ਪੰਜਾਬ ਦੇ ਆਮ ਘਰਾਂ ਅੰਦਰ ਜੇਕਰ ਰੋਜ਼ਾਨਾ ਜ਼ਿੰਦਗੀ ਦੀ ਗੱਲਬਾਤ ਵਿੱਚੋਂ ਕੁੱਝ ਕੁ ਅੰਸ਼ ਕੱਢਣੇ ਹੋਣ ਤਾਂ ਉਹ ਇਸ ਤਰਾਂ ਹਨ ਕਿ ਤੁਹਾਡੇ ਬੱਚੇ ਬਾਰਵੀਂ ਚੋਂ ਪਾਸ ਹੋ ਗਏ ਕਿ ਨਹੀਂ ? ਔਹ ਫਲਾਣੇ ਆਈਲੈਟਸ ਆਲੇ ਬਾਹਲੇ ਨੰਬਰ ਦਿਵਾਉਂਦੇ ਨੇ ਉਹਨਾਂ ਕੋਲੇ ਹੀ ਲਾਇਓ! ਥੋਡੇ ਮੁੰਡੇ ਦੇ ਆਈਲੈਟਸ ਦਾ ਕੀ ਬਣਿਆ। ਕਿਹੜਾ ਆਈਲੈਟਸ ਸੈਂਟਰ ਚੰਗਾ ਹੈ। ਸਾਡੇ ਮੁੰਡੇ ਦੇ ਤਾਂ ਪੰਜ ਤੋਂ ਵੱਧਦੇ ਹੀ ਨਹੀਂ, ਸੈਂਟਰ ਵੀ ਕਿੰਨੇ ਹੀ ਬਦਲਕੇ ਦੇਖ ਲਏ ਹਨ। ਥੋਡੀ ਕੁੜੀ ਦੀ ਫਾਈਲ ਲੱਗ ਗਈ ਕਿ ਨਹੀਂ ? ਸਾਡੇ ਫਲਾਣੀ ਰਿਸ਼ਤੇਦਾਰੀ ਵਿੱਚੋਂ ਮੁੰਡੇ ਨੇ ਕਿੰਨੇ ਵਾਰੀ ਪੇਪਰ ਦਿੱਤੇ ਪਰ ਪੰਜ ਤੋਂ ਨੀ ਵਧਿਆ ਪਰ ਹੁਣ ਅੱਕਕੇ ਬੈਂਡਾ ਆਲੀ ਕੁੜੀ ਲੱਭੀ ਐ ! ਵਿਆਹ ਦਾ ਖਰਚਾ ਤੇ ਸਾਰੀਆਂ ਫੀਸਾਂ ਭਰਨ ਦੀ ਗੱਲ ਹੋਈ ਐ ਕਹਿੰਦੇ ਫੇਰ ਵੀ ਕੋਈ ਘਾਟੇ ਆਲਾ ਸੌਦਾ ਨੀ! ਘਰਾਂ ਅੰਦਰ ਗੱਲਾਂ ਜੋ ਵੀ ਹੋਣ,ਤਰੀਕਾ ਜਿਹੜਾ ਮਰਜੀ ਹੋਵੇ ! ਬੱਚੇ ਬਾਹਰਲੇ ਮੁਲਕਾਂ ਵਿੱਚ ਪਹੁੰਚ ਰਹੇ ਹਨ। ਹੁਣ ਕਈ ਲੋਕ ਕਹਿੰਦੇ ਹਨ ਕਿ ਬੱਚਿਆਂ ਨੂੰ ਬਾਹਰਲੇ ਮੁਲਕ ਨਹੀਂ ਭੇਜਣਾ ਚਾਹੀਦਾ ਪਰ ਅਸੀਂ ਇਸ ਵਿਚਾਰ ਨਾਲ ਸਹਿਮਤ ਨਹੀਂ ਹਾਂ। ਚੰਗੇ ਭਵਿੱਖ ਲਈ ਯੱੁਗਾਂ ਯੁਗਾਂਤਰਾਂ ਤੋਂ ਮਨੁੱਖ ਪਰਵਾਸ ਕਰਦਾ ਆਇਆ ਹੈ,ਕਰਦਾ ਰਹੇਗਾ ਅਤੇ ਕਰਨਾ ਚਾਹੀਦਾ ਵੀ ਹੈ। ਘਰ ਅੰਦਰ ਬੈਠਿਆਂ ਵਿਕਾਸ ਬਾਰੇ ਸੋਚਿਆ ਤਾਂ ਜਾ ਸਕਦਾ ਹੈ ਪਰ ਵਿਕਾਸ ਦੇ ਦਰਸਨ ਨਹੀਂ ਹੋ ਸਕਦੇ। ਬੱਚੇ ਜੋ ਆਪਣੇ ਚੰਗੇ ਭਵਿੱਖ ਲਈ ਕਰ ਰਹੇ ਹਨ ਉਹ ਚੰਗੀ ਗੱਲ ਹੈ । ਕਨੇਡਾ ਦੀ ਧਰਤੀ ਉੱਪਰ ਆਏ ਬੱਚਿਆ ਨੂੰ ਦੇਖ ਮਨ ਖੁਸ਼ ਹੁੰਦਾ ਹੈ ਕਿ ਇੰਨੀ ਛੋਟੀ ਉਮਰ ਵਿੱਚ ਇਹਨਾਂ ਨੇ ਕਿੱਡੀ ਵੱਡੀ ਉਡਾਰੀ ਭਰੀ ਹੈ ਉਹਨਾਂ ਦੇ ਉਡਾਣ ਭਰਨ ਵਾਲੇ ਖੰਭਾਂ ਨੂੰ ਦਾਦ ਦੇਣੀ ਬਣਦੀ ਹੈ । ਪਰ ਨਾਲ ਹੀ ਮਨ ਅੰਦਰ ਉਹਨਾਂ ਦੇ ਧੁੰਦਲੇ ਭਵਿੱਖ ਦੀ ਤਸਵੀਰ ਵੀ ਕਈ ਵਾਰ ਸਾਹਮਣੇ ਆ ਖਲੋਂਦੀ ਹੈ। ਜਦੋਂ ਫੀਸਾਂ ਭਰਨ ਲਈ ਕੰਮਾਂਕਾਰਾਂ ਸਬੰਧੀ ਤਰਲੋਮੱਛੀ ਹੁੰਦੇ ਇਹਨਾਂ ਬੱਚਿਆਂ ਦਾ ਸ਼ੋਸਣ ਹੁੰਦਾ ਦੇਖਦੇ ਹਾਂ ਤਾਂ ਫਿਰ ਉਸੇ ਵਕਤ ਉਹਨਾਂ ਦੇ ਮਾਪਿਆਂ ਉੱਪਰ ਖਿਝ ਵੀ ਆਉਂਦੀ ਹੈ ਕਿ ਉਹਨਾਂ ਨੇ ਇਹਨਾਂ ਨੂੰ ਇੰਨੀ ਛੋਟੀ ਉਮਰ ਵਿੱਚ ਤੋਰਨ ਮੌਕੇ ਇਹ ਕਿਉਂ ਨਹੀਂ ਸੋਚਿਆ ਕਿ ਜਦੋਂ ਉਹ ਇਸ ਉਮਰ ਵਿੱਚ ਸਨ ਤਾਂ ਕੀ ਉਹ ਐਡੇ ਵੱਡੇ ਫੈਸਲੇ ਲੈਣ ਦੇ ਕਾਬਿਲ ਸਨ? ਜੋ ਫੈਸਲੇ ਉਹਨਾਂ ਦੇ ਬੱਚਿਆਂ ਨੂੰ ਇਸ ਵਕਤ ਲੈਣੇ ਪੈ ਰਹੇ ਹਨ। ਬੱਚਿਆਂ ਦੇ ਕਨੇਡਾ ਪਹੁੰਚਣ ਉਪਰੰਤ ਇੱਕ ਹੋਰ ਵੱਡੀ ਗਲਤੀ ਮਾਪਿਆਂ ਵੱਲੋਂ ਹੁੰਦੀ ਹੈ, ਉਹ ਹੈ ਮਾਪਿਆਂ ਨੂੰ ਜਹਾਜ ਚੜ੍ਹਨ ਦੀ ਕਾਹਲੀ। ਬੱਚੇ ਨੂੰ ਹਾਲੇ ਕੁੱਝ ਸਮਾਂ ਹੀ ਕਨੇਡਾ ਆਏ ਨੂੰ ਹੋਇਆ ਹੁੰਦਾ ਹੈ ਕਿ ਮਾਪਿਆਂ ਵੱਲੋਂ ਉਸ ਉੱਪਰ ਜ਼ੋਰ ਪਾਇਆ ਜਾਂਦਾ ਹੈ ਕਿ ਉਹਨਾਂ ਨੂੰ ਛੇਤੀ ਸਪਾਂਸਰਸਿੱਪ ਭੇਜੋ ਤਾਂ ਕਿ ਉਹ ਵੀ ਛੇਤੀ ਛੇਤੀ ਜਹਾਜ ਦੀ ਬਾਰੀ ਨੂੰ ਹੱਥ ਪਾਕੇ ਕਨੇਡਾ ਪਹੁੰਚ ਸੋਸਲ ਮੀਡੀਆ ਉੱਪਰ ਫੋਟੋਆਂ ਪਾ ਸਕਣ। ਪਰ ਕਨੇਡਾ ਦੇ ਹਾਲਾਤ ਇਹ ਹੁੰਦੇ ਹਨ ਕਿ ਉਹਨਾ ਦਾ ਮੁੰਡਾ ਕੁੜੀ ਹਾਲੇ ਤੱਕ ਆਪਣੇ ਨਾਲ ਦੇ ਸਾਥੀ ਮੁੰਡੇ ਕੁੜੀਆਂ ਨਾਲ ਰੂਮ ਸ਼ੇਅਰ ਕਰਕੇ ਮਸਾਂ ਫੀਸਾਂ ਭਰਨ ਜੋਗਾ ਔਖਾ ਸੌਖਾ ਗੁਜਾਰਾ ਕਰ ਰਿਹਾ ਹੁੰਦਾ ਹੈ । ਹੁਣ ਜਦੋਂ ਮਾਂ ਪਿਊ ਨੇ ਕਨੇਡਾ ਆਉਣਾ ਹੈ ਤਾਂ ਉਸ ਨੂੰ ਅਲੱਗ ਕਮਰਾਜਾਂ ਬੇਸਮੈਂਟ ਜਾਂ ਅਪਾਰਟਮੈਂਟ ਇਕੱਲੇ ਨੂੰ ਕਿਰਾਏ ਉੱਪਰ ਲੈਣਾ ਪਵੇਗਾ ਤਾਂ ਉਸਦਾ ਖਰਚਾ ਚਾਰ ਗੁਣਾਂ ਵਧ ਜਾਵੇਗਾ। ਜਦੋਂ ਮਾਪੇ ਕਨੇਡਾ ਆਉਣਗੇ ਤਾਂ ਉਹਨਾਂ ਨੂੰ ਘੁੰਮਣ ਫਿਰਨ ਵਾਲੀਆਂ ਥਾਵਾਂ ਉੱਪਰ ਵੀ ਲੈਜਾਣਾ ਪਵੇਗਾ ਜਿਸ ਲਈ ਕਾਰ ਦੀ ਲੋੜ ਵੀ ਪਵੇਗੀ। ਕਾਰ ਦਾ ਖਰਚਾ ਵੀ ਮਾਪਿਆਂ ਕਾਰਣ ਵੀ ਵਧਿਆ ਹੈ । ਘੁੰਮਣ ਫਿਰਨ ਲਈ ਕੰਮ ਉੱਪਰੋਂ ਵੀ ਛੁੱਟੀ ਲੈਣੀ ਪਵੇਗੀ । ਇਸ ਮੌਕੇ ਦਿਹਾੜੀਆਂ ਤਾਂ ਮਰਦੀਆਂ ਹੀ ਹਨ ਪਰ ਕਈ ਵਾਰੀ ਕੰਮ ਦਾ ਮਾਲਕ ਕੰਮ ਤੋਂ ਜੁਆਬ ਵੀ ਦੇ ਦਿੰਦਾ ਹੈ। ਫਿਰ ਮਾਪੇ ਜੋ ਟਿਕਟਾਂ ਦਾ ਖਰਚਾ ਕਰਕੇ ਆਏ ਹਨ ਉਹ ਵੀ ਇਹੀ ਸੋਚਕੇ ਖਰਚ ਕੀਤਾ ਸੀ ਕਿ ਕਨੇਡਾ ਜਾਕੇ ਖਰਚੇ ਜੋਗਾ ਕੰਮ ਤਾਂ ਅਸੀਂ ਖੁਦ ਹੀ ਕਰ ਲਵਾਂਗੇ। ਸਗੋਂ ਵਾਪਿਸੀ ਮੌਕੇ ਖਰੀਦੋਫਰੋਖਤ ਵਾਲਾ ਖਰਚਾ ਵੀ ਬਣਾ ਲਵਾਂਗੇ। ਇਸ ਹਾਲਤ ਵਿੱਚ ਆਕੇ ਮੁਸੀਬਤ ਬਣ ਜਾਂਦੀ ਹੈ। ਮਾਪਿਆਂ ਕੋਲ ਕੰਮ ਕਰਨ ਦੀ ਇਜਾਜਤ ਨਹੀਂ ਹੁੰਦੀ ਉਹ ਕੈਸ਼ ਉੱਪਰ ਕੰਮ ਲੱਭਦੇ ਫਿਰਦੇ ਹਨ । ਕਈ ਵਾਰ ਕੈਸ਼ ਉੱਪਰ ਕੰਮ ਕਰਦਿਆਂ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ। ਕੋਈ ਇੰਸ਼ੋਰੈਂਸ ਨਹੀਂ ਲਈ ਹੁੰਦੀ ਫਿਰ ਗੁਰੂਘਰਾਂ ਮੰਦਿਰਾਂ ਵਿੱਚ ਫੰਡ ਇਕੱਠਾ ਕਰਨ ਲਈ ਟੇਬਲ ਲੱਗੇ ਹੁੰਦੇ ਹਨ ਕਿ ਹਸਪਤਾਲ ਦਾ ਬਿੱਲ 4 ਲੱਖ ਡਾਲਰ ਹੋ ਗਿਆ ਹੈ ਮਿਰਤਕ ਦੇਹ ਪੰਜਾਬ ਭੇਜਣੀ ਹੈ ਆਦਿ ਆਦਿ । ਸੋ ਮਾਪਿਆਂ ਨੂੰ ਬੇਨਤੀ ਹੈ ਕਿ ਜਿੰਨਾ ਚਿਰ ਬੱਚਾ ਉਸ ਮੁਲਕ ਵਿੱਚ ਪੱਕਾ ਹੋਕੇ ਆਪਣੇ ਪੈਰਾਂ ਉੱਪਰ ਖੜਾ ਨਹੀਂ ਹੋ ਜਾਂਦਾ ਉਨਾ ਚਿਰ ਮਾਪਿਆਂ ਨੂੰ ਕਨੇਡਾ ਆਉਣ ਦੀ ਕਾਹਲੀ ਨਹੀਂ ਕਰਨੀ ਚਾਹੀਦੀ । ਫਿਰ ਜਦੋਂ ਵੀ ਆਉਣਾ ਹੈ ਤਾਂ ਜਿਆਦਾ ਤੋਂ ਜਿਆਦਾ ਕਵਰੇਜ ਵਾਲੀ ਇੰਸੋਰੈਂਸ ਜਰੂਰ ਲੈ ਲੈਣੀ ਚਾਹੀਦੀ ਹੈ ਤਾਂ ਕਿ ਮਾੜੇ ਵਕਤ ਸਹਾਰਾ ਲੱਗ ਸਕੇ ਅਤੇ ਤੁਹਾਡੇ ਬੱਚਿਆਂ ਨੂੰ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ।ਇੱਕ ਸਲਾਹ ਹੈ ਕਿ ਹੋ ਸਕੇ ਤਾਂ ਬੱਚਿਆਂ ਨੂੰ ਬਾਰਵੀਂ ਕਲਾਸ ਤੋਂ ਬਾਦ ਕੋਈ ਡਿਗਰੀ ਬਗੈਰਾ ਕਰਵਾਕੇ ਹੀ ਭੇਜਣਾ ਚਾਹੀਦਾ ਹੈ। ਇਸ ਤਰਾਂ ਕਰਨ ਨਾਲ ਇੱਕ ਤਾਂ ਉਹਨਾਂ ਦੀ ਵਿਿਅਕ ਯੋਗਤਾ ਵਧ ਜਾਵੇਗਾ ਦੂਜੀ ਗੱਲ ਉਹਨਾਂ ਦੀ ਉਮਰ ਵਿੱਚ ਵੀ ਪਰਪੱਕਤਾ ਆ ਜਾਵੇਗੀ। ਪਰ ਜਿਹੜਾ ਰੁਝਾਨ ਇਹਨੀ ਦਿਨੀ ਬਣਿਆ ਹੋਇਆ ਹੈ ਕਿ ਬੱਚਿਆਂ ਨੁੰ ਬਾਹਰ ਭੇਜੋ ਅਤੇ ਫਿਰ ਆਪ ਵੀ ਆਪਣੇ ਜਹਾਜ ਚੜ੍ਹਨ ਵਾਲਾ ਸੁਪਨਾ ਪੂਰਾ ਕਰ ਲਓ । ਪੰਜਾਬੀਓ ਸੁਪਨੇ ਪੂਰੇ ਜਰੂਰ ਕਰੋ । ਜਹਾਜ ਜਰੂਰ ਚੜੋ ਪਰ ਇਸ ਮੌਕੇ ਆਪਣੇ ਬੱਚਿਆਂ ਨੂੰ ਪੌੜੀ ਨਾ ਬਣਾਓ ।