ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਸ਼ਾਮਿਲ ਹੈ, ਬਾਲ ਰਸਾਲਾ ਨਿੱਕੀਆਂ ਕਰੂੰਬਲਾਂ
ਇੱਕ ਮੁਲਾਕਾਤ-
ਮੁਲਾਕਾਤੀ- ਜਸਵੀਰ ਸਿੰਘ ਭਲੂਰੀਆ
+91-99159-95505
ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਹੈ ‘ਨਿੱਕੀਆਂ ਕਰੂੰਬਲਾਂ’ ਵਾਲਾ ਬਲਜਿੰਦਰ ਮਾਨ
-ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਸ਼ਾਮਿਲ ਹੈ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ
ਪਿਆਰੇ ਪਾਠਕੋ ਪੰਜਾਬੀ ਸਾਹਿਤ ਦਾ ਸਮੁੰਦਰ ਬੜਾ ਵਿਸ਼ਾਲ ਅਤੇ ਗਹਿਰਾ ਹੈ। ਇਸ ਦੀ ਗਹਿਰਾਈ ਵਿੱਚ ਬੇਸ਼ਕੀਮਤੀ ਹੀਰੇ, ਮੋਤੀ, ਜਵਾਹਰਾਤ ਪਏ ਹਨ। ਇਨਾਂ ਹੀਰਿਆਂ ਵਿੱਚੋਂ ਹੀ ਇੱਕ ਹੀਰਾ ਹੈ ਬਲਜਿੰਦਰ ਮਾਨ ‘ਨਿੱਕੀਆਂ ਕਰੂੰਬਲਾਂ’ ਵਾਲਾ। ਜੋ ਕਿ ਮਾਹਿਲਪੁਰ ਕਸਬੇ ਵਿੱਚ ਰੁਝੇਵਿਆਂ ਭਰੀ ਜ਼ਿੰਦਗੀ ਬਿਤਾ ਰਿਹਾ ਹੈ ਅਤੇ ਪੰਜਾਬੀ ਮਾਂ ਬੋਲੀ ਦੇ ਮਹਿਲ ਦੇ ਕਿੰਗਰੇ ਸਲਾਮਤ ਰੱਖਣ ਲਈ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਪੰਜਾਬੀ ਮਾਂ ਬੋਲੀ ਨੂੰ ਨੂੰ ਸਮਰਪਤ ਕਰ ਰਿਹਾ ਹੈ। ਜੇ ਉਸਦੇ ਕਾਰਜ ਖੇਤਰ ਵੱਲ ਨਿਗ੍ਹਾ ਮਾਰੀਏ ਤਾਂ ਬੰਦਾ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ‘ਇਹ ‘ਬੰਦਾ’ ਖਾਂਦਾ-ਪੀਂਦਾ, ਨਹਾਉਂਦਾ, ਸੌਂਦਾ ਕਿਹੜੇ ਵੇਲੇ ਹੋਵੇਗਾ। ਪਰ ਉਸ ਦਾ ਮੰਨਣਾ ਹੈ ਜੇ ਅਸੀਂ ਆਪਣੀ ਜ਼ੁਬਾਨ ਅਤੇ ਸੱਭਿਆਚਾਰ ਨੂੰ ਜਿਉਂਦਾ ਰੱਖਣਾ ਹੈ ਤਾਂ ਸਾਨੂੰ ਦਿਨ ਰਾਤ ਇੱਕ ਕਰਕੇ ਸਾਡੇ ਬੱਚਿਆਂ ਵੱਲ ਉਚੇਚਾ ਧਿਆਨ ਦੇਣਾ ਪਵੇਗਾ। ਸੋ ‘ਨਿੱਕੀਆਂ ਕਰੂੰਬਲਾਂ’ ਜ਼ਰੀਏ ਇਹੋ ਸੁਚੱਜਾ ਕਾਰਜ ਕਰਕੇ ਬਲਜਿੰਦਰ ਮਾਨ ਆਪਣਾ ਬਣਦਾ ਫ਼ਰਜ਼ ਨਿਭਾਅ ਰਿਹਾ ਹੈ। ਉਸ ਨੂੰ ਸਾਰੀ ਦੁਨੀਆਂ ਦੇ ਬੱਚੇ ਆਪਣੇ ਲਗਦੇ ਹਨ। ਉਸ ਦੀ ਸੋਚ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਸੋਚ ਉੱਚੀ, ਵਿਗਿਆਨਕ ਹੋਵੇਗੀ, ਬੱਚੇ ਮਿਹਨਤੀ ਅਤੇ ਇਮਾਨਦਾਰ ਹੋਣਗੇ ਤਾਂ ਸਾਡਾ ਸਮਾਜ, ਇਹ ਦੁਨੀਆਂ ਖੁਸ਼ਹਾਲ ਹੋਵੇਗੀ। ਬੀਤੇ ਦਿਨ ਉਸ ਨਾਲ ਇਸ ਵਿਸ਼ੇ ਤੇ ਖੁੱਲੀ ਗੱਲਬਾਤ ਹੋਈ। ਸੋ ਤੁਹਾਡੇ ਰੂਬਰੂ ਹੈ ਉਹ ਗੱਲਬਾਤ-
ਸਵਾਲ- ਬਲਜਿੰਦਰ ਮਾਨ ਜੀ ਸਭ ਤੋਂ ਪਹਿਲਾਂ ਆਪਣੇ ਜਨਮ, ਪ੍ਰੀਵਾਰ, ਵਿਦਿਆ ਬਾਰੇ ਸਾਡੇ ਪਾਠਕਾਂ ਨੂੰ ਦੱਸੋ ?
ਜਵਾਬ- ਭਲੂਰੀਆ ਸਾਹਿਬ! ਮੇਰਾ ਜਨਮ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵਸਦੇ ਪਿੰਡ ਮਹਿਮਦਵਾਲ ਬਲਾਕ ਮਾਹਿਲਪੁਰ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 15 ਮਈ 1964 ਨੂੰ ਹੋਇਆ l ਮੇਰੇ ਮਾਤਾ ਭਜਨ ਕੌਰ ਜੀ ਕੋਰੇ ਅਨਪੜ ਹੋਣ ਦੇ ਬਾਵਜੂਦ ਸਮੇਂ ਅਤੇ ਹਾਲਾਤਾਂ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਅਤੇ ਵਿਚਾਰਦੇ ਸਨ l ਪਿਤਾ ਸ੍ਰੀ ਭਜਨਾ ਰਾਮ ਜੀ ਬੀਐਸਐਫ ਵਿੱਚ ਸਬ ਇੰਸਪੈਕਟਰ ਸਨ ਤੇ ਘਰਦੀਆਂ ਸਾਰੀਆਂ ਜਿੰਮੇਵਾਰੀਆਂ ਮੇਰੇ ਮਾਤਾ ਜੀ ਬਾਖੂਬੀ ਨਿਭਾਉਂਦੇ ਸਨ l ਮੇਰੇ ਚਾਚੇ ਤਾਇਆ ਦੇ ਤਿੰਨ ਘਰਾਂ ਵਿੱਚ ਮੈਂ ਇਕਲੌਤਾ ਪੁੱਤਰ ਅਤੇ ਤਿੰਨਾਂ ਭੈਣਾਂ ਦਾ ਇਕਲੌਤਾ ਭਰਾ ਹਾਂ l ਜਿਸ ਕਰਕੇ ਸਾਰੇ ਪਰਿਵਾਰ ਦੀ ਨਿਗ੍ਹਾ ਮੇਰੇ ਉੱਤੇ ਰਹਿੰਦੀ ਤੇ ਮੈਨੂੰ ਬਹੁਤਾ ਸਮਾਂ ਘਰ ਵਿੱਚ ਹੀ ਗੁਜ਼ਾਰਨਾ ਪੈਂਦਾ l ਇਸ ਲਈ ਮੈਨੂੰ ਜੋ ਕੁਝ ਵੀ ਘਰ ਵਿੱਚ ਮਿਲਦਾ ਮੈਂ ਉਸਨੂੰ ਪੜਨ ਬੈਠ ਜਾਂਦਾ ਚਾਹੇ ਉਹ ਕੋਈ ਕਾਪੀ ਹੁੰਦੀ ਜਾਂ ਅਖਬਾਰ ਦਾ ਕਾਗਜ਼ l ਇਸ ਪੜ੍ਹਨ ਦੀ ਰੁਚੀ ਨੇ ਮੈਨੂੰ ਲਿਖਣ ਵੱਲ ਨੂੰ ਪ੍ਰੇਰਿਤ ਕਰ ਦਿੱਤਾ l ਪਿੰਡ ਤੋਂ ਬਾਅਦ ਸਰਕਾਰੀ ਹਾਈ ਸਕੂਲ ਮੈਲੀ, ਰਾਮਪੁਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਉਚੇਰੀ ਵਿਦਿਆ ਹਾਸਿਲ ਕੀਤੀl ਐਮਏ (ਪੰਜਾਬੀ ਅਤੇ ਰਾਜਨੀਤੀ ਸ਼ਾਸਤਰ) ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਬਾਅਦ ਬੀਐਡ ਡੀਏਵੀ ਕਾਲਜ ਆਫ ਐਜੂਕੇਸ਼ਨ ਹੁਸ਼ਿਆਰਪੁਰ ਅਤੇ ਡਿਪਲੋਮਾ ਇਨ ਜਰਨਲਿਜ਼ਮ ਕੀਤਾ l ਕਾਲਜ ਦੇ ਦਿਨਾਂ ਵਿੱਚ ਹੀ ਐਨਐਸਐਸ ਦਾ ਵਲੰਟੀਅਰ ਬਣ ਕੇ ਸਮਾਜ ਸੇਵਾ ਨੂੰ ਸਮਰਪਿਤ ਹੋ ਗਿਆl ਸਮਾਜ ਦੇ ਬੌਣੇ ਅੰਗਾਂ ਨੂੰ ਵਿਕਸਿਤ ਕਰਨ ਦਾ ਟੀਚਾ ਮਿਥ ਕੇ ਦਿਨ ਰਾਤ ਰਚਨਾਤਮਕ ਗਤੀਵਿਧੀਆਂ ਦੇ ਆਯੋਜਨ ਵਿੱਚ ਕਾਰਜਸ਼ੀਲ ਹੋ ਗਿਆl ਜ਼ਿਲਾ ਹੁਸ਼ਿਆਰਪੁਰ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ 100 ਦੇ ਕਰੀਬ ਪੇਂਡੂ ਯੂਥ ਕਲੱਬਾਂ ਦਾ ਨਿਰਮਾਣ ਸੈਮਸਨ ਮਸੀਹ, ਬਲਬੀਰ ਸਿੰਘ ਸੇਵਕ, ਬਲਬੀਰ ਸਿੰਘ ਪੱਟੀ ਅਤੇ ਕ੍ਰਿਸ਼ਨਜੀਤ ਰਾਓ ਕੈਂਡੋਵਾਲ ਵਰਗੇ ਅਧਿਕਾਰੀਆਂ ਅਤੇ ਦੋਸਤਾਂ ਨਾਲ ਮਿਲਕੇ ਕੀਤਾ l ਨਹਿਰੂ ਯੁਵਾ ਕੇਂਦਰ (ਭਾਰਤ ਸਰਕਾਰ) ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵਿੱਚ ਅਹਿਮ ਜਿੰਮੇਵਾਰੀਆਂ ਨਿਭਾਉਂਦਾ ਹੋਇਆ ਗੱਭਰੂਆਂ ਨੂੰ ਨਰੋਈਆਂ ਲੀਹਾਂ ਪ੍ਰਦਾਨ ਕਰਦਾ ਆ ਰਿਹਾ ਹਾਂ l ਪੂਰੇ 10 ਸਾਲ ਬੇਰੁਜ਼ਗਾਰੀ ਨਾਲ ਸੰਘਰਸ਼ ਕੀਤਾl ਇਸ ਸਮੇਂ ਦੌਰਾਨ ਸ਼ਿਵਾਲਿਕ ਯੂਥ ਕਲੱਬ, ਸਾਹਿਤ ਸਭਾ ਮਾਹਿਲਪੁਰ ਅਤੇ ਢਾਡੀ ਅਮਰ ਸਿੰਘ ਸ਼ੌਂਕੀ ਯਾਦਗਾਰੀ ਟਰਸਟ ਦੀ ਸਥਾਪਨਾ ਕਰਕੇ ਨੌਜਵਾਨ ਸਰਗਰਮੀਆਂ, ਅੰਤਰ ਰਾਜੀ ਅਤੇ ਰਾਸ਼ਟਰੀ ਪੱਧਰ ਦੇ ਸਾਹਿਤਕ ਸਮਾਗਮਾਂ ਅਤੇ ਸੱਭਿਆਚਾਰਕ ਮੇਲਿਆਂ ਦਾ ਪ੍ਰਬੰਧ ਕੀਤਾ ਗਿਆ l ਬਾਲ ਸਾਹਿਤ, ਪੁਸਤਕ ਪ੍ਰਦਰਸ਼ਨੀ,ਸੱਭਿਆਚਾਰਕ ਮੇਲੇ, ਬਾਲ ਪ੍ਰੀਤ ਮਿਲਣੀ ਕਾਫਲੇ ਪ੍ਰਸਿੱਧ ਕਲਾਕਾਰ ਕਮਲਜੀਤ ਨੀਲੋਂ ਅਤੇ ਡਾ. ਰਮਾ ਰਤਨ ਦੀ ਅਗਵਾਈ ਹੇਠ ਆਯੋਜਿਤ ਕੀਤੇ ਗਏ l
ਸਵਾਲ- ਮਾਨ ਸਾਬ੍ਹ ਉਹ ਕਿਹੜਾ ਸੁਭਾਗਾ ਦਿਨ ਸੀ ਜਦੋਂ ਤੁਸੀਂ ਸਿਖਿਆ ਵਿਭਾਗ ਪੰਜਾਬ ਦਾ ਹਿੱਸਾ ਬਣੇ ?
ਜਵਾਬ: 9 ਮਈ,1997 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਮ ਜ਼ਿਲਾ ਹੁਸ਼ਿਆਰਪੁਰ ਵਿਖੇ ਐਸਐਸ ਮਾਸਟਰ ਵਜੋਂ ਭਰਤੀ ਹੋਇਆ।
ਮੁੱਖ ਅਧਿਆਪਕ ਵਜੋਂ ਸਰਕਾਰੀ ਸੈਕੰਡਰੀ ਸਕੂਲ ਭਾਰਟਾ ਗਣੇਸ਼ਪੁਰ ਤੋਂ 31ਮਈ 2022 ਨੂੰ ਸੇਵਾ ਮੁਕਤ ਹੋਇਆ। ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਅਤੇ ਵਿਭਾਗ ਦੇ 14 ਮੈਂਬਰੀ ਸੰਪਾਦਕੀ ਬੋਰਡ ਦਾ ਮੈਂਬਰ ਰਿਹਾ। ਕੌਮੀ ਅਤੇ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟਾਂ,ਵਿਦਿਅਕ ਮੁਕਾਬਲੇ, ਸੈਮੀਨਾਰ ਅਤੇ ਵਿਸ਼ੇਸ਼ ਮੁਹਿੰਮਾ ਦੇ ਪ੍ਰਬੰਧਾਂ ਵਿੱਚ ਵਿਸ਼ੇਸ਼ ਯੋਗਦਾਨ ਰਿਹਾ। ਵਿਭਾਗ ਵੱਲੋਂ ਵੰਨ ਸੁਵੰਨੇ ਕਾਰਜਾਂ ਲਈ ਅਨੇਕਾਂ ਵਾਰ ਪ੍ਰਸੰਸਾ ਪੱਤਰ ਮਿਲੇ ਪਰ ਕਦੀ ਸਟੇਟ ਅਵਾਰਡ ਲਈ ਅਪਲਾਈ ਨਹੀਂ ਕੀਤਾ। ਸਭ ਤੋਂ ਵੱਡਾ ਸਨਮਾਨ ਪਿਆਰ ਮੁਹੱਬਤ ਅਤੇ ਸਤਿਕਾਰ ਦਾ ਸਨਮਾਨ ਵਿਦਿਆਰਥੀਆਂ ਮਾਪਿਆਂ ਤੇ ਸਮਾਜ ਵੱਲੋਂ ਮਿਲਿਆ l ਪ੍ਰਾਈਵੇਟ ਸਕੂਲ ਵਿੱਚ ਪੜਾਇਆ ਅਤੇ 20 ਸਾਲ ਆਪਣਾ ਸੁਰ ਸੰਗਮ ਪਬਲਿਕ ਸਕੂਲ ਵੀ ਮਾਹਿਲਪੁਰ ਵਿੱਚ ਚਲਾਇਆ l
ਸਵਾਲ- ਅਧਿਆਪਨ ਨੂੰ ਚੰਗੇ ਰੋਜ਼ਗਾਰ ਕਰਕੇ ਚੁਣਿਆਂ ਜਾਂ ਕੋਈ ਹੋਰ ਕਾਰਨ ਸੀ ?
ਜਵਾਬ- ਮੇਰੇ ਜੀਵਨ ਦਾ ਮਨੋਰਥ ਸਮਾਜ ਨੂੰ ਨਿਰੋਈ ਦਿਸ਼ਾ ਪ੍ਰਦਾਨ ਕਰਨ ਦਾ ਸੀ ਜਿਸ ਦਾ ਪਹਿਲਾ ਅਧਿਆਇ ਬੱਚਿਆਂ ਤੋਂ ਸ਼ੁਰੂ ਹੁੰਦਾ ਹੈl ਇਸ ਕਰਕੇ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਇਰਾਦਾ ਮੇਰੇ ਮਨ ਵਿੱਚ ਸੀl ਜੇਕਰ ਸਾਡੀਆਂ ਜੜਾਂ ਮਜ਼ਬੂਤ ਹੋਣਗੀਆਂ ਤਾਂ ਰੁੱਖ ਆਪਣੇ ਆਪ ਛਾਂਦਾਰ ਹੋਣਗੇl
ਸਵਾਲ- ਮਾਨ ਸਾਬ੍ਹ ਤੀਹ ਸਾਲ ਤੁਸੀਂ ਅਧਿਆਪਨ ਦੀ ਸੇਵਾ ਨਿਭਾਈ। ਕੀ ਤੁਸੀਂ ਸਾਡੇ ਸਿਖਿਆ ਸਿਸਟਮ ਤੋਂ ਸੰਤੁਸ਼ਟ ਹੋ ?
