ਕੁੰਭ ਦਾ ਮੇਲਾ ਹੈ ,ਚਾਰੇ ਪਾਸੇ ਅਲੱਗ ਜਿਹੀਆਂ ਅੱਖਾਂ ਵਾਲੀ ਕੁੜੀ ਮੋਨਾਲੀਸਾ ਦੀਆਂ ਚਾਰੇ ਪਾਸੇ ਧੁੰਮਾਂ ਪੈ ਰਹੀਆਂ ਹਨ। ਉਹ ਆਪਣੀ ਮਿਹਨਤ ਕਰ ਰਹੀ ਹੈ।ਵਿਹਲੜ ਉਸ ਨਾਲ ਸੈਲਫੀਆਂ ਕਰਾਉਣ ਲਈ ਧੱਕਾ ਮੁੱਕੀ ਹੋਈ ਜਾਂਦੇ ਨੇ।ਕਾਰਨ ਉਸ ਦੀਆਂ ਰੱਬ ਦੀਆਂ ਬਖਸ਼ੀਆਂ ਸੋਹਣੀਆਂ ਅੱਖਾਂ।ਅੱਖਾਂ ਜਿਸ ਨੂੰ ਅੱਖਾਂ,ਨੇਤਰ,ਨੈਣ ਨਿਗ੍ਹਾ ਤੇ ਦੀਦੇ ਵੀ ਕਿਹਾ ਜਾਂਦਾ ਹੈ ।ਅੱਖਾਂ ਦੀ ਪ੍ਰੀਭਾਸ਼ਾ ਵੀ ਓਨੀ ਹੀ ਵੱਡੀ ਹੈ, ਜਿੰਨਾ ਕਿ ਇਹ ਬਹ੍ਰਿਮੰਡ ਹੈ। ਅੱਖਾਂ ਕੁਦਰਤ ਦਾ ਉਹ ਵਰਦਾਨ ਹੈ,ਜਿਸ ਨੂੰ ਸ਼ਾਇਦ ਸ਼ਬਦਾਂ ਵਿਚ ਬਿਆਨ ਕਰਨਾ ਬਹੁਤ ਔਖਾ ਹੈ।ਹਰ ਜਿਉਂਦੇ ਜੀਵ ਨੂੰ ਪ੍ਰਮਾਤਮਾ ਨੇ ਪੰਜ ਗਿਆਨ ਇੰਦਰੀਆਂ ਵਿਚੋਂ ਇੱਕ ਇਹ ਦਿੱਤਾ ਹੈ। ਕਿਹਾ ਜਾਂਦਾ ਹੈ ਕਿ ਦੰਦ ਗਏ ਸੁਆਦ ਗਿਆ ਤੇ ਅੱਖਾਂ ਗਈਆਂ ਜਹਾਨ ਗਿਆ। ਇਹ ਜੀਭ , ਵਾਂਗ ਹੀ ਮਨੁੱਖੀ ਭਾਵਾਂ ਨੂੰ ਦਰਸਾਉਣ ਦਾ ਕੰਮ ਵੀ ਕਰਦੀਆਂ ਹਨ।
ਬਹੁਤੀ ਵਾਰ ਜ਼ੁਬਾਨ ਵਿਚੋਂ ਗੱਲ ਨਾ ਕਹਿ ਕੇ ਅੱਖਾਂ ਨਾਲ ਉਹ ਗੱਲ ਕਹਿ ਦਿੱਤੀ ਜਾਂਦੀ ਹੈ।ਅੱਖ ਦੀ ਘੂਰੀ ਅਜਿਹੀ ਹੀ ਉਦਾਹਰਣ ਹੈ। ਅੱਖਾਂ ਦਾ ਇਸ਼ਾਰਾ ਸਾਨੂੰ ਬਹੁਤ ਕੁਝ ਸਮਝਾ ਦਿੰਦਾ ਹੈ। ਅੱਖਾਂ ਨਾਲ ਹੀ ਸੁਮੋਹਿਤ ਕੀਤਾ ਜਾਂਦਾ ਹੈ।
