ਇਹ ਕੁਰਸੀ ਆਲਾ ਊਠ ਕਿਸ ਕਰਵਟ ਬੈਠੇਗਾ?

ਐਲਬਰਟਾ ਵਿਧਾਨਸਭਾ ਚੋਣਾਂ
ਹਰ ਪਾਸੇ ਇਹੀ ਚਰਚਾ ਹੈ ਕਿ 29 ਮਈ ਨੂੰ ਐਲਬਰਟਾ ਵਿਧਾਨਸਭਾ ਵਿੱਚ ਪੈਣ ਵਾਲੀਆਂ ਵੋਟਾਂ ਵਿੱਚ ਆਖ਼ਰ ਜਿੱਤ ਕਿਸ ਪਾਰਟੀ ਦੀ ਹੋ ਸਕਦੀ ਐ! ਮੁਕਾਬਲਾ ਬੇਹੱਦ ਫਸਵਾਂ ਹੈ ਤੇ ਕੁੱਝ ਵੀ ਕਹਿਣਾ ਬਹੁਤ ਤਿਲਕਵੀਂ ਥਾਂ ਉੱਪਰ ਤੁਰਨ ਦੇ ਬਰਾਬਰ ਹੈ।
ਕੀ ਕਹਿੰਦੇ ਹਨ ਸਰਵੇਖਣ: ਕੱੁਝ ਚੋਣ ਸਰਵੇਖਣ ਆਏ ਹਨ ਜਿਹਨਾਂ ਨੇ ਦੱਸਿਆ ਹੈ ਕਿ ਐਨਡੀਪੀ – ਨਿਉ ਡੈਮੋਕ੍ਰੈਟਿਕ ਪਾਰਟੀ – ਮਾਮੂਲੀ ਲਾਭ ਤੋਂ ਲੈ ਕੇ ਚੋਖਾ ਲਾਭ ਲੈਂਦੀ ਜਾਪਦੀ ਹੈ। ਬਹੁ-ਗਿਣਤੀ ਸਰਕਾਰ ਬਣਾਉਣ ਲਈ ਇਹ ‘ਮਾਮੂਲੀ ਲਾਭ’ ਸ਼ਾਇਦ ਕੱੁਝ ਨਹੀਂ ਕਰ ਸਕੇਗਾ। ‘ਚੋਖਾ ਲਾਭ’ ਮਿਲਣਾ ਮੁਸ਼ਕਿਲ ਲੱਗਦਾ ਹੈ। ਸੋਮਵਾਰ, 15 ਮਈ ਵਾਲੇ ਦਿਨ ਲੀਕ ਹੋਏ ਇੱਕ ਹੋਰ ਸਰਵੇ ਵਿੱਚ ਕਿਹਾ ਜਾ ਰਿਹਾ ਹੈ ਕਿ ਯੂਸੀਪੀ – ਯੁਨਾਇਟਿਡ ਕੰਜ਼ਰਵੇਟਿਵ ਪਾਰਟੀ – ਲੱਗਪਗ 50-51 ਸੀਟਾਂ ਲੈ ਸਕਦੀ ਹੈ ਤੇ ਐਨਡੀਪੀ ਨੂੰ 31-32 ‘ਤੇ ਹੀ ਗ਼ੁਜ਼ਾਰਾ ਕਰਨਾ ਪੈ ਸਕਦਾ ਹੈ।
ਸੀਟਾਂ ਦਾ ਹਿਸਾਬ ਕਿਤਾਬ: ਸੂਬੇ ਵਿੱਚ ਕੁੱਲ 87 ਵਿਧਾਨਸਭਾ ਸੀਟਾਂ ਹਨ। ਸਰਕਾਰ ਬਣਾਉਣ ਵਾਸਤੇ 44 ਸੀਟਾਂ ਦੀ ਲੋੜ ਹੈ। ਇਹਨਾਂ ਵਿੱਚੋਂ ਇੱਕ ਸਪੀਕਰ ਬਣ ਜਾਵੇਗਾ ਤਾਂ ਸਰਕਾਰ ਨੂੰ ਬਹੁਮਤ ਵਿੱਚ ਰੱਖਣ ਵਾਸਤੇ ਇੱਕ ਹੋਰ ਸੀਟ ਦੀ ਲੋੜ ਹੈ। ਇਸ ਦਾ ਮਤਲਬ ਹੋਇਆ ਕਿ ਸਰਕਾਰ ਬਣਾਉਣ ਵਾਲੀ ਪਾਰਟੀ ਨੂੰ ਘੱਟੋ ਘੱਟ 45 ਸੀਟਾਂ ਚਾਹੀਦੀਆਂ ਹਨ। ਕੈਲਗਰੀ ਵਿੱਚ 26, ਐਡਮੰਟਨ ਵਿੱਚ 21 ਅਤੇ (ਬਾਕੀ ਬਚਦੇ) ਪੇਂਡੂ ਅਤੇ ਅੱਧ-ਸ਼ਹਿਰੀ ਇਲਾਕਿਆਂ ਦੀਆਂ 40 ਸੀਟਾਂ ਹਨ। ਇਹਨਾਂ ਵਿੱਚੋਂ ਐਡਮੰਟਨ ਦੀਆਂ 21 ਵਿੱਚੋਂ 21 ਉੱਪਰ ਹੀ ਐਨਡੀਪੀ ਆਪਣਾ ਹੱਥ ਸਾਫ਼ ਕਰਦੀ ਲੱਗ ਰਹੀ ਹੈ ਜਦੋਂ ਕਿ ਪੇਂਡੂ ਅਤੇ ਅੱਧ-ਸ਼ਹਿਰੀ ਇਲਾਕਿਆਂ ਦੀਆਂ 40 ਸੀਟਾਂ ਉੱਪਰ ਯੂਸੀਪੀ ਦਾ ਕਬਜ਼ਾ ਹੁੰਦਾ ਲੱਗ ਰਿਹਾ ਹੈ। ਇਸ ਗਣਿਤ ਨੂੰ ਵੇਖਦਿਆਂ ਯੂਸੀਪੀ ਨੂੰ ਸਿਰਫ਼ 5 ਸੀਟਾਂ ਦੀ ਲੋੜ ਹੈ ਜਿਹੜੀ ਕਿ ਉਹ ਅਸਾਨੀ ਨਾਲ ਕੈਲਗਰੀ ਵਿੱਚੋਂ ਜਿੱਤ ਸਕਦੀ ਹੈ।

ਸਾਲ 2015 ਵਿੱਚ ਲੋਕ ਪੀਸੀ ਪਾਰਟੀ – ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਤੋਂ ਅੱਕ ਗਏ ਸਨ ਤੇ ਉਹਨਾਂ ਗੁੱਸੇ ਵਿੱਚ ਐਨਡੀਪੀ ਨੂੰ ਵੋਟ ਪਾਈ ਸੀ। ਉਹ ਪੀਸੀ ਦਾ ਵਿਰੋਧ ਸੀ ਤੇ ਐਨਡੀਪੀ ਦੀ ਲਹਿਰ ਨਹੀਂ ਸੀ। ਵਾਇਲਡਰੋਜ਼ ਪਾਰਟੀ ਦੀ ਲੀਡਰ, ਜਿਹੜੀ ਹੁਣ ਪ੍ਰੀਮੀਅਰ ਹੈ, ਡੇਨੀਐੱਲ ਸਮਿਥ ਆਪਣੇ ਸਾਥੀਆਂ ਸਮੇਤ ਮੱੁਖ ਵਿਰੋਧੀ ਧਿਰ ਨੂੰ ਖ਼ਤਮ ਕਰਦੀ ਹੋਈ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵਿੱਚ ਜਾ ਰਲੀ ਸੀ। ਉਸ ਸਮੇਂ ਕੈਲਗਰੀ ਵਿੱਚੋਂ ਐਨਡੀਪੀ ਨੂੰ 21 ਸੀਟਾਂ ਮਿਲ ਗਈਆਂ ਸਨ। ਸਾਰਾ ਐਡਮੰਟਨ ਉਹਨਾਂ ਦੇ ਕੋਲ ਸੀ ਤੇ ਸਰਕਾਰ ਬਹੁਗਿਣਤੀ ਬਣ ਗਈ ਸੀ ਤੇ ਕੁੱਝ ਪੇਂਡੂ ਅਤੇ ਅੱਧ-ਸ਼ਹਿਰੀ ਇਲਾਕਿਆਂ ਦੀਆਂ ਸੀਟਾਂ ਵੀ ਐਨਡੀਪੀ ਦੇ ਹੱਕ ਵਿੱਚ ਭੁਗਤ ਗਈਆਂ ਸਨ।
ਸਾਲ 2019 ਵਿੱਚ ਜੇਸਨ ਕੈਨੀ ਦੀ ਲਹਿਰ ਸੀ। ਦੋਵੇਂ ਸੱਜੇ ਪੱਖੀ – ਪ੍ਰੋਗਰੈਸਿਵ ਕੰਜ਼ਰਵੇਟਿਵ ਅਤੇ ਵਾਇਲਡਰੋਜ਼ – ਪਾਰਟੀਆਂ ਇਕੱਠੀਆਂ ਹੋ ਗਈਆਂ ਸਨ ਤੇ ਇਸ ਵਿਰੋਧ ਵਿੱਚ ਐਨਡੀਪੀ ਦੇ ਤੰਬੂ ਉੱਖੜ ਗਏ ਸਨ।
ਕੋਰੋਨਾ ਵਾਇਰਸ ਨੇ ਜੇਸਨ ਕੈਨੀ ਦਾ ਤੰਬੂ ਪੁੱਟ ਦਿੱਤਾ। ਪਾਰਟੀ ਅੰਦਰ ਵਾਇਲਡਰੋਜ਼ ਤੱਤ ਮਜ਼ਬੂਤੀ ਫੜ ਗਿਆ ਤੇ ‘ਟੇਕ ਬੈਕ ਐਲਬਰਟਾ’ ਮੂਵਮੈਂਟ ਜ਼ੋਰ ਫੜ ਗਈ ਤੇ ਉਹਨਾਂ ਜੇਸਨ ਕੈਨੀ ਨੂੰ ਫਾਰਗ਼ ਕਰ ਦਿੱਤਾ। ਡੈਨੀਐੱਲ ਸਮਿਥ ਪਾਰਟੀ ਲੀਡਰ ਅਤੇ ਪ੍ਰੀਮੀਅਰ ਬਣ ਗਈ।

ਸਮਿਥ ਦੀ ਅਲਮਾਰੀ ਖੁੱਲ੍ਹੀ ਤਾਂ ਅੰਦਰੋਂ ਇੱਕ ਜਾਂ ਦੋ ਨਹੀਂ, ਦਰਜਨਾਂ ਕੰਕਾਲ ਨਿੱਕਲਣ ਲੱਗ ਪਏ। ਕਦੀ ਉਹ ਕਹੇ ਕਿ ਉਹ ਮੂਲ ਨਿਵਾਸੀ ਹੈ, ਕਦੀ ਕਹੇ ਕਿ ਯੂਕ੍ਰੇਨੀ ਮੂਲ ਦੀ ਹੈ, ਫਿਰ ਕਹੇ ਕਿ ਰੂਸ ਠੀਕ ਹੈ, ਯੂਕ੍ਰੇਨ ਨੂੰ ਅਕਲ ਕਰਨੀ ਚਾਹੀਦੀ ਹੈ, ਫਿਰ ਕਹਿੰਦੀ ਕਿ ਡਾਕਟਰਾਂ ਦੀ ਥਾਂ ਮਿਲਟਰੀ ਅਫਸਰਾਂ ਨੂੰ ਹਸਪਤਾਲਾਂ ਦਾ ਪ੍ਰਬੰਧ ਦੇਣਾ ਚਾਹੀਦਾ ਹੈ ਤੇ ਜਿਹੜੇ ਪੁਲਿਸ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਤੇ ਟੀਕਿਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਅੰਦਰ ਕੀਤਾ, ਉਹਨਾਂ ਖਿਲਾਫ਼ ਮੁਕੱਦਮੇ ਚੱਲਣੇ ਚਾਹੀਦੇ ਹਨ, ਫਿਰ ਕਹਿੰਦੀ ਕਿ ਜਿਹਨਾਂ 75% ਲੋਕਾਂ ਨੇ ਟੀਕੇ ਲਗਵਾਏ ਹਨ ਉਹ ਹਿਟਲਰ ਦੇ ਚੇਲਿਆਂ ਵਾਂਗ ਹਨ, ਫਿਰ ਕਹਿ ਦਿੱਤਾ ਕਿ ਉਹ ਤਾਂ ਆਪਣੀ ਡ੍ਰੈਸ ਉੱਪਰ ਮਾਣ ਨਾਲ ਲਗਾਉਣ ਵਾਲੇ ਪੌਪੀ ਦਾ ਫੁੱਲ ਵੀ ਨਹੀਂ ਲਗਾਵੇਗੀ, ਫਿਰ ਟੀਕਿਆਂ ਅਤੇ ਕੋਨਾ ਵਾਇਰਸ ਦੇ ਖਤਰਿਆਂ ਦਾ ਵਿਰੋਧ ਕਰਨ ਵਾਲੇ ਸਟ੍ਰੀਟ ਪ੍ਰੀਚਰ ਅਰਟਰ ਪਾਉਲਾਉਸਕੀ ਦੇ ਹੱਕ ਵਿੱਚ ਜਾ ਨਿੱਤਰੀ॥।ਹਰ ਰੋਜ਼ ਇੱਕ-ਇੱਕ ਕੰਕਾਲ ਬਾਹਰ ਨਿੱਕਲਣ ਲੱਗਿਆ।
ਐਨਡੀਪੀ ਨੇ ਇੰਨਾ ਕੁੱਝ ਬਾਹਰ ਆਉਣ ਮਗਰੋਂ ਮੂਵਮੈਂਟ ਸ਼ੁਰੂ ਕਰ ਦਿੱਤੀ ਕਿ ਕੀ ਸੂਬਾ ਵਾਸੀ ਅਜਿਹੇ ਵਿਅਕਤੀ ਉੱਪਰ ਭਰੋਸਾ ਕਰ ਸਕਦੇ ਹਨ ਜਿਹੜਾ ਇੰਨੇ ਜ਼ਿਆਦਾ ਬਿਆਨ ਬਦਲਦਾ ਹੈ?
ਡੈਨੀਐਲ ਸਮਿਥ ਕਹਿ ਰਹੀ ਹੈ ਕਿ ਉਸ ਦੇ ਪੁਰਾਣੇ ਵਿਚਾਰਾਂ ਵੱਲ ਧਿਆਨ ਨਾ ਦਿੱਤਾ ਜਾਵੇ, ਉਹ ਬਤੌਰ ਪ੍ਰੀਮੀਅਰ ਜੋ ਕਹਿ ਰਹੀ ਹੈ ਤੇ ਕਰ ਰਹੀ ਹੈ, ਉਸ ਵੱਲ ਹੀ ਦੇਖਿਆ ਜਾਵੇ।
ਕੱੁਝ ਲੋਕ ਪੱਕੇ ਕੰਜ਼ਰਵੇਟਿਵ ਅਤੇ ਪੱਕੇ ਐਨਡੀਪੀਅਰ ਹਨ ਤੇ ਉਹਨਾਂ ਨੇ ਵੋਟ ਨਹੀਂ ਬਦਲਣੀ। ਇਹ ਸੰਭਵ ਹੈ ਕਿ ਜੇ ਉਹਨਾਂ ਨੂੰ ਆਪਣੀ ਪਾਰਟੀ ਲੀਡਰ ਨਾਲ ਨਾਰਾਜ਼ਗ਼ੀ ਹੈ ਤਾਂ ਉਹ ਸ਼ਾਇਦ ਵੋਟ ਹੀ ਨਾ ਪਾਉਣ। ਬਹੁਤ ਨਾਰਾਜ਼ ਲੋਕ, ਦੂਜੀ ਪਾਰਟੀ ਦਾ ਪਲੈਟਫੌਰਮ ਵੇਖ ਕੇ ਆਪਣੀ ਵੋਟ ਬਦਲ ਸਕਦੇ ਹਨ। ਇਸ ਦੇ ਬਾਵਜੂਦ ਅਜਿਹੇ ਲੋਕ ਵੀ ਵੱਡੀ ਗਿਣਤੀ ਵਿੱਚ ਹਨ ਜਿਹਨਾਂ ਨੇ ਮੌਕਾ ਵੇਖ ਕੇ ਵੋਟ ਪਾਉਣੀ ਹੰਦੀ ਹੈ। ਲੋਟਾ ਕਿਸਮ ਦੇ ਇਹ ਲੋਕ, ਥਾਲੀ ਦੇ ਬਤਾਊਂ ਵਾਂਗ ਹੁੰਦੇ ਹਨ॥।ਮੌਕਾ ਵੇਖ ਕੇ ਦਿਸ਼ਾ ਬਦਲ ਲੈਂਦੇ ਹਨ।
ਕਿੰਨੀ ਹਾਸੋਹੀਣੀ ਗੱਲ ਹੈ ਪਰ ਸੱਚ ਹੈ ਕਿ ਇਹਨਾਂ ਲੋਟਿਆਂ ਨੇ ਹੀ ਇਸ ਵਾਰ ਸਰਕਾਰ ਬਣਾਉਣੀ ਹੈ। ਰਾਜਨੀਤੀ ਦਾ ਊਠ ਇਸ ਵਾਰ ‘ਸੱਜੇ ਪਾਸੇ’ ਬੈਠੇਗਾ ਜਾਂ ਕਿ ‘ਖੱਬੇ ਪਾਸੇ’, ਇਸ ਗੱਲ ਦਾ ਪਤਾ ਤਾਂ ਹੁਣ 29 ਮਈ ਦੀ ਸ਼ਾਮ ਨੂੰ ਹੀ ਲੱਗੇਗਾ!
