‘ਆਪਣੇ ਵੀ ਡੌਲਿਆਂ ’ਚ ਜਾਨ ਚਾਹੀਦੀ…

‘ਕਬੱਡੀ ਕੱਪ—2024’: ਡੀ. ਏ. ਵੀ. ਸਰੀ ਦੀ ਟੀਮ ਨੇ ਮਾਰੀ ਬਾਜੀ
ਕੇ. ਐਸ. ਮੱਖਣ ਵੱਲੋਂ ‘ਆਪਣੇ ਵੀ ਡੌਲਿਆਂ ’ਚ ਜਾਨ ਚਾਹੀਦੀ……..!’ਗੀਤ ਨਾਲ ਸਟੇਡੀਅਮ ਤਾੜੀਆਂ ਨਾਲ ਗੂੰਜਿਆ
ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ ਦਾ ਰਾਡੋ ਘੜੀ ਨਾਲ ਵਿਸ਼ੇਸ਼ ਸਨਮਾਨ

ਐਬਟਸਫੋਰਡ, (ਕੈਨੇਡਾ), 9 ਸਤੰਬਰ 2024 (ਮਲਕੀਤ ਸਿੰਘ)—‘ਐਬੇ ਸਪੋਰਟਸ ਕਲੱਬ ਸੋਸਾਇਟੀ’ ਅਤੇ ‘ਨੈਸ਼ਨਲ ਕਬੱਡੀ ਐਸੋਸੀਏਸ਼ਨ ਕੈਨੇਡਾ’ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਕੈਨੇਡਾ ਦੇ ਐਬਟਸਫੋਰਡ ਸ਼ਹਿਰ ’ਚ ਸਥਿਤ ਰੋਟਰੀ ਸਟੇਡੀਅਮ ਦੀ ਖੁੱਲ੍ਹੀ ਗਰਾਊਂਡ ’ਚ ‘ਕਬੱਡੀ ਕੱਪ—2024’ ਕਰਵਾਇਆ ਗਿਆ।ਜਿਸ ’ਚ ਕਬੱਡੀ ਦੀਆਂ ਵੱਖ—ਵੱਖ ਕੁਲ 6 ਟੀਮਾਂ ਦਰਮਿਆਨ ਕਬੱਡੀ ਦੇ ਮੈਚ ਕਰਵਾਏ ਗਏ।ਜਿਸ ਦੌਰਾਨ ਦੇਰ ਸ਼ਾਮ ਨੂੰ ਕਰਵਾਏ ਗਏ ਫਾਈਨਲ ਕਬੱਡੀ ਮੈਚ ’ਚੋਂ ਡੀ. ਏ. ਵੀ. ਸਰੀ ਦੀ ਟੀਮ ਅਵੱਲ ਰਹੀ, ਜਦੋਂ ਕਿ ਹਰਜੀਤ ਬਰਾੜ ਬਾਜਾਖਾਨਾ ਦੀ ਟੀਮ ਦੂਸਰੇ ਸਥਾਨ ’ਤੇ ਰਹੀ।

ਅੱਜ ਦੇ ਫਾਈਨਲ ਕਬੱਡੀ ਮੈਚਾਂ ਦੌਰਾਨ ਕਬੱਡੀ ਖਿਡਾਰੀ ਅੰਬਾ ਸੁਰਸਿੰਘ ਨੂੰ ਬੈਸਟ ਰੇਡਰ ਅਤੇ ਅੰਕੁਰ ਨੂੰ ਬੈਸਟ ਸਟੋਪਰ ਐਲਾਨਿਆ ਗਿਆ।ਅੱਜ ਸਵੇਰ ਵੇਲੇ ਤੋਂ ਇਸ ਕਬੱਡੀ ਕੱਪ ਦੇ ਦਿਲਚਸਪ ਮੈਚਾਂ ਨੂੰ ਵੇਖਣ ਲਈ ਦੇਰ ਸ਼ਾਮ ਤੀਕ ਰੋਟਰੀ ਸਟੇਡੀਅਮ ਕਬੱਡੀ ਪ੍ਰੇਮੀਆਂ ਦੀ ਭੀੜ ਨਾਲ ਖਚਾਖਚ ਭਰਿਆ ਨਜ਼ਰੀ ਆਇਆ।
ਅੱਜ ਦੇ ਕਬੱਡੀ ਕੱਪ ਦਾ ਅਨੰਦ ਮਾਣਨ ਲਈ ਉਚੇਚੇ ਤੌਰ ’ਤੇ ਐਬਟਸਫੋਰਡ ’ਚ ਪੁੱਜੀਆਂ ਪ੍ਰਮੁੱਖ ਸਖਸ਼ੀਅਤਾਂ ’ਚ ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਉਘੇ ਕਬੱਡੀ ਪ੍ਰੇਮੀ ਬਲਬੀਰ ਸਿੰਘ ਬੈਂਸ, ਗਿਆਨ ਸਿੰਘ ਮਾਨ, ਤ੍ਰਿਪਤ ਅਟਵਾਲ, ਹਰਜੀਤ ਗਿੱਲ ਅਤੇ ਉਘੇ ਪੰਜਾਬੀ ਗਾਇਕ ਕੇ. ਐਸ. ਮੱਖਣ ਦੇ ਨਾਮ ਵਰਨਣਯੋਗ ਹਨ।

ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਨੀਟੂ ਕੰਗ, ਇਕਬਾਲ ਸਿੰਘ, ਰਾਜ ਪੁਰੇਵਾਲ, ਉਕਾਂਰ ਸਿੰਘ ਮਾਨ, ਗੁਰਦੀਪ ਸਿੰਘ ਖੁਰਾਣਾ, ਹਰਿੰਦਰ ਔਜਲਾ, ਨਿੱਕਾ ਨਕੋਦਰ, ਦਰਸ਼ਨ ਸਿੱਧੂ (ਜੋਗਾ ਨੰਦ), ਅਮਰਿੰਦਰ ਸ਼ੇਰਗਿੱਲ, ਨਿਊ ਵੇਅ ਰੇਲਿੰਗ ਤੋਂ ਨਿਰਭੈ ਸਿੰਘ ਕੈਂਥ,ਬਲਦੇਵ ਸਿੰਘ ਢਿੱਲੋਂ, ਉਘੇ ਪੱਤਰਕਾਰ ਮਹੇਸ਼ਇੰਦਰ ਸਿੰਘ ਮਾਂਗਟ, ਲੱਕੀ ਕੁਰਾਲੀ (ਪੰਜਾਬੀ ਐਂਕਰ) ਆਦਿ ਹਾਜ਼ਰ ਸਨ

ਅੱਜ ਕਬੱਡੀ ਮੈਚਾਂ ਦੌਰਾਨ ਨੱਛਤਰ ਸੰਘਾ (ਡੰਡੇਵਾਲ) ਵੱਲੋਂ ਰੂਟਰ ਦੀ ਫ੍ਰੀ ਸੇਵਾ ਕੀਤੀ ਗਈ, ਜਦੋਂ ਕਿ ਤਰਲੋਚਨ ਸਿੰਘ, ਦਵਿੰਦਰ ਸਿੰਘ (ਚਮਕੌਰ ਸਾਹਿਬ) ਅਤੇ ਦਰਸ਼ਨ ਸਿੱਧੂ ਵੱਲੋਂ ਰੈਫਰੀ ਦੀ ਜਿੰਮੇਵਾਰੀ ਪੜ੍ਹਾਅਵਾਰ ਨਿਭਾਈ ਗਈ।ਉਘੇ ਪੰਜਾਬੀ ਕੁਮੈਂਟਰਾਂ ਬਿੱਲਾ ਭੱਟੀ, ਦਿਲਸ਼ਾਦ ਈ. ਸੀ., ਮੌਮੀ ਸਿੰਘ ਅਤੇ ਗੋਲੇਵਾਲੀਆ ਵੱਲੋਂ ਕੀਤੀ ਗਈ ਕੁਮੈਂਟਰੀ ਨਾਲ ਸਮੁੱਚਾ ਮਾਹੌਲ ਦਿਲਚਸਪ ਬਣਿਆ ਰਿਹਾ।

ਅੱਜ ਦੇ ਕਬੱਡੀ ਦੇ ਕੱਪ ਦੌਰਾਨ ਅਚਾਨਕ ਪੁੱਜੇ ਉਘੇ ਪੰਜਾਬੀ ਗਾਇਕ ਕੇ. ਐਸ. ਮੱਖਣ ਵੱਲੋਂ ਗਰਾਊਂਡ ’ਚ ਖੜ੍ਹ ਕੇ ਆਪਣੇ ਚਰਚਿਤ ਗੀਤ ‘ਯਾਰਾਂ ਦੇ ਸਿਰਾਂ ’ਤੇ ਨੀ ਹੁੰਦੀਆਂ ਲੜਾਈਆਂ, ਆਪਣੇ ਵੀ ਡੌਲਿਆਂ ’ਚ ਜਾਨ ਚਾਹੀਦੀ……!’ ਦੇ ਬੋਲ ਮਾਈਕ ਤੋਂ ਪੇਸ਼ ਕੀਤੇ ਗਏ ਤਾਂ ਗਰਾਊਂਡ ’ਚ ਮੌਜ਼ੂਦ ਸਾਰੇ ਹੀ ਦਰਸ਼ਕਾਂ ਦੀਆਂ ਤਾੜੀਆਂ ਨਾਲ ਸਟੇਡੀਅਮ ਗੂੰਜਦਾ ਮਹਿਸੂਸ ਹੋਇਆ।

ਕਬੱਡੀ ਕੱਪ ਦੇ ਪ੍ਰਬੰਧਕਾਂ ਵੱਲੋਂ ਇਸ ਮੌਕੇ ’ਤੇ ਪੁੱਜੇ ਗਿਆਨ ਸਿੰਘ ਮਾਨ (ਭਰਾਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ), ਗਾਇਕ ਕੇ. ਐਸ. ਮੱਖਣ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਅਖੀਰਲੇ ਪੜਾਅ ਚ ਸੀਨੀਅਰ ਪੱਤਰਕਾਰ ਅਤੇ ‘ਦੇਸ਼ ਪ੍ਰਦੇਸ਼ ਟਾਇਮਜ਼’(ਕੈਨੇਡਾ) ਦੇ ਮੁੱਖ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ਅਤੇ ਕਬੱਡੀ ਪ੍ਰੇਮੀ ਮੌਮੀ ਨੂੰ ਰਾਡੋ ਘੜੀਆਂ ਨਾਲ ਸਨਮਾਨਿਤ ਕਰਨ ਦੀ ਰਸਮ ਕੰਸ਼ਰਵੇਟਿਵ ਪਾਰਟੀ ਦੀ ਆਗੂ ਤ੍ਰਿਪਤ ਅਟਵਾਲ ਅਤੇ ਉਘੇ ਕਾਰੋਬਾਰੀ ਬਲਬੀਰ ਬੈਂਸ ਵੱਲੋਂ ਸਾਂਝੇ ਤੌਰ ’ਤੇ ਨਿਭਾਈ ਗਈ