ਅੱਖਾਂ ਦੀ ਬਣਾਵਟ ਵਾਰੇ ਗੱਲ ਕਰੀਏ ਤਾਂ ਇਹ ਕੱਚ ਵਰਗੇ ਲੈਂਜ ,ਸਕਲੇਰਾ ਆਇਰਸ, ਪੁਤਲੀ ਕੌਰਨੀਆ, ਪਲਕਾਂ ਬਾਰੀਕ ਨਾੜੀਆਂ ਰੈਟੀਨਾ ਪਲਕਾਂ ਜਿਹੇ ਅੰਦਰੂਨੀ ਤੇ ਬਾਹਰੀ ਅੰਗਾਂ ਤੋਂ ਬਣੀ ਹੁੰਦੀ ਹੈ। ਇਸ ਦੇ ਸਾਰੇ ਅੰਗ ਮਿਲ ਕੇ ਕੰਮ ਕਰਦੇ ਹਨ। ਫਿਰ ਹੀ ਮਨੁੱਖ ਦੇਖਣ ਦੇ ਯੋਗ ਬਣਦਾ ਹੈ।ਹਨੇਰੇ ਦਿਨ,ਤੇਜ਼ ਰੌਸ਼ਨੀ,ਘੱਟ ਰੌਸ਼ਨੀ ਨੂੰ ਇਹ ਆਪਣੇ ਆਪਣੇ ਹੀ ਸੈਟ ਕਰਕੇ ਕਿਸੇ ਚੀਜ਼ ਨੂੰ ਅਸੀਂ ਦੇਖਣ ਦੇ ਯੋਗ ਹੋ ਜਾਂਦੇ ਹਨ।ਪਰ ਜ਼ਿਆਦਾ ਰੌਸ਼ਨੀ ਪ੍ਰਤੀ ਇਹ ਬਹੁਤ ਕੋਮਲ ਹੁੰਦੀ ਹੈ।ਇਹ ਬਹੁਤ ਹੀ ਸੂਖਮ ਤੇ ਕੋਮਲ ਜਿਹੇ ਅੰਗਾਂ ਤੋਂ ਬਣੀਆਂ ਹੁੰਦੀਆਂ ਹਨ।ਹਿੰਦੂ ਸਮਾਜ ਵਿੱਚ ਸ਼ਿਵਜੀ ਭਗਵਾਨ ਦੀ ਤੀਸਰੀ ਅੱਖ ਉਹਨਾਂ ਦੇ ਗੁੱਸੇ ਦੇ ਪ੍ਰਤੀਕ ਨੂੰ ਬਿਆਨ ਕਰਦੀ ਹੈ।
ਜੇਕਰ ਕਿਸਮਾਂ ਦੀ ਗੱਲ ਕਰੀਏ ਤਾਂ ਵੀ ਅਣਗਿਣਤ ਕਿਸਮ ਦੀਆਂ ਅੱਖਾਂ ਦੇ ਨਮੂਨੇ ਦੇਖਣ ਨੂੰ ਮਿਲ ਜਾਂਦੇ ਹੈ। ਕਿਸੇ ਦੀ ਖੂਬਸੂਰਤੀ ਨੂੰ ਅੱਖਾਂ ਚਾਰ ਚੰਨ ਲਾ ਦਿੰਦੀਆਂ ਹਨ। ਸਾਂਵਲੇ ਜਿਹੇ ਰੰਗ ਤੇ ਵੀ ਸੋਹਣੀਆਂ ਅੱਖਾਂ ਉਸ ਨੂੰ ਸੋਹਣਾ ਲੱਗਣ ਲਾ ਦਿੰਦੀਆਂ ਹਨ।ਇਸ ਤੋਂ ਇਲਾਵਾ ਗੋਲ ਅੱਖਾਂ ,ਮੋਟੀਆਂ ਅੱਖਾਂ,ਚੁੂੰਧੀਆਂ ਅੱਖਾਂ, ਬਿੱਲੀਆਂ ਅੱਖਾਂ, ਭੂਰੀਆਂ ਅੱਖਾਂ, ਨੀਲੀਆਂ ਅੱਖਾਂ, ਹਸਦੀਆਂ ਰਹਿਣ ਵਾਲੀਆਂ ਅੱਖਾਂ ਗੁਸੈਲ ਅੱਖਾਂ, ਬਦਾਮ ਜਿਹੀਆਂ ਅੱਖਾਂ, ਕਾਲੀਆਂ ਅੱਖਾਂ ,ਫੈਲਣ ਵਾਲੀਆਂ ਅੱਖਾਂ ,ਨੀਵੀਆਂ ਅੱਖਾਂ ,ਉਲਟੀਆਂ ਅੱਖਾਂ ,ਬੰਦ ਅੱਖਾਂ, ਚੌੜੀਆਂ ਅੱਖਾਂ ,ਡੂੰਘੀਆਂ ਅੱਖਾਂ ਆਦਿ। ਇਹ ਸ਼ਾਇਦ ਵਾਯੂਮੰਡਲ ਜਾ ਵਾਤਾਵਰਨ ,ਜੀਨ ਦੇ ਪ੍ਰਭਾਵ ਕਾਰਨ ਹੁੰਦਾ ਹੈ। ਕਿਸੇ ਇੱਕ ਦੇਸ਼ ਦੀਆਂ ਅੱਖਾਂ ਕਿਵੇਂ ਤੇ ਦੂਜੇ ਦੇਸ਼ ਦੀਆਂ ਹੋਰ ਤਰ੍ਹਾਂ ਦਾ ਪ੍ਰਭਾਵ ਛੱਡਦੀਆਂ ਹਨ। ਤਕੜਾ ਡਾਹਢਾ ਹਰੇਕ ਨੂੰ ਅੱਖ ਕੱਢ ਕੇ ਡਰਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਤਿਹਾਸ ਵਿੱਚ ਅਜਿਹੇ ਵੀ ਪਾਤਰ ਹਨ ਜਿਨ੍ਹਾਂ ਨੇ ਜਾਬਰਾਂ ਦੀ ਅੱਖ ਵਿੱਚ ਅੱਖ ਪਾਕੇ ਲਲਕਾਰਿਆ ਹੈ।
ਹਰ ਦੇਸ਼ ਵਿੱਚ ਇਸ ਦੀ ਪ੍ਰਸ਼ੰਸਾ ਵਿਚ ਗੀਤ ,ਕਵਿਤਾਵਾਂ ਚੁਟਕਲੇ ਮੁਹਾਵਰੇ, ਅਖੌਤਾਂ, ਕਹਾਣੀ,ਨਾਵਲ ਕਿਹੜੀ ਚੀਜ਼ ਹੈ। ਜੋ ਇਸ ਨਾਲ ਸੰਬੰਧਿਤ ਰਚੀ ਨਾ ਗਈ ਹੋਵੇ। ਕਿਸੇ ਨੂੰ ਇਹ ਅੱਖਾਂ ਸਮੁੰਦਰ ਲੱਗਦੀਆਂ ਨੇ ਕਿਸੇ ਨੂੰ ਚੰਨ ਕਿਸੇ ਨੂੰ ਫੁੱਲ ਬਗੀਚੇ ਪਤਾ ਨੀ ਕਿਸ ਕਿਸ ਤਰੀਕੇ ਨਾਲ ਅੱਖਾਂ ਦੀ ਖੂਬਸੂਰਤੀ ਨੂੰ ਬਿਆਨ ਕੀਤਾ ਗਿਆ ਹੈ। ਮਸ਼ਹੂਰ ਸ਼ਾਇਰ ਫ਼ੈਜ਼ ਨੇ ਲਿਖਿਆ ਹੈ ”ਤੇਰੀ ਆਂਖੋਂ ਕਿ ਸਿਵਾ ਦੁਨੀਆਂ ਮੇਂ ਰੱਖਾ ਕਿਆ ਹੈ?”
