ਆਜ਼ਾਦੀ  ,ਸੱਚ ਅਤੇ ਨਿਆਂ ਨਾਲ ਖੜ੍ਹਨ ਦਾ ਪ੍ਰਤੀਕ ਹੈ ਬੰਦੀ ਛੋੜ ਦਿਵਸ

  -ਜਸਵਿੰਦਰ ਸਿੰਘ “ਰੁਪਾਲ” -9814715796

 

  -ਜਸਵਿੰਦਰ ਸਿੰਘ “ਰੁਪਾਲ”

                             ਹਰ ਸਾਲ ਕੱਤਕ ਦੀ ਮੱਸਿਆ ਨੂੰ ਭਾਰਤ ਭਰ ਵਿੱਚ ਦੀਵਾਲੀ ਵਜੋਂ ਅਤੇ ਸਿੱਖ ਹਲਕਿਆਂ ਵਿੱਚ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਣ ਵਾਲੇ ਤਿਉਹਾਰ ਨੂੰ ਹਰ ਭਾਰਤੀ ਖੁਸ਼ੀ, ਪ੍ਰੇਮ ਅਤੇ ਸਾਂਝ ਵਜੋਂ ਮਨਾਉਂਦਾ ਹੈ। ਇਸ ਤਿਉਹਾਰ ਨੂੰ ਹਿੰਦੂ ਅਤੇ ਸਿੱਖ ਰਲ ਮਿਲ ਕੇ ਮਨਾਉਂਦੇ ਹਨ। ਹਿੰਦੂ ਇਸ ਨੂੰ ਰਾਮਚੰਦਰ ਜੀਂ ਦੇ 14 ਸਾਲ ਬਨਵਾਸ ਕੱਟਣ ਤੋੰ ਬਾਅਦ ਅਯੁੱਧਿਆ ਵਾਪਸ ਪਰਤਣ ਦੀ ਖੁਸ਼ੀ ਵਿੱਚ ਮਨਾਉਂਦੇ ਹਨ। ਅੱਜ ਅਸੀਂ  ਸਿੱਖ ਦ੍ਰਿਸ਼ਟੀਕੋਣ ਤੋਂ ਇਸ ਦੇ ਮਹੱਤਵ ਅਤੇ ਸਿਧਾਂਤ ਦੀ ਵਿਚਾਰ ਕਰਾਂਗੇ। 

