ਆਮ ਆਦਮੀ ਪਾਰਟੀ ਦਾ ਅੰਦਰੂਨੀ ਕਲੇਸ

ਪੰਜਾਬ ਦਾ ਨੁਕਸਾਨ ਹੋਇਆ ਤਾਂ ਲੋਕ ਬਰਦਾਸਤ ਨਹੀਂ ਕਰਨਗੇ

         ਬਲਵਿੰਦਰ ਸਿੰਘ ਭੁੱਲਰ

                ਅੰਦਰੂਨੀ ਕਲੇਸ ਘਰ ਪਰਿਵਾਰ ਦਾ ਹੋਵੇ ਚਾਹੇ ਸੂਬੇ ਜਾਂ ਦੇਸ਼ ਦਾ ਹੋਵੇ, ਉਹ ਜਿੱਥੇ ਵੀ ਹੋਵੇਗਾ ਉਸਦਾ ਕੋਈ ਲਾਭ ਤਾਂ ਹੋਣਾ ਹੀ ਨਹੀਂ, ਬਲਕਿ ਉਹ ਤਬਾਹੀ ਦਾ ਕਾਰਨ ਹੀ ਬਣਦਾ ਹੈ। ਇਤਿਹਾਸ ਅਜਿਹੀਆਂ ਦਲੀਲਾਂ ਨਾਲ ਭਰਿਆ ਪਿਆ ਹੈ, ਜੇਕਰ ਘਰ ਦੇ ਮੈਂਬਰ ਅੰਦਰੂਨੀ ਕਲੇਸ ਸਦਕਾ ਗੱਦਾਰੀ ਨਾ ਕਰਦੇ ਤਾਂ ਲੰਕਾ ਦੇ ਰਾਵਨ ਦਾ ਰਾਜ ਭਾਗ ਵੀ ਖਤਮ ਨਹੀਂ ਸੀ ਹੋਣਾ। ਅਜਿਹੇ ਕਲੇਸ ਨੇ ਹੀ ਭਾਰਤ ਪਾਕਿਸਤਾਨ ਦੋ ਵੱਖ ਵੱਖ ਦੇਸ਼ ਬਣਾ ਦਿੱਤੇ ਸਨ। ਬੀਤੇ ਦਿਨੀਂ ਸਾਡੇ ਗੁਆਂਢੀ ਰਾਜ ਹਰਿਆਣਾ ਵਿੱਚ ਸ਼ਾਨ ਨਾਲ ਜਿੱਤ ਰਹੀ ਕਾਂਗਰਸ ਦੇ ਅੰਦਰੂਨੀ ਕਲੇਸ ਨੇ ਹੀ ਉਸਨੂੰ ਮੂਧੇ ਮੂੰਹ ਸੁੱਟ ਦਿੱਤਾ ਅਤੇ ਹੁਣ ਅੱਖਾਂ ’ਚ ਘਸੁੰਨ ਦੇ ਦੇ ਕੇ ਰੋਣ ਜੋਗੇ ਰਹਿ ਗਏ ਹਨ, ਪੰਜ ਸਾਲ ਪਿੱਛੇ ਬੈਠੇ ਆਪਣੇ ਆਪ ਨੂੰ ਕੋਸਦੇ ਰਹਿਣਗੇ।

                ਪੰਜਾਬ ਵਾਸੀਆਂ ਨੇ ਸੂਬੇ ਵਿੱਚ ਵੱਡੀ ਬਹੁਗਿਣਤੀ ਨਾਲ ਆਮ ਆਦਮੀ ਪਾਰਟੀ ਦੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹੋਂਦ ਵਿੱਚ ਲਿਆਂਦੀ ਸੀ। ਪਹਿਲੀਆਂ ਰਾਜ ਕਰਦੀਆਂ ਪਾਰਟੀਆਂ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਤੋਂ ਅੱਕੇ ਹੋਏ ਲੋਕਾਂ ਨੇ ਬਦਲਾਅ ਵਜੋਂ ਇਸ ਨਵੀਂ ਪਾਰਟੀ ਨੂੰ ਸਮਰਥਨ ਦਿੱਤਾ ਸੀ ਅਤੇ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਲਿਆਂਦੇ ਸਨ। ਇਸ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਕੁੱਝ ਸਮੇਂ ਬਾਅਦ ਹੀ ਇਹ ਚਰਚਾ ਛਿੜ ਪਈ ਸੀ ਕਿ ਦਿੱਲੀ ਭਾਵ ਇਸ ਪਾਰਟੀ ਦੀ ਹਾਈਕਮਾਂਡ ਪੰਜਾਬ ’ਚ ਦਖ਼ਲ ਅੰਦਾਜ਼ੀ ਕਰਕੇ ਕੰਮਕਾਰ ਵਿੱਚ ਰੁਕਾਵਟਾਂ ਪਾ ਰਹੀ ਹੈ, ਪਰ ਬਹੁਤ ਸਾਰੇ ਲੋਕ ਇਸ ਨੂੰ ਅਫ਼ਵਾਹਾਂ ਕਹਿ ਰਹੇ ਸਨ। ਜਦ ਪੰਜਾਬ ਤੋਂ ਰਾਜ ਸਭਾ ਲਈ ਮੈਂਬਰ ਚੁਣਨ ਦਾ ਸਮਾਂ ਆਇਆ ਤਾਂ ਇਹ ਦਖ਼ਲ ਅੰਦਾਜ਼ੀ ਪਰਤੱਖ ਹੋ ਗਈ ਸੀ, ਜਦੋਂ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਤੋਂ ਬਾਹਰੋ ਕਈ ਆਪਣੇ ਅਜਿਹੇ ਨਜਦੀਕੀਆਂ ਨੂੰ ਰਾਜ ਸਭਾ ਦੇ ਉਮੀਦਵਾਰ ਬਣਾ ਦਿੱਤਾ, ਜਿਹਨਾਂ ਦਾ ਨਾ ਪੰਜਾਬ ਨਾਲ ਕੋਈ ਮੋਹ ਸੀ ਅਤੇ ਨਾ ਹੀ ਉਹਨਾਂ ਪੰਜਾਬ ਦੇ ਭਲੇ ਲਈ ਕੋਈ ਕੰਮ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਨੇ ਪਾਰਟੀ ਸੁਪਰੀਮੋ ਦਾ ਹੁਕਮ ਸਿਰ ਮੱਥੇ ਮੰਨ ਲਿਆ ਅਤੇ ਉਹਨਾਂ ਨੂੰ ਰਾਜ ਸਭਾ ਦੇ ਮੈਂਬਰ ਬਣਾ ਦਿੱਤਾ, ਇਸਤੋਂ ਬਾਅਦ ਵੀ ਉਹਨਾਂ ਵੱਲੋਂ ਪੰਜਾਬ ਲਈ ਕੁੱਝ ਕੀਤਾ ਨਜਰ ਨਹੀਂ ਆਇਆ। ਇੱਥੇ ਹੀ ਬੱਸ ਨਹੀਂ ਪੰਜਾਬ ਸਰਕਾਰ ਦੇ ਦਫ਼ਤਰ ਵਿੱਚ ਸਲਾਹਕਾਰ ਜਾਂ ਹੋਰ ਅਹੁਦੇ ਤੇ ਆਪਣੇ ਭਰੋਸੇਮੰਦ ਵਿਅਕਤੀਆਂ ਨੂੰ ਸੰਭਾਲ ਕੇ ਉਹਨਾਂ ਨੂੰ ਤਾਕਤ ਦਿੱਤੀ ਤਾਂ ਜੋ ਭਗਵੰਤ ਮਾਨ ਦੇ ਕੰਮਾਂ ਦੀ ਨਿਗਰਾਨੀ ਹੁੰਦੀ ਰਹੇ ਅਤੇ ਉਹ ਆਪਣੀ ਮਰਜੀ ਨਾਲ ਕੰਮ ਨਾ ਕਰ ਸਕਣ।

                ਹੁਣ ਕਈ ਮਹੀਨਿਆਂ ਤੋਂ ਫੇਰ ਚਰਚਾਵਾਂ ਚੱਲ ਰਹੀਆਂ ਹਨ, ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ? ਭਗਵੰਤ ਮਾਨ ਦੇ ਖੰਭ ਕੁਤਰੇ ਜਾ ਰਹੇ ਹਨ? ਉਸ ਦੇ ਦਫ਼ਤਰ ਵਿੱਚ ਕੇਜਰੀਵਾਲ ਵੱਲੋਂ ਆਪਣੇ ਨਜਦੀਕੀਆਂ ਨੂੰ ਬਿਠਾਇਆ ਗਿਆ ਹੈ, ਤਾਂ ਜੋ ਮੁੱਖ ਮੰਤਰੀ ਆਪਣੀ ਮਨ ਮਰਜੀ ਨਾਲ ਕੰਮ ਨਾ ਕਰ ਸਕੇ? ਭਗਵੰਤ ਮਾਨ ਤੋਂ ਸਾਰੇ ਅਧਿਕਾਰ ਖੋਹ ਕੇ ਸਿਰਫ਼ ਮੋਹਰ ਬਣਾ ਕੇ ਪਾਸੇ ਬਿਠਾ ਦਿੱਤਾ ਜਾਵੇਗਾ? ਆਦਿ। ਇਹਨਾਂ ਚਰਚਾਵਾਂ ਵਿੱਚ ਅਸਲੀਅਤ ਕਿੰਨੀ ਕੁ ਹੈ, ਇਹ ਤਾਂ ਸ੍ਰੀ ਕੇਜਰੀਵਾਲ ਜਾਣਦੇ ਹਨ ਜਾਂ ਫੇਰ ਸ੍ਰੀ ਭਗਵੰਤ ਮਾਨ, ਪਰ ਏਨਾ ਕੁ ਜਰੂਰ ਮੰਨਿਆਂ ਜਾ ਸਕਦਾ ਹੈ ਕਿ ਜੇ ਪਾਥੀਆਂ ’ਚ ਅੱਗ ਦੀ ਚੰਗਿਆੜ ਸੁੱਟੀ ਜਾਵੇਗੀ ਤਾਂ ਹੀ ਧੂੰਆਂ ਉੱਠੇਗਾ। ਇਸਦੇ ਨਾਲ ਹੀ ਅੱਜ ਹਰ ਹੱਟੀ ਭੱਠੀ ਤੇ ਇਹ ਚਰਚਾ ਹੋ ਰਹੀ ਹੈ ਕਿ ਕੀ ਭਗਵੰਤ ਮਾਨ ਆਪਣਾ ਅਹੁਦਾ ਛੱਡ ਕੇ ਪਾਸੇ ਹੋ ਜਾਣਗੇ ਜਾਂ ਕੇਜਰੀਵਾਲ ਦੇ ਕਹਿਣ ਤੇ ਬਹੁਗਿਣਤੀ ਵਿਧਾਇਕ ਭਗਵੰਤ ਮਾਨ ਨੂੰ ਲਾਹ ਦੇਣਗੇ?

                ਜੇਕਰ ਅਜਿਹੀ ਸਥਿਤੀ ਪੈਦਾ ਹੋ ਗਈ ਤਾਂ ਆਮ ਆਦਮੀ ਪਾਰਟੀ ਵੀ ਦੋਫਾੜ ਹੋ ਸਕਦੀ ਹੈ, ਭਗਵੰਤ ਮਾਨ ਵੀ ਏਨੇ ਕਮਜੋਰ ਨਹੀਂ ਹਨ ਕਿ ਉਸ ਨਾਲ ਕੋਈ ਵੀ ਵਿਧਾਇਕ ਨਹੀਂ ਖੜੇਗਾ। ਦੂਜੇ ਵਾਸੇ ਸ੍ਰੀ ਕੇਜਰੀਵਾਲ ਵੀ ਹੁਣ ਪਹਿਲਾਂ ਵਰਗੇ ਮਜਬੂਤ ਆਗੂ ਨਹੀਂ ਹਨ, ਉਹ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ ਤੇ ਕਈ ਮਹੀਨੇ ਜੇਲ੍ਹ ’ਚ ਗੁਜਾਰ ਕੇ ਆਏ ਹਨ। ਬਾਹਰ ਆਏ ਤਾਂ ਆਦਲਤ ਵੱਲੋਂ ਉਸ ਦੀਆਂ ਤਾਕਤਾਂ ਨੂੰ ਖੋਹਣ ਸਦਕਾ ਆਪਣੀ ਮੁੱਖ ਮੰਤਰੀ ਦੀ ਕੁਰਸੀ ਵੀ ਆਤਿਸ਼ੀ ਨੂੰ ਸੰਭਾਲ ਕੇ ਪਾਸਿਉਂ ਬੈਠ ਕੇ ਕੰਮ ਕਰਨਾ ਪੈ ਰਿਹਾ ਹੈ। ਕੇਂਦਰ ਦੀ ਸ੍ਰੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਅਤੇ ਈ ਡੀ ਵਰਗੇ ਵਿਭਾਗ ਦੀ ਵੀ ਉਸ ਉੱਪਰ ਪੂਰੀ ਨਿਗਾਹ ਹੈ, ਅਜਿਹੇ ਹਾਲਾਤਾਂ ਵਿੱਚ ਤਾਂ ਕਿਸੇ ਆਗੂ ਨੂੰ ਆਪਣੀ ਕਹਾਈ ਸੰਭਾਲਣ ਦੀ ਹੀ ਚਿੰਤਾ ਹੁੰਦੀ ਹੈ ਦੂਜੇ ਦੇ ਕੰਮਾਂ ਵਿੱਚ ਦਖ਼ਲ ਅੰਦਾਜ਼ੀ ਕਰਨਾ ਉਸਦੇ ਵੱਸ ਵਿੱਚ ਨਹੀਂ ਰਹਿ ਜਾਂਦਾ। ਪਰ ਸ੍ਰੀ ਕੇਜਰੀਵਾਲ ਦੀ ਸੋਚ ਬੜੀ ਹੰਕਾਰੀ ਤੇ ਸਭ ਨੂੰ ਲੱਤ ਹੇਠਾਂ ਰੱਖਣ ਵਾਲੀ ਹੈ, ਜਿਸਦੀਆਂ ਮਿਸਾਲਾਂ ਅਨੇਕਾਂ ਹੀ ਹਨ ਸਭ ਤੋਂ ਪਹਿਲਾਂ ਉਸਨੇ ਉਸ ਆਗੂ ਅੰਨਾ ਹਜ਼ਾਰੇ ਨੂੰ ਛੱਡਿਆ ਜਿਸਨੇ ਉਸਨੂੰ ਸਿਆਸਤ ਦੇ ਪਿੜ ਵਿੱਚ ਲਿਆਂਦਾ ਸੀ। ਫੇਰ ਜੋਗਿੰਦਰ ਯਾਦਵ, ਪ੍ਰਸਾਂਤ ਭੂਸ਼ਣ ਵਰਗੇ ਆਗੂਆਂ ਨੂੰ ਪਾਸੇ ਕੀਤਾ, ਪੰਜਾਬ ਵਿੱਚ ਪਾਰਟੀ ਨੇ ਤਾਕਤ ਫੜ ਲਈ ਤਾਂ ਪਾਰਟੀ ਦੇ ਪੈਰ ਲਾਉਣ ਵਾਲੇ ਸੁੱਚਾ ਸਿੰਘ ਛੋਟੇਪੁਰ, ਗੁਰਪ੍ਰੀਤ ਸਿੰਘ ਘੁੱਗੀ, ਸੁਖਪਾਲ ਸਿੰਘ ਖਹਿਰਾ ਵਰਗੇ ਅਨੇਕਾਂ ਆਗੂਆਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਇਹਨਾਂ ਸਭ ਕਾਰਵਾਈਆਂ ਪਿੱਛੇ ਉਸਦੀ ਇਹੋ ਸੋਚ ਕੰਮ ਕਰਦੀ ਸੀ ਕਿ ਕੋਈ ਹੋਰ ਲੀਡਰ ਏਨਾ ਸਥਾਪਤ ਨਾ ਹੋ ਜਾਵੇ ਜੋ ਉਸਨੂੰ ਅੱਖਾਂ ਵਿਖਾਉਣ ਦੇ ਕਾਬਲ ਹੋਵੇ ਜਾਂ ਉਸਦਾ ਹੁਕਮ ਮੰਨਣ ਤੋਂ ਇਨਕਾਰੀ ਹੋ ਸਕੇ।

                ਪੰਜਾਬ ਦੀ ਸਰਕਾਰ ਬਹੁਤ ਮਜਬੂਤੀ ਵਾਲੀ ਬਣ ਗਈ ਅਤੇ ਭਗਵੰਤ ਮਾਨ ਇੱਕ ਵੱਡੇ ਲੀਡਰ ਵਜੋਂ ਉਭਰ ਆਇਆ ਤਾਂ ਉਹ ਵੀ ਸ੍ਰੀ ਕੇਜਰੀਵਾਲ ਨੂੰ ਬੁਰਾ ਲੱਗਣ ਲੱਗ ਪਿਆ। ਉਸਨੂੰ ਹੋਰ ਰਾਜਾਂ ਦੀਆਂ ਚੋਣਾਂ ਵਿੱਚ ਸਿੱਖ ਚਿਹਰੇ ਦਾ ਆਗੂ ਪੇਸ਼ ਕਰਕੇ ਲਾਹਾ ਵੀ ਲਿਆ, ਆਪਣੇ ਨਜਦੀਕੀਆਂ ਨੂੰ ਰਾਜ ਸਭਾ ਦੇ ਮੈਂਬਰ ਵੀ ਬਣਾਇਆ, ਪੰਜਾਬ ਦਾ ਅਰਬਾਂ ਰੁਪਏ ਵੀ ਵਰਤੇ ਪਰ ਅੰਦਰੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਖੰਭ ਕਰਤਣ ਦੇ ਯਤਨ ਵੀ ਜਾਰੀ ਰੱਖੇ। ਹੁਣ ਉਸਦੇ ਦਫ਼ਤਰ ਵਿੱਚ ਦਖ਼ਲ ਅੰਦਾਜ਼ੀ ਵਧਾਉਂਦਿਆਂ ਆਪਣੇ ਵਿਸਵਾਸਪਾਤਰਾਂ ਨੂੰ ਵਾੜਿਆ ਜਾ ਰਿਹਾ ਹੈ, ਪਰ ਉਹਨਾਂ ਤੇ ਵੀ ਕਿੰਨਾ ਕੁ ਚਿਰ ਭਰੋਸਾ ਰੱਖਿਆ ਜਾਵੇਗਾ ਇਹ ਸਭ ਜਾਣਦੇ ਹਨ। ਸ੍ਰੀ ਕੇਜਰੀਵਾਲ ਦੀ ਅਜਿਹੀ ਦਖ਼ਲ ਅੰਦਾਜ਼ੀ ਬਾਰੇ ਕੇਵਲ ਆਮ ਲੋਕ ਹੀ ਨਹੀਂ ਵਿਧਾਇਕ ਵੀ ਚੰਗੀ ਤਰ੍ਹਾਂ ਸਮਝਦੇ ਹਨ, ਅਜਿਹਾ ਨਹੀਂ ਕਿ ਜੇਕਰ ਭਗਵੰਤ ਮਾਨ ਨੂੰ ਲਾਹੁਣ ਦੀ ਗੱਲ ਆਈ ਤਾਂ ਸਮੁੱਚੇ ਵਿਧਾਇਕ ਹੀ ਇੱਕ ਪਾਸੇ ਹੋ ਜਾਣਗੇ। ਅਜਿਹਾ ਸਮਾਂ ਆਇਆ ਤਾਂ ਪੰਜਾਬ ਦੇ ਵਿਧਾਇਕਾਂ ਦੇ ਵੀ ਦੋ ਧੜੇ ਬਣ ਸਕਦੇ ਹਨ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੀ ਦੋਫਾੜ ਹੋ ਸਕਦੀ ਹੈ।

                ਭਗਵੰਤ ਮਾਨ ਲਾਹਿਆ ਜਾ ਸਕੇ ਜਾਂ ਨਾ, ਪਰ ਇਹ ਜਰੂਰ ਸਪਸ਼ਟ ਹੈ ਕਿ ਅਜਿਹੇ ਹਾਲਾਤਾਂ ਨਾਲ ਨੁਕਸਾਨ ਪੰਜਾਬ ਦਾ ਹੀ ਹੋਣਾ ਹੈ ਸ੍ਰੀ ਕੇਜਰੀਵਾਲ ਦਾ ਨਹੀਂ। ਉਹ ਤਾਂ ਆਪਣੇ ਹੰਕਾਰ ਸਦਕਾ ਸਿਆਸੀ ਖੇਡਦਾ ਆਇਆ ਹੈ ਅਤੇ ਖੇਡ ਰਿਹਾ ਹੈ। ਪੰਜਾਬ ਵਿੱਚ ਹੋਰ ਕੋਈ ਸਿਆਸੀ ਪਾਰਟੀ ਏਨੀ ਮਜਬੂਤ ਨਹੀਂ ਹੈ ਕਿ ਭਗਵੰਤ ਮਾਨ ਦੇ ਪਾਸੇ ਹੁੰਦਿਆਂ ਖ਼ੁਦ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕੇ। ਜੇਕਰ ਆਮ ਆਦਮੀ ਪਾਰਟੀ ਦੀ ਹਾਲਤ ਖਸਤਾ ਹੋ ਗਈ ਤਾਂ ਪੰਜਾਬ ਦੀਆਂ ਚੋਣਾਂ ਵੀ ਆ ਸਕਦੀਆਂ ਹਨ ਅਤੇ ਜੇਕਰ ਅਜਿਹਾ ਸਮਾਂ ਆ ਗਿਆ ਤਾਂ ਇਹ ਪਾਰਟੀ ਮੁੜ ਸੱਤ੍ਹਾ ਹਾਸਲ ਕਰਨ ਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕੇਗੀ। ਜੇ ਸ੍ਰੀ ਕੇਜਰੀਵਾਲ ਨੇ ਪੰਜਾਬ ’ਚ ਆਪਣੀ ਪਾਰਟੀ ਤਾਕਤ ਵਿੱਚ ਰੱਖਣੀ ਹੈ ਤਾਂ ਉਸਨੂੰ ਸੂਬਾ ਸਰਕਾਰ ਵਿੱਚ ਦਖ਼ਲ ਅੰਦਾਜ਼ੀ ਬੰਦ ਕਰਕੇ ਉਸਨੂੰ ਆਪਣੀ ਆਜ਼ਾਦ ਮਰਜੀ ਨਾਲ ਕੰਮ ਕਰਨ ਦੀ ਇਜਾਜਤ ਦੇ ਦੇਣੀ ਚਾਹੀਦੀ ਹੈ। ਪੰਜਾਬ ਦੇ ਲੋਕ ਹੁਣ ਬਹੁਤ ਚੇਤੰਨ ਤੇ ਜਾਗਰੂਕ ਹਨ, ਉਹ ਆਗੂਆਂ ਦੀ ਚਾਲਾਂ ਨੂੰ ਸਮਝਦੇ ਹਨ। ਜੇਕਰ ਸੂਬੇ ਦਾ ਨੁਕਸਾਨ ਕਰਨ ਵਾਲੀਆਂ ਸਾਜਿਸ਼ਾਂ ਨਾ ਛੱਡੀਆਂ ਤਾਂ ਇੱਥੋਂ ਦੇ ਲੋਕ ਬਰਦਾਸਤ ਨਹੀਂ ਕਰਨਗੇ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਉਹ ਹਾਲਤ ਕਰ ਦੇਣਗੇ ਜੋ ਹਰਿਆਣਾ ਵਿੱਚ ਕਾਂਗਰਸ ਦੀ ਹੋ ਗਈ ਹੈ। ਸ੍ਰੀ ਕੇਜਰੀਵਾਲ ਨੂੰ ਹਰਿਆਣਾ ਚੋਣਾਂ ਤੋਂ ਸਬਕ ਲੈ ਲੈਣਾ ਚਾਹੀਦਾ ਹੈ ਅਤੇ ਅੰਦਰੂਨੀ ਕਲੇਸ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ।

         ਬਲਵਿੰਦਰ ਸਿੰਘ ਭੁੱਲਰ ਮੋਬਾ: 098882 75913

              

Exit mobile version