ਏਹਿ ਹਮਾਰਾ ਜੀਵਣਾ

ਆਓ ਮਕਾਨਾਂ ਤੋਂ ਘਰਾਂ ਵੱਲ ਵਾਪਸੀ ਕਰੀਏ


ਪਿਆਰਾ ਸਿੰਘ ਗੁਰਨੇ ਕਲਾਂ

ਪਹਿਲਾਂ ਘਰ ਛੋਟਾ ਤੇ ਪਰਿਵਾਰ ਵੱਡਾ ਪਰ ਹੁਣ ਘਰ ਵੱਡਾ ਤੇ ਪਰਿਵਾਰ ਛੋਟਾ ,ਅੱਜ ਦਾ ਵਰਤਾਰਾ ਹੈ ।ਵੱਡੀਆਂ ਕੋਠੀਆਂ
ਤੇ ਵੱਡੇ ਮਹਿਲ ਬੌਣੇ ਮਨੁੱਖਾਂ ਨੂੰ ਜਨਮ ਦੇ ਰਹੇ ਹਨ। ਵੱਡਾ ਘਰ ਉਹ ਜਿੱਥੇ ਇਨਸਾਨੀਅਤ ਦਾ ਕੱਦ ਉੱਚਾ,ਜਿੱਥੇ ਮੋਹ ਦੀ
ਨਦੀ ਵਗਦੀ ਹੈ ,ਜਿੱਥੇ ਰਿਸ਼ਤਿਆਂ ਦਾ ਕੱਦ ਬੁਰਜ ਖਲੀਫੇ ਜਿੱਡਾ ਉੱਚਾ ਹੈ,ਜਿੱਥੇ ਚੰਗਿਆਈ ਦਾ ਦਰਿਆ ਵਹਿੰਦਾ
ਹੈ,ਜਿੱਥੇ ਸੰਸਕਾਰਾਂ ਦੀ ਨੀਤੀ ਚੱਲਦੀ ਹੈ, ਜਿੱਥੇ ਨੈਤਿਕਤਾ ਦਾ ਅਖੰਡ ਪਾਠ ਹਰ ਸਮੇਂ ਚੱਲਦਾ ਹੈ, ਜਿੱਥੇ ਚਾਅ ਤੇ ਸੱਧਰਾਂ
ਪਲਦੇ ਹਨ,ਜਿੱਥੇ ਹਾਸੇ ਫੁੱਟਦੇ ਹਨ।ਪਰ ਘਰਾਂ ਤੋਂ ਬਣੇ ਮਕਾਨਾਂ ਨੇ ਸਭ ਕੁਝ ਉਲਟਾ ਪੁਲਟਾ ਕਰਕੇ ਰੱਖ ਦਿੱਤਾ ਹੈ।
                    ਛੋਟੇ ਤੇ ਕੱਚੇ ਘਰਾਂ ਤੋਂ ਵੱਡੇ ਘਰਾਂ ਤੱਕ ਦਾ ਸਫਰ ਬਹੁਤ ਕੁਝ ਨਿਕਲ ਚੁੱਕਿਆ ਹੈ।ਘਰ ਵੱਡੇ ਹੋ ਗਏ ਤੇ
ਮਨੁੱਖ ਬੌਣੇ। ਪਹਿਲਾਂ ਘਰ ਬੌਣੇ ਤੇ ਮਨੁੱਖ ਵੱਡੇ ਸਨ।ਦਿਲ ਸੁੰਗੜ ਗਏ ਤੇ ਮਕਾਨ ਵੱਡੇ ਹੋ ਗਏ।ਪਹਿਲਾਂ ਛੋਟੇ ਘਰਾਂ ਵਿੱਚ
ਵੱਡੇ ਪਰਿਵਾਰ ਵੱਸਦੇ ਸਨ।ਹੁਣ ਵੱਡੇ ਮਕਾਨਾਂ ਵਿੱਚ ਦੋ ਜਾਂ ਤਿੰਨ ਜਣੇ ਰਹਿੰਦੇ ਹਨ।ਹਰ ਘਰ ਵਿੱਚ ਜਿੰਨੇ ਜੀਅ ਉਨੇ ਹੀ