ਰਾਬਰਟ ਬਰਾਊਨ ਦੀ ਦੀ ਕਵਿਤਾ ਦੀ ਆਈਜ਼ ਵਿੱਚ ਉਹ ਚੰਨ ਤਾਰਿਆਂ ਨਾਲ ਤੁਲਨਾ ਕਰਦਾ ਹੈ। ਸ਼ਿਵ ਇਸ ਦੀ ਤੁਲਨਾ ਕਾਸ਼ਨੀ ਦੇ ਪੌਦੇ ਨਾਲ ਕਰਦਾ ਹੈ। ਦੁਨੀਆਂ ਵਿੱਚ ਲਗਭਗ ਸਾਰੀਆਂ ਭਾਸ਼ਾਵਾਂ ਵਿੱਚ ਇਸ ਕੋਮਲ ਅੰਗ ਵਾਰੇ ਰਚਨਾਵਾਂ ਮਿਲਦੀਆਂ ਹਨ।
ਅੱਖਾਂ ਫ਼ਰਕਣਾ ਜਿਹੜੀਆਂ ਕਿ ਤਣਾਓ, ਥਕਾਵਟ ਜਾ ਕਿਸੇ ਚੀਜ਼ ਦੀ ਸਰੀਰ ਵਿੱਚ ਘਾਟ ਵਾਧ ਕਰਕੇ ਹੁੰਦੀਆਂ ਹਨ।ਇਸ ਨੂੰ ਸਾਡੇ ਸਮਾਜ ਵਿੱਚ ਵਹਿਮਾਂ ਭਰਮਾਂ ਨਾਲ ਜੋੜ ਦਿੱਤਾ ਗਿਆ ਹੈ।ਸੱਜੀ ਅੱਖ ਜਾ ਖੱਬੀ ਅੱਖ ਫਰਕਣ ਵਾਰੇ ਬਹੁਤ ਸਾਰੇ ਵਹਿਮ ਪਾਲ਼ੇ ਗਏ ਹਨ।
ਅੱਖ ਦੀ ਸ਼ਰਮ ਜਾ ਅੱਖ ਦੀ ਝੇਪ ਬਹੁਤ ਵੱਡੀ ਗੱਲ ਹੁੰਦੀ ਹੈ। ਪੁਰਾਣੇ ਸਮਿਆਂ ਵਿੱਚ ਇਹ ਬਹੁਤ ਹੁੰਦੀ ਸੀ ।ਚਾਚੇ ਤਾਏ ਬਜ਼ੁਰਗਾਂ ਦੀ ਝੇਪ ਨਾਲ ਬੱਚੇ ਵਿਗੜਦੇ ਨਹੀਂ ਸਨ।ਪਰ ਅੱਜ ਕੱਲ੍ਹ ਸਮਾਂ ਬਦਲ ਚੁੱਕਿਆ ਹੈ, ਛੋਟੇ ਬੱਚੇ ਵੱਡਿਆਂ ਨੂੰ ਅੱਖਾਂ ਕੱਢਦੇ ਨੇ।ਸ਼ਰਮ ਝੇਪ ਸਭ ਮੁੱਕ ਗਈ ਹੈ।ਮੰਨਣ ਵਾਲੇ ਤਾਂ ਅੱਖ ਦੀ ਸ਼ਰਮ ਨਾਲ ਨੀਵੇ ਹੋ ਜਾਂਦੇ ਨੇ।ਸ਼ਰਮ ਨਾਲ ਅੱਖਾਂ ਦਾ ਨੀਵਾਂ ਜਾ ਮੂੰਹ ਨੀਵਾਂ ਹੋ ਜਾਣਾ ਮਨੁੱਖ ਲਈ ਵਧੀਆ ਪਲ ਨਹੀਂ ਹੁੰਦੇ। ਗ਼ਲਤ ਕੀਤੇ ਕੰਮ ਕਰਕੇ ਚਾਰ ਬੰਦਿਆਂ ਵਿੱਚ ਅੱਖਾਂ ਝੁਕ ਜਾਂਦੀਆਂ ਹਨ।