ਜਵਾਬ- ਭਾਲੂਰੀਆ ਸਾਹਿਬ ਪਿਛਲੇ 30- 35 ਸਾਲ ਤੋਂ ਸਿੱਖਿਆ ਦੇ ਖੇਤਰ ਨਾਲ ਜੁੜਿਆ ਹੋਣ ਕਰਕੇ ਇਹੀ ਸਿੱਟਾ ਨਿਕਲਦਾ ਹੈ ਕਿ ਵਿਦਿਆ ਵਿਚਾਰੀ ਤਜਰਬਿਆਂ ਮਾਰੀl ਸਾਨੂੰ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਅਸੀਂ ਕਿਹੜੇ ਵਿਦਿਆਰਥੀ ਨੂੰ ਕਿਹੜੀ ਅਤੇ ਕਦੋਂ ਸਿੱਖਿਆ ਦੇਣੀ ਹੈl ਸਾਡੇ ਸਿੱਖਿਆਤੰਤਰ ਦਾ ਆਲਮ ਹੀ ਨਿਰਾਲਾ ਹੈl ਇਸੇ ਕਰਕੇ ਅਸੀਂ ਵੱਖ ਵੱਖ ਖੇਤਰਾਂ ਵਿੱਚ ਕਾਮਯਾਬ ਨਹੀਂ ਸਗੋਂ ਗੁਜ਼ਾਰਾ ਕਰ ਰਹੇ ਹਾਂl ਸਾਡੇ ਇੰਜਨੀਅਰਾਂ ਦੁਆਰਾ ਬਣਾਏ ਪੁਲ ਡਿੱਗ ਪਏ ਨੇ ਜਦਕਿ ਅੰਗਰੇਜ਼ਾਂ ਦੇ ਸੈਂਕੜੇ ਸਾਲ ਪੁਰਾਣੇ ਪੁਲ ਅਜੇ ਖੜੇ ਨੇl ਇਸ ਸਭ ਕਾਸੇ ਦੇ ਬਾਵਜੂਦ ਸਾਨੂੰ ਇਹ ਜਾਣਨਾ ਪਵੇਗਾ ਕਿ ਸਾਡਾ ਇਤਿਹਾਸ ਖਾਸ ਕਰ ਸਿੱਖਿਆ ਦਾ ਇਤਿਹਾਸ ਬਹੁਤ ਹੀ ਅਮੀਰ ਹੈl ਦੁਨੀਆਂ ਦਾ ਸਭ ਤੋਂ ਪੁਰਾਣਾ ਗ੍ਰੰਥ ਰਿਗਵੇਦ ਸਾਡੀ ਧਰਤੀ ਤੇ ਰਚਿਆ ਗਿਆ ਤੇ ਬਹੁਤ ਸਾਰੇ ਦੁਨੀਆਂ ਦੇ ਗਿਆਨੀ ਵਿਗਿਆਨੀ ਇੱਥੋਂ ਸਿੱਖਿਆ ਲੈ ਕੇ ਗਏ l ਆਜ਼ਾਦੀ ਤੋਂ ਬਾਅਦ ਅਸੀਂ ਆਜ਼ਾਦ ਖਿਆਲਾਂ ਨਾਲ ਸਮੇਂ ਦੀ ਹਾਣੀ ਸਿੱਖਿਆ ਦਾ ਪ੍ਰਬੰਧ ਨਹੀਂ ਕਰ ਸਕੇ l
ਸਵਾਲ- ਲੰਬੇ ਅਧਿਆਪਨ ਸਮੇਂ ਦੌਰਾਨ ਕਈ ਕੌੜੇ-ਮਿੱਠੇ ਤਜਰਬੇ ਵੀ ਹੋਏ ਹੋਣਗੇ। ਸਾਡੇ ਪਾਠਕਾਂ ਨਾਲ ਸਾਂਝੇ ਕਰੋ ?
ਜਵਾਬ- ਸਿੱਖਿਆ ਨਾਲ ਸੰਬੰਧਤ ਤਜਰਬਿਆਂ ਦੇ ਕਿੱਸੇ ਤਾਂ ਬਹੁਤ ਨੇ ਪਰ ਇੱਥੇ ਮੈਂ ਸਮਾਜ ਵਿੱਚ ਫੈਲੇ ਵਹਿਮਾਂ ਭਰਮਾਂ ਦੀ ਇੱਕ ਘਟਨਾ ਦਾ ਜ਼ਿਕਰ ਜਰੂਰ ਕਰਾਂਗਾl ਮੇਰੇ ਕੋਲ ਅੱਠਵੀਂ ਕਲਾਸ ਵਿੱਚ ਪੜ੍ਹਦਾ ਇੱਕ ਵਿਦਿਆਰਥੀ ਕੁਝ ਦਿਨਾਂ ਤੋਂ ਗੈਰ ਹਾਜ਼ਰ ਹੋ ਰਿਹਾ ਸੀ l ਜਦੋਂ ਉਸਦੇ ਸਾਥੀਆਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਕੋਈ ਬਾਬਾ ਉਸਨੂੰ ਇਹ ਦੱਸ ਗਿਆ ਕਿ ਉਸਨੇ 25 ਤਰੀਕ ਤੱਕ ਮੁੱਕ ਜਾਣਾ ਹੈl ਇਹ ਗੱਲ ਸੁਣ ਕੇ ਮੈਂ ਬਹੁਤ ਹੈਰਾਨ ਪਰੇਸ਼ਾਨ ਹੋਇਆ ਤੇ ਜਦੋਂ ਉਸਨੂੰ ਵਿਸ਼ੇਸ਼ ਤੌਰ ਤੇ ਮੈਂ ਸਕੂਲ ਬੁਲਾਇਆ ਤੇ ਕਿਹਾ ‘ਬੇਟੇ ਮੈਂ ਤੇਰੇ ਉਸ ਬਾਬੇ ਨਾਲੋਂ ਵੱਧ ਪੜਿਆ ਲਿਖਿਆ ਹਾਂ ਤੇ ਵੱਧ ਗਿਆਨ ਰੱਖਦਾ ਹਾਂ, ਤੈਨੂੰ 25 ਤਰੀਕ ਤੱਕ ਕੁਝ ਨਹੀਂ ਹੋਣਾ, ਤੇਰੀ ਉਮਰ ਤਾਂ 80 ਸਾਲ ਹੈl ਤੂੰ ਸਵੇਰ ਤੋਂ ਪੜ੍ਹ ਕੇ ਆਇਆ ਕਰl ਕੋਈ ਫਿਕਰ ਨਾ ਕਰl ਉਸ ਦੇ ਮਨ ਵਿੱਚ ਮੇਰੀ ਗੱਲ ਘਰ ਕਰ ਗਈ l ਉਹ ਸਭ ਕੁਝ ਭੁੱਲ ਭੁਲਾ ਕੇ ਪੜਨ ਵਿੱਚ ਰੁਝ ਗਿਆ ਤੇ ਉਹ ਬੱਚਾ ਜੋ ਮੌਤ ਨੂੰ ਉਡੀਕ ਰਿਹਾ ਸੀ ਅੱਜ ਵੀ ਆਪਣੇ ਕਾਰੋਬਾਰ ਤੇ ਲੱਗਾ ਹੋਇਆl
ਸਵਾਲ- ਇਹ ‘ਨਿੱਕੀਆਂ ਕਰੂੰਬਲਾਂ’ ਕਿਵੇਂ ਫੁੱਟੀਆਂ ਮਾਨ ਸਾਬ੍ਹ ?