ਘਰ ਹਨ।ਹੁਣ ਕਮਰਾ ਹੀ ਘਰ ਹੋ ਗਿਆ ਹੈ।ਮਜਾਲ ਹੈ ਕਿ ਕੋਈ ਬਿਨਾਂ ਦੱਸੇ ਤੇ ਪੁੱਛੇ ਦੂਜੇ ਦੇ ਕਮਰੇ ਵਿੱਚ ਜਾ ਸਕੇ ।ਫੋਨ
ਘਰਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ ।ਜੋ ਵੀ ਜੀਅ ਨੇ ਦੂਸਰੇ ਜੀਅ ਨੂੰ ਕੋਈ ਗੱਲ ਕਹਿਣੀ ਹੈ ਜਾਂ ਕੁਝ ਵੀ ਖਾਣਾ ਹੈ ਤਾਂ
ਫੋਨ ਕਰਕੇ ਦੱਸਿਆ ਜਾਂ ਪੁੱਛਿਆ ਜਾਂਦਾ ਹੈ।ਹੁਣ ਘਰ ਅਜਨਬੀਆਂ ਦੇ ਅੱਡੇ ਬਣ ਚੁੱਕੇ ਹਨ ।ਬੀਤਿਆ ਸਮਾਂ ਮੱਥੇ ਤੇ ਹੱਥ
ਮਾਰ ਕੇ ਅਤੇ ਦੁਹੱਥੜੇ ਮਾਰ ਕੇ ਰੋ ਰਿਹਾ ਹੈ ।
                             ਇੱਕ ਸਮਾਂ ਸੀ ਕਿ ਘਰ ਮੋਹ ਦੀਆਂ ਪੰਡਾਂ ਹੁੰਦੇ ਸਨ ।ਘਰ ਕੱਚੇ ਪਰ ਦਿਲ ਪੱਕੇ ਮੋਹ ਤੇ
ਪਿਆਰ ਨਾਲ ਲਿਬੜੇ ਹੋਏ ।ਸ਼ਾਮ ਨੂੰ ਇੱਕ ਕਤਾਰ ਦੇ ਮੰਜਿਆਂ ਵਿੱਚ ਬਹਿ ਜਾਣਾ ਤੇ ਅਸਮਾਨ ਚ ਟਿਮਕਦੇ ਤਾਰਿਆਂ ਨੂੰ
ਦੇਖਣਾ ,ਗੱਲਾਂ ਤੇ ਬਾਤਾਂ ਦਾ ਨਾ ਮੁੱਕਣ ਵਾਲਾ ਪ੍ਰਵਾਹ,ਕਬੀਲਦਾਰੀਆਂ ਫੋਰੇ ਚ ਠੀਕ ਹੋ ਜਾਂਦੀਆਂ ,ਖੁੱਲੇ ਡੁੱਲੇ ਸਰੀਰਾਂ
ਵਿੱਚ ਬੜੇ ਤਕੜੇ ਮਨ,ਚਿੰਤਾ ਤਾਂ ਟੱਬਰ ਦੇ ਨੇੜੇ ਤੇੜੇ ਨਾ ਢੁਕਦੀ,ਰੁੱਖੀ- ਮਿੱਸੀ ਖਾ ਕੇ ਦੁੱਧ ਵਰਗੇ ਚਿੱਟੇ ਦਿਲ,ਹਾਸੇ ਠੱਠੇ
ਰਿਸ਼ਤਿਆਂ ਦੀ ਪਵਿੱਤਰਤਾ ਨੂੰ ਵਹਿਣ ਦਿੰਦੇ ,ਕਿੰਨਾ ਸਕੂਨ,ਉੱਚਤਾ ਤੇ ਸੁੱਚਤਾ ਸੀ ਉਹਨਾਂ ਰਿਸ਼ਤਿਆਂ ਵਿੱਚ।