ਇਤਿਹਾਸਕ ਪਿਛੋਕੜ :- ਗੁਰੂ ਅਰਜਨ ਦੇਵ ਜੀ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮ ਅਧੀਨ ਅਕਹਿ ਅਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕੀਤੇ ਜਾਣ ਤੋਂ ਬਾਅਦ ਛੇਵੇਂ ਗੁਰੂ ,ਗੁਰੂ ਹਰਗੋਬਿੰਦ ਜੀ ਨੇ ਗੁਰੂ ਬਣਦਿਆਂ ਹੀ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਸਿੰਘਾਂ ਨੂੰ ਸ਼ਸ਼ਤਰ ਅਤੇ ਘੋੜੇ ਲਿਆਉਣ ਦੇ ਆਦੇਸ਼ ਦਿੱਤੇ। ਖੁਦ ਰਾਜਿਆਂ ਵਾਲੇ ਬਸਤਰ ਅਤੇ ਸ਼ਸ਼ਤਰ ਪਹਿਨੇ, ਸਿੱਖਾਂ ਨੂੰ ਘੋੜ ਸਵਾਰੀ, ਸ਼ਸ਼ਤਰ ਵਿੱਦਿਆ ਅਤੇ ਜੰਗੀ ਹੁਨਰ ਸਿਖਾਉਣੇ ਸ਼ੁਰੂ ਕੀਤੇ। ਬਹੁਤ ਸਾਰੇ ਸਿੱਖ ਉਹਨਾਂ ਨਾਲ ਜੁੜਦੇ ਗਏ ਅਤੇ ਜੰਗਜੂਆਂ ਦੀ ਗਿਣਤੀ ਵਧਣ ਲੱਗੀ। ਗੁਰੂ ਘਰ ਦੇ ਵਿਰੋਧੀਆਂ ਨੇ ਵਧਦੀ ਹੋਈ ਸਿੱਖ ਤਾਕਤ ਅਤੇ ਸਰਗਰਮੀਆਂ ਬਾਰੇ ਜਹਾਂਗੀਰ ਕੋਲ ਸ਼ਿਕਾਇਤਾਂ ਕੀਤੀਆਂ। ਰਾਜੇ ਨੇ ਇਸ ਵਧਦੀ ਤਾਕਤ ਅਤੇ ਗੁਰੂ ਹਰਗੋਬਿੰਦ ਜੀ ਦੀ ਹਰਮਨ ਪਿਆਰਤਾ ਨੂੰ ਮੁਗਲ ਸਲਤਨਤ ਲਈ ਖਤਰਾ ਸਮਝਿਆ ਅਤੇ ਪੰਜਾਬ ਵਿਚ ਬਗਾਵਤ ਫੈਲਾਉਣ ਦੇ ਜੁਰਮ ਹੇਠ ਉਹਨਾਂ ਨੂੰ ਕੈਦ ਕਰ ਕੇ ਗਵਾਲੀਅਰ ਦੇ ਕਿਲੇ ਵਿਚ ਰੱਖਿਆ । ਗੁਰੂ ਸਾਹਿਬ ਨੇ ਇਥੇ ਰੋਜ ਸਤਿਸੰਗ ਅਤੇ ਕੀਰਤਨ ਦਰਬਾਰ ਲਗਾਉਣਾ ਆਰੰਭ ਕੀਤਾ ਅਤੇ ਹੋਰ ਕੈਦੀ ਰਾਜਿਆਂ ਨੂੰ ਆਪਣੇ ਪਿਆਰ ਵਿਚ ਬੰਨ੍ਹ ਲਿਆ। ਇੱਧਰ ਸਿੱਖ ਸੰਗਤ ਗੁਰੂ ਦਰਸ਼ਨਾਂ ਲਈ ਬਿਹਬਲ ਹੋ ਗਈ ਅਤੇ ਉਹਨਾਂ ਆਪਣੇ ਤਰੀਕਿਆਂ ਨਾਲ ਗੁਰੂ ਸਾਹਿਬ ਦੀ ਕੈਦ ਦਾ ਵਿਰੋਧ ਕਰਨਾ ਸ਼ੁਰੂ ਕੀਤਾ । ਕੁਦਰਤੀ ਇਸੇ ਸਮੇਂ ਜਹਾਂਗੀਰ ਡਾਢਾ ਬੀਮਾਰ ਹੋ ਗਿਆ ਅਤੇ ਕਿਸੇ ਇਲਾਜ ਨਾਲ ਠੀਕ ਨਹੀਂ ਸੀ ਹੋ ਰਿਹਾ ਜਦੋਂ ਉਸਨੂੰ ਕਾਜੀ ਨੇ ਕਿਹਾ ਕਿ ਤੂੰ ਇਕ ਗੁਰੂ ਨੂੰ ਕੈਦ ਕੀਤਾ ਹੈ ਇਸ ਲਈ ਬਿਮਾਰ ਹੋਇਆ ਹੈਂ। ਜਹਾਂਗੀਰ ਨੇ ਗੁਰੂ ਜੀ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ। ਪਰ ਗੁਰੂ ਜੀ ਨੇ ਬੇਦੋਸ਼ ਕੈਦ ਕੀਤੇ ਗਏ 52 ਹਿੰਦੂ ਰਾਜਿਆਂ ਨੂੰ ਵੀ ਨਾਲ ਰਿਹਾਅ ਕੀਤੇ ਜਾਣ ਤੇ ਹੀ ਬਾਹਰ ਆਉਣ ਦੀ ਗੱਲ ਕਹੀ। ਰਾਜੇ ਦੀ ਸ਼ਰਤ ਨੂੰ ਪੂਰਾ ਕਰਦਿਆਂ ਗੁਰੂ ਜੀ ਨੇ 52 ਕਲੀਆਂ ਵਾਲਾ ਚੋਲਾ ਪਹਿਨਿਆ ਅਤੇ ਇੱਕ ਇੱਕ ਰਾਜੇ ਨੂੰ ਇੱਕ ਇੱਕ ਕਲੀ ਫੜਾ ਕੇ ਸਭ ਨੂੰ ਆਜ਼ਾਦ ਕਰਵਾਇਆ। ਉਸ ਦਿਨ ਤੋਂ ਹੀ ਗੁਰੂ ਹਰਗੋਬਿੰਦ ਜੀ ਨੂੰ “ਬੰਦੀ ਛੋੜ ਦਾਤਾ” ਕਿਹਾ ਜਾਣ ਲੱਗਿਆ।ਇਹ ਘਟਨਾ ਅਗਸਤ 1621 ਈਸਵੀ ਦੀ ਸੀ। ਇਸ ਤੋਂ ਬਾਅਦ ਇਸ ਸਾਲ ਦੀ ਦੀਵਾਲੀ ਵਾਲੇ ਦਿਨ ਸਿੱਖਾਂ ਨੇ ਗੁਰੂ ਜੀ ਦੇ ਰਿਹਾਅ ਹੋਣ ਦੀ ਖੁਸ਼ੀ ਵਿੱਚ ਦੀਵੇ ਜਗਾਏ ਅਤੇ ਖੁਸ਼ੀਆਂ ਮਨਾਈਆਂ। ਅਤੇ ਹਿੰਦੂਆਂ ਨਾਲ ਮਿਲ ਕੇ ਇਸ ਦਿਨ ਆਪਣੀ ਖੁਸ਼ੀ ਵੀ ਸਾਂਝੀ ਕੀਤੀ। 

