਂ ਪਿਛਲੇ ਸਾਲ ਤਾਂ ਅਸਲੋਂ ਕਮਾਲ ਹੋ ਗਈ ਦਸਵੀਂ ਜਮਾਤ ਦੇ ਪੰਜਾਬੀ ਵਿਚੋਂ ਪੈਤੀ ਹਜ਼ਾਰ ਵਿਿਦਆਰਥੀ ਫੇਲ੍ਹ ਸਨ।ਬੱਸਾਂ ਅਤੇ ਬੱਸ ਅੱਡਿਆਂ ਉਪਰ ਵੀ ਸਭ ਬੋਰਡ ਅੰਗਰੇਜ਼ੀ ਵਿਚ ਲਿਖੇ ਮਿਲਣਗੇ। ਮੇਰੇ ਗਲੀ ਮੁਹੱਲੇ ਵਾਲੇ ਜਦੋਂ ਸਾਂਝੇ ਕੰਮ ਵਾਲੀ ਦਰਖ਼ਾਸਤ ਤੇ ਦਸਤਖ਼ਤ ਕਰਵਾਉਣ ਆਉਂਦੇ ਹਨ ਤਾਂ ਸਭ ਨੂੰ ਅੰਗਰੇਜ਼ ਬਣਿਆਂ ਵੇਖ ਕੇ ਮੇਰੇ ਮਨ ਨੂੰ ਬੜਾ ਦੁੱਖ ਹੁੰਦਾ ਹੈ।ਏਵੇਂ ਹੀ ਸਾਡੀ ਗਲੀ ਦਾ ਚੌਕੀਦਾਰ ਜਦੋਂ ਮਹੀਨੇ ਬਾਅਦ ਪੈਸੇ ਲੈਣ ਆਉਂਦਾ ਤਾਂ ਉਹ ਨਾਲ ਇਕ ਕਾਪੀ ਤੇ ਦਸਤਖ਼ਤ ਕਰਵਾਉਂਦਾ ਹੈ ਉਥੇ ਵੀ ਸਭ ਨੂੰ ਅੰਗਰੇਜ਼ ਬਣਿਆ ਵੇਖ ਕੇ ਮਨ ਡਾਹਢਾ ਦੁੱਖੀ ਹੁੰਦਾ ਹੈ।ਕਿਸੇ ਵੀ ਸਮਾਗਮ ਵਿਚ ਚਲੇ ਜਾਓ ਲੇਖਕਾਂ ਦੇ ਪ੍ਰੋਗਰਾਮ ਨੂੰ ਛੱਡਕੇ ਜਦੋਂ ਹਾਜ਼ਰੀ ਰਜਿਸਟਰ ਤੁਹਾਡੇ ਕੋਲ ਆਵੇਗਾ ਉਥੇ ਵੀ ਤੁਹਾਨੂੰ ਅੰਗਰੇਜ਼ੀ ਦੇ ਖੁੱਲੇ੍ਹ ਦਰਸ਼ਨ ਹੋਣਗੇ।

ਅੱਜ ਦੇ ਪੰਜਾਬੀ ਕਲਾਕਰ ਆਪਣੀ ਇੰਟਰਵਿਊ ਵਿਚ ਤਾਂ ਪੰਜਾਬੀ ਸਭਿਆਚਾਰ ,ਵਿਰਸੇ ਅਤੇ ਮਾਂ ਬੋਲੀ ਦੀ ਸੇਵਾ ਦੀ ਗੱਲ ਕਰਨਗੇ ਅਤੇ ਇਹਨਾਂ ਦੀਆਂ ਸੀਡੀਆਂ ਅਤੇ ਫਿਲਮਾਂ ਦੇ ਜ਼ਿਆਦਾ ਨਾਂਅ ਅੰਗਰੇਜ਼ੀ ਵਿੱਚ ਹੁੰਦੇ ਹਨ ਹੁਣ ਤਾਂ ਕਈ ਇਸ ਤੋਂ ਵੀ ਅੱਗੇ ਲੰਘ ਗਏ ਹਨ ਉਹ ਤਾਂ ਅੱਧੋਂ ਵੱਧ ਸ਼ਬਦ ਗੀਤ ਵਿੱਚ ਅੰਗਰੇਜ਼ੀ ਦੇ ਬੋਲ ਜਾਂਦੇ ਹਨ।ਜਿਹੜੀ ਇਹ ਕੁੱਝ ਕੁ ਨੂੰ ਛੱਡਕੇ ਮਾਂ ਬੋਲੀ ਦੀ ਸੇਵਾ ਕਰਦੇ ਹਨ ਉਹ ਤੁਹਾਡੇ ਕੋਲੋਂ ਛੁਪੀ ਨਹੀਂ । ਇਹ ਲੋਕ ਐਨੀ ਸਚਿਆਰੀ,ਸਿਆਣੀ,ਸੂਝਵਾਨ ਮਾਂ ਦੇ ਜਿਉਂਦੇ ਜੀਅ ਮਤਰੇਈ ਮਾਂ ਨੂੰ ਸਿਰ ਤੇ ਬੈਠਾਈ ਫਿਰਦੇ ਹਨ ,ਇਹਨਾਂ ਦਾ ਕਿਥੇ ਭਲਾ ਹੋਊ।ਪੰਜਾਬੀ ਸੂਬੇ ਦੇ ਨਾਂਅ ਤੇ ਬਣੀ ਸਰਕਾਰ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੇ ਫਰਜ਼ ਨਿਭਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ।