ਜਵਾਬ- ਭਲੂਰੀਆ ਸਾਹਿਬ! ਅਸੀਂ ਮਾਹਿਲਪੁਰ ਦੀ ਧਰਤੀ ਤੇ ਢਾਡੀ ਅਮਰ ਸਿੰਘ ਸ਼ੌਂਕੀ ਦੀ ਯਾਦ ਵਿੱਚ ਇੱਕ ਸੱਭਿਆਚਾਰਕ ਮੇਲਾ ਐਸ ਅਸ਼ੋਕ ਭੌਰਾ ਦੀ ਅਗਵਾਈ ਹੇਠ ਲਗਾਉਂਦੇ ਹੁੰਦੇ ਸਾਂl ਜਿਸ ਵਿੱਚ ਮੌਕੇ ਦੇ ਸਭ ਮਸ਼ਹੂਰ ਕਲਾਕਾਰ ਦੇਸ਼ ਵਿਦੇਸ਼ ਤੋਂ ਭਾਗ ਲੈਂਦੇ ਸਨ। ਵੀਹਵੀਂ ਸਦੀ ਦੇ ਆਖਰੀ ਦਹਾਕੇ ਵਿੱਚ ਇਹ ਮੇਲਾ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੋਂ ਵੀ ਅੱਗੇ ਨਿਕਲ ਗਿਆ ਸੀl ਇਸ ਮੇਲੇ ਵਿੱਚ ਅੱਧਾ ਦਿਨ ਅਸੀਂ ਕਮਲਜੀਤ ਨੀਲੋਂ ਅਤੇ ਉਨਾਂ ਦੁਆਰਾ ਤਿਆਰ ਕੀਤੇ ਮਾਹਿਲਪੁਰ ਦੇ ਬਾਲ ਕਲਾਕਾਰਾਂ ਨੂੰ ਦਿੰਦੇ ਸਾਂl ਦਰਸ਼ਕਾਂ ਦਾ ਹੁੰਗਾਰਾ ਅਤੇ ਬੱਚਿਆਂ ਦੀਆਂ ਗਤੀਵਿਧੀਆਂ ਸਭ ਨੂੰ ਪ੍ਰੇਰਿਤ ਕਰਦੀਆਂl ਮੇਲੇ ਦੀਆਂ ਰੌਣਕਾਂ ਦਾ ਆਨੰਦ ਮਾਣ ਲੋਕ ਘਰਾਂ ਨੂੰ ਚਲੇ ਜਾਂਦੇ ਤਾਂ ਮੇਰੇ ਮਨ ਵਿੱਚ ਸਵਾਲ ਪੈਦਾ ਹੁੰਦਾ ਕਿ ਅਸੀਂ ਸਮਾਜ ਨੂੰ ਕੀ ਦਿੱਤਾ? ਉਸ ਸਮੇਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਸਨ l ਮਨ ਵਿੱਚ ਖਿਆਲ ਆਇਆ ਕਿ ਨਵੀਂ ਪਨੀਰੀ ਨੂੰ ਸੰਭਾਲਣ ਦੀ ਲੋੜ ਹੈl ਜੇਕਰ ਅਸੀਂ ਇਹਨਾਂ ਦੀ ਸੋਚ ਨੂੰ ਸਮੇਂ ਦੀ ਹਾਣੀ ਬਣਾ ਦਿੱਤਾ ਤਾਂ ਸਮਾਜ ਆਪਣੇ ਆਪ ਹੀ ਸੋਹਣਾ ਤੇ ਸੁਚੱਜਾ ਬਣਨਾ ਸ਼ੁਰੂ ਹੋ ਜਾਵੇਗਾ। ਇਸ ਸੋਚ ਵਿੱਚੋਂ ਨਿੱਕੀਆਂ ਕਰੂੰਬਲਾਂ ਬਾਲ ਰਸਾਲੇ ਨੇ ਜਨਮ ਲਿਆl ਤੁਸੀਂ ਹੈਰਾਨ ਹੋਵੋਗੇ ਕਿ ਅੱਜ ਤੱਕ ਕਈ ਪਰਚੇ ਨਿਕਲੇ ਪਰ ਕੋਈ ਵੀ ਅੱਜ ਤੱਕ ਨਹੀਂ ਛਪ ਰਿਹਾl ਇਸ ਪਿੱਛੇ ਉਸ ਮਾਲਕ ਦੀ ਰਹਿਮਤ ਅਤੇ ਸੱਚੀ ਸੁੱਚੀ ਸੋਚ ਕੰਮ ਕਰ ਰਹੀ ਹੈl ਜੇਕਰ ਮੈਂ ਵੀ ਇਸ ਵਿੱਚੋਂ ਬਿਜ਼ਨਸ ਭਾਲਦਾ ਤਾਂ ਅੱਜ ਤੋਂ ਕਈ ਸਾਲ ਪਹਿਲਾਂ ਇਹ ਰਸਾਲਾ ਬੰਦ ਹੋ ਚੁੱਕਾ ਹੁੰਦਾ l ਮਿਸ਼ਨਰੀ ਕੰਮ ਕਰਨ ਵਾਲੇ ਬੰਦੇ ਬਹੁਤ ਘੱਟ ਨੇl
ਸਵਾਲ- ਪੰਜਾਬੀ ਦਾ ਕੋਈ ਵੀ ਰਸਾਲਾ ਖਾਸ ਕਰਕੇ ਬਾਲ ਰਸਾਲਾ ਕੱਢਣਾ ਤਲਵਾਰ ਦੀ ਧਾਰ ਤੇ ਤੁਰਨ ਬਰਾਬਰ ਹੈ। 1995 ਤੋਂ ਤੁਸੀਂ ਇਹ ਕਾਰਜ ਨਿਰਵਿਘਨ ਅੱਜ ਤੱਕ ਕਿਵੇਂ ਬਰਕਰਾਰ ਰੱਖਿਆ ਹੋਇਆ ਹੈ ?
ਜਵਾਬ- ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਇਹ ਰਸਾਲਾ ਇਕ ਨਿਸ਼ਾਨੇ ਦੀ ਪ੍ਰਾਪਤੀ ਲਈ ਕੱਢਿਆ ਜਾ ਰਿਹਾ ਹੈ ਨਾ ਕਿ ਕਮਾਈ ਕਰਨ ਦੇ ਉਦੇਸ਼ ਨਾਲl ਇਸ ਕਾਰਜ ਵਿੱਚ ਆਪ ਸਭ ਨਾਲ ਮੇਰੇ ਪਰਿਵਾਰ ਦਾ ਵਿਸ਼ੇਸ਼ ਯੋਗਦਾਨ ਹੈl ਮੇਰੇ ਇਹਨਾਂ ਕਾਰਜਾਂ ਵਿੱਚ ਮੇਰੇ ਪਰਿਵਾਰ ਦਾ ਹਰ ਮੈਂਬਰ ਆਪੋ ਆਪਣੇ ਢੰਗ ਤਰੀਕੇ ਨਾਲ ਆਪਣਾ ਹਿੱਸਾ ਪਾਉਂਦਾ ਹੈ l ਜਿਸ ਕਰਕੇ ਇਹ ਰਸਾਲਾ ਨਿਰੰਤਰ ਤੁਹਾਡੇ ਤੱਕ ਪੁੱਜ ਰਿਹਾ ਹੈ l ਅੱਜ ਤੱਕ ਮੈਂ ਰਸਾਲੇ ਦੇ ਚੰਦੇ ਵਿੱਚੋਂ ਪੰਜੀ ਖਰਚਣੀ ਤਾਂ ਕੀ ਸੀ ਸਗੋਂ ਪੱਲਿਓਂ ਪੈਸੇ ਪਾ ਕੇ ਰਸਾਲਾ ਨਿਰੰਤਰ ਕੱਢ ਰਿਹਾ ਹਾਂ। l ਪੰਜਾਬ ਵਿੱਚੋਂ ਹੋਰ ਪੰਜਾਬੀ ਬਾਲ ਰਸਾਲਿਆਂ ਦਾ ਨਾ ਛਪਣਾ ਸ਼ਾਇਦ ਇਹੀ ਕਾਰਨ ਹੈ l ਬਿਜਨਸ ਵਾਲੇ ਕਾਰਜ ਕਰਨ ਲਈ ਤਾਂ ਸਭ ਤਿਆਰ ਨੇ l ਲੋਕ ਭਲਾਈ ਦੇ ਕਾਰਜ ਕਰਨ ਲਈ ਸਭ ਤੋਂ ਪਹਿਲਾਂ ਆਪਾ ਗਵਾਉਣਾ ਪੈਂਦਾ ਹੈ l ਬਾਲ ਰਸਾਲਿਆਂ ਨੂੰ ਕੋਈ ਇਸ਼ਤਿਆਰ ਦੇ ਕੇ ਰਾਜ਼ੀ ਨਹੀਂ l ਅਸੀਂ ਤੁਹਾਡੇ ਵਰਗੇ ਸਹਿਯੋਗੀਆਂ ਅਤੇ ਪਾਠਕਾਂ ਦੇ ਚੰਦੇ ਦੇ ਨਾਲ ਹੀ ਕੰਮ ਚਲਾਈ ਜਾ ਰਹੇ ਹਾਂ l ਸਰਕਾਰਾਂ ਨੇ ਕਦੀ ਬਾਂਹ ਨਹੀਂ ਫੜੀl ਸਾਲ 2008-10 ਦੇ ਸਾਲਾਂ ਵਿੱਚ ਤਤਕਲੀਨ ਡੀਜੀਐਸਈ ਕ੍ਰਿਸ਼ਨ ਕੁਮਾਰ ਨੇ ਲਾਗਤ ਕੀਮਤ ਤੇ ਇਹ ਰਸਾਲਾ ਖਰੀਦ ਕੇ ਪੰਜਾਬ ਦੇ ਸਭ ਸਰਕਾਰੀ ਸਕੂਲਾਂ ਵਿੱਚ ਭੇਜਣਾ ਸ਼ੁਰੂ ਕੀਤਾ ਸੀ। ਉਸ ਜਮਾਨੇ ਵਿੱਚ ਅਸੀਂ 25 ਹਜ਼ਾਰ ਕਾਪੀ ਛਾਪਦੇ ਸਾਂ l ਪੰਜਾਬੀ ਵਿੱਚ ਲੰਬੇ ਸਮੇਂ ਤੋਂ ਇੱਕ ਵਿਅਕਤੀ ਦੁਆਰਾ ਪ੍ਰਕਾਸ਼ਿਤ ਕੀਤਾ ਜਾ ਰਿਹਾ ਬਾਲ ਰਸਾਲਾ ਹੋਣ ਕਰਕੇ ਸਾਲ 2022 ਵਿੱਚ ਇਸ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਸ਼ਾਮਿਲ ਹੋ ਗਿਆ। ਸਾਲ 2023 ਵਿੱਚ ਪੀਸੀਐਸ ਜੁਡੀਸ਼ਰੀ ਦੀ ਹੋਈ ਇੰਟਰਵਿਊ ਮੌਕੇ ਰਸਾਲੇ ਬਾਰੇ ਸਵਾਲ ਪੁੱਛਿਆ ਗਿਆ ਜੋ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ l ਮਾਂ ਬੋਲੀ ਪੰਜਾਬੀ ਦੇ ਹਤੈਸ਼ੀਆਂ ਦੇ ਯਤਨਾ ਸਦਕਾ ਪੰਜਾਬੀ ਸਾਹਿਤ ਸਭਾ ਦਿੱਲੀ ਦੀਆਂ ਲਾਇਬ੍ਰੇਰੀਆਂ ਅਤੇ ਕਲਗੀਧਰ ਟਰਸਟ ਬੜੂ ਸਾਹਿਬ ਦੀਆਂ ਅਕਾਲ ਅਕੈਡਮੀਆਂ ਵਿੱਚ ਰਸਾਲਾ ਨਿਰੰਤਰ ਭੇਜਿਆ ਜਾ ਰਿਹਾ ਹੈ l
ਸਵਾਲ- ਜੋ ਅੱਜ ਬਾਲ ਸਾਹਿਤ ਰਚਿਆ ਜਾ ਰਿਹਾ ਹੈ, ਕੀ ਤੁਸੀਂ ਉਸ ਤੋਂ ਸੰਤੁ਼ਸ਼ਟ ਹੋ ?