                     ਘਰਾਂ ਤੋਂ ਮਕਾਨਾਂ ਤੱਕ ਰਿਸ਼ਤਿਆਂ ਦਾ ਸਫਰ ਦੁਖਦਾਈ ਹੀ ਹੁੰਦਾ ਗਿਆ।ਮਕਾਨਾਂ ਨੇ ਰਿਸ਼ਤਿਆਂ ਦੀ
ਗ੍ਰਾਮਰ ਵਿਗਾੜ ਕੇ ਹੀ ਰੱਖ ਦਿੱਤੀ।ਘਰ ਵਿੱਚ ਜਦ ਕਿਸੇ ਨੇ ਆਉਣਾ ਤਾਂ ਹਰ ਚਿਹਰੇ ਅਤੇ ਦਿਲ ਤੇ ਜੀ ਆਇਆਂ ਨੂੰ
ਲਿਖਿਆ ਹੁੰਦਾ ਸੀ।ਹੁਣ ਮਕਾਨਾਂ ਵਿੱਚ ਇਕੱਲਤਾ ਹੰਢਾਈ ਜਾ ਰਹੀ ਹੈ।ਮਕਾਨ ਅੰਦਰ ਹਰ ਚਿਹਰੇ ਤੇ ਅੰਦਰ ਆਉਣਾ
ਮਨਾ ਹੈ ਦਾ ਬੋਰਡ ਲੱਗ ਚੁੱਕਿਆ ਹੈ ।ਮੱਥੇ ਦੇ ਤਿਉੜੀਆਂ ਵਾਲਾ ਨਵਾਂ ਸਮਾਜ, ਨਵਾਂ ਘਰ,ਨਵਾਂ ਪਰਿਵਾਰ ਤੇ ਨਵਾਂ
ਮਨੁੱਖ ਉਸਰ ਰਿਹਾ ਹੈ।
                           ਘਰਾਂ ਵਿੱਚ ਦੁੱਖ ਤੇ ਸੁੱਖ ਸਾਂਝੇ ਸਨ।ਇੱਕ ਨੂੰ ਕੁਝ ਤਕਲੀਫ ਹੋਈ ਨਹੀਂ ਤਾਂ ਸਭ ਦੀਆਂ
ਚੰਗਿਆੜਾਂ ਨਿਕਲ ਜਾਂਦੀਆਂ ਸਨ।ਖੁਸ਼ੀ ਦਾ ਘੇਰਾ ਬਹੁਤ ਵੱਡਾ ਸੀ ਜਿਹੜਾ ਵਿਹੜਿਆਂ ਨੂੰ,ਪਿੰਡ ਨੂੰ ਤੇ ਮਨੁੱਖ ਨੂੰ ਆਪਣੀ
ਬੁੱਕਲ ਵਿੱਚ ਸਮੇਟ ਲੈਂਦਾ ਸੀ।ਹੁਣ ਦੁੱਖ ਵੀ ਆਪਣਾ ਤੇ ਸੁੱਖ ਵੀ ਨਿੱਜੀ ।ਹਾਲਾਤ ਇਹ ਨੇ ਕਿ ਨਾਲ ਦੇ ਮਕਾਨ ਵਿੱਚ ਮੌਤ
ਵੀ ਹੋ ਜਾਵੇ ਤਾਂ ਮਕਾਨ ਟਸ ਤੋਂ ਮਸ ਨਹੀਂ ਹੋ ਰਹੇ।ਸੋਗ ਪੂਰੀ ਤਰ੍ਹਾਂ ਸੁੰਗੜ ਗਿਆ ਹੈ ।ਹੁਣ ਮਰਨ ਤੇ ਪਿੱਟ ਪਿੱਟ ਕੇ ਬੈਣ
ਨਹੀਂ ਪਾਏ ਜਾਂਦੇ ਸਗੋਂ ਅੱਖਾਂ ਤੇ ਹੰਝੂ ਪਹਿਨੇ ਜਾਂਦੇ ਹਨ।ਮਕਾਨਾਂ ਵਿੱਚੋਂ ਸੁੱਖ ਤੇ ਦੁੱਖ ਦੀ ਆਪਣੀ ਇੱਕ ਨਵੀਂ ਪਰਿਭਾਸ਼ਾ
ਪੈਦਾ ਹੋ ਚੁੱਕੀ ਹੈ। 

                       ਮਕਾਨਾਂ ਦੀ ਘਰਾਂ ਵਿੱਚ ਐਂਟਰੀ ਕੀ ਹੋਈ ਕਿ ਸਾਂਝਾਂ ਦਾ ਦੌਰ ਖੰਭ ਲਾ ਕੇ ਉੱਡ ਗਿਆ। ਹੁਣ ਨਾਲ
ਦੇ ਘਰਾਂ ਤੋਂ ਦਾਲ ਮੰਗਣ ਦਾ ਰਿਵਾਜ਼ ਖਤਮ ਹੋ ਗਿਆ। ਵਾਧੂ ਸਬਜ਼ੀ ਹੁਣ ਬਾਜ਼ਾਰ ਦਾ ਪ੍ਰੋਡਕਟ ਬਣ ਗਈ ਹੈ ।ਪਹਿਲਾਂ
ਵਾਧੂ ਸਬਜ਼ੀ ਨਾਲ ਦੇ ਘਰਾਂ ਵਿੱਚ ਵੰਡ ਦਿੱਤੀ ਜਾਂਦੀ ਸੀ ।ਮਕਾਨਾਂ ਦੇ ਆਪਣੇ ਹੀ ਕਾਨੂੰਨ ਤੇ ਅਕੀਦੇ ਬਣ ਗਏ ਹਨ।
ਕੂਕਰ ਦੀ ਸੀਟੀ ਵੱਜਦੇ ਹੋਣ ਤੇ ਵੀ ਕਹਿ ਦੇਣਗੇ ਕਿ ਅੱਜ ਕੁਝ ਬਣਾਇਆ ਹੀ ਨਹੀਂ।ਫਸਲਾਂ ਬੀੜੀ ਦੀ ਜਗ੍ਹਾ ਹੁਣ
ਮਜ਼ਦੂਰੀ ਆ ਗਈ।ਬੀੜੀ ਸੀਰੀ ਸੀਰ ਸਿਆਪਾ ਬਣ ਗਏ। ਬਦਲਦੇ ਦੌਰ ਨੇ ਸਾਂਝਾਂ ਦਾ ਕਤਲ ਕਰਕੇ ਰੱਖ ਦਿੱਤਾ ਤੇ ਹਰ
ਬੰਦਾਅਜਨਬੀ ਬਣ ਕੇ ਵਿਚਰਦਾ ਮਹਿਸੂਸ ਹੋ ਰਿਹਾ ਹੈ।
                           ਸ਼ਹਿਰ ਜਾਨੀ ਬਾਜ਼ਾਰ ਹੁਣ ਪਿੰਡਾਂ ਵਿੱਚ ਹੀ ਨਹੀਂ ਸਗੋਂ ਮਕਾਨਾਂ ਤੇ ਪੇਂਡੂ ਮਨੁੱਖਾਂ ਵਿੱਚ ਆ ਵੜੇ
ਹਨ ।ਬਾਜ਼ਾਰੂ ਸੋਚ ਦਾ ਦਬਦਬਾ ਬਹੁਤ ਵੱਧ ਗਿਆ ਹੈ।ਹਰ ਕੰਮ ਦੀ ਇੱਕ ਕੀਮਤ ਹੋ ਗਈ ਹੈ।ਪੈਸਾ ਤੇ ਪਦਾਰਥ
