ਆਲ੍ਹਣੇ ਵਿੱਚ ਤੂੰ ਤੇ ਮੈਂ ਰਹਿ ਗਏ


ਹੁਣ ਆਲ੍ਹਣੇ ਵਿੱਚ ਤੂੰ ਤੇ ਮੈਂ ਰਹਿ ਗਏ ਹਾਂ।
ਬੱਚਿਆਂ ਬਿਨ ਆਲ੍ਹਣਾ ਹੈ ਖਾਲ੍ਹੀ ਹੋ ਗਿਆ।

ਆਪਾਂ ਆਪਣਾ ਫ਼ਰਜ਼ ਨਿਭਾਅ ਦਿੱਤਾ।
ਹੁਣ ਜ਼ਿੰਦਗੀ ਦੀ ਖੇਡ ਬੱਚਿਆਂ ਨੂੰ ਖੇਡਣ ਦੇਈਏ।
ਡਿਗ ਡਿਗ ਕਿ ਖੜ੍ਹੇ ਹੋਣਾ ਆਪੇ ਸਿੱਖਣਗੇ।

ਪਤਾ ਨਹੀਂ ਕਿਹੜੇ ਦਿਨ ਇਹ ਆਲ੍ਹਣਾ ਹੋਰ ਖਾਲ੍ਹੀ ਹੋ ਜਾਵੇ।
ਚੰਗਾ ਇਹੀ ਹੈ ਜੇ ਕਰ ਆਪਾਂ ਰਹਿੰਦੇ ਵਕਤ ਨੂੰ ਨਿੰਬੂ ਵਾਂਗ ਨਚੋੜ ਕੇ ਪੀ ਜਾਈਏ।
ਨਾ ਕਿ ਕੰਧਾਂ ਵੱਲ ਵੇਖ, ਇਸ ਦੇ ਲੰਘਣ ਦੀ ਉਡੀਕ ਕਰੀਏ।

ਚੰਗਾ ਇਹੀ ਹੈ ਜੇ ਕਰ ਹੁਣ ਆਪਾਂ ਫੇਰ ਤੋਂ
ਇੱਕ ਦੂਜੇ ਦਾ ਹੱਥ ਫੜ ਕੇ ਤੁਰੀਏ।
ਸਮੀਕਰਨ ਨਾਲ ਤੁਰੀਏ।
ਤੁਰਦੇ ਤੁਰਦੇ ਗੱਲਾਂ ਕਰੀਏ।
ਇੱਕ ਦੂਜੇ ਦੀ ਹਾਂ ਵਿੱਚ ਹਾਂ ਮਲਾਈਏ।
ਇੱਕ ਦੂਜੇ ਦੇ ਸਾਹ ਵਿੱਚ ਸਾਹ ਲਈਏ।
ਇੱਕ ਦੂਜੇ ਨਾਲ ਗ਼ੁੱਸੇ ਹੋਣ ਵਾਲੇ ਵਰਕੇ ਪਾੜ ਦੇਈਏ।

ਤੂੰ ਮੇਰੇ ਵਾਲਾਂ ਵਿੱਚ ਉਂਗਲਾਂ ਫੇਰੇਂ
ਅਤੇ ਮੈ ਤੇਰੇ ਵਾਲਾਂ ਵਿੱਚ।
ਇੱਕ ਦੂਜੇ ਨੂੰ ਡਿੱਗਣ ਤੋਂ ਬਚਾਈਏ।
ਹੁਣ ਫਿਰ ਇੱਕ ਦੂਜੇ ਨੂੰ ਪਿਆਰ ਕਰਨਾ ਸਿੱਖੀਏ।
ਇੱਕ ਦੂਜੇ ਦੇ ਦਿਲ ‘ਚ ਡੂੰਘੇ ਉਤਰ ਜਾਈਏ।
ਦਿਲਾਂ ਦੀ ਗਹਿਰਾਈਆਂ ਨੂੰ ਨਾਪੀਏ।
ਦਿਲਾਂ ਦੀ ਧੜਕਣ ਵਿੱਚ ਜਾਈਏ।
ਇੱਕ ਦੂਜੇ ਵਿੱਚ ਗੁਆਚ ਜਾਈਏ।

ਚੱਲ ਫੇਰ ਹੁਣ ਆਪਾਂ ਆਪਣੀ ਜ਼ਿੰਦਗੀ ਦਾ ਸੀ-ਸਾ ਖੇਲੀਏ।
ਚੱਲ ਦੁਬਾਰਾ ਫਿਰ ਆਪਾਂ ਇੱਕਠੇ ਚਾਹ ਬਣਾਉਣੀ ਅਤੇ ਪੀਣੀ ਸਿੱਖੀਏ।
ਚੱਲ ਦੁਬਾਰਾ ਫਿਰ ਆਪਾਂ ਇੱਕਠੇ ਹੱਸਣਾ ਰੋਣਾ ਸਿੱਖੀਏ।
ਚੱਲ ਦੁਬਾਰਾ ਫਿਰ ਆਪਾਂ ਕਿਚਨ ਵਿੱਚ ਡਾਂਨਸ ਕਰਨਾ ਸਿੱਖੀਏ।
ਚੱਲ ਫਿਰ ਡੈਕ ਤੇ ਬੈਠ ਕੇ ਮਤੀਰਾ ਖਾਈਏ ਅਤੇ ਅੰਬ ਚੂਪੀਏ।
ਚੱਲ ਫਿਰ ਹੋਟ ਟੱਬ ਵਿੱਚ ਬੈਠਕੇ ਇੱਕ ਦੂਜੇ ਤੇ ਛਿੱਟੇ ਪਾਈਏ।

ਚੱਲ ਫਿਰ ਆਪਾ ਦੋਵੇਂ ਜ਼ਿੰਦਗੀ ਦੀ ਬਚੀ ਖੁਚੀ ਪੂੰਜੀ ਦਾ ਆਨੰਦ ਮਾਣੀਏ।

ਚੱਲ ਫਿਰ ਫੜਾ ਮੈਨੂੰ ਆਪਣੇ ਹੱਥ, ਰੱਖ ਮੇਰੇ ਪਿਆਸੇ ਬੁੱਲ੍ਹਾਂ ਤੇ ਆਪਣੇ ਥਿਰਕਦੇ ਬੁੱਲ੍ਹ
ਤੇ ਜ਼ਿੰਦਗੀ ਦੇ ਆਖ਼ਰੀ ਚੈਪਟਰ ਦੀ ਸਰੂਆਤ ਕਰੀਏ।

ਕਿਤੇ ਇਹ ਨਾ ਹੋਵੇ ਕਿ “ਸੰਨੀ ਡੇਅ” ਦੀ ਉਡੀਕ ਵਿੱਚ ਆਪਾਂ ਲੇਟ ਹੋ ਜਾਈਏ।

Sunny Dhaliwal

Sunny Dhaliwal

Exit mobile version