ਪਿਆਰ ਕਹਿੰਦੇ ਅੱਖਾਂ ਵਿੱਚ ਸ਼ੁਰੂ ਹੁੰਦਾ ਹੈ। ਪਹਿਲੀ ਤੱਕਣੀ ਗਭਰੂ ਮੁਟਿਆਰ ਨੂੰ ਇੱਕ ਦੂਜੇ ਵੱਲ ਅਕਰਸ਼ਿਤ ਕਰਦੀ ਹੈ। ਅੱਖਾਂ ਦੇ ਪਾਏ ਪੇਚੇ ਬਹੁਤੀ ਵਾਰ ਜ਼ਿੰਦਗੀ ਵਿਆਹ ਦੇ ਪੇਚੇ ਵੀ ਤਿਆਰ ਕਰ ਦਿੰਦੇ ਨੇ। ਅੱਖਾਂ ਨਾਲ ਮਿਲੇ ਦਿਲ ,ਜ਼ਿੰਦਗੀ ਭਰ ਨਾਲ ਨਿਭਦੇ ਹਨ।
ਗੱਲਾਂ ਅੱਖਾਂ ਤੋਂ ਤੁਰੀ ਸੀ
ਪਹੁੰਚੀ ਰੂਹਾਂ ਤੱਕ।
ਅੱਖਾਂ ਕਤਲ ਵੀ ਕਰਵਾ ਦਿੰਦੀਆਂ ਨੇ। ਕੁਨੱਖੀ ਅੱਖ ਕਿਸੇ ਨੂੰ ਦੇਖਣਾ, ਗ਼ਲਤ ਢੰਗ ਨਾਲ ਦੇਖਣਾ, ਗੁੱਸੇ ਵਿੱਚ ਦੇਖਣਾ ਅੱਖੀਆਂ ਦਾ ਵਣਜ ਬੁਰੇ ਵਾਂਗ ਕਈ ਵਾਰ ਲੜਾਈ ਝਗੜੇ ਪੈਦਾ ਹੋ ਜਾਂਦੇ ਹਨ।ਇਸ ਕਰਕੇ ਬਿੱਲੀਆਂ ਅੱਖਾਂ ਵਾਲੇ ਦੇ ਨਾਮ ਬਿੱਲੀ ਜਾ ਬਿੱਲਾ ਰੱਖ ਦਿੱਤਾ ਜਾਂਦਾ ਹੈ। ਕਈ ਵਾਰ ਬਿੱਲੇ ਗੰਜੇ ਆਦਮੀ ਨੂੰ ਬੁਰਾ ਵੀ ਮੰਨਿਆ ਜਾਂਦਾ ਹੈ।
ਬਿੱਲਾ ਗੰਜਾ ਆਦਮੀਂ
ਦੇਣ ਨਾਲ ਧੋਖੇ ਦੇ ਮਾਰ।
ਇਸ ਵਿੱਚ ਕੋਈ ਸਚਾਈ ਤਾਂ ਲੱਗਦੀ ਨਹੀਂ ਪਰ ਇਹ ਕਹਾਵਤ ਜ਼ਰੂਰ ਬਣੀ ਹੋਈ ਹੈ।
ਦੁਖੀ ਹੋਈ ਆਤਮਾ ਕਿਸੇ ਨੂੰ ਇਹ ਗਾਲ ਦਿੰਦੀ ਹੈ ,ਕਿ ਤੂੰ ਹੋ ਜਾਵੇਂ ਅੱਖਾਂ ਤੋਂ ਅੰਨ੍ਹਾ।ਇਹ ਸ਼ਾਇਦ ਜ਼ਿਆਦਾ ਦੁੱਖ ਤੋਂ ਦਿਲੋਂ ਨਿਕਲ਼ੇ ਹੋਏ ਸ਼ਬਦ ਹੁੰਦੇ ਹਨ। ਸ਼ਾਇਦ ਇਸ ਨੂੰ ਸਭ ਤੋਂ ਮਾੜੀ ਗਾਲ਼ ਕਿਹਾ ਜਾ ਸਕਦਾ ਹੈ। ਕਿਉਂਕਿ ਇਸ ਨਾਲ ਤਾਂ ਉਹ ਅਪਰਾਧੀ ਨੂੰ ਹਨੇਰੇ ਵਿੱਚ ਭਟਕਦੇ ਦੇਖਣਾ ਚਾਹੁੰਦਾ ਹੁੰਦਾ ਹੈ।