ਜਵਾਬ- ਹੁਣ ਬਾਲ ਸਾਹਿਤ ਦਾ ਖੇਤਰ ਬਹੁਤ ਵਿਸ਼ਾਲ ਹੋ ਗਿਆ ਹੈ l ਪਹਿਲੇ ਪਹਿਲ ਤਾਂ ਇਸਨੂੰ ਸਾਹਿਤ ਦਾ ਰੂਪ ਹੀ ਨਹੀਂ ਸੀ ਮੰਨਿਆ ਜਾਂਦਾ l ਬਹੁਤ ਸ਼ਾਨਦਾਰ ਕਿਰਤਾਂ ਸਿਰਜੀਆਂ ਜਾ ਰਹੀਆਂ ਹਨ ਪਰ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਕੁਝ ਪੈਸੇ ਅਤੇ ਜੁਗਾੜ ਦੇ ਜੋਰ ਨਾਲ ਮੱਲੋ ਜੋਰੀ ਇਸ ਖੇਤਰ ਵਿੱਚ ਪ੍ਰਵੇਸ਼ ਕਰ ਰਹੇ ਹਨ ਜੋ ਮਿਹਨਤੀ ਲੇਖਕਾਂ ਦੀ ਰੋਜ਼ੀ ਤੇ ਲੱਤ ਮਾਰ ਰਹੇ ਹਨ l ਉਮਰ ਗੁੱਟ ਅਨੁਸਾਰ ਅਤੇ ਬਾਲ ਨਾਵਲ ਤੇ ਨਾਟਕ ਦੇ ਖੇਤਰ ਵਿੱਚ ਅਜੇ ਬਹੁਤ ਕੁਝ ਕਰਨ ਲਈ ਲੋੜੀਂਦਾ ਹੈ l ਵਿਸ਼ਵ ਪੱਧਰੀ ਬਾਲ ਸਾਹਿਤ ਚੋਂ ਚੋਣਵੀਆਂ ਰਚਨਾਵਾਂ ਪੰਜਾਬੀ ਪਾਠਕਾਂ ਤੱਕ ਅਤੇ ਪੰਜਾਬੀ ਦੀਆਂ ਮਹੱਤਵਪੂਰਨ ਕਿਰਤਾਂ ਦੂਜੀਆਂ ਭਾਸ਼ਾਵਾਂ ਦੇ ਪਾਠਕਾਂ ਤੱਕ ਅਨੁਵਾਦ ਹੋ ਕੇ ਪੁੱਜਣੀਆਂ ਚਾਹੀਦੀਆਂ ਹਨ l ਮਿਆਰੀ ਰਚਨਾਵਾਂ ਤੇ ਬਾਲ ਫਿਲਮਾਂ ਅਤੇ ਸੀਰੀਅਲ ਤਿਆਰ ਕਰਨ ਦੀ ਬਹੁਤ ਜ਼ਰੂਰਤ ਹੈ l
ਸਵਾਲ- ਮਾਨ ਸਾਬ੍ਹ ਬਿਨਾਂ ਸ਼ੱਕ ‘ਨਿੱਕੀਆਂ ਕਰੂੰਬਲਾਂ’ ਹੀ ਇੱਕ ਵਡੇਰਾ ਕਾਰਜ ਹੈ। ਕੀ ਤੁਸੀਂ ਹੋਰ ਸਾਹਿੱਤਕ ਜਾਂ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਕੰਮ ਕੀਤਾ ਹੈ ?
ਜਵਾਬ- ਭਲੂਰੀਆ ਸਾਹਿਬ! ਮੈਂ ਆਪਣੇ ਸੁਭਾਅ ਅਨੁਸਾਰ ਸਮਾਜ ਭਲਾਈ ਦੇ ਕਾਰਜਾਂ ਵਿੱਚ ਜਿੰਨੀ ਮੇਰੀ ਸਮਰੱਥਾ ਹੈ ਉਸ ਵਿੱਚ ਯੋਗਦਾਨ ਪਾਉਂਦਾ ਹਾਂ l ਨਿੱਕੀਆਂ ਕਰੂੰਬਲਾਂ ਤੋਂ ਇਲਾਵਾ ਸੁਰ ਸੰਗਮ ਵਿਦਿਅਕ ਟਰਸਟ, ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ, ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਤੇ ਨਹਿਰੂ ਯੁਵਾ ਕੇਂਦਰ ਵਿੱਚ ਵੀ ਸਰਗਰਮ ਹਾਂ l
ਸਵਾਲ- ਤੁਸੀਂ ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਵਿੱਚ ਵੀ ਜੱਜ ਵਜੋਂ ਕਾਰਜ ਕਰਦੇ ਰਹੇ ?
ਜਵਾਬ- ਜੀ ਹਾਂ ਸਾਡੀ ਸਟੇਟ ਨਾਲੋਂ ਬਾਕੀ ਸਭ ਰਾਜਾਂ ਵਾਲੇ ਆਪੋ ਆਪਣੀ ਮਾਤ ਭਾਸ਼ਾ ਬਾਰੇ ਬਹੁਤ ਸੁਚੇਤ ਹਨ। ਉਥੋਂ ਦੀ ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਨੇ ਮੈਨੂੰ ਪੰਜਾਬ ਵਿੱਚੋਂ ਬਾਲ ਸਾਹਿਤ ਲੇਖਕ ਵਜੋਂ ਦੋ ਸਾਲ ਆਪਣੇ ਕਾਰਜਾਂ ਦੀ ਜੱਜਮੈਂਟ ਵਾਸਤੇ ਨਿਯੁਕਤ ਕੀਤਾ ਸੀl ਇਸ ਸਮੇਂ ਦੌਰਾਨ ਉਨਾਂ ਬਹੁਤ ਹੀ ਰੌਚਕ ਅਤੇ ਨਿੱਗਰ ਕਾਰਜ ਕਰਵਾਏ l
ਸਵਾਲ- ਕੀ ਤੁਸੀਂ ਨੈਸ਼ਨਲ ਬੁੱਕ ਟਰਸਟ ਇੰਡੀਆ ਨਾਲ ਵੀ ਜੁੜੇ ਹੋਏ ਹੋ ?
ਜਵਾਬ- ਕਾਫੀ ਸਮਾਂ ਪਹਿਲਾਂ ਨੈਸ਼ਨਲ ਬੁੱਕ ਟਰਸਟ ਇੰਡੀਆ ਦੇ ਜੁਆਇੰਟ ਡਾਇਰੈਕਟਰ ਡਾ. ਬਲਦੇਵ ਸਿੰਘ ਬੱਦਨ ਨੇ ਮੈਨੂੰ ਬਾਲ ਸਾਹਿਤ ਲੇਖਕ, ਰਿਵਿਊਕਾਰ ਅਤੇ ਅਨੁਵਾਦਕ ਦੇ ਤੌਰ ਤੇ ਨੈਸ਼ਨਲ ਬੁੱਕ ਟਰਸਟ ਨਾਲ ਜੋੜਿਆ ਸੀ ਜੋ ਕਾਰਜ ਅੱਜ ਤੱਕ ਜਾਰੀ ਹੈ l
ਸਵਾਲ- ਲਗਦੇ ਹੱਥ ਹੁਣ ਆਪਣੀਆਂ ਪੁਸਤਕਾਂ ਦਾ ਵੇਰਵਾ ਵੀ ਦੇ ਦਿਓ ਜੀ ?