ਮਕਾਨਾਂ ਦੀ ਫਿਲਾਸਫੀ ਬਣ ਚੁੱਕੇ ਹਨ ।ਪਿੰਡ ਹੁਣ ਭੋਲੇ ਨਹੀਂ ਰਹੇ ਸਗੋਂ ਸ਼ਹਿਰਾਂ ਵਾਂਗ ਹਰ ਚੀਜ਼ ਦਾ ਬਾਜ਼ਾਰ ਤੇ ਵਪਾਰ
ਸਿਰਜ ਰਹੇ ਹਨ। ਹਰ ਸ਼ੈਅ ਤੇ ਰਿਸ਼ਤੇ ਦੀ ਇੱਕ ਕੀਮਤ ਤੈਅ ਹੋ ਚੁੱਕੀ ਹੈ ।ਉਹ ਸ਼ੈਅ ਤੇ ਰਿਸ਼ਤੇ ਨੇ ਵਿਕਣਾ ਮਹਿੰਗੀ
ਕੀਮਤ ਤੇ ਹੀ ਹੈ।ਬਾਜ਼ਾਰ ਮੋਹ ,ਪਿਆਰ ,ਸਹਿਯੋਗ ,ਰਿਸ਼ਤੇ ਆਦਿ ਨੂੰ ਮਨਫੀ ਕਰਕੇ ਮੁੱਲ ਦੇ ਸਿਧਾਂਤ ਤੇ ਕੰਮ ਕਰਦਾ ਹੈ
।ਮੋਹ ਦੇ ਸਿਧਾਂਤ ਤੇ ਫ਼ਿਲਾਸਫ਼ੀ ਦਾ ਕੋਈ ਮੁੱਲ ਹੀ ਨਹੀਂ ਰਹਿ ਜਾਂਦਾ।
                     ਸਿਆਣਪ ਨਾਲੋਂ ਟੁੱਟ ਕੇ ਅਸੀਂ ਸਿਆਣੇ ਨਹੀਂ ਹੋ ਸਕਦੇ।ਸਿਆਣਪ ਦੀ ਖਾਣ ਸਾਡੇ ਵੱਡੇ ਵਡੇਰੇ ਹਨ
।ਵੱਡੇ ਮਕਾਨਾਂ ਵਿੱਚ ਵਡੇਰਿਆਂ ਨੂੰ ਥੋੜੀ ਜਿਹੀ ਥਾਂ ਹੀ ਨਹੀਂ ਮਿਲ ਸਕੀ ।ਬਾਤਾਂ,ਗੱਲਾਂ,ਕਹਾਣੀਆਂ ਤੇ ਨੈਤਿਕਤਾ ਤਾਂ ਹਨ
ਪਰ ਉਹਨਾਂ ਦਾ ਸੰਚਾਰ ਅਗਲੀ ਪੀੜੀ ਤੱਕ ਨਹੀਂ ਹੋ ਰਿਹਾ। ਦਾਦੇ ਦਾਦੀ ,ਨਾਨੇ ਨਾਨੀ ਦੀ ਗੋਦ ਚ ਹੁਣ ਪੋਤੇ ਪੋਤੀਆਂ ਤੇ
ਦੋਹਤੇ ਦੋਤੀਆਂ ਨਹੀਂ ਬੈਠਦੇ।ਇਹ ਗੋਦ ਹੁਣ ਦੁੱਖਾਂ ਤੇ ਤਕਲੀਫ਼ਾਂ ਨਾਲ ਅਸੀਂ ਭਰ ਦਿੱਤੀ ਹੈ ।ਇਸ ਗੋਦ ਵਿੱਚ ਹੁਣ ਹਉਕੇ
ਤੇ ਸਿਸਕੀਆਂ ਹਨ ।ਮਨੁੱਖ ਐਨਾ ਸੁੰਗੜ ਗਿਆ ਹੈ ਕਿ ਸਾਰੀ ਉਮਰ ਉਸਦੇ ਲੇਖੇ ਲਾਉਣ ਵਾਲੇ ਮਾਪਿਆਂ ਨੂੰ ਕੁਝ ਸਮਾਂ
ਵੀ ਆਪਣੇ ਦਿਲ ਵਿੱਚ ਨਹੀਂ ਦੇ ਰਿਹਾ।ਦੁਆ ਤੇ ਅਸੀਸ ਤੋਂ ਵਿਰਵੇ ਸਮਾਜ ਕਦੇ ਸੰਤੁਲਿਤ ਨਹੀਂ ਹੋ ਸਕਦੇ। ਡੋਲਦੇ ਸਮਾਜ
ਨੂੰ ਬਦ ਅਸੀਸ ਲੱਗ ਚੁੱਕੀ ਹੈ।
                   ਸੋਸ਼ਲ ਮੀਡੀਆ ਤੇ ਮੋਬਾਈਲ ਫੋਨ ਹਰ ਮਨੁੱਖ ਦਾ ਘਰ ਤੇ ਦੁਨੀਆਂ ਬਣ ਚੁੱਕੀ ਹੈ। ਘਰ ਵਿੱਚ ਜਿੰਨੇ
ਜੀਅ ਉਨੇ ਫੋਨ।ਇਕੱਠੇ ਬੈਠੇ ਹਰ ਇੱਕ ਆਪਣੀ ਆਪਣੀ ਟਿੱਕ ਟਿੱਕ ਕਰ ਰਿਹਾ ਹੈ ।ਸਾਰੇ ਇਕੱਠੇ ਬੈਠੇ ਹੁੰਦੇ ਨੇ ਤੇ ਨਾ
ਟੁੱਟਣ ਵਾਲੀ ਚੁੱਪ ਪਸਰੀ ਹੁੰਦੀ ਹੈ। ਸਭ ਕੁਝ ਟੁੱਟ ਕੇ ਸਿਰਫ ਫੋਨ ਨਾਲ ਜੁੜ ਚੁੱਕਿਆ ਹੈ ।ਗੱਲਾਂ ਵਿਚਾਰਾਂ,ਮਸ਼ਵਰੇ ਤੇ
ਸਲਾਹਾਂ ਸਭ ਮਨਫੀ ਹੋ ਗਏ ਹਨ ।ਮਕਾਨਾਂ ਵਿੱਚ ਹੁਣ ਮਨੁੱਖ ਨਹੀਂ ਫੋਨ ਜਿਉਂ ਰਹੇ ਹਨ। ਖਾਣਾ ਖਾਣ ਸਮੇਂ ਇਕੱਠੇ ਬੈਠਦੇ
ਜਰੂਰ ਹਨ ਪਰ ਇੱਕ ਹੱਥ ਬੁਰਕੀ ਤੇ ਇੱਕ  ਹੱਥ ਨਾਲ ਟਿਕ ਟਿਕ ਹੁੰਦੀ ਹੈ ।ਇੰਨਾ ਇਕੱਲਾ ਮਨੁੱਖ ਕਦੇ ਨਹੀਂ ਹੋਇਆ
,ਜਿੰਨਾ ਫੋਨ ਨੇ ਕਰ ਦਿੱਤਾ ਹੈ। 
ਸਿੱਖਿਆ ਦਾ ਰੋਲ ਘਰਾਂ ਨੂੰ ਮਕਾਨ ਬਣਾਉਣ ਵਿੱਚ ਹਾਂ ਪੱਖੀ ਹੈ ।ਸਿੱਖਿਆ ਡਾਕਟਰ ਪੈਦਾ ਕਰਦੀ ਹੈ ,ਇੰਜੀਨੀਅਰ ਪੈਦਾ
ਕਰਦੀ ਹੈ ,ਅਫਸਰ ਪੈਦਾ ਕਰਦੀ ਹੈ ਪਰ ਉਹ ਮਨੁੱਖ ਪੈਦਾ ਕਰਨ ਵਿੱਚ ਪੂਰੀ ਤਰਾਂ ਅਸਫਲ ਹੈ ਜੋ ਮਕਾਨ ਨੂੰ ਘਰ
ਬਣਾ ਸਕੇ ।ਘਰਾਂ ਵਿੱਚ ਇਨਸਾਨੀਅਤ ਹੀ ਵਸਦੀ ਹੈ ।ਮਕਾਨ ਮਨੁੱਖਾਂ ਦੇ ਵਸਦੇ ਹੋਏ ਵੀ ਪੱਥਰ ਹੁੰਦੇ ਨੇ,ਖੰਡਰ ਹੁੰਦੇ ਨੇ
।ਸਿੱਖਿਆ ਦਾ ਮਕਸਦ ਪਦਾਰਥ ਜਾਂ ਪੈਸੇ ਨਾਲ ਜੁੜਨਾ ਬਣ ਚੁੱਕਿਆ ਹੈ।ਸਿੱਖਿਆ ਰਿਸ਼ਤਿਆਂ ਵਿੱਚ ਜੋੜ ਤੇ ਗੁਣਾਂ ਦੀ

ਫਿਲਾਸਫੀ ਸਿਰਜਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ ।ਪੈਸੇ ਨੇ ਮੁਨਾਫੇ ਨਾਲ ਖੜਨਾ,ਰਿਸ਼ਤੇ ਨਾਲ ਨਹੀਂ ।ਸੋ ਸਿੱਖਿਆ
ਦਾ ਮਕਸਦ ਇਨਸਾਨੀਅਤ ਪੈਦਾ ਕਰਨਾ ਵੀ ਕਰਨਾ ਪਵੇਗਾ ਤਾਂ ਜੋ ਮਕਾਨਾਂ ਨੂੰ ਘਰਾਂ ਵਿੱਚ ਤਬਦੀਲ ਕੀਤਾ ਜਾ ਸਕੇ।
ਸੋ ਕੈਸਾ ਸਮੇਂ ਦਾ ਪੁੱਠਾ ਗੇੜ ਤੇ ਕੈਸੀ ਹਨੇਰੀ ਚੱਲੀ ਹੈ ਕਿ ਘਰ ਮਕਾਨਾਂ ਵਿੱਚ ਤਬਦੀਲ ਹੋ ਰਹੇ ਹਨ ।ਤਬਦੀਲੀ
ਕੁਦਰਤ ਦੁਆਰਾ ਤੈਅ ਹੈ ਪਰ ਇਸ ਤੋਂ ਘਰਾਂ ਨੂੰ ਬਚਾ ਕੇ ਰੱਖਣਾ ਸਮੇਂ ਦੀ ਮੰਗ ਵੀ ਹੈ ਤੇ ਜਰੂਰਤ ਵੀ ।ਸੋ ਆਓ ਮਕਾਨਾਂ
ਨੂੰ ਘਰ ਬਣਾ ਕੇ ਸੋਹਣੇ -ਸੋਹਣੇ ਤੇ ਹੱਸਦੇ-ਵੱਸਦੇ ਪਰਿਵਾਰਾਂ ਵੱਲ ਮੁੜ ਵਾਪਸੀ ਕਰੀਏ ।
ਪਿਆਰਾ ਸਿੰਘ ਗੁਰਨੇ ਕਲਾਂ
ਪਿੰਡ ਤੇ ਡਾਕਖਾਨਾ -ਗੁਰਨੇ ਕਲਾਂ
ਤਹਿਸੀਲ -ਬੁਢਲਾਡਾ
ਜਿਲਾ – ਮਾਨਸਾ
ਮੋਬਾਇਲ ਨੰਬਰ -99 156 21 188

Show More

Related Articles

Leave a Reply

Your email address will not be published. Required fields are marked *

Back to top button
Translate »