ਆਪਣੇ ਵਿਰਸੇ ਨਾਲ ਜੁੜਨ ਲਈ ਕਿਤਾਬਾਂ ਨੂੰ ਆਪਣੇ ਘਰਾਂ ਦਾ ਸ਼ਿੰਗਾਰ ਬਣਾਓ –ਰਾਮੂੰਵਾਲੀਆ ਦੀ ਪੰਜਾਬੀਆਂ ਨੂੰ ਅਪੀਲ

ਸਰੀ, 23 ਅਗਸਤ (ਹਰਦਮ ਮਾਨ)-ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤ, ਪੰਜਾਬ ਦੀ
ਰਾਜਨੀਤੀ ਵਿਚ ਵਿਲੱਖਣ ਪਛਾਣ ਰੱਖਣ ਵਾਲੇ ਬਲਵੰਤ ਸਿੰਘ ਰਾਮੂਵਾਲੀਆ ਅੱਜ ਇੱਥੇ ਸਰੀ
ਵਿਖੇ ਗੁਲਾਟੀ ਪਬਲਿਸ਼ਰਜ਼ ਲਿਮਿਟਡ ਦੇ ਬੁੱਕ ਸਟੋਰ ‘ਤੇ ਆਏ। ਉਹਨਾਂ ਦੇ ਨਾਲ ਢਾਡੀ
ਕਵੀਸ਼ਰ ਚਮਕੌਰ ਸਿੰਘ ਸੇਖੋਂ, ਨਵਦੀਪ ਗਿੱਲ ਅਤੇ ਬਲਤੇਜ ਸਿੰਘ ਕੁੰਡਲ ਵੀ ਮੌਜੂਦ ਸਨ।
ਬੁੱਕ ਸਟੋਰ ਵਿਚ ਮੌਜੂਦ ਹਰਦਮ ਸਿੰਘ ਮਾਨ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ
ਉਨ੍ਹਾਂ ਨਾਲ ਪੰਜਾਬ ਦੇ ਤਾਜ਼ਾ ਹਾਲਾਤ ਬਾਰੇ ਵੀ ਗੱਲਬਾਤ ਕੀਤੀ।

ਆਪਣੇ ਵਿਰਸੇ ਨਾਲ ਜੁੜਨ ਲਈ ਕਿਤਾਬਾਂ ਨੂੰ ਆਪਣੇ ਘਰਾਂ ਦਾ ਸ਼ਿੰਗਾਰ ਬਣਾਓ – ਰਾਮੂੰਵਾਲੀਆ ਦੀ ਪੰਜਾਬੀਆਂ ਨੂੰ ਅਪੀਲ

ਸ. ਰਾਮੂਵਾਲੀਆ ਵਿਦੇਸ਼ ਦੀ ਧਰਤੀ ‘ਤੇ ਏਨਾ ਵੱਡਾ ਪੰਜਾਬੀ ਕਿਤਾਬਾਂ ਦਾ ਸਟੋਰ ਵੇਖ ਕੇ
ਬਹੁਤ ਹੀ ਖੁਸ਼ ਹੋਏ। ਉਹਨਾਂ ਕਿਹਾ ਕਿ ਗੁਲਾਟੀ ਪਬਲਿਸ਼ਰਜ਼ ਅਤੇ ਚੇਤਨਾ ਪ੍ਰਕਾਸ਼ਨ ਦਾ
ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਭਾਰਤ ਤੋਂ ਬਾਹਰ ਪੰਜਾਬੀ ਭਾਸ਼ਾ, ਪੰਜਾਬੀ
ਸਾਹਿਤ, ਪੰਜਾਬੀ ਸੱਭਿਆਚਾਰ, ਪੰਜਾਬੀ ਇਤਿਹਾਸ ਦੀ ਜਾਣਕਾਰੀ ਪੰਜਾਬੀਆਂ ਤੀਕ ਪੁਚਾਉਣ
ਦਾ ਇਹ ਬਹੁਤ ਹੀ ਸੁਹਿਰਦ ਅਤੇ ਵਧੀਆ ਕਾਰਜ ਹੈ। ਜਿੱਥੇ ਅਜਿਹੇ ਕਾਰਜ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਸ਼ਾ ਵਿਭਾਗ ਪੰਜਾਬ ਅਤੇ ਹੋਰ ਅਜਿਹੀਆਂ ਸੰਸਥਾਵਾਂ ਨੂੰ
ਕਰਨੇ ਚਾਹੀਦੇ ਸਨ ਉੱਥੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਸਤੀਸ਼ ਗੁਲਾਟੀ ਪੂਰੀ ਮਿਹਨਤ
ਅਤੇ ਤਨਦੇਹੀ ਨਾਲ ਪੰਜਾਬੀ ਵਿਰਾਸਤ ਨੂੰ ਕੈਨੇਡਾ, ਅਮਰੀਕਾ ਵਿੱਚ ਪਹੁੰਚਾ ਰਹੇ ਹਨ।

ਉਨਾਂ ਕਿਹਾ ਕਿ ਇਹ ਸੱਚਮੁੱਚ ਬਹੁਤ ਵੱਡਾ ਕਾਰਜ ਹੈ ਅਤੇ ਕੈਨੇਡਾ, ਅਮਰੀਕਾ ਵਿੱਚ ਬੈਠੇ
ਪੰਜਾਬੀਆਂ ਨੂੰ ਆਪਣੀ ਬੋਲੀ, ਸਾਹਿਤ, ਸਮਾਜ, ਇਤਿਹਾਸ ਅਤੇ ਸੱਭਿਆਚਾਰ ਨਾਲ ਜੁੜਨ ਅਤੇ
ਇਸ ਬਾਰੇ ਵਧੇਰੇ ਜਾਣਕਾਰੀ ਹਾਸਿਲ ਕਰਨ ਲਈ ਕਿਤਾਬਾਂ ਦਾ ਤੋਹਫਾ ਉਹਨਾਂ ਦੇ ਘਰਾਂ ਤੱਕ
ਇਹ ਸੰਸਥਾ ਪੁਚਾ ਰਹੀ ਹੈ। ਉਹਨਾਂ ਸਤੀਸ਼ ਗੁਲਾਟੀ ਨੂੰ ਇਸ ਕਾਰਜ ਲਈ ਸ਼ਾਬਾਸ਼ ਦਿੰਦਿਆਂ
ਕਿਹਾ ਕਿ ਉਹ ਪੰਜਾਬੀ ਬੋਲੀ ਦੇ ਇਸ ਸੇਵਾ ਕਾਰਜ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਣ।
ਉਨ੍ਹਾਂ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਮਹਾਨ ਵਿਰਸੇ ਨਾਲ ਜੁੜਨ ਲਈ
ਕਿਤਾਬਾਂ ਨੂੰ ਆਪਣੇ ਘਰਾਂ ਦਾ ਸ਼ਿੰਗਾਰ ਬਣਾਉਣ।

Exit mobile version