ਜਵਾਬ- ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦੇ 25 ਵਿਸ਼ੇਸ਼ ਅੰਕ ਅਤੇ ਕਰੂੰਬਲਾਂ ਨਿਊਜ਼ ਤੋਂ ਇਲਾਵਾ 21 ਮੌਲਿਕ, ਸੱਤ ਅਨੁਵਾਦਿਤ ਅਤੇ 35 ਪੁਸਤਕਾਂ ਦਾ ਸੰਪਾਦਨ ਕਰ ਚੁੱਕਾ ਹਾਂ। ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵਲੋਂ 50 ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਹਨ। 100 ਤੋਂ ਵੱਧ ਪੁਸਤਕਾਂ ਦੇ ਮੁੱਖ ਬੰਦ ਅਤੇ 1000 ਤੋਂ ਵੱਧ ਪੁਸਤਕਾਂ ਦੇ ਰਿਵਿਊ ਅਖਬਾਰਾਂ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਇਹਨਾਂ ਵਿੱਚ ਵਿਸ਼ੇਸ਼ ਕਾਰਜ ਬਾਲ ਸਾਹਿਤ ਤੇ ਹੀ ਹੈ। ਮੈਂ ਇੰਜ ਮਹਿਸੂਸ ਕਰ ਰਿਹਾ ਹਾਂ ਕਿ ਅਜੇ ਤਾਂ ਗੋਹਲੇ ਵਿੱਚੋਂ ਇੱਕ ਪੂਣੀ ਵੀ ਨਹੀਂ ਕੱਤੀ ਗਈ।
ਸਵਾਲ- ਤੁਸੀਂ ਬਾਲ ਸਾਹਿਤ ਦੇ ਸਿਰਜਕਾਂ ਨੂੰ ਕਿਵੇਂ ਉਤਸ਼ਾਹਿਤ ਕਰਦੇ ਹੋ
ਜਵਾਬ- ਰਸਾਲੇ ਦੇ ਵਿਸ਼ੇਸ਼ ਅੰਕਾਂ ਵਾਸਤੇ ਉੱਘੇ ਅਤੇ ਨਵੇਂ ਸਾਹਿਤਕਾਰਾਂ ਤੋਂ ਵਿਸ਼ੇਸ਼ ਰਚਨਾਵਾਂ ਦੀ ਸਿਰਜਣਾ ਕਰਵਾਈ ਜਾਂਦੀ ਹੈ। ਪਿਛਲੇ 28 ਸਾਲ ਤੋਂ ਹਰ ਸਾਲ ਬਾਲ ਦਿਵਸ ਮੌਕੇ ਸਕੂਲੀ ਬੱਚਿਆਂ ਦੇ ਸਾਹਿਤ ਸਿਰਜਣਾ ਮੁਕਾਬਲੇ ਕਰਵਾ ਕੇ ਉਨਾਂ ਨੂੰ ਪੁਸਤਕਾਂ ਦੇ ਸੈੱਟ ਅਤੇ ਨਗਦ ਇਨਾਮ ਦਿੱਤੇ ਜਾਂਦੇ ਹਨ। ਅੱਜ ਤੱਕ 3000 ਦੇ ਕਰੀਬ ਵਿਦਿਆਰਥੀ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈ ਚੁੱਕੇ ਹਨ । ਜਿਨਾਂ ਵਿੱਚੋਂ 100 ਦੇ ਕਰੀਬ ਦੇਸ਼ ਵਿਦੇਸ਼ ਵਿੱਚ ਆਪਣੀ ਕਲਾ ਨਾਲ ਅੱਗੇ ਵਧ ਰਹੇ ਹਨ। ਰਸਾਲੇ ਦੇ ਸਿਲਵਰ ਜੁਬਲੀ ਸਮਾਰੋਹ ਮੌਕੇ ਮਾਤਾ ਭਜਨ ਕੌਰ ਨਿੱਕੀਆਂ ਕਰੂੰਬਲਾਂ ਪੁਰਸਕਾਰ 25 ਬਾਲ ਸਾਹਿਤ ਲੇਖਕਾਂ (18 ਸਾਲ ਤਕ ) ਨੂੰ ਪ੍ਰਦਾਨ ਕੀਤੇ ਗਏ ਇਸੇ ਤਰ੍ਹਾਂ ਅੱਜ ਤੱਕ 25 ਪਰੋੜ ਸਾਹਿਤਕਾਰਾਂ ਨੂੰ ਵੀ ਇਹ ਪੁਰਸਕਾਰ ਦਿੱਤੇ ਜਾ ਚੁੱਕੇ ਹਨ। ਹਰ ਸਾਲ ਨਿੱਕੀਆਂ ਕਰੂੰਬਲਾਂ ਦੀਆਂ 7100 ਕਾਪੀਆਂ ਅਤੇ 3000 ਦੇ ਕਰੀਬ ਬਾਲ ਪੁਸਤਕਾਂ ਵਿਦਿਆਰਥੀਆਂ ਨੂੰ ਇਨਾਮ ਸਨਮਾਨ ਵਜੋਂ ਵੱਖ ਵੱਖ ਮੌਕਿਆਂ ਤੇ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਵਿਦਿਆਰਥੀ ਲੇਖਕਾਂ ਦੀਆਂ ਪੁਸਤਕਾਂ ਦੇ ਪ੍ਰਕਾਸ਼ਨ ਵਿੱਚ ਵੀ ਮਦਦ ਕੀਤੀ ਜਾਂਦੀ ਹੈ।
ਸਵਾਲ- ਮੈਂ ਸੁਣਿਆ ਤੁਸੀਂ ਆਪਣੇ ਜੀਵਨ ਦੀ ਸ਼ੁਰੂਆਤ ਪੱਤਰਕਾਰੀ ਤੋਂ ਕੀਤੀ ਸੀ ?
ਜਵਾਬ- ਤੁਸੀਂ ਸੱਚ ਸੁਣਿਆ ਜੀ, ਮੈਂ 1985-86 ਵਿਚ ਮਾਹਿਲਪੁਰ ਤੋਂ ਪੰਜਾਬੀ ਟ੍ਰਿਬਿਊਨ, ਅਜੀਤ ਅਤੇ ਬਾਅਦ ਵਿੱਚ ਜੱਗ ਬਾਣੀ ਦੀ ਪੱਤਰਕਾਰੀ ਸ਼ੁਰੂ ਕੀਤੀ l ਮਾਹਿਲਪੁਰ ਦਾ ਇਲਾਕਾ ਫੁਟਬਾਲ ਦੀ ਨਰਸਰੀ ਅਤੇ ਅੰਬਾਂ ਦੇ ਘਰ ਵਜੋਂ ਜਾਣਿਆ ਜਾਂਦਾ ਹੈ l ਸਾਹਿਤਕ ਤੇ ਸੱਭਿਆਚਾਰਕ ਖੇਤਰਾਂ ਵਿੱਚ ਮਾਹਿਲਪੁਰ ਨੂੰ ਡੇਟ ਲਾਈਨ ਵਜੋਂ ਚਰਚਿਤ ਕਰਨ ਵਿੱਚ ਮੈਂ ਕੋਈ ਕਸਰ ਬਾਕੀ ਨਹੀਂ ਛੱਡੀ l ਇਥੋਂ ਦੀਆਂ ਇਤਿਹਾਸਕ, ਵਿਦਿਅਕ, ਦੇਸ਼ ਪ੍ਰੇਮ, ਖੇਡ,ਸਾਹਿਤਕ ਤੇ ਸੱਭਿਆਚਾਰਕ ਪ੍ਰਾਪਤੀਆਂ ਨੂੰ ਵਿਸ਼ਵ ਤੱਕ ਪਹੁੰਚਾਉਣ ਵਿੱਚ ਆਪਣਾ ਯੋਗਦਾਨ ਪਾਇਆ l ਹੀਰੇ ਖੇਡ ਮੈਦਾਨ ਦੇ, ਜ਼ਿਲਾ ਹੁਸ਼ਿਆਰਪੁਰ ਦੇ ਇਤਿਹਾਸਕ ਪਿੰਡ ਅਤੇ ਹੁਨਰਮੰਦ ਜਵਾਨੀਆਂ ਆਦਿ ਮੇਰੇ ਕਾਲਮ ਲੜੀਵਾਰ ਪ੍ਰਕਾਸ਼ਿਤ ਹੁੰਦੇ ਰਹੇ l ਇਲਾਕੇ ਦੀਆਂ ਰਚਨਾਤਮਕ ਸਰਗਰਮੀਆਂ ਅਤੇ ਛੁਪੇ ਹੋਏ ਹੀਰੇ ਮੋਤੀਆਂ ਨੂੰ ਪ੍ਰਕਾਸ਼ਮਾਨ ਕਰਨ ਲਈ ਆਪਣੀ ਕਲਮ ਚਲਾਈ l
ਸਵਾਲ -ਤੁਸੀਂ ਜੀਵਨ ਵਿੱਚ ਕਿਨ੍ਹਾਂ ਕਿੰਨਾ ਸੱਜਣਾਂ ਤੋਂ ਪ੍ਰੇਰਨਾ ਲੈਂਦੇ ਰਹੇ ?
ਜਵਾਬ- ਸ਼ਬਦ ਨਾਲ ਮੇਰੀ ਸਾਂਝ ਪਾਉਣ ਵਾਲੇ ਮੇਰੇ ਰਹਿਬਰ ਐਸ ਅਸ਼ੋਕ ਭੌਰਾ ਹਨ l ਪੱਤਰਕਾਰੀ ਦਾ ਪਹਿਲਾ ਸਬਕ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸ.ਗੁਲਜ਼ਾਰ ਸਿੰਘ ਸੰਧੂ ਹੋਰਾਂ ਕੋਲੋਂ ਸਿੱਖਿਆ l ਸੱਭਿਆਚਾਰਕ ਖੇਤਰ ਵਿੱਚ ਸ. ਜਗਦੇਵ ਸਿੰਘ ਜੱਸੋਵਾਲ ਅਤੇ ਸਮਾਜਿਕ ਖੇਤਰ ਵਿੱਚ ਗਿਆਨੀ ਹਰਕੇਵਲ ਸਿੰਘ ਸੈਲਾਨੀ ਅਤੇ ਬੱਗਾ ਸਿੰਘ ਆਰਟਿਸਟ ਹੋਰਾਂ ਵਰਗਿਆਂ ਦੀ ਸੰਗਤ ਨੇ ਨਵੀਆਂ ਤੇ ਨਰੋਈਆਂ ਲੀਹਾਂ ਪ੍ਰਦਾਨ ਕੀਤੀਆਂ l ਦੂਰਦਰਸ਼ਨ ਵੱਲ ਨੂੰ ਜਾਣ ਦੀ ਪ੍ਰੇਰਨਾ ਮੇਰੇ ਅਧਿਆਪਕ ਉਘੇ ਕਹਾਣੀਕਾਰ ਡਾਕਟਰ ਮਨਮੋਹਨ ਸਿੰਘ ਤੀਰ ਕੋਲੋਂ ਮਿਲੀl
ਸਵਾਲ- ਮਾਨ ਸਾਬ੍ਹ ਦੂਰਦਰਸ਼ਨ ਦੀਆਂ ਸਰਗਰਮੀਆਂ ਬਾਰੇ ਵੀ ਸਾਡੇ ਪਾਠਕਾਂ ਨਾਲ ਸਾਂਝ ਪਾਓ ?