    ਇਸ ਦਿਨ ਦਾ ਸੰਬੰਧ ਭਾਈ ਮਨੀ ਸਿੰਘ ਜੀ ਨਾਲ ਵੀ ਜੁੜਦਾ ਹੈ।  18ਵੀ ਸਦੀ ਵਿਚ ਜਦੋ ਸਿੰਘ ਜੰਗਲਾਂ ਵਿੱਚ ਰਹਿੰਦੇ ਸਨ ਤਾਂ ਉਹਨਾਂ ਨੂੰ ਜਥੇਬੰਦ ਕਰਨ ਅਤੇ ਨਵਾਂ ਪ੍ਰੋਗਰਾਮ ਉਲੀਕਣ ਲਈ  ਭਾਈ ਮਨੀ ਸਿੰਘ ਜੀ ਨੇ ਸਿੱਖਾਂ ਨੂੰ ਹਰਿਮੰਦਰ ਸਾਹਿਬ ਇੱਕਠੇ ਕਰਨ ਲਈ ਸਰਕਾਰ ਤੋੰ ਇਜਾਜ਼ਤ ਲਈ। ਨਵਾਬ ਜ਼ਕਰੀਆ ਖਾਂ ਨੇ 10000 ਰੁਪਏ ਟੈਕਸ ਦੇਣ ਦੀ ਸ਼ਰਤ ਨਾਲ ਆਗਿਆ ਦੇ ਦਿਤੀ ਅਤੇ ਖੁਦ ਸਿੱਖਾਂ ਨੂੰ ਖਤਮ ਕਰਨ ਦੇ ਇਰਾਦੇ ਨਾਲ ਫੌਜ ਰਾਮ ਤੀਰਥ ਭੇਜ ਦਿੱਤੀ। ਭਾਈ ਮਨੀ ਸਿੰਘ ਜੀ ਚਾਲ ਸਮਝ ਗਏ ਅਤੇ ਉਹਨਾਂ ਨੇ ਤੁਰੰਤ ਸੁਨੇਹੇ ਭੇਜ ਦਿੱਤੇ, ਅਤੇ ਇੱਕਠ ਨਾ ਹੋਣ ਦਿੱਤਾ। ਸਰਕਾਰ ਵੱਲੋਂ ਟੈਕਸ ਮੰਗੇ ਜਾਣ ਤੇ ਭਾਈ ਸਾਹਿਬ ਜੀ ਨੇ ਇਨਕਾਰ ਕਰ ਦਿੱਤਾ ਕਿ ਜਦੋ ਇਕੱਠ ਹੋਇਆ ਹੀ ਨਹੀਂ, ਤਾਂ ਟੈਕਸ ਕਿਹਾ ? ਜਿਸ ਤੋਂ ਖਿਝ ਕੇ 1794 ਈਸਵੀ ਨੂੰ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ।

