ਆਪਣਾ ਗਰਾਂ ਹੋਵੇ, ਤੂਤਾਂ ਦੀ ਛਾਂ ਹੋਵੇ–
ਕਾਸ਼ ਕਿਤੇ ਓਹ ਬੀਤੇ ਵੇਲੇ ਮੁੜ ਆਵਣ
ਸੰਗੀਤ ਦਾ ਸ਼ੌਕ ਤਾਂ ਮੈਨੂੰ ਬਚਪਨ ਤੋਂ ਹੀ ਸੀ ਪਾਕਿਸਤਾਨੀ ਪੰਜਾਬੀ ਰਿਕਾਰਡ ਤੇ ਕੈਸਟਾਂ ਇਕੱਠੀਆਂ ਕਰਨ ਵਿੱਚ ਬਹੁਤ ਰੁਚੀ ਸੀ ਜਦੋਂ ਪਾਕਿਸਤਾਨੀ ਕੈਸਿਟਾਂ ਤੇ ਇਕ ਕੰਪਨੀ RGH ਦਾ ਨਾਮ ਪੜ੍ਹਦਾ ਤਾਂ ਇਕ ਜੁਗਿਆਸਾ ਪੈਦਾ ਹੁੰਦੀ। ਹੁਣ ਜਦੋਂ ਮੇਰੀ ਜਾਣ ਪਹਿਚਾਣ ਦਾ ਦਾਇਰਾ ਕੁੱਝ ਵਧਿਆ ਹੈ ਤਾਂ ਬਚਪਨ ਵਾਲੀਆਂ ਉਹਨਾਂ ਬੁਝਾਰਤਾਂ ਵਰਗੀਆਂ ਯਾਦਾਂ ਤੋਂ ਪਰਦਾ ਉੱਠਣ ਲੱਗਿਐ
RGH ਅਸਲ ਵਿੱਚ ਫੈਸਲਾਬਾਦ ਵਿੱਖੇ ਇਕ ਰਿਕਾਰਡਾਂ ਦੀ ਦੁਕਾਨ ਦਾ ਨਾਮ ਸੀ(ਰਹਿਮਤ ਗ੍ਰਮਾਫੋਨ ਹਾਊਸ) ਜੋ ਬਟਵਾਰੇ ਤੋਂ ਬਾਅਦ ਅਮ੍ਰਿਤਸਰ ਤੋਂ ਉਜੜ ਕੇ ਆਏ ‘ਰਹਿਮਤ ਅਲੀ’ ਨੇ ਖ੍ਹੋਲੀ ਸੀ, ਇਹ ਦੁਕਾਨ ਫੈਸਲਾਬਾਦ ਦੇ ਘੰਟਾ ਘਰ ਦੇ ਨਜ਼ਦੀਕ ਸੀ
ਹੌਲੀ ਹੌਲੀ ਦੁਕਾਨ ਦੇ ਪਿੱਛੇ ਰਹਿਮਤ ਅਲੀ ਨੇ ਆਪਣਾ ਸਟੂਡੀਓ ਬਣਾਇਆ, ਕਲਾਕਾਰ ਸਟੂਡੀਓ ਵਿੱਚ ਰਿਕਾਰਡ ਕਰਕੇ ਉਹਨਾਂ ਦੇ ਰਿਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ, ਰਿਕਾਰਡਾਂ ਦਾ ਯੁੱਗ ਬਦਲਿਆ ਤਾਂ ਕੈਸਿਟ ਯੁੱਗ ਸ਼ੁਰੂ ਹੋ ਗਿਆ
ਰਹਿਮਤ ਗ੍ਰਮਾਫੋਨ ਹਾਊਸ ਪਾਕਿਸਤਾਨ ਦੀ ਮਹਿਜ ਉਹ ਪਹਿਲੀ ਕੰਪਨੀ ਸੀ ਜਿਸਨੇ ਉਹਨਾਂ ਕਲਾਕਾਰ ਨੂੰ ਪਹਿਲੀ ਵਾਰ ਰਿਕਾਰਡਿੰਗ ਦਾ ਮੌਕਾ ਦਿੱਤਾ ਜੋ ਬਾਅਦ ਵਿੱਚ ਦੁਨੀਆਂ ਭਰ ਦੇ ਮਸ਼ਹੂਰ ਕਲਾਕਾਰ ਬਣੇ ਜਿਹਨਾਂ ਵਿੱਚ