ਜਵਾਬ- ਜੀ ਹਾਂ, ਜਰੂਰ ਭਲੂਰੀਆ ਜੀ l ਬੇਰੁਜ਼ਗਾਰੀ ਦੇ ਸਮੇਂ ਵਿੱਚ ਮੈਂ ਦੂਰਦਰਸ਼ਨ ਦਾ ਟੈਸਟ ਪਾਸ ਕਰਕੇ ਐਂਕਰ ਬਣ ਗਿਆ ਸੀ l ਬਾਅਦ ਵਿੱਚ ਸਹਿਜੇ ਸਹਿਜੇ ਮਾਹਿਰਾਂ ਵਿੱਚ ਵੀ ਸ਼ਾਮਿਲ ਹੋ ਗਿਆ l ਅੱਜ ਤੱਕ ਸੈਂਕੜੇ ਪ੍ਰੋਗਰਾਮਾਂ ਵਿੱਚ ਇੱਕ ਮਾਹਰ ਐਂਕਰ ਅਤੇ ਵਿਸ਼ਾ ਮਾਹਿਰ ਵਜੋਂ ਪੇਸ਼ ਹੋ ਚੁੱਕਾ ਹਾਂ l ਵਿਗਿਆਨ ਪੱਤਰਕਾ, ਨਵਰੰਗ,ਮੇਰਾ ਪਿੰਡ ਮੇਰੇ ਖੇਤ, ਗੱਲਾਂ ਤੇ ਗੀਤ, ਬੋਧ ਕਥਾ, ਸਾਡੀ ਵੀ ਸੁਣੋ ਤੇ ਹੁਣ ਸਾਰੇ ਯਾਦ ਨਹੀਂ ਕਿੰਨੇ ਕੁ ਪ੍ਰੋਗਰਾਮ ਕੀਤੇ ਨੇ l ਦੂਰਦਰਸ਼ਨ ਤੇ ਮੇਰਾ ਪਹਿਲਾ ਦਾਖਲਾ ਸ੍ਰੀ ਮਨੋਹਰ ਭਾਰਜ ਦੁਆਰਾ ਹੋਇਆ ਸੀ ਤੇ ਇਸ ਦਾ ਸਿਖਰ ਮੈਡਮ ਸੁਦੇਸ਼ ਕਲਿਆਣ ਦੁਆਰਾ ਸਿਰਜਿਆ ਗਿਆ।
ਸਵਾਲ- ਬਲਜਿੰਦਰ ਮਾਨ ਜੀ ਤੁਹਾਡਾ ਕਾਰਜ ਖੇਤਰ ਬੜਾ ਵਿਸ਼ਾਲ ਹੈ। ਪ੍ਰੀਵਾਰ ਦੇ ਸਹਿਯੋਗ ਬਿਨਾਂ ਅਜਿਹਾ ਅਸੰਭਵ ਹੈ, ਸੋ ਪਰਿਵਾਰ ਦੇ ਸਹਿਯੋਗ ਬਾਰੇ ਵੀ ਚਨਣਾ ਪਾਓ ਜੀ ?
ਜਵਾਬ- ਮੇਰੀ ਜੀਵਨ ਸਾਥਣ ਮਨਜੀਤ ਕੌਰ ਸਭ ਘਰੇਲੂ ਜਿੰਮੇਵਾਰੀਆਂ ਨਿਭਾਉਂਦੀ ਹੈ ਤੇ ਮੈਂ ਬਾਹਰਲੇ ਸਾਰੇ ਸਾਹਿਤਕ ਸੱਭਿਆਚਾਰਕ ਅਤੇ ਸਿਰਜਣਾਤਮਕ ਕਾਰਜ ਸੰਭਾਲਦਾ ਹਾਂ l ਬੇਟਾ ਹਰਵੀਰ ਮਾਨ ਅਤੇ ਬੇਟੀ ਹਰਮਨਪ੍ਰੀਤ ਕਰੂੰਬਲਾਂ ਦੇ ਕਾਰਜਾਂ ਵਿੱਚ ਹੱਥ ਵਟਾਉਂਦੇ ਹਨ l ਕੈਨੇਡਾ ਵੱਸਦਾ ਬੇਟਾ ਤਨਵੀਰ ਮਾਨ ਬੇਟੀ ਰਵਨੀਤ ਕੌਰ ਸੁਪਤਨੀ ਸੁਖਦੀਪ ਸਿੰਘ ਲੋਈ ਵੀ ਇਹਨਾਂ ਕਾਰਜਾਂ ਨੂੰ ਉਚੇਰਾ ਕਰਨ ਵਿੱਚ ਹਿੱਸਾ ਪਾਉਂਦੇ ਹਨ l
ਸਵਾਲ- ਜਿਵੇਂ ਅਸੀਂ ਪੜਦੇ/ਸੁਣਦੇ ਰਹਿੰਦੇ ਹਾਂ ਕਿ ਪੰਜਾਬੀ ਬੋਲੀ ਖਤਮ ਹੋ ਜਾਵੇਗੀ। ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ। ਜੇ ਸਹਿਮਤ ਹੋ ਤਾਂ ਸਾਨੂੰ ਕੀ ਕੀ ਉਪਰਾਲੇ ਕਰਨ ਦੀ ਲੋੜ ਹੈ ?
ਜਵਾਬ- ਯੂਨੈਸਕੋ ਵੱਲੋਂ ਕੀਤੇ ਸਰਵੇਖਣ ਵਿੱਚ ਇਹ ਕਿਹਾ ਗਿਆ ਹੈ ਕਿ ਪੰਜਾਬੀ ਵੀ ਖਤਮ ਹੋ ਰਹੀਆਂ ਭਾਸ਼ਾਵਾਂ ਵਿੱਚ ਸ਼ਾਮਿਲ ਹੈ l ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਸ ਰਾਜ ਦੀ ਭਾਸ਼ਾ ਪੰਜਾਬੀ ਹੈ ਉਸ ਰਾਜ ਦੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਵਿੱਚ ਪੰਜਾਬੀ ਭਾਸ਼ਾ ਬੋਲਣ ਦੀ ਮਨਾਹੀ ਹੈ l ਆਪਣੇ ਘਰਾਂ ਵਿੱਚ ਝਾਤ ਮਾਰੋ ਮਾਵਾਂ ਹਿੰਦੀ ਅੰਗਰੇਜ਼ੀ ਵਿੱਚ ਹੀ ਬੱਚਿਆਂ ਨਾਲ ਗੱਲ ਕਰ ਰਹੀਆਂ ਹਨ l ਹਕੂਮਤਾਂ ਨੇ ਇਸ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਜਿਹੜੇ ਉਪਰਾਲੇ ਕਰਨੇ ਚਾਹੀਦੇ ਸਨ ਉਹ ਨਹੀਂ ਕੀਤੇ l ਇਸੇ ਕਰਕੇ ਅੱਜ ਪੰਜਾਬੀ ਭਾਸ਼ਾ ਨੂੰ ਪੰਜਾਬ ਵਿੱਚ ਖਤਰਾ ਹੈ ਜਦਕਿ ਦੇਸ਼ ਅਤੇ ਵਿਦੇਸ਼ ਦੇ ਵੱਖ ਵੱਖ ਖਿੱਤਿਆਂ ਵਿੱਚ ਪੰਜਾਬੀ ਨੂੰ ਪਿਆਰਨ ਸਤਿਕਾਰਨ ਵਾਲੇ ਬਹੁ ਗਿਣਤੀ ਵਿੱਚ ਕਾਰਜਸ਼ੀਲ ਹਨ l ਸਿੱਖ ਵਿਦਿਅਕ ਸੰਸਥਾਵਾਂ ਨੂੰ ਪੰਜਾਬੀ ਵਿਦਿਆਰਥੀਆਂ ਨੂੰ ਆਈ ਏ ਐਸ ਤੇ ਆਈਪੀਐਸ ਦੀ ਤਿਆਰੀ ਕਰਵਾਉਣੀ ਚਾਹੀਦੀ ਹੈ ਤਾਂ ਕਿ ਉਹ ਆਪਣੀ ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰ ਸਕਣ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਵਾਲਿਆਂ ਦੀ ਪੁੱਛ ਪ੍ਰਤੀਤ ਹਰ ਖੇਤਰ ਵਿੱਚ ਹੋਣੀ ਚਾਹੀਦੀ ਹੈ l ਜੇਕਰ ਅਸੀਂ ਆਪਣੀ ਨਵੀਂ ਪਨੀਰੀ ਨੂੰ ਮਾਤ ਭਾਸ਼ਾ ਨਾਲ ਰੌਚਕ ਸਾਹਿਤ ਰਾਹੀਂ ਜੋੜ ਦੇਵਾਂਗੇ ਤਾਂ ਉਹ ਵਿਦਿਆਰਥੀ ਵੱਡੇ ਹੋ ਕੇ ਕਦੀ ਆਪਣੀ ਮਾਤ ਭਾਸ਼ਾ ਨਹੀਂ ਛੱਡਣਗੇ l ਲੋੜ ਆਪਣੀਆਂ ਜੜਾਂ ਨੂੰ ਮਜ਼ਬੂਤ ਕਰਨ ਦੀ ਹੈ। ਸਾਡੇ ਤਾਂ ਸਰਕਾਰੀ ਸਕੂਲਾਂ ਵਿੱਚ ਵੀ ਅੰਗਰੇਜ਼ੀ ਮੀਡੀਅਮ ਲਾਗੂ ਕਰ ਦਿੱਤਾ ਗਿਆ ਹੈ l ਬਹੁਤੇ ਵਿਦਿਆਰਥੀ ਪੰਜਾਬੀ ਵਿਸ਼ੇ ਵਿੱਚੋਂ ਫੇਲ ਹੋ ਰਹੇ ਹਨ। ਇਥੋਂ ਇਹ ਸਾਬਤ ਹੁੰਦਾ ਹੈ ਕਿ ਅਸੀਂ ਹਰ ਖੇਤਰ ਵਿੱਚ ਪੰਜਾਬੀ ਨੂੰ ਅਣਗੌਲਿਆ ਕੀਤਾ ਹੋਇਆ ਹੈ। ਲਹਿੰਦੇ ਪੰਜਾਬ ਪਾਕਿਸਤਾਨ ਵਿੱਚ ਮੇਰਾ ਵੀਰ ਅਸ਼ਰਫ ਸੁਹੇਲ ਪੰਖੇਰੂ ਰਸਾਲੇ ਰਾਹੀਂ ਅਤੇ ਕਨੇਡਾ ਵਾਲੇ ਸੁੱਖੀ ਬਾਠ ਨਵੀਆਂ ਕਲਮਾਂ ਨਵੀਂ ਉਡਾਣ ਰਾਹੀਂ ਮਾਂ ਬੋਲੀ ਦਾ ਪਰਚਮ ਬੁਲੰਦ ਕਰ ਰਹੇ ਹਨ l
ਸਵਾਲ- ਮਾਨ ਸਾਬ੍ਹ ਜੇ ਕੋਈ ਇਨਸਾਨ ਆਪਣੀ ਕੌਮ ਜਾਂ ਸਮਾਜ ਲਈ ਨਿਰਸੁਆਰਥ ਕੰਮ ਕਰਦਾ ਹੈ ਤਾਂ ਉਸ ਦੀ ਹੌਸਲਾ ਅਫਜ਼ਾਈ ਹੋਣੀ ਵੀ ਜ਼ਰੂਰੀ ਹੁੰਦੀ ਹੈ। ਕਿਹੜੀ ਕਿਹੜੀ ਸੰਸਥਾ ਜਾਂ ਸਰਕਾਰ ਵੱਲੋਂ ਤੁਹਾਡੀ ਹੌਸਲਾ ਅਫਜ਼ਾਈ ਹੋਈ ?