ਇਸ ਤਰਾਂ ਇਸ ਦਿਵਸ ਤੋੰ ਗੁਰਮਤਿ ਸਿਧਾਂਤਾਂ ਦੀ ਦ੍ਰਿੜ੍ਹਤਾ ਝਲਕਦੀ ਹੈ। ਪਹਿਲੀ ਗੱਲ ਹਮੇਸ਼ਾ ਹੱਕ ਸੱਚ ਲਈ ਖੜ੍ਹਨਾ ਅਤੇ ਸੱਚ ਲਈ ਅੰਤ ਤੱਕ ਲੜਨਾ। ਤਸੀਹੇ ਅਤੇ ਮੌਤ ਤੱਕ ਕਬੂਲ ਕਰ ਲੈਣੀ, ਪਰ ਆਪਣੀ ਆਜ਼ਾਦੀ ਨਹੀਂ ਛੱਡਣੀ। ਜ਼ੁਲਮ ਅਤੇ ਅਨਿਆਂ ਨਹੀਂ ਸਹਿਣਾ। ਲਿਤਾੜੇ ਅਤੇ ਜ਼ੁਲਮ ਦਾ ਸ਼ਿਕਾਰ ਹੋਏ ਹਰ ਪੀੜਿਤ ਦੀ ਧਿਰ ਬਣਕੇ ਖੜ੍ਹਨਾ ਜਿਵੇਂ ਗੁਰੂ ਹਰਗੋਬਿੰਦ ਜੀ 52  ਬੇਦੋਸ਼ੇ ਅਤੇ ਜ਼ੁਲਮ ਦੇ ਸਤਾਏ ਹੋਏ ਰਾਜਿਆਂ ਲਈ ਖੜ੍ਹੇ ਸਨ। 

ਅਜੋਕੀ ਦਸ਼ਾ ਅਤੇ ਦਿਸ਼ਾ :- ਹਰਿਮੰਦਰ ਸਾਹਿਬ ਵਿੱਚ ਸ਼ਰਧਾਲੂਆਂ ਦਾ ਇਕੱਠ, ਲੱਖਾਂ ਹੀ ਦੀਵਿਆਂ ਦੀ ਰੋਸ਼ਨੀ, ਉਤਸ਼ਾਹ ਨਾਲ ਚਲਾਈ ਜਾਂਦੀ ਆਤਿਸ਼ਬਾਜੀ ਜਿੱਥੇ ਇਸ ਦਿਨ ਪ੍ਰਤੀ ਸਾਡਾ ਸਤਿਕਾਰ ਅਤੇ ਸ਼ਰਧਾ ਪ੍ਰਗਟ ਕਰਦੀ ਹੈ , ਪ੍ਰੇਮ ਅਤੇ ਉਤਸ਼ਾਹ ਦੇਖ ਕੇ ਸਿਰ ਝੁਕਦਾ ਹੈ ਪਰ ਕਿਧਰੇ ਗਿਆਨ ਤੋਂ ਸੱਖਣੇ ਤਾਂ ਨਹੀਂ ਹੋ ਰਹੇ ਕਿਧਰੇ ਅਸੀਂ ???  ਸਿੱਖ ਚਿੰਤਨ ਲਈ ਕੁਝ ਸਵਾਲ ਵੀ ਖੜ੍ਹੇ ਕਰਦੀ ਹੈ । ਕੀ ਸਤਿਕਾਰ ਅਤੇ ਸ਼ਰਧਾ ਪ੍ਰਗਟ ਕਰਨ ਦੇ ਤਰੀਕੇ ਵਿਚੋਂ ਗੁਰਮਤਿ ਕਿਧਰੇ ਅਲੋਪ ਤਾਂ ਨਹੀਂ ਹੋ ਰਹੀ ???  ਸ਼ਬਦ ” ਦੀਵਾਲੀ ਕੀ ਰਾਤਿ ਦੀਵੇ ਬਾਲੀਆਨਿ” ਵਾਰ ਵਾਰ ਚੱਲਦਾ ਸੁਣਾਈ ਦਿੰਦਾ ਹੈ। ਪਰ ਇਸ ਦੇ ਅਸਲੀ ਅਰਥ ਬਹੁਤੇ ਨਹੀਂ ਜਾਣਦੇ । ਪੂਰਾ ਸ਼ਬਦ ਇੰਝ ਹੈ —

ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ ।। 

ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ ।।

ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ ।।

ਤੀਰਥ ਜਾਤੀ ਜਾਤਿ ਨੈਣ ਨਿਹਾਲੀਅਨਿ ।।

ਹਰਿਚੰਦਉਰੀ ਝਾਤਿ ਵਸਾਇ ਉਚਾਲੀਅਨਿ ।।

ਗੁਰਮੁਖਿ ਸੁਖ ਫ਼ਲ ਦਾਤਿ ਸਬਦ ਸਮਾਲੀਅਨਿ ।।……………………………(ਭਾਈ ਗੁਰਦਾਸ, ਵਾਰ ੧੯, ਪਉੜੀ ੬)

ਸੰਖੇਪ ਅਰਥ :-ਦੀਵਾਲੀ ਦੀ ਰਾਤ ਲੋਕ ਦੀਵੇ ਬਾਲਦੇ ਹਨ (ਪਰ ਸਵੇਰ ਤੱਕ ਇਹ ਦੀਪਮਾਲਾ ਖਤਮ ਹੋ ਜਾਂਦੀ ਹੈ), ਅੰਬਰ ਵਿਚ ਭਾਂਤ ਸੁਭਾਂਤ ਦੇ ਤਾਰੇ ਦਿਸਦੇ ਹਨ (ਪਰ ਸਵੇਰੇ ਕੋਈ ਨਹੀਂ ਲੱਭਦਾ), ਫੁੱਲਾਂ ਦੀਆਂ ਬਗੀਚੀਆਂ ਖਿੜਦੀਆਂ ਨੇ ਪਰ ਝੱਟ ਹੀ , ਉਹਨਾਂ ਚੋ ਚੁਣ ਚੁਣ ਕੇ ਫੁੱਲ ਤੋੜ ਲਏ ਜਾਂਦੇ ਨੇ,, ਯਾਤਰੀ ਤੀਰਥਾਂ ਤੇ ਟੋਲਿਆਂ ਵਿੱਚ ਜਾਂਦੇ ਨੇ ਪਰ ਛੇਤੀ ਹੀ ਉਹਨਾਂ ਦਾ ਤੀਰਥਾਂ ਤੇ ਮੁਸ਼ਕ ਨਹੀਂ ਰਹਿੰਦਾ, ਹਰਿ ਚੰਦਉਰੀ ਦੇ ਨਗਰ ਦਿਖਲਾਵੇ ਮਾਤਰ ਦਿਖਾ ਕੇ ਆਪ ਹੀ ਉਜਾੜੀਦੇ ਹਨ। ਇਸ ਪ੍ਰਕਾਰ ਜਗਤ ਥੋੜ੍ਹੇ ਚਿਰ ਦਾ ਅਨੰਦ ਹੈ। ਗੁਰਮੁਖਾਂ ਨੂੰ ਆਤਮਕ ਆਨੰਦ ਰੂਪੀ ਸੁੱਖਾਂ ਦੇ ਫਲ ਦੀ ਦਾਤ ਮਿਲੀ ਹੈ ਕਿਉਂਕਿ ਊਨ੍ਹਾਂ ਨੇ ਸਬਦ ਨੂੰ ਯਾਦ ਕੀਤਾ ਹੈ। ਅਸਲ ਵਿਚ ਇਸਦੀ ਟੇਕ ਬਣਨੀ ਚਾਹੀਦੀ ਸੀ – “ਗੁਰਮੁਖਿ ਸੁਖ ਫਲ ਦਾਤਿ ਸਬਦ ਸਮਾਲੀਅਨਿ” ਕਿਉਂਕਿ ਵਾਰ ਦੀ ਪਉੜੀ ਦੀ ਆਖਰੀ ਪੰਕਤੀ ਵਿਚ ਗੁਰਮਤਿ ਸਿਧਾਂਤ ਹੁੰਦਾ ਹੈ ਪਰ ਆਮ ਲੋਕ ਇਸਤੋਂ ਦੀਵੇ ਜਗਾਉਣ ਦੀ ਸੇਧ ਲੈਂਦੇ ਦਿਸਦੇ ਹਨ। 