ਨੁਸਰਤ ਫਤਿਹ ਅਲੀ ਖਾਨ
ਅਤਾਉਲਾ ਖਾਨ
ਮਨਸੂਰ ਮਲੰਗੀ
ਅੱਲਾ ਦਿੱਤਾ ਲੂਣੇ ਵਾਲਾ
ਅਜ਼ੀਜ਼ ਮੀਆਂ ਕਵਾਲ
ਨੁਸਰਤ ਫਤਿਹ ਅਲੀ ਖਾਨ ਨਾਲ ਚੌਧਰੀ ਰਹਿਮਤ ਦੇ ਬਹੁਤ ਗੂੜ੍ਹੇ ਸਬੰਧ ਸਨ, ਨੁਸਰਤ ਘੰਟਾ ਘੰਟਾ ਦੋ ਦੋ ਘੰਟੇ ਚੌਧਰੀ ਸਾਹਿਬ ਦੀ ਦੁਕਾਨ ਤੇ ਬੈਠਾ ਗੱਲਾਂ ਕਰਦਾ ਰਹਿੰਦਾ। ਚੌਧਰੀ ਰਹਿਮਤ ਦੇ ਬੇਟੇ ਮੀਆਂ ਮੁਹੰਮਦ ਅਸਦ ਨੇ ਨੁਸਰਤ ਲਈ ਇਕ ਸਪੈਸ਼ਲ ਸੋਫਾ ਬਣਵਾ ਕੇ ਰੱਖਿਆ ਹੋਇਆ ਸੀ ਜਿਸ ਤੇ ਭਾਰੇ ਸਰੀਰ ਹੋਣ ਕਾਰਨ ਨੁਸਰਤ ਸਾਹਿਬ ਆਰਾਮ ਨਾਲ ਬਹਿ ਸਕਦੇ ਸਨ
ਜਿੱਥੇ ਨੁਸਰਤ ਫਤਹਿ ਅਲੀ ਖਾਨ ਦੀ ਰਿਕਾਰਡਿੰਗ ਦਾ ਸਿਲਸਿਲਾ RGH ਨੇ ਸ਼ੁਰੂ ਕੀਤਾ ਉੱਥੇ ਨੁਸਰਤ ਸਾਹਿਬ ਦੀ ਸੋਲ੍ਹੋ ਗੀਤਾ ਦੀ ਐਲਬਮ “ਚਰਖੇ ਦੀ ਘੂਕ” ਵੀ ਰਹਿਮਤ ਸਾਹਿਬ ਨੇ ਹੀ ਕੀਤੀ ਜਿਸਦਾ ਕਿਸੇ ਕਿਸੇ ਹੋਰ ਪੋਸਟ ਵਿੱਚ ਲਿਖਾਂਗਾ
ਜਦੋਂ ਨੁਸਰਤ ਫਤਿਹ ਅਲੀ ਦੀ ਬਹੁਤ ਜ਼ਿਆਦਾ ਚੜ੍ਹਾਈ ਹੋ ਗਈ ਤਾਂ ਚੌਧਰੀ ਰਹਿਮਤ ਤੈ ਉਸਦਾ ਬੇਟਾ ਨੁਸਰਤ ਨੂੰ ਮਿਲਣ ਗਏ ਅੱਗੇ ਨੁਸਰਤ ਕੋਲ ਇੰਗਲੈਂਡ ਦੇ ਕੁੱਝ ਬੰਦੇ ਆਏ ਹੋਏ ਸਨ ਉਹਨਾਂ ਦੀ ਮੀਟਿੰਗ ਚੱਲ ਰਹੀ ਸੀ, ਨੁਸਰਤ ਦੇ ਸੈਕਟਰੀ ਨੇ ਰਹਿਮਤ ਹੋਰਾਂ ਨੂੰ ਵੇਟਿੰਗ ਰੂਮ ਵਿੱਚ ਇੰਤਜ਼ਾਰ ਕਰਨ ਲਈ ਕਿਹਾ, ਅੱਧੇ ਘੰਟੇ ਬਾਅਦ ਜਦ ਨੁਸਰਤ ਫਤਿਹ ਅਲੀ ਨੂੰ ਪਤਾ ਲੱਗਾ ਉਹ ਨੰਗੇ ਪੈਰੀਂ ਵੇਟਿੰਗ ਰੂਮ ਚ ਆਏ ਤੇ ਸੈਕਟਰੀ ਦੇ ਗਲ ਪੈ ਗਏ ” ਤੂੰ ਜਾਣਦਾ ਨਹੀਂ ਇਹ ਕੌਣ ਨੇ, ਇਹ ਉਹ ਨੇ ਜਿਹਨਾਂ ਨੂੰ ਨੁਸਰਤ ਦਾ ਨਾਮ ਦੁਨੀਆਂ ਤੱਕ ਪੁੱਜਦਾ ਕੀਤੈ ।