ਪੰਜਾਬੀ ਲੇਖਕ ਮਾਂ ਬੋਲੀ ਪ੍ਰਤੀ ਚਿੰਤਤ ਵੀ ਹਨ ਅਤੇ ਮਾਂ ਬੋਲ਼ੀ ਦੇ ਮਾਣ ਸਤਿਕਾਰ ਲਈ ਨਿਜੀ ਉਪਰਾਲੇ ਵੀ ਜ਼ੋਰਾਂ ਸ਼ੋਰਾਂ ਨਾਲ ਕਰ ਰਹੇ ਹਨ ਪਰ ਸਮੂਹਿਕ ਉਪਰਾਲੇ ਜਿੰਨੇ ਹੋਣੇ ਚਾਹੀਦੇ ਸਨ ਉਹ ਸਾਡੇ ਕੋਲੋਂ ਨਹੀਂ ਹੋ ਸਕੇ।ਪੰਜਾਬ ਵਿਚ ਐਨੀਆਂ ਸਭਾਵਾਂ ਹੋਣ ਦੇ ਬਾਵਜੂਦ ਵੀ ਮਾਂ ਬੋਲੀ ਦੇ ਸਤਿਕਾਰ ਸਨਮਾਨ ‘ਚ ਜੋ ਵਾਧਾ ਹੋਣਾ ਚਾਹੀਦਾ ਸੀ,ਉਹ ਨਹੀਂ ਕਰ ਸਕੀਆਂ।ਪੰਜਾਬ ਦੀ ਧਰਤੀ ਤੇ ਬਣੀਆਂ ਮੁੱਖ ਸੰਸਥਾਵਾਂ ਜੋ ਨਾਵਾਂ ਤੋਂ ਹੀ ਸਪਸ਼ਟ ਹੈ ਇਹਨਾਂ ਦਾ ਪਹਿਲਾ ਅਤੇ ਮੱੁਖ ਕੰਮ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰਨਾ ਸੀ ਇਹ ਵੀ ਜਿੰਨਾ ਕੰਮ ਕਰਨਾ ਚਾਹੀਦਾ ਸੀ ਨਹੀਂ ਕਰ ਸਕੀਆਂ ।ਭਾਸ਼ਾ ਵਿਭਾਗ ਪੰਜਾਬ ਦਾ ਵੀ ਮੁੱਖ ਉਦੇਸ਼ ਪੰਜਾਬੀ ਭਾਸ਼ਾ ਲਈ ਵੱਡਾ ਯੋਗਦਾਨ ਪਾਉਣਾ ਸੀ । ਪੰਜਾਬੀ ਦੇ ਸਾਰੇ ਅਖਬਾਰ ਰਸਾਲੇ ਆਪਣੇ ਸ਼ਾਨਦਾਰ ਫਰਜ਼ ਨਿਭਾ ਰਹੇ ਹਨ ਜਿੰਨ੍ਹਾਂ ਦੀ ਜਿੰਨੀ ਵੀ ਪ੍ਰਸੰਸ਼ਾ ਕਰੀਏ ਥੋੜ੍ਹੀ ਹੈ। ਹਾਲੇ ਵੀ ਡੁੱਲੇ੍ਹ ਬੇਰਾਂ ਦਾ ਕੁੱਝ ਨਹੀਂ ਵਿਗੜਿਆ ਧੋ ਸੰਵਾਰ ਕੇ ਝੋਲੀ ਪਾ ਲਈਏ ਅਤੇ ਨਵੇਂ ਸਿਰੇ ਤੋਂ ਉਪਰਾਲੇ ਸ਼ੁਰੂ ਕਰ ਦਈਏ ਇੱਕ ਤਾਂ ਸਾਰੀਆਂ ਸਾਹਿਤ ਸਭਾਵਾਂ ਆਪਣੇ ਕੰਮਾਂ ਦੀ ਸਮੀਖਿਆ ਜ਼ਰੂਰ ਕਰਨ ਸਾਥੋਂ ਕਿੱਥੇ ਘਾਟ ਰਹੀ ਹੈ।ਦੂਜੇ ਸਰਕਾਰ ਤੇ ਦਬਾਅ ਬਣਾਇਆ ਜਾਵੇ ਜੋ ਪੰਜਾਬੀ ਬੋਲੀ ਬਾਰੇ ਕਨੂੰਂਨ ਬਣੇ ਹਨ ਉਹ ਸਖ਼ਤੀ ਨਾਲ ਲਾਗੂੂ ਕਰਵਾਏ ਜਾਣ।ਲੇਖਕ ਖ਼ੁਦ ਵੱਧ ਤੋਂ ਵੱਧ ਪੰਜਾਬੀ ਮਾਂ ਬੋਲੀ ਦੀ ਵਰਤੋਂ ਕਰਨ ਅਤੇ ਆਪਣੇ ਸਕੇ ਸੰਬੰਧੀਆਂ, ਦੋਸਤਾਂ ,ਮਿੱਤਰਾਂ ਨੂੰ ਪੰਜਾਬੀ ਮਾਂ ਬੋਲੀ ਦਾ ਮਹੱਤਵ ਸਮਝਾ ਕੇ ਇਸਦੀ ਵੱਧ ਤੋਂ ਵੱਧ ਵਰਤੋਂ ਲਈ ਪ੍ਰੇਰਿਤ ਕਰਨ।ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿਚੋਂ ਬੇਰੁਜ਼ਗਾਰੀ ਦੂਰ ਕੀਤੀ ਜਾਵੇ ਇਹ ਵੀ ਨੌਜ਼ਵਾਨਾ ਨੂੰ ਮਾਂ ਬੋਲੀ ਤੋਂ ਦੂਰ ਲਿਜਾ ਰਹੀ ਹੈ।ਪਰਿਵਾਰਾਂ ਦਾ ਵੀ ਫਰਜ਼ ਬਣਦਾ ਹੈ ਬਾਕੀ ਭਾਸ਼ਾਵਾਂ ਤੋਂ ਪਹਿਲਾਂ ਬੱਚਿਆਂ ਨੂੰ ਮਾਂ ਬੋਲੀ ਵਿਚ ਵੱਧ ਤੋਂ ਵੱਧ ਗਿਆਨ ਦਿੱਤਾ ਜਾਵੇ।ਮੁਬਾਰਕ ਮੌਕਿਆਂ ਤੇ ਤੋਹਫੇ ਦੇ ਤੌਰ ਤੇ ਪੰਜਾਬੀ ਮਾਂ ਬੋਲੀ ਦੀਆਂ ਪੁਸਤਕਾਂ ਭੇਟ ਕੀਤੀਆਂ ਜਾਣ।ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਲਾਇਬ੍ਰੇਰੀਆਂ ਖੋਲ੍ਹੀਆਂ ਜਾਣ।ਮੈਂ ਸਾਰੇ ਪੰਜਾਬੀਆਂ ਨੂੰ ਸਨਿਮਰ ਬੇਨਤੀ ਕਰਦਾ ਹਾਂ ਕਿ ਆਓ ਸਾਰੇ ਰਲ਼ਕੇ ਪੰਜਾਬੀ ਮਾਂ ਬੋਲੀ ਦੇ ਮਾਣ ਸਤਿਕਾਰ ਸਨਮਾਨ ਅਤੇ ਇਸਦੀ ਚੜ੍ਹਦੀ ਕਲ੍ਹਾ ਲਈ ਜ਼ੋਰਦਾਰ ਹੰਭਲਾ ਮਾਰੀਏ।ਅੰਤ ਵਿੱਚ ਮੈਂ ਆਪਣੇ ਇੱਕ ਸ਼ਿਅਰ ਨਾਲ ਲਿਖਤ ਸਮਾਪਤ ਕਰਾਂਗਾ।“ਹੋਰ ਕਿਸੇ ਦੀ ਭਾਸ਼ਾ ਤੱਕ ਕੇ,ਓਹਦੇ ਉੱਤੇ ਡੁੱਲ੍ਹ ਜੋ ਜਾਵੇ।ਉਸ ਦੇਸ਼ ਦਾ ਰੱਬ ਹੀ ਰਾਖਾ ਆਪਣੀ ਭਾਸ਼ਾ ਭੁੱਲ ਜੋ ਜਾਵੇ।”

ਅਮਰੀਕ ਸਿੰਘ ਤਲਵੰਡੀ

ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ ਗਲੀ ਨੰ-13 ਮੁੱਲਾਂਪੁਰ ਦਾਖਾ (ਲੁਧਿਆਣਾ)9463542896.

Show More

Related Articles

Leave a Reply

Your email address will not be published. Required fields are marked *

Back to top button
Translate »