ਆਮ ਲੋਕਾਂ ਦੇ ਪੱਧਰ ਤੇ ਇਸ ਦਿਨ ਨੂੰ ਸਿੱਖਾਂ ਨੂੰ ਮਨਾਉਂਦੇ ਦੇਖਦੇ ਹਾਂ ਤਾਂ ਦੁੱਖ ਹੁੰਦਾ ਹੈ। ਸ਼ਰਾਬਾਂ ਪੀਣੀਆਂ ਅਤਿਸ਼ਬਾਜ਼ੀਆਂ ਤੇ ਫਜ਼ੂਲ ਖਰਚੀ ਕੀਤੀ ਜਾਂਦੀ ਦੇਖ ਕੇ ਲੱਗਦਾ ਹੈ ਕਿ ਉਸ ਸ਼ੋਰ ਸ਼ਰਾਬੇ ,ਬਿਜਲੀਆਂ ਦੇ ਚਾਨਣੇ ਅਤੇ ਦਿਖਾਵੇ ਦੀਆਂ ਰਸਮਾਂ ਵਿਚ ਗੁਰਮਤਿ ਦਾ ਸਹਿਜ ,ਆਨੰਦ ਅਤੇ ਹੱਕ ਸੱਚ ਲਈ ਲੜਨ ਦਾ ਸਿਧਾਂਤ ਕਿਧਰੇ ਗੁਆਚਦਾ ਜਾ ਰਿਹਾ ਹੈ। ਲੋੜ ਫਜੂਲ ਖਰਚੀ ਦੀ ਨਹੀਂ ਹੈ। ਕੌਮੀ ਆਜ਼ਾਦੀ ਅਤੇ ਨਿਆਂ ਦੀ ਗੱਲ ਕਿਧਰੇ ਨਹੀਂ ਲੱਭ ਰਹੀ। ਲਿਤਾੜਿਆਂ , ਅਤੇ ਜ਼ੁਲਮ ਦੇ ਸਤਾਏ ਲੋਕਾਂ ਲਈ ਢਾਲ ਬਣ ਕੇ ਖੜ੍ਹਨਾ ਹੀ ਇਸ ਦਿਨ ਦਾ ਸੰਦੇਸ਼ ਹੈ। ਰੱਜ ਰੱਜ ਕੇ ਖੁਸ਼ੀਆਂ ਮਨਾਓ, ਦੀਵੇ ਜਗਾਓ, ਪਰ ਗੁਰਮਤਿ ਸਿਧਾਂਤਾਂ ਨੂੰ ਪਲ ਲਈ ਵੀ ਦਿਲ ਚੋਂ ਨਾ ਵਿਸਾਰੋ। ਕੋਈ ਵੀ ਦਿਵਸ ਮਨਾਇਆ ਤਦ ਹੀ ਸਫਲ ਹੈ ,ਜੇ ਉਹ ਆਪਣੇ ਸੰਦੇਸ਼ ਨੂੰ ਲੋਕ ਹਿਰਦਿਆਂ ਵਿੱਚ ਲਿਜਾ ਸਕੇ। ਸਿੱਖ ਕੌਮ ਆਪ ਹੀ ਇਸ ਸੰਦੇਸ਼ ਤੋਂ ਦੂਰ ਹੋ ਰਹੀ ਹੈ, ਚਾਹੀਦਾ ਤਾਂ ਇਹ ਸੀ ਕਿ ਹੋਰ ਦੁਨੀਆਂ ਨੂੰ ਵੀ ਇਹ ਸੰਦੇਸ਼ ਪਹੁੰਚਾ ਸਕਦੀ। ਅੰਗਰੇਜ਼ੀ ਅਖਾਣ ਹੈ -” Form proceeds than feeling “. ਆਓ , ਨਿਸ਼ਚਾ ਕਰੀਏ ਕਿ ਇਸ ਦਿਨ ਨੂੰ ਪ੍ਰੇਮ ਅਤੇ ਸਾਂਝ ਦੇ ਦੀਵੇ ਜਗਾਈਏ, ਬੇਸਹਾਰਾ ਅਤੇ ਮਜਲੂਮਾਂ ਦੀ ਢਾਲ ਬਣੀਏ, ਖੁਸ਼ੀਆਂ ਦੇ ਪਟਾਕੇ ਹਿਰਦਿਆਂ ਵਿਚ ਚਲਾਈਏ, ਬਾਹਰੀ ਆਤਿਸ਼ਬਾਜੀ ਚਲਾ ਕੇ ਮੰਡੀ ਦੇ ਸ਼ਿਕਾਰ ਨਾ ਹੋਈਏ ਅਤੇ ਆਪਣੇ ਵਾਤਾਵਰਣ ਨੂੰ ਸਾਫ ਸੁਥਰਾ ਹੀ ਰੱਖੀਏ