ਅੱਖਾਂ ਦੇ ਦਾਨ ਨੂੰ ਮਹਾਂ ਦਾਨ ਕਿਹਾ ਜਾਂਦਾ ਹੈ। ਕਿਸੇ ਦੀ ਮੌਤ ਤੋਂ ਬਾਅਦ ਇਹ ਅੱਖਾਂ ਕਿਸੇ ਲਈ ਜੀਵਨ ਵਿੱਚ ਰੌਸ਼ਨੀ ਭਰ ਸਕਦੀਆਂ ਹਨ। ਇਸ ਲਈ ਅੱਜ ਕੱਲ੍ਹ ਬਹੁਤ ਲੋਕ ਕੰਮ ਕਰ ਰਹੇ ਹਨ ।ਆਈ ਬੈਂਕ ਖੁੱਲ੍ਹ ਗਏ ਹਨ, ਪਰ ਅਜੇ ਵੀ ਸਮਾਜ ਵਿਚ ਬਹੁਤ ਕੰਮ ਕਰਨਾ ਬਾਕੀ ਹੈ। ਲੋਕਾਂ ਨੂੰ ਪ੍ਰੇਰਿਤ ਕਰਨ ਦੀ ਲੋੜ ਹੈ।
ਅੱਜਕਲ੍ਹ ਅੱਖਾਂ ਨੂੰ ਹੋਰ ਖੂਬਸੂਰਤ ਬਣਾਉਣ ਲਈ ਤਰ੍ਹਾਂ ਤਰ੍ਹਾਂ ਦੇ ਟਰੈੱਂਡ ਚੱਲ ਪਏ ਹਨ। ਆਈ ਬਰੋ ,ਲੈਂਜ ਚਸ਼ਮੇ ਇਹਨਾਂ ਨੂੰ ਹੋਰ ਖੂਬਸੂਰਤ ਬਣਾ ਦਿੰਦੇ ਹਨ। ਇਹਨਾਂ ਲਈ ਸਪੈਸ਼ਲ ਡਾਕਟਰ ਹੋਂਦ ਵਿੱਚ ਆ ਗਏ ਹਨ।
ਅੱਖਾਂ ਸੀ ਤਾਂ ਕੱਜਲ, ਸੁਰਮੇ ਮਸਕਾਰੇ ਹੋਂਦ ਵਿੱਚ ਆਏ, ਫਿਰ ਭਾਬੀ ਵਿਆਹ ਵੇਲੇ ਦਿਉਰ ਦੇ ਪਹਿਲੀ ਸਿਲਾਈ ਰਸ ਭਰੀ ਅੱਖ ਵਿੱਚ ਪਾਉਂਦੀ ਹੈ ਤੇ ਸ਼ਗਨ ਵੀ ਲੈਂਦੀ ਹੈ।ਪੂੰਛਾਂ ਵਾਲ਼ਾ ਸੁਰਮਾ ਹੋਂਦ ਵਿੱਚ ਆਇਆ। ਮਾਂ ਆਪਣੇ ਬੱਚੇ ਦੀਆਂ ਅੱਖਾਂ ਵਿੱਚ ਬੜੇ ਚਾਅ ਨਾਲ ਸੁਰਮਾ ਪਾਉਂਦੀ ਹੈ। ਕਿੰਨੇ ਹੀ ਬੱਸਾਂ ਵਿੱਚ ਅੱਖਾਂ ਲਈ ਸੁਰਮੇ ਵੇਚਣ ਵਾਲੇ ਹੋਂਦ ਵਿੱਚ ਆ ਗਏ । ਕਿੰਨੇ ਹੀ ਯੋਗੀ ਇਹ ਕੰਮ ਕਰਦੇ ਦੇਖੇ ਜਾ ਸਕਦੇ ਹਨ।
ਹੁਣ ਜਿਹੜੇ ਇਸ ਰਹਿਮਤ ਤੋਂ ਵਾਂਝੇ ਰਹਿ ਜਾਂਦੇ ਹਨ। ਕਲਪਨਾ ਕਰਕੇ ਦੇਖੀਏ ਕਿਹੋ ਜਿਹਾ ਸੰਸਾਰ ਲੱਗਦਾ ਹੈ।ਇਸ ਕਾਰਜ ਦੁਨੀਆਂ ਲੂਈ ਬਰੇਲ ਨੂੰ ਯਾਦ ਕਰਦੀ ਹੈ ਜਿਸ ਨੇ ਅੱਖਾਂ ਤੋਂ ਵਾਂਝੇ ਇਨਸਾਨ ਲਈ ਕਿੱਡਾ ਵੱਡਾ ਕੰਮ ਕੀਤਾ ਹੈ।
ਪੰਜਾਬੀ ਸਾਹਿਤ ਵਿਚ ਪੰਜਾਬੀ ਲੋਕ ਜੀਵਨ ਵਿੱਚ ਅੱਖੀਆਂ ਨੂੰ ਜਿੱਥੇ ਗੀਤਾਂ, ਕਹਾਣੀ, ਮੁਹਾਵਰੇ, ਅਖੌਤਾਂ ਵਿੱਚ ਵਰਤਿਆ ਗਿਆ ਹੈ।ਉਥੇ ਇਸ ਸੰਬੰਧੀ ਨਾਵਲ ਧਾਰਮਿਕ ਸ਼ਬਦ ਬਾਤਾਂ ਆਦਿ ਸਿਰਜੀਆਂ ਗਈਆਂ ਹਨ।
ਬਾਬੇ ਫਰੀਦ ਦੇ ਸਲੋਕ
ਕਾਗਾ ਇਹ ਦੋ ਨੈਣ ਮਤ ਛੂਹ
ਮੁਝੇ ਪ੍ਰਭ ਦੇਖਣ ਦੀ ਆਸ
ਬਾਬਾ ਸ਼ੇਖ ਫਰੀਦ ਜੀ ਇਹਨਾਂ ਅੱਖਾਂ ਨਾਲ ਆਤਮਾ ਪ੍ਰਮਾਤਮਾ ਦੇ ਮਿਲਣ ਦੀ ਗੱਲ ਕਰਦੇ ਹਨ।
ਪੰਜਾਬੀ ਗੀਤਾਂ ਵਿੱਚ ਇਹ ਧੂਮ ਧੜੱਲੇ ਨਾਲ ਲਿਖੇ ਗਏ;
ਇੱਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ ।
ਉਹੀ ਅੱਖੀਆਂ ਉਹੀ ਸੁਰਮਾ
ਪਰ ਤੱਕਣ ਵਾਲੀ ਦੀ ਅੱਖ ਬਦਲੀ।
ਬਿੱਲੇ ਬਿੱਲੇ ਨੈਣਾਂ ਵਾਲੀਏ
ਤੇਰੀਆਂ ਅੱਖਾਂ ਨੇ ਜੱਟ ਗਾਲਿਆ।
ਪੰਜਾਬੀ ਮੁਹਾਵਰੇ ਤੇ ਅਖੌਤਾਂ
ਕਿਸੇ ਨੂੰ ਇਸ਼ਾਰਾ ਕਰਨ ਲਈ ਮੁਹਾਵਰਾ;
ਅੱਖ ਮਾਰਨਾ
ਫਿਰ ਦਿਲ ਮਿਲ ਜਾਣੇ ਇੱਕ ਦੂਜੇ ਨੂੰ ਚੰਗਾ
ਲੱਗਣਾ
ਅੱਖ ਨਾਲ ਅੱਖ ਮਿਲਣਾ
ਬੰਦੇ ਦੀ ਅੰਤਮ ਸਮਾਂ ਉਸ ਦੀ ਮੌਤ ਦੇ ਸਮੇਂ ਨੂੰ ਵੀ
ਅੱਖਾਂ ਮੀਟ ਜਾਣਾ ਨਾਲ ਦਰਸਾਇਆ ਜਾਂਦਾ ਹੈ।
ਇਸ ਤਰ੍ਹਾਂ ਕਈ ਅਖੌਤਾਂ ਵੀ ਸਿਰਜੀਆਂ ਗਈਆਂ ਹਨ;
ਅੱਖ ਅੱਡੀ ਹੀ ਰਹਿ ਗਈ, ਕੱਜਲ ਨੂੰ ਇੱਲ ਲੈ ਗਈ
ਅੱਖੀਂ ਡਿੱਠਾ ਭਾਵੇ ਨਾ, ਕੁੱਛਡ਼ ਬਹੇ ਨਿਲੱਜ
ਪੰਜਾਬੀ ਬਾਤਾਂ ਵੀ ਆਪ ਮੁਹਾਰੇ ਬਣ ਗਈਆਂ;
ਆਹ ਆਈ,ਓਹ ਗਈ
ਕੱਚ ਦਾ ਟੋਭਾ ਕੰਡਿਆਂ ਦੀ ਵਾੜ
ਬੁੱਝਣੀ ਤਾਂ ਬੁੱਝ ਨਹੀਂ ਹੋ ਜਾ ਬਾਹਰ। ਅੱਖ
ਦੋ ਕਬੂਤਰ ਜੋੜੋ ਜੋੜੀ
ਖੰਭ ਉਹਨਾਂ ਦੇ ਕਾਲ਼ੇ
ਚਾਲ ਉਹਨਾਂ ਦੀ ਅਟਕੀ ਮਟਕੀ
ਰੱਬ ਉਹਨਾਂ ਨੂੰ ਪਾਲੇ਼। ਅੱਖ
ਬੋਲੀਆਂ ਤੇ ਟੱਪੇ ਵੀ ਗਿੱਧੇ ਭੰਗੜੇ ਦਾ ਸ਼ਿੰਗਾਰ ਬਣੇ;
ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ
ਗਾਉਣ ਵਾਲੇ ਦਾ ਗਾਉਣਾ
ਨੀ ਅੱਖ ਤੇਰੀ ਲੋਅ ਵਰਗੀ
ਕੀ ਸੁਰਮਾਂ ਦਾ ਪਾਉਣਾ ।
ਆ ਰਕਾਨੇ ਨੱਚ ਲੈਣ ਗਿੱਧੇ ਵਿੱਚ
ਐਥੇ ਸਾਰੇ ਤੇਰੇ ਹਾਣੀ
ਜਾ ਘੁੰਡ ਕੱਢਦੀ ਬਹੁਤੀ ਸੋਹਣੀ
ਜਾ ਘੁੰਡ ਕੱਢਦੀ ਕਾਣੀ
ਤੂੰ ਤਾਂ ਮੈਨੂੰ ਲੱਗੇ ਸੁਕੀਨਣ
ਤੇਰੀ ਘੁੰਡ ਚੋਂ ਅੱਖ ਪਛਾਣੀ
ਖੁੱਲ੍ਹ ਕੇ ਨੱਚ ਲੈਣ ਨੀ
ਬਣਜਾ ਗਿੱਧੇ ਦੀ ਰਾਣੀ।
ਕਿੰਨੀਆਂ ਹੀ ਕਹਾਣੀਆਂ,ਨਾਵਲ ਹੋਂਦ ਵਿੱਚ ਆਏ।
ਅੱਖਾਂ ਨਾਲ ਹੀ ਜਹਾਨ ਹੈ ।ਪਹਿਲਾਂ ਨਿਗ੍ਹਾ ਲੰਮਾਂ ਸਮਾਂ ਬਚੀ ਰਹਿੰਦੀ ਸੀ।ਅੱਜਕਲ੍ਹ ਬੱਚੇ ਦੀਆਂ ਪੜ੍ਹਾਈਆਂ, ਮੌਬਾਇਲ ਕਾਰਨ ਐਨਕਾਂ ਲੱਗ ਰਹੀਆਂ ਹਨ। ਵਾਤਾਵਰਨ ਦੇ ਮਾੜੇਪਣ ਕਰਕੇ ਅੱਖਾਂ ਦੀਆਂ ਬੀਮਾਰੀਆਂ ਵੱਧ ਰਹੀਆਂ ਹਨ । ਨਿੱਕੇ ਬੱਚੇ ਵੀ ਇਸ ਦਾ ਸਾਹਮਣਾ ਕਰ ਰਹੇ ਹਨ । ਇਹਨਾਂ ਦੀ ਸੰਭਾਲ ਜ਼ਰੂਰੀ ਹੈ। ਇਹਨਾਂ ਨੂੰ ਬੀਮਾਰੀਆਂ ਤੋਂ ਬਚਾਉਣਾ ਜ਼ਰੂਰੀ ਹੈ। ਤਾਂ ਕਿ ਇਸ ਖੂਬਸੂਰਤ ਸੰਸਾਰ ਨੂੰ ਮਾਣਦੇ ਰਹਿ ਸਕੀਏ।ਇਸ ਦਾ ਸਹੀ ਨਾ ਹੋਣਾ, ਇਸਤੋਂ ਵੱਡਾ ਸ਼ਰਾਪ ਕੋਈ ਨੀ।ਇਸ ਤੋਂ ਵੱਡਾ ਪ੍ਰਮਾਤਮਾ ਵੱਲੋਂ ਮਨੁੱਖ ਲਈ ਵਰਦਾਨ ਕੋਈ ਨੀ।
ਲਾਡੀ ਜਗਤਾਰ
9463603091