ਸਨ 2000 ਦੇ ਕਰੀਬ ਚੌਧਰੀ ਰਹਿਮਤ ਨੂੰ ਇਲਮ ਹੋ ਗਿਆ ਸੀ ਕਿ ਇਹ ਖੇਤਰ ਹੁਣ ਘਾਟੇ ਵਾਲਾ ਐ 2005 ਵਿਚ ਚੌਧਰੀ ਸਾਹਿਬ ਅਲਾ ਦੀ ਗੋਦ ਵਿਚ ਜਾ ਬਿਰਾਜੇ
ਉਹਨਾਂ ਤੋਂ ਬਾਅਦ ਉਹਨਾਂ ਦੇ ਬੇਟੇ ਮੁਹੰਮਦ ਅਸਦ ਨੇ ਇਹ ਕਾਰੋਬਾਰ ਸੰਭਾਲਿਆ, ਅਸਦ ਦਸਦੈ ਕਿ ਇਕ ਵਾਰ ਇੰਡੀਆ ਤੋਂ ਕਿਸੇ ਸਖਸ਼ ਦਾ ਫੋਨ ਆਇਆ ਕਿ ਲਤਾ ਮੰਗੇਸ਼ਕਰ ਜੀ ਗੱਲ ਕਰਨਗੇ ਜਦੋਂ ਲਤਾ ਜੀ ਨੇ ਹੈਲੋ ਆਖੀ ਤਾਂ ਮੇਰੇ ਲਈ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਸੀ
2012 ਵਿੱਚ ਚੜ੍ਹਦੇ ਪੰਜਾਬ ਤੋਂ ਸੂਫੀ ਗਾਇਕ ਹੰਸ ਰਾਜ ਹੰਸ ਰਹਿਮਤ ਗ੍ਰਮਾਫੋਨ ਹਾਊਸ ਤੇ ਗਏ ਤਾਂ ਜੁੱਤੇ ਬਾਹਰ ਉਤਾਰ ਕੇ ਅੰਦਰ ਵੜੇ, ਆਉਂਦੇ ਹੋਏ ਇਕ ਹਜ਼ਾਰ ਰੁਪਿਆ ਨਿਆਜ਼ ਲਈ ਦੇ ਕੇ ਆਏ
2015 ‘ਚ ਇਹ ਦੁਕਾਨ ਤੋਂ ਇਹ ਕਾਰੋਬਾਰ ਬੰਦ ਕਰ ਦਿੱਤਾ ਗਿਆ ਮੈਨੂੰ ਉਸ ਵੇਲੇ ਡਾਹਢਾ ਸਦਮਾ ਲੱਗਾ ਜਦੋਂ ਪਤਾ ਲੱਗਾ ਕਿ ਅੱਜਕੱਲ੍ਹ ਇੱਥੇ ਟੈਕਸਟਾਈਲ ਤੇ ਰੇਡੀਮੇਡ ਕੱਪੜਿਆਂ ਦਾ ਕਾਰੋਬਾਰ ਹੈ । ਪਾਕਿਸਤਾਨ ਵਿੱਚ ਖੁਲ੍ਹਣ ਵਾਲੀ ਇਹ ਸਭ ਤੋਂ ਪਹਿਲਾਂ ਕੰਪਨੀ ਸੀ ਤੇ ਬੰਦ ਹੋਣ ਵਾਲੀ ਆਖਰੀ
ਮੈਂ ਇਸ ਕੰਪਨੀ ਬਾਰੇ, ਚੌਧਰੀ ਰਹਿਮਤ ਅਲੀ ਬਾਰੇ, ਇਸ ਸਟੂਡੀਓ ਨਾਲ ਜੁੜੀਆਂ ਨੁਸਰਤ ਸਾਹਿਬ ਦੀਆਂ ਯਾਦਾਂ ਬਾਰੇ ਹੋਰ ਵੀ ਜਾਣਕਾਰੀ ਸਾਂਝੀ ਕਰਦਾ ਰਹਾਂਗਾ