ਦਵਈਆ ਛੰਦ:-
ਦੀਵਾਲੀ ਦੇ ਸੱਤ ਦੀਵੇ

  1. ਕੁਝ ਤਾਂ ਮੈਂ ਵੀ ਕਰ ਦਿਖਲਾਵਾਂ, ਨਿਸ਼ਚਾ ਕਰ ਲਾਂ ਕੇਰਾਂ।
    ਦੁਨੀਆਂ ਦੇ ਹਰ ਕੋਨੇ ਅੰਦਰ, ਚਾਨਣ ਪਿਆ ਬਖੇਰਾਂ।
    ਰਾਤੀਂ ਇਸ ਦੀਵਾਲੀ ਨੂੰ ਮੈ, ਦੀਵੇ ਸੱਤ ਜਗਾਵਾਂ।
    ਪਸਰੇ ਗੂੜ੍ਹੇ ਕਾਲੇ ਨ੍ਹੇਰੇ, ਪਲ ਵਿੱਚ ਦੂਰ ਭਜਾਵਾਂ।

2.ਲਟਲਟ ਬਲੇ ਪਿਆਰ ਦਾ ਦੀਵਾ, ਹਰ ਹਿਰਦੇ ਦੇ ਅੰਦਰ।
ਹਰ ਇੱਕ ਰੂਹ ਹੀ ਕਰੇ ਇਬਾਦਤ, ਹਰ ਇੱਕ ਦਿਲ ਹੀ ਮੰਦਰ।
ਵੈਰ ਵਿਰੋਧ ਈਰਖਾ ਸਾੜੇ, ਜੜ੍ਹ ਤੋਂ ਪੁੱਟ ਦਿਖਾਵਾਂ।
ਪਸਰੇ ਗੂੜ੍ਹੇ ਕਾਲੇ ਨ੍ਹੇਰੇ, ਪਲ ਵਿੱਚ ਦੂਰ ਭਵਾਂ।

੩.ਤੰਦਰੁਸਤੀ ਦਾ ਦੀਵਾ ਦੂਜਾ, ਕੰਚਨ ਹੋਵੇ ਕਾਇਆ।
ਸਦਾ ਨਿਰੋਗ ਰਹੇ ਹਰ ਕੋਈ, ਗ਼ਮ ਦਾ ਪਵੇ ਨਾ ਛਾਇਆ।
ਹਰ ਬੂਟਾ ਹੀ ਹਰਿਆ ਹੋਵੇ, ਸਦ ਹੀ ਪਾਣੀ ਪਾਵਾਂ।
ਪਸਰੇ ਗੂੜ੍ਹੇ ਕਾਲੇ ਨ੍ਹੇਰੇ, ਪਲ ਵਿੱਚ ਦੂਰ ਭਜਾਵਾਂ।

੪.ਬਾਲਾਂ ਇੱਕ ਵਿਵੇਕ ਦਾ ਦੀਵਾ, ਭਰਮ ਭੁਲੇਖਾ ਜਾਵੇ।
ਝੂਠੇ ਛੱਪਰ ਟੁੱਟੀ ਜਾਵਣ, ਗਿਆਨ ਹਨੇਰੀ ਆਵੇ।
ਵਿੱਦਿਆ, ਬੁੱਧੀ, ਸੂਝ ਬੂਝ ਦਾ, ਚਾਨਣ ਖੂਬ ਫੈਲਾਵਾਂ।

ਪਸਰੇ ਗੂੜ੍ਹੇ ਕਾਲੇ ਨ੍ਹੇਰੇ, ਪਲ ਵਿੱਚ ਦੂਰ ਭਜਾਵਾਂ।

੫.ਧਨ ਦਾ ਦੀਵਾ ਕਰੇ ਰੋਸ਼ਨੀ, ਹਰਕਿ ਬਨੇਰੇ ਉੱਤੇ।
ਹਰਘਰ ਵਿੱਚ ਲੱਛਮੀ ਆਵੇ, ਖੁਸ਼ਹਾਲੀ ਦੀ ਰੁੱਤੇ।
ਸਭ ਦੀ ਲੋਚਾ ਪੂਰੀ ਹੋਵੇ, ਦਿਲ ਤੋਂ ਕਰਾਂ ਦੁਆਵਾਂ।
ਪਸਰੇ ਗੂੜ੍ਹੇ ਕਾਲੇ ਨ੍ਹੇਰੇ, ਪਲ ਵਿੱਚ ਦੂਰ ਭਜਾਵਾਂ।

੬. ਹਾਸਿਆਂ ਵਾਲਾ ਦੀਵਾ ਜਗਦਾ, ਲਾਟ ਏਸ ਦੀ ਨੱਚੇ।
ਖਿੜਦੇ ਦਿੱਸਣ ਸਭ ਨਰ-ਨਾਰੀ, ਜੀਕਣ ਹੱਸਦੇ ਬੱਚੇ।
ਖੁਸ਼ੀਆਂ ਦਾ ਦੀਵਾ ਚੌਮੁਖੀਆ, ਸਾਂਝੀ ਥਾਂ ਵੀ ਲਾਵਾਂ।
ਪਸਰੇ ਗੂੜ੍ਹੇ ਕਾਲੇ ਨ੍ਹੇਰੇ, ਪਲ ਵਿੱਚ ਦੂਰ ਭਜਾਵਾਂ।

੭.ਦੀਵਾ ਇੱਕ ਸਹਿਜ ਦਾ ਐਸਾ, ਮੱਠਾ ਚਾਨਣ ਦੇਵੇ।
ਸ਼ਾਂਤੀ ਅਤੇ ਨਿਮਰਤਾ ਵਰਗੇ, ਮਿਲਣ ਨਾ ਕਿਧਰੇ ਮੇਵੇ।
“ਜੀਓ ਅਤੇ ਜੀਊਣ ਦੇਵੋ,” ਸਭ ਨੂੰ ਸਬਕ ਪੜ੍ਹਾਵਾਂ।
ਪਸਰੇ ਗੂੜ੍ਹੇ ਕਾਲੇ ਨ੍ਹੇਰੇ, ਪਲ ਵਿੱਚ ਦੂਰ ਭਜਾਵਾਂ।

੮.ਸੱਤਵਾਂ ਦੀਵਾ ਸਿਦਕ ਦਾ ਜੇ ਉਸ ਇੱਕ ਸੱਚੇ ਤੇ ਆਵੇ।
ਜਿਸ ਨੇ ਸਭ ਨੂੰ ਪੈਦਾ ਕੀਤਾ,ਸਭ ਨੂੰ ਰਿਜ਼ਕ ਪੁਚਾਵੇ।
ਨਾਮ ਓਸ ਦਾ ਕਦੇ ਨਾ ਭੁੱਲਾਂ,ਰਾਤ ਦਿਨੇ ਪਿਆ ਗਾਵਾਂ।
ਪਸਰੇ ਗੂੜ੍ਹੇ ਕਾਲੇ ਨ੍ਹੇਰੇ, ਪਲ ਵਿੱਚ ਦੂਰ ਭਜਾਵਾਂ।

੯.ਸੱਤੇ ਦੀਵੇ ਬਲ੍ਹਦੇ ਸਾਰੇ, ਇੱਕ ਸੇਧ ਵਿੱਚ ਰੱਖਾਂ।

ਸਦਾ ਰੋਸ਼ਨੀ ਦੇਵਣ ਵਾਲੇ, ਦੀਵੇ ਜਗਣੇ ਲੱਖਾਂ।
ਹਰ ਦਿਲ ਤਾਈਂ ਧੜਕਣ ਦੇਵਾਂ, ਨੱਚਾਂ ਅਤੇ ਨਚਾਵਾਂ।
ਪਸਰੇ ਗੂੜ੍ਹੇ ਕਾਲੇ ਨ੍ਹੇਰੇ, ਪਲ ਵਿੱਚ ਦੂਰ ਭਜਾਵਾਂ।
———————00000———————–

Exit mobile version