ਜਵਾਬ- ਜਦੋਂ ਅਸੀਂ ਇਹ ਕਾਰਜ ਆਰੰਭੇ ਉਦੋਂ ਮਾਣ ਸਨਮਾਨ ਦਾ ਕੋਈ ਗਿਆਨ ਹੀ ਨਹੀਂ ਸੀ l ਸਾਡਾ ਟੀਚਾ ਤਾਂ ਸਮਾਜ ਨੂੰ ਨਰੋਈਆਂ ਕਦਰਾਂ ਕੀਮਤਾਂ ਨਾਲ ਮਾਲੋ ਮਾਲ ਕਰਨਾ ਸੀ l ਜਦੋਂ ਕੋਈ ਨੇਕ ਨੀਤੀ ਨਾਲ ਕਾਰਜ ਕਰਦਾ ਹੈ ਤਾਂ ਉਸ ਦਾ ਮਾਣ ਸਨਮਾਨ ਆਪਣੇ ਆਪ ਆਰੰਭ ਹੋ ਜਾਂਦਾ ਹੈ। ਜਦੋਂ ਮਿਹਨਤ ਦੇ ਨਾਲ ਰਹਿਮਤ ਜੁੜ ਜਾਂਦੀ ਹੈ ਤਾਂ ਦੇਸ਼ ਦੁਨੀਆ ਵਿੱਚ ਗੱਲ ਤੁਰ ਪੈਂਦੀ ਹੈ। ਬਾਲ ਸਾਹਿਤ ਦੇ ਖੇਤਰ ਵਿੱਚ ਮੇਰੇ ਕਾਰਜਾਂ ਦੀ ਸਭ ਤੋਂ ਪਹਿਲਾਂ ਕਦਰ ਪਾਉਣ ਵਾਲਿਆਂ ਵਿੱਚ ਪੰਜਾਬੀ ਸੱਥ ਲਾਂਬੜਾ ਦੇ ਡਾ. ਨਿਰਮਲ ਸਿੰਘ ਹਨ ਜੋ ਬਿਨਾਂ ਕਿਸੇ ਲੋ ਲਿਹਾਜ਼ ਦੇ ਕਿਰਤ ਦੀ ਕਦਰ ਕਰਦੇ ਹਨ l ਲੰਮੀ ਸੂਚੀ ਵਿੱਚੋਂ ਪਿਆਰੀ ਭੈਣ ਬਾਲ ਸਾਹਿਤ ਪੁਰਸਕਾਰ ਉੜੀਸਾ, ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ ਆਦਿ ਦਾ ਜ਼ਿਕਰ ਹੀ ਕਾਫੀ ਹੈ l
ਸਵਾਲ- ਅਖੀਰ ਵਿੱਚ ਸਾਡੇ ਪਾਠਕਾਂ ਨੂੰ ਕੋਈ ਸੁਨੇਹਾ ਜਾਂ ਸੁਝਾਅ ਜ਼ਰੂਰ ਦਿਉ ਮਾਨ ਸਾਬ੍ਹ ?
ਜਵਾਬ- ਭਲੂਰੀਆ ਜੀ ਮੇਰੀ ਰਾਏ ਹੈ ਕਿ ਹਰ ਬੱਚੇ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨਾ ਬਹੁਤ ਜ਼ਰੂਰੀ ਹੈ l ਇਸ ਕਾਰਜ ਵਿੱਚ ਮਾਪੇ ਤੇ ਅਧਿਆਪਕ ਵਿਸ਼ੇਸ਼ ਭੂਮਿਕਾ ਅਦਾ ਕਰ ਸਕਦੇ ਹਨ l ਬੱਚਿਆਂ ਨੂੰ ਇੰਟਰਨੈਟ ਦੇ ਜਾਲ ਵਿੱਚੋਂ ਕੱਢਣ ਵਾਸਤੇ ਨਰੋਏ ਅਤੇ ਰੌਚਕ ਸਾਹਿਤ ਦੇ ਰਸਾਲੇ ਅਤੇ ਪੁਸਤਕਾਂ ਉਹਨਾਂ ਹੱਥ ਦੇਣੀਆਂ ਜ਼ਰੂਰੀ ਹਨ। ਸੋਸ਼ਲ ਮੀਡੀਏ ਅਤੇ ਦੂਰਦਰਸ਼ਨ ਨੂੰ ਵਿਦਿਆਰਥੀਆਂ ਵਾਸਤੇ ਰੌਚਕ ਸੀਰੀਅਲ ਬਣਾ ਕੇ ਉਹਨਾਂ ਦੀ ਸੋਚ ਨੂੰ ਉਚੇਰਾ ਕਰਨਾ ਹੋਵੇਗਾ l ਸਰਕਾਰਾਂ ਨੂੰ ਬਾਲ ਰਸਾਲਿਆਂ ਦੀ ਸਰਪ੍ਰਸਤੀ ਕਰਨੀ ਚਾਹੀਦੀ ਹੈ ਤਾਂ ਕਿ ਉਹ ਇਸ ਖੇਤਰ ਵਿੱਚ ਆਪਣੀ ਬਣਦੀ ਭੂਮਿਕਾ ਅਦਾ ਕਰਦੇ ਰਹਿਣਾ l ਮੈਨੂੰ ਦੁੱਖ ਹੈ ਕਿ 50 ਸਾਲ ਤੋਂ ਪ੍ਰਕਾਸ਼ਿਤ ਹੋ ਰਹੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਰਸਾਲੇ ਪ੍ਰਾਈਮਰੀ ਸਿੱਖਿਆ ਅਤੇ ਪੰਖੜੀਆਂ ਦਾ ਪ੍ਰਕਾਸ਼ਨ ਵੀ ਬੰਦ ਪਿਆ ਹੈ। ਜਦੋਂ ਤੱਕ ਪੰਜਾਬੀ ਮਾਂ ਬੋਲੀ ਰੁਜ਼ਗਾਰ, ਨਿਆਂ ਅਤੇ ਵਪਾਰ ਦੀ ਭਾਸ਼ਾ ਨਹੀਂ ਬਣਦੀ ਉਦੋਂ ਤੱਕ ਇਹ ਪਟਰਾਣੀ ਨਹੀਂ ਬਣ ਸਕਦੀ l ਹਰ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਵਿੱਚ ਪੰਜਾਬੀ ਬਾਲ ਰਸਾਲੇ ਪੁੱਜਣੇ ਲਾਜ਼ਮੀ ਕੀਤੇ ਜਾਣ l ਸਕੂਲ ਦੇ ਟਾਈਮ ਟੇਬਲ ਵਿੱਚ ਇੱਕ ਲਾਈਬਰੇਰੀ ਪੀਰੀਅਡ ਨਿਸ਼ਚਿਤ ਕੀਤਾ ਜਾਵੇ l ਹਰ ਸਨਮਾਨ ਸਮਾਰੋਹ ਵਿੱਚ ਮੋਮੈਂਟੋ ਦੇਣ ਦੀ ਬਜਾਏ ਪੁਸਤਕਾਂ ਦਿੱਤੀਆਂ ਜਾਣ l
****
ਸਰੀ (ਬੀ.ਸੀ.) ਕਨੇਡਾ