ਇਸੇ ਤਰ੍ਹਾਂ ਹੀ ਮੇਰੀਆਂ ਕੁੱਝ ਨਿੱਜੀ ਯਾਦਾਂ ਨਿਊ ਗ੍ਰਾਮੋਫੋਨ ਹਾਊਸ ਚਾਂਦਨੀ ਚੌਂਕ ਦਿਲੀ ਅਤੇ ਓਰੀਐਂਟਲ ਸਟਾਰ ਏਜੰਸੀਜ ਬਰਮਿੰਘਮ (ਇੰਗਲੈਂਡ) ਨਾਲ ਵੀ ਜੁੜੀਆਂ ਹੋਈਆਂ ਹਨ ਜਿਹਨਾਂ ਬਾਰੇ ਵੱਖਰੀਆਂ ਪੋਸਟਾਂ ਲਿਖਾਂਗਾ
ਇਹ ਤਸਵੀਰ ਐ ਚੌਧਰੀ ਰਹਿਮਤ ਅਲੀ ਜੀ ਦੀ
ਹੁਜਰੇ ਸ਼ਾਹ ਮੁਕੀਮ ਦੇ
ਇਕ ਜੱਟੀ ਅਰਜ਼ ਕਰੇ
ਮੈਂ ਬੱਕਰਾ ਦੇਨੀਆਂ ਪੀਰ ਦਾ
ਜੇ ਸਿਰ ਦਾ ਸਾਈਂ ਮਰੇ
ਲੋਕੋ ਪੰਜ ਸੱਤ ਮਰਨ ਗੁਆਂਢਣਾਂ
ਤੇ ਰਹਿੰਦੀਆਂ ਨੂੰ ਤਾਪ ਚੜੇ
ਕੁੱਤੀ ਮਰੇ ਫ਼ਕੀਰ ਦੀ
ਜਿਹੜੀ ਚਊਂ ਚਊਂ ਨਿੱਤ ਕਰੇ
ਹੱਟੀ ਢਵੇ ਕਰਾੜ ਦੀ
ਜਿੱਥੇ ਦੀਵਾ ਨਿੱਤ ਬਲੇ
ਗਲੀਆਂ ਹੋ ਜਾਣ ਸੁੰਨੀਆਂ
ਵਿੱਚ ਮਿਰਜ਼ਾ ਯਾਰ ਫਿਰੇ
ਉਪਰੋਕਤ ਸਤਰਾਂ ਪੰਜਾਬੀਆਂ ਦੇ ਦਿਲਾਂ ਵਿੱਚ ਐਸੀਆਂ ਵਸੀਆਂ ਹੋਈਆਂ ਹਨ ਕਿ ਇਹਨਾਂ ਨੂੰ ਸਟੇਜ਼ ਤੇ ਗਾਉਣਾ ਪੰਜਾਬ ਦੇ ਹਰ ਗਮੰਤਰੀ ਦੀ ਮਜਬੂਰੀ ਐ। ਅਨੇਕਾਂ ਗਾਇਕਾਂ ਨੇ ਇਹਨਾਂ ਸਤਰਾਂ ਨੂੰ ਰਿਕਾਰਡ ਵੀ ਕਰਵਾਇਆ ਹੋਇਆ ਹੈ
ਹਾਫ਼ਿਜ਼ ਬਰਖ਼ੁਰਦਾਰ ਦੀਆਂ ਇਹ ਸਤਰਾਂ ਪ੍ਰੇਮੀ ਮਿਲਾਪ ਲਈ ਤੜਪ ਦੀ ਇੰਤਹਾ ਹੀ ਹਨ। ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਅੱਖਾਂ ਸਾਹਮਣੇ ਤੱਕਣਾ ਚਾਹੁੰਦੀ, ਜਿਸਨੂੰ ਜੱਗ ਜਹਾਨ ਦੀ ਕੋਈ ਪ੍ਰਵਾਹ ਨਹੀਂ ।
ਇਹਨਾਂ ਸਤਰਾਂ ਵਿੱਚ ਸਭ ਤੋਂ ਪਹਿਲਾ ਲਫ਼ਜ਼ ‘ਹੁਜਰਾ’
ਹੁਜਰਾ – ਮੂਲ ਰੂਪ ਵਿਚ ਅਰਬੀ ਭਾਸ਼ਾ ਦਾ ਲਫ਼ਜ਼ ਐ ਜਿਸਦਾ ਅਰਥ ਐ ਲੋਕਾਂ ਲਈ ਰਲ ਮਿਲ ਬੈਠਣ ਦਾ ਵੱਡਾ ਕਮਰਾ ਜਾਂ ਇਬਾਦਤਗਾਹ ਦੇ ਨਾਲ ਵਾਲਾ ਕਮਰਾ
ਹੁਜਰਾ ਲਫ਼ਜ਼ ਵੱਖ ਵੱਖ ਗੀਤਕਾਰਾਂ ਨੇ ਆਪਣੇ ਆਪਣੇ ਗੀਤਾਂ ਵਿੱਚ ਆਪੋ ਆਪਣੇ ਮੁਤਾਬਕ ਵਰਤਿਆ ਐ ਪਾਕਿਸਤਾਨ ਦਾ ਸ਼ਾਇਰ “ਮਲਕੂ” ਲਿਖਦਾ ਐ
ਆਪਣਾ ਗਰਾਂ ਹੋਵੇ, ਤੂਤਾਂ ਦੀ ਛਾਂ ਹੋਵੇ
ਕਾਠ ਦੀ ਮੰਜੀ ਹੋਵੇ, ਸਿਰ ਥੱਲੇ ਬਾਂਹ ਹੋਵੇ
ਹੱਥ ਤੇ ਬਟੇਰਾ ਰੱਖਾਂ, ਹੁਜਰੇ ਤੇ ਡੇਰਾ ਰੱਖਾਂ
ਬੂਹੇ ਤੇਰੇ ਤੇ ਆਵਾਂ ਨਿੱਕੀ ਜਿਹੀ ਹਾਂ ਹੋਵੇ
ਆਪਣਾ ਗਰਾਂ ਹੋਵੇ………………….
ਦੂਸਰਾ – ਸ਼ਾਹ ਮੁਕੀਮ,,, ਸ਼ਾਹ ਮੁਕੀਮ ਮੁਸਲਿਮ ਸੰਤ ਐ ਜੋ ਇਸਲਾਮ ਪ੍ਰਚਾਰਕ ਸੀ। ਇਸ ਹੁਜਰੇ ਤੇ ਬਹੁਤ ਇਸਲਾਮ ਪ੍ਰਚਾਰਕ ਸਮੇਂ ਸਮੇਂ ਤੇ ਆਉਂਦੇ ਰਹੇ
ਸ਼ਾਹ ਮੁਕੀਮ ਦਾ ਹੁਜਰਾ ਅੱਜ ਵੀ ਪਾਕਿਸਤਾਨ ਦੇ ਓਕਾੜਾ ਜਿਲ੍ਹੇ ਦੀ ਦੀਪਾਲਪੁਰ ਤਹਿਸੀਲ ਵਿੱਚ ਮੌਜੂਦ ਹੈ। ਜਿੱਥੇ ਇਸਲਾਮ ਧਰਮ ਨੂੰ ਮੰਨਨ ਵਾਲੇ ਲੋਕ ਸੁਖਣਾਂ ਸੁੱਖਣ ਆਉਂਦੇ ਹਨ। ਉਹਨਾਂ ਮੁਤਾਬਕ ਇੱਥੇ ਉਹਨਾਂ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਹਨ।
ਇਹਨਾਂ ਸਤਰਾਂ ਰਾਹੀਂ ਕਵੀ ਨੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਐ ਕਿ ‘ਸਾਹਿਬਾਂ’ ਸ਼ਾਹ ਮੁਕੀਮ ਤੇ ਹੁਜਰੇ ਤੇ ਜਾ ਕੇ ਮੰਨਤ ਮੰਗਦੀ ਐ ਕਿ ਭਾਵੇਂ ਸਾਰਾ ਜੱਗ ਉੱਜੜ ਜਾਵੇ ਪਰ ਉਸਦਾ ਪ੍ਰੇਮੀ ‘ਮਿਰਜ਼ਾ’ ਉਸਦੇ ਸਾਹਮਣੇ ਹੋਵੇ
Top of Form