ਅੰਬਰੋਂ ਟੁੱਟੇ ਤਾਰਿਆਂ ਦੀ ਗੱਲ

ਆਖਿਰ ਤੁਰ ਗਿਆ ਘੋੜੀ ਆਲਾ ਬਾਪੂ ਗੁਰਨਾਮ ਸਿੰਘ ਰਾਮੂੰਵਾਲੀਆ

ਗੁਰਨਾਮ ਸਿੰਘ ਰਾਮੂੰਵਾਲੀਆ

ਉਹਦਾ ਵੱਡਾ ਰੁਤਬੇਦਾਰ ਕੱਦ, ਰੰਗ ਗੋਰਾ,ਮੋਟੇ ਮੋਟੇ ਨੈਣ ਨਕਸ਼,ਦੰਦਬੀੜ ਕੋਲ ਹਮੇਸ਼ਾ ਈ ਮਿਲਣਵਾਲੇ ਲਈ ਜੀ ਆਇਆਂ ਨੂੰ ਕਹਿਣ ਵਰਗੀ ਦਿੱਖ, ਇਹ ਬਾਹਰੀ ਦਿੱਖ ਸੀ ਬਾਪੂ ਗੁਰਨਾਮ ਸਿੰਘ ਰਾਮੂੰਵਾਲੀਆ ਦੀ ਜਿਹਨੂੰ ਨਵਾਂ ਰਾਮੂੰਵਾਲਾ ਦੇ ਵਾਸੀ ਘੋੜੀ ਆਲੇ ਗੁਰਨਾਮ ਸਿਓਂ ਦੇ ਨਾਂ ਨਾਲ ਵੀ ਜਾਣਦੇ ਸਨ। ਧੀਆਂ ਦੇ ਕਨੇਡਾ ਪਰਵਾਸ ਉਪਰੰਤ ਬਾਪੂ ਗੁਰਨਾਮ ਸਿੰਘ ਵੀ ਆਪਣੇ ਇਕਲੌਤੇ ਬੇਟੇ ਬੇਅੰਤ ਗਿੱਲ ਜਿਸ ਨੂੰ ਅਸੀਂ ਰਾਜਾ ਕਹਿਕੇ ਵੀ ਬੁਲਾਂਉਂਦੇ ਹਾਂ, ਦੇ ਨਾਲ ਹੀ ਕਨੇਡਾ ਦਾ ਵਾਸੀ ਹੋ ਗਿਆ ਸੀ। ਜਿੰਨੇ ਕੁ ਸਾਲ ਸਰੀਰ ਨੇ ਇਜਾਜਤ ਦਿੱਤੀ ਉਹਨੇ ਪਿੰਡ ਦੀ ਮਿੱਟੀ ਨਾਲ ਮੋਹ ਦੇ ਰਿਸ਼ਤੇ ਨੂੰ ਬਾਖੂਬ ਨਿਭਾਇਆ ਉਹਦੀ ਕੋਸ਼ਿਸ ਹੁੰਦੀ ਸੀ ਕਿ ਉਹ ਹਰ ਸਾਲ ਸਰਦੀਆਂ ਰੁੱਤੇ ਪੰਜਾਬ ਗੇੜੀ ਮਾਰੇ। ਕਿਤਾਬਾਂ ਨਾਲ ਉਹਦਾ ਅੰਤਾਂ ਦਾ ਮੋਹ ਸੀ ਉਹਦੇ ਘਰ ਦੀ ਦਹਿਲੀਜ ਟੱਪੀ ਕੋਈ ਵੀ ਕਿਤਾਬ ਦੋ ਚਾਰ ਦਿਨ ਤੋਂ ਵੱਧ ਸਮਾਂ ਉਹਦੇ ਤੋਂ ਦੂਰ ਨਹੀਂ ਰਹੀ ਸੀ।ਇੱਕ ਵਾਰੀ ਮੈਂ ਡਾਕਟਰ ਬਲਵਿੰਦਰ ਕੌਰ ਬਰਾੜ ਦੀ ਕਿਤਾਬ “ਮਨ ਦਾ ਕੋਨਾ” ਸਪੈਸ਼ਲ ਘਰ ਜਾਕੇ ਦੇਕੇ ਆਇਆ ਤਾਂ ਤੀਜੇ ਦਿਨ ਹੀ ਮੈਨੂੰ ਫੋਨ ਆ ਗਿਆ ਕਿ ਉਹ ਤਾਂ ਮੈਂ ਪੜ੍ਹ ਦਿੱਤੀ ਕੋਈ ਹੋਰ ਵੀ ਦੇ ਜਾ। ਮੇਰੇ ਲਈ ਇਹ ਮਾਣ ਵਾਲੀ ਗੱਲ ਐ ਕਿ ਮੇਰੇ ਵੱਲੋਂ ਪ੍ਰਕਾਸਿਤ ਕੀਤੇ ਜਾਂਦੇ “ਪੰਜਾਬੀ ਅਖ਼ਬਾਰ” ਦਾ ਉਹ ਲਗਾਤਾਰਤਾ ਦੀ ਲਿਸਟ ਵਾਲਾ ਪਾਠਕ ਸੀ। ਵੀਰਵਾਰ ਵਾਲੇ ਦਿਨ ਉਹਦਾ ਫੋਨ ਆ ਜਾਣਾ ਕਿ ਅਖ਼ਬਾਰ ਹਾਲੇ ਤੱਕ ਆਇਆ ਈ ਨਹੀਂ।

31 ਜਨਵਰੀ, 1 ਫਰਵਰੀ ਅਤੇ 2 ਫਰਵਰੀ 2025 ਨੂੰ ਮੇਰੇ ਫੋਨ ਉੱਪਰ ਲਗਾਤਾਰ ਤਿੰਨ ਦਿਨ ਘੰਟੀ ਵੱਜਦੀ ਰਹੀ ਪਰ ਮੈਂ ਪੰਜਾਬ ਗਿਆ ਹੋਣ ਕਾਰਣ ਉਸ ਸਮੇਂ ਰਾਤ ਹੋਣ ਕਾਰਣ ਸੁੱਤਾ ਹੁੰਦਾ ਸੀ ਇਸ ਲਈ ਫੋਨ ਨਾ ਚੁੱਕ ਸਕਿਆ। ਫਿਰ ਮੈਂ 3 ਫਰਵਰੀ 2025 ਨੂੰ ਉਹਨਾਂ ਦੇ ਬੇਟੇ ਬਾਈ ਬੇਅੰਤ ਗਿੱਲ ਨੂੰ ਫੋਨ ਕਰਕੇ ਦੱਸਿਆ ਕਿ ਬਾਪੂ ਜੀ ਦੀਆਂ ਲਗਾਤਾਰ ਤਿੰਨ ਦਿਨਾਂ ਤੋਂ ਮੇਰੇ ਫੋਨ ਉੱਪਰ ਕਾਲਾਂ ਆ ਰਹੀਆਂ ਹਨ ਪਰ ਮੈ ਪੰਜਾਬ ਗਿਆ ਹੋਇਆ ਹਾਂ ਉਹਨਾਂ ਨੂੰ ਦੱਸ ਦਿਓ ਕਿ ਮੈਂ 26 ਫਰਵਰੀ 2025 ਨੂੰ ਵਾਪਿਸ ਆਕੇ ਉਹਨਾਂ ਨੂੰ ਮਿਲਾਂਗਾ।ਬਾਪੂ ਜੀ ਦੀ ਸਿਹਤ ਵਾਰੇ ਪੁਛਿਆ ਤਾਂ ਉਹਨਾਂ ਦੱਸਿਆ ਕਿ ਵਧੀਆ ਠੀਕ ਹਨ ਕੋਈ ਫਿਕਰ ਵਾਲੀ ਗੱਲ ਨਹੀਂ। ਮੈਂ ਬਾਪੂ ਗੁਰਨਾਮ ਸਿੰਘ ਨਾਲ ਇੱਕ ਵਾਅਦਾ ਕੀਤਾ ਸੀ ਕਿ ਰਾਮੂੰਵਾਲੀਆ ਕਵੀਸ਼ਰੀ ਜਥੇ ਦਾ ਪੁਰਾਣਾ ਤਵਾ ਮੇਰੇ ਕੋਲ ਹੈ ਉਹ ਮੈਂ ਤੁਹਾਨੂੰ ਸੁਣਾਕੇ ਜਾਵਾਂਗਾ। ਪਰ 7 ਫਰਵਰੀ 2025 ਪੰਜਾਬ ਦੀ ਸਵੇਰ ਹੋਣ ਮੌਕੇ ਜਦੋਂ ਮੈਂ ਫੋਨ ਚੁੱਕਿਆ ਤਾਂ ਉਹਨਾਂ ਦੇ ਬੇਟੇ ਬਾਈ ਬੇਅੰਤ ਗਿੱਲ ਨੇ ਸੁਨੇਹਾ ਲਿਿਖਆ ਹੋਇਆ ਕਿ ਬਾਪੂ ਜੀ ਯਾਤਰਾ ਪੂਰੀ ਕਰ ਗਏ ਹਨ। “ਯਾਤਰਾ ਪੂਰੀ” ਸ਼ਬਦ ਮੇਰੇ ਅਤੇ ਬਾਪੂ ਗੁਰਨਾਮ ਸਿੰਘ ਦੇ ਸਬੰਧਾਂ ਵਿਚਾਲੇ ਅਧੂਰਾ ਸ਼ਬਦ ਦਾ ਠਹਿਰਾਓ ਲਗਾ ਗਿਆ ਕਿ ਮੈਂ ਉਹਨਾਂ ਨੂੰ ਮਿਲਕੇ ਉਹਨਾਂ ਦੀ ਇੱਛਾ ਪੂਰੀ ਨਾ ਕਰ ਸਕਿਆ। ਮੈਨੂੰ ਉਹ ਲਗਾਤਾਰ ਤਿੰਨ ਦਿਨ ਫੋਨ ਕਰਦੇ ਰਹੇ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਸਨ ਪਰ ਉਹਨਾਂ ਨਾਲ ਹੋਈ ਅੱਜ ਤੱਕ ਦੀ ਗੱਲ ਬਾਤ ਵਿੱਚ ਉਹਨਾਂ ਇਹ ਜਰੂਰ ਕਹਿਣਾ ਹੁੰਦਾ ਸੀ ਕਿ ਹਰਬੰਸ ਤੇਰਾ ਅਖ਼ਬਾਰ ਬਹੁਤ ਵਧੀਆ ਐ,ਛੇਤੀ ਦੇ ਜਾਇਆ ਕਰ। ਕਈ ਵਾਰ ਤਾਂ ਮੈਂ ਜੇਕਰ ਸਮਾਂ ਹੁੰਦਾ ਤਾਂ ਘਰ ਵੀ ਜਾਕੇ ਅਖ਼ਬਾਰ ਦੇ ਆਉਂਦਾ ਸੀ। ਬਾਪੂ ਨਾਲ ਜੁੜੀਆਂ ਯਾਦਾਂ ਵਿੱਚੋਂ ਇੱਕ ਮਜਾਕ ਦੀ ਗੱਲ ਇਹ ਐ ਕਿ ਬਾਪੂ ਗੁਰਨਾਮ ਸਿੰਘ ਗਿੱਲ ਨੇ ਮੈਨੂੰ ਕਹਿਣਾ ਕਿ ਮੇਰੇ ਨਾਲ ਦੇ ਸਾਰੇ ਈ ਚਲੇ ਗਏ, ਜਦੋਂ ਮੈਂ ਇਸ ਜਹਾਨੋਂ ਤੁਰ ਗਿਆ ਤਾਂ ਅਖ਼ਬਾਰ ਵਿੱਚ ਮੇਰੇ ਬਾਰੇ ਵਧੀਆ ਜਿਹਾ ਲਿਖੀਂ। ਅੱਗਿਓਂ ਮੈਂ ਮਜਾਕ ਨਾਲ ਕਹਿਣਾ ਕਿ ਤੇਰੇ ਬੈਠੇ ਬੈਠੇ ਤੇਰੇ ਬਾਰੇ ਲਿਖਕੇ ਤੇਰੇ ਕੋਲੋਂ ਪਹਿਲਾਂ ਹੀ ਪ੍ਰਵਾਨਗੀ ਨਾ ਲੈ ਲਵਾਂ, ਤਾਂ ਫਿਰ ਉਹਦੇ ਚਿੱਟੇ ਦਾਹੜੇ ਸੰਗ ਉਹਦੇ ਹਾਸੇ ਦੀ ਗਿੜਗੜਾਹਟ ਹਵਾ ਵਿੱਚ ਘੁਲ ਜਾਂਦੀ।
ਮੇਰਾ ਮਨ ਅਫਸੋਸਿਆ ਹੋਇਐ ਕਿ ਹੁਣ ਜਦੋਂ ਤੱਕ ਮੈਂ ਕਨੇਡਾ ਵਾਪਿਸ ਆਵਾਂਗਾ ਤਾਂ ਉਦੋਂ ਤੱਕ ਤਾਂ ਉਹਨਾਂ ਦੀਆਂ ਅੰਤਿਮ ਰਸਮਾਂ 16 ਫਰਵਰੀ 2025) ਵੀ ਪੂਰੀਆਂ ਹੋ ਚੁੱਕੀਆਂ ਹੋਣਗੀਆਂ। ਪਰ ਮੈਨੂੰ ਇਸ ਗੱਲ ਦਾ ਮਾਣ ਐ ਕਿ ਮੇਰਾ ਉਸ ਪੂਰਨ ਮਨੁੱਖ ਨਾਲ ਮੋਹ ਮੁਹੱਬਤੀ ਰਿਸ਼ਤਾ ਸੀ। ਪੰਜਾਬੀ ਅਖ਼ਬਾਰ ਦੀ ਸਮੁੱਚੀ ਟੀਮ ਇਸ ਦੁਖਦਾਈ ਘੜੀ ਵਿੱਚ ਗਿੱਲ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਹਮਦਰਦੀ ਪ੍ਰਗਟ ਕਰਦੀ ਹੈ।
ਹਰਬੰਸ ਬੁੱਟਰ
ਮੁੱਖ ਸੰਪਾਦਕ
ਪੰਜਾਬੀ ਅਖ਼ਬਾਰ
ਕੈਲਗਰੀ

Show More

Related Articles

Leave a Reply

Your email address will not be published. Required fields are marked *

Back to top button
Translate »