ਅੱਜ ਅੱਠ ਮਾਰਚ ਹੈ ਅਮਰ ਸਿੰਘ ਚਮਕੀਲੇ ਦੇ ਦਿਨ ਦਿਹਾੜੇ ਏ ਕੇ ਸੰਤਾਲੀਆਂ ਨਾਲ ਕੀਤੇ ਕਤਲ ਦਾ ਦਿਨ।ਮੇਰਾ ਇਹ ਲੇਖ ਸ਼ਹੀਦ ਅਮਰ ਸਿੰਘ ਚਮਕੀਲੇ ਨੂੰ ਸ਼ਰਧਾਂਜਲੀ ਹੈ। ਚਮਕੀਲਾ ਮਰ ਕੇ ਵੀ ਅਮਰ ਹੈ ਜਿੰਦਾ ਹੈ। ਅੱਜ ਵੀ ਵੱਜਦਾ ਹੈ।
ਇੱਕ ਸੀ ਚਮਕੀਲਾ……… ਜੋਗਿੰਦਰ ਬਾਠ ਹੌਲੈਡ
ਚੋਰ ਦੇ ਭੁਲੇਖੇ ਸਾਧ ਕੁੱਟਿਆ ਗਿਆ, ਨੀ ਮੁੰਡਾ ਹੱਥਾਂ ‘ਚ ਲੁਟਕਦਾ ਆਵੇ।
ਪਿੰਡ ਮਹਿਸਮਪੁਰ। ਦਿਨ ਅੱਠ ਮਾਰਚ 1988 ਦਾ ਹੈ। ਜਲੰਧਰ ਨੇੜੇ ਇਸ ਪਿੰਡ ਵਿੱਚ ਇੱਕ ਵਿਆਹ ਦਾ ਸਾਹਾ ਹੈ। ਦੂਰੋਂ ਦੂਰੋਂ ਲੋਕ ਤੁਰ ਕੇ, ਸਾਇਕਲਾਂ, ਟਰੈਕਟਰਾਂ ਟਰਾਲੀਆਂ ਉੱਪਰ ਇਸ ਵਿਆਹ ਤੇ ਲੱਗਣ ਵਾਲੇ ਅਖਾੜੇ ਨੂੰ ਸੁਣਨ ਵਾਸਤੇ ਹੁੰਮ ਹੁੰਮਾ ਕੇ ਪਹੁੰਚ ਰਹੇ ਹਨ। ਅਖਾੜਾ ਦੁਪਹਿਰ ਦੇ ਦੋ ਵਜੇ ਤੋਂ ਬਾਅਦ ਲੱਗਣਾ ਹੈ। ਫੱਗਣ ਚੇਤ ਦੇ ਦਿਨ ਹੋਣ ਕਰਕੇ ਕਿਸਾਨ ਅੱਜ ਕੱਲ੍ਹ ਵਿਹਲੇ ਹਨ। ਵਿਆਹ ਵਾਲਾ ਘਰ ਖੇਤਾਂ ਵਿੱਚ ਹੋਣ ਕਰਕੇ ਘਰ ਦੇ ਚਾਰ ਚੁਫੇਰੇ ਸਿੱਟਿਆਂ ਤੇ ਆਈਆਂ ਕਣਕਾਂ ਤੇ ਸਰੋਂ ਦੇ ਪੀਲੇ ਫੁੱਲ੍ਹ ਕੋਸੀ ਕੋਸੀ ਧੁੱਪ ਵਿੱਚ ਕਮਾਲ ਦਾ ਨਜ਼ਾਰਾ ਪੇਸ਼ ਕਰ ਰਹੇ ਹਨ। ਕਣਕ ਦੇ ਖੇਤਾਂ ਵਿੱਚ ਕੱਢੀਆਂ ੳਲੀਆਂ ਵਿੱਚ ਖੜੀ ਸਰ੍ਹੋਂ ਦੇ ਫੁੱਲ੍ਹ ਇੳਂ ਲੱਗਦੇ ਹਨ, ਜਿਸ ਤਰ੍ਹਾਂ ਕੁਦਰਤ ਨੇ ਹਰੇ ਸਿੱਟਿਆਂ ਉੱਪਰ ਪੀਲੇ ਬਦਾਨੇ ਰੰਗੇ ਨਿੱਕੇ ਨਿੱਕੇ ਸਾਫੇ ਬੰਨ ਦਿੱਤੇ ਹੋਣ। ਪਿੱਛਲੇ ਕੁਛ ਸਾਲਾਂ ਤੋਂ ਲੋਕ ਪਤਾ ਨਹੀਂ ਕਿੳਂ ਆਪਣੇ ਖੇਤਾਂ ਵਿੱਚ ਕਮਾਦ ਵੀ ਬੀਜਣ ਲੱਗ ਪਏ ਹਨ। ਕਮਾਦ ਦੇ ਖੇਤ ਕਣਕਾਂ ਅਤੇ ਸਰੋਂ ਦੇ ਖੇਤਾਂ ਵਿੱਚ ਕਿਸੇ ਚੌਰਸ ਜੰਗੀ ਕਿਲਿਆਂ ਵਰਗੇ ਲੱਗਦੇ ਹਨ। ਪੰਜਾਬ ਦੇ ਲੋਕ ਇਨ੍ਹਾਂ ਦਿਨਾਂ ਵਿੱਚ ਕਮਾਦ ਦੀ ਫਸਲ ਨੂੰ ਭੈਅ ਅਤੇ ਸ਼ੱਕ ਨਾਲ ਵੇਖਦੇ ਹਨ। ਕੋਈ ਚੂਪਣ ਲਈ ਵੀ ਕਿਸੇ ਸੁੰਨੇ ਪਏ ਖੇਤ ਵਿੱਚੋ ਗੰਨਾ ਭੰਨਣ ਦਾ ਹੀਆ ਨਹੀ ਕਰਦਾ। ਕਮਾਲ ਹੈ ? ਐਨੇ ਮਾੜੇ, ਸ਼ੱਕੀ, ਤੇ ਦਹਿਸ਼ਤੀ ਸਮੇਂ ਹੋਣ ਦੇ ਬਾਵਜੂਦ ਵੀ ਲੋਕ ਕਿਸ ਤਰ੍ਹਾਂ ਮਨਪ੍ਰਚਾਵੇ ਦੀ ਭੁੱਖ ਨੂੰ ਤ੍ਰਿਪਤ ਕਰਨ ਲਈ ਵਹੀਰਾਂ ਘੱਤ ਕੇ ਆਪਣੇ ਚਹੇਤੇ ਗਾਇਕ ਨੂੰ ਸੁਣਨ ਆ ਰਹੇ ਹਨ। ਪੰਡਾਲ ਵਾਲੀ ਜਗ੍ਹਾ ਨੇੜੇ ਉੱਘੜ ਦੁੱਘੜੀਆਂ ਅੱਧ ਵਧੀਆਂ ਦਾਹੜੀਆਂ ਤੇ ਪੀਲੀਆਂ ਪੱਗਾਂ, ਸਾਫਿਆਂ, ਪੱਟਕਿਆਂ ਵਾਲੇ ਦਰਸ਼ਕ-ਸਰੋਤੇ ਲੋਕਾਂ ਦੇ ਝੁੰਡ ਆਪਸ ਵਿੱਚ ਖੜ੍ਹੇ ਹਾਸਾ ਠੱਠਾ ਕਰ ਰਹੇ ਹਨ । ਕੁਛ ਤਾਂ ਲੱਗਣ ਵਾਲੇ ਗਾਇਕ ਦੇ ਗੀਤ ਵੀ ਗੁਣ ਗੁਣਾ ਰਹੇ ਹਨ “ਭੈਣ ਸਾਲੀਏ ਤੇਰੀ ਨੀ ਹੁਣ ਕੰਡਮ ਹੋਗੀ” ਸਾਰੇ ਪੰਜਾਬ ਵਿੱਚ ਇਨ੍ਹਾਂ ