ਆਮ ਲੋਕਾਂ ਦਾ ਨਾ ਮੋਦੀ ਸਕਾ ਹੈ , ਨਾ ਹੀ ਟਰੂਡੋ —
ਵਿਚਾਰ ਕੀ ਨੇ , ਵਿਚਾਰ ਕੀ ਹੋਣੇ ਚਾਹੀਦੇ ਹਨ । ਮਨੁੱਖੀ ਅਜਾਦੀ ਕੀ ਹੈ , ਵਿਚਾਰ ਦੇ ਪ੍ਰਗਟਾਵੇ ਦੀ ਅਜਾਦੀ ਕੀ ਹੈ ।
ਇਸਦੇ ਅੱਜ ਕੱਲ ਅਰਥ ਬਦਲ ਰਹੇ ਹਨ । ਅਸੀਂ ਆਪਣੇ ਵਿਚਾਰ ਦੀ ਪਹਿਲ ਦੀ ਪਰਵਾਹ ਤਾਂ ਕਰਦੇ ਹਾਂ । ਜਦੋਂ ਕਿ ਕਿਸੇ ਦੂਸਰੇ ਦੇ ਵਿਚਾਰ ਨੂੰ ਮਨੁੱਖੀ ਪ੍ਰਗਟਾਵੇ ਦੇ ਉਲਟ ਮੰਨਦੇ ਹਾਂ ।
ਜਦੋਂ ਦੋ ਵਿਚਾਰ ਹੋਣਗੇ ਤਦ ਹੀ ਸੰਵਾਦ ਹੋਵੇਗਾ । ਇੱਕ ਵਿਚਾਰ ਦਾ ਮਜਬੂਤ ਹੋਣਾ ਤਾਨਾਸ਼ਾਹੀ ਵੱਲ ਵੱਧਣ ਦਾ ਰੂਪ ਹੈ । ਅਸੀਂ ਉਸੇ ਤਾਨਾਸ਼ਾਹੀ ਵਾਲੇ ਵਿਚਾਰ ਦੀ ਛਾਂ ਹੇਠ ਹਾਂ । ਕਨੇਡਾ ਬਨਾਮ ਇੰਡੀਆ , ਸ਼ੁਭ ਬਨਾਮ ਰਾਸ਼ਟਰਵਾਦੀ ਧਿਰਾਂ , ਹਰਦੀਪ ਨਿੱਝਰ ਕਤਲ ਬਨਾਮ ਘਰ ਦੇ ਵਿੱਚ ਵੜਕੇ ਮਾਰਨਾ , ਹਿੰਦੂ ਹੁਣ ਕਨੇਡਾ ਛੱਡ ਜਾਣ ਬਨਾਮ ਖਾਲਿਸਤਾਨ , ਕਿੰਨਾ ਕੁੱਝ ਤੇਜੀ ਨਾਲ ਵਾਪਰ ਰਿਹਾ ਹੈ ।
ਇਸ ਵਾਪਰਦੇ , ਘੱਟਦੇ ਵਰਤਾਰਿਆਂ ਵਿੱਚ ਮਨੁੱਖੀ ਹੋੰਦ , ਵਿਚਾਰ ਦਾ ਪ੍ਰਗਟਾਵਾ ਕਿੱਥੇ ਹੈ ।
ਅਸੀਂ ਕਿਸੇ ਵੀ ਕਿਸਮ ਦੇ ਨੈਸ਼ਨਲਇਜਮ ਦੇ ਤਲਿੱਸਮੀ ਰੂਪ ਨੇ ਚੁੰਧਿਆ ਦਿੱਤੇ ਹਾਂ ।
ਹੁਣ ਇਸ ਮੌਕੇ ਮੈਂ ਦੇਖ ਰਿਹਾ … ਵਰਤਾਰਾ ਇਹ ਹੈ ਕਿ ਐਧਰ ਖੜੋ ਜਾਂ ਉੱਧਰ ਹੋ ਜਾਉ ..!
ਇਸ ਸਾਰੇ ਐਧਰ ਖੜੋ , ਉੱਧਰ ਹੋ ਜਾਓ ਵਰਤਾਰੇ ਵਿੱਚ ਨਫਰਤ ਸਿਖਰ ਤੇ ਹੈ ।
ਇਸ ਸਾਰੀ ਖੇਡ ਵਿੱਚ ਆਮ ਲੋਕਾਂ ਦਾ ਨਾ ਮੋਦੀ ਸਕਾ ਹੈ , ਨਾ ਹੀ ਟਰੂਡੋ ਕਦੇ ਵੀ ਹੋ ਸਕਦਾ …
ਮਨੁੱਖ ਦਾ ਵਿਕਾਸ ਵਿਚਾਰਾਂ ਨਾਲ ਹੀ ਹੈ । ਇਹ ਜੋ ਇਸ ਮੌਕੇ ਕਾਰਪੋਰੇਟ ਤੇ ਸਿਆਸਤ ਦਾ ਗੱਠਜੋੜ ਹੈ । ਇਹ ਵਿਚਾਰਾਂ ਦੇ ਮੌਲਣ ਤੇ ਹੀ ਨੱਕਾ ਲਾਉਣ ਨੂੰ ਫਿਰਦੇ ਹਨ । ਇਹ ਸੰਸਾਰ ਦੇ ਵੱਖ ਵੱਖ ਖ਼ਿੱਤਿਆਂ ਵਿੱਚ ਆਪੋ ਆਪਣੇ ਕਿਸਮ ਦੇ ਨੈਸ਼ਨਲਇਜਮ ਦੀ ਖੇਤੀ ਕਰ ਰਹੇ ਹਨ । ਇੱਕੋ ਕਿਸਮ ਦੇ ਵਿਚਾਰ ਬਨਾਮ ਇੱਕ ਖ਼ਿੱਤਾ ,,, ਮਨੁੱਖ ਦੇ ਸੁਭਾਅ ਦੇ ਈਕੋ ਸਿਸਟਮ ਦਾ ਬਰੇਕ ਡਾਊਨ ਹੈ ।
ਮੈਂ ਜੇਕਿਰ ਨਿਊਜੀਲੈਂਡ ਦੀ ਗੱਲ ਕਰਾ ਤਾਂ ਦੋ ਲੱਖ ਭਾਰਤੀ ਇਸ ਟਾਪੂ ਤੇ ਵੱਸਦੇ ਹਨ । ਮੋਦੀ ਦੇ ਅੰਧ ਭਗਤ ਬਨਾਮ ਖਾਲਿਸਤਾਨੀ ਸਾਰੇ ਮਿਲਾ ਕੇ 5000 ਨਹੀਂ ਹੋਣਗੇ । ਪਰ ਇਹਨਾਂ ਦੀ ਆਪਸੀ ਖਿੱਚੋਤਾਣ ਵਿੱਚ ਪਾਲਾਬੰਧੀ ਸਭ ਦੀ ਹੋਵੇਗੀ ਜਾਂ ਕਹਿ ਲਵੋ ਹੋ ਚੁੱਕੀ ਹੈ ।
ਹਰਦੀਪ ਸਿੰਘ ਨਿੱਝਰ ਦੇ ਵਿਚਾਰ ਕਰਕੇ ਉਸਦੇ ਕਤਲ ਦਾ ਜੇਕਿਰ ਮੈਂ ਵਿਰੋਧ ਕਰਦਾ ਤਾਂ ਮੈਂ ਖਾਲਿਸਤਾਨੀ ਹਾਂ । ਜੇਕਿਰ ਮੈਂ ਰੈਫਰੈਂਡਮ 2020 ਵਾਲੇ ਪੰਨੂੰ ਨੂੰ ਨਫਰਤੀ ਵਰਤਾਰੇ ਦਾ ਪਿਆਦਾ ਕਹਿੰਦਾ ਹਾਂ ਤਾਂ ਮੈਨੂੰ ਭਾਰਤੀ ਰਾਸ਼ਟਰਵਾਦੀ ਦਾ ਲਕਬ ਦੇ ਦਿੱਤਾ ਜਾਂਦਾ ਹੈ । ਇਸ ਤਰਾਂ ਦੀ counting ਹੀ ਕਿਸੇ ਕਿਸਮ ਦੇ ਏਜੰਡੇ ਦੀ ਬੁਨਿਆਦ ਬਣ ਜਾਂਦੀ ਹੈ …
ਪਾਸ਼ ਦੀ ਕਵਿਤਾ ਦੇ ਆਖ਼ਰੀ ਪਹਿਰੇ ਨਾਲ ਗੱਲ ਨਿਬੇੜ ਰਿਹਾ …
ਜੇ ਦੇਸ਼ ਦੀ ਸੁਰੱਖਿਅਤਾ ਇਹੋ ਹੁੰਦੀ ਹੈ
ਕਿ ਹਰ ਹੜਤਾਲ ਨੂੰ ਫੇਹ ਕੇ ਅਮਨ ਨੂੰ ਰੰਗ ਚੜ੍ਹਨਾ ਹੈ
ਕਿ ਸੂਰਮਗਤੀ ਬੱਸ ਹੱਦਾਂ ਤੇ ਮਰ ਪਰਵਾਨ ਚੜ੍ਹਨੀ ਹੈ
ਕਲਾ ਦਾ ਫੁੱਲ ਬੱਸ ਰਾਜੇ ਦੀ ਖਿੜਕੀ ਵਿਚ ਖਿੜਨਾ ਹੈ
ਅਕਲ ਨੇ ਹੁਕਮ ਦੇ ਖੂਹੇ ‘ਤੇ ਗਿੜ ਕੇ ਧਰਤ ਸਿੰਜਣੀ ਹੈ
ਕਿਰਤ ਨੇ ਰਾਜ ਮਹਿਲਾਂ ਦੇ ਦਰੀਂ ਖਰਕਾ ਹੀ ਬਣਨਾ ਹੈ
ਤਾਂ ਸਾਨੂੰ ਦੇਸ਼ ਦੀ ਸੁਰੱਖਿਅਤਾ ਤੋਂ ਖਤਰਾ ਹੈ ।
#ਤਰਨਦੀਪ_ਬਿਲਾਸਪੁਰ ਦੀ ਫੇਸਬੁੱਕ ਉੱਪਰੋਂ ਅੱਜ ਦੇ ਸਮੇਂ ਦਾ ਕੌੜਾ ਸੱਚ ਪੰਜਾਬੀ ਅਖ਼ਬਾਰ ਦੇ ਪਾਠਕਾਂ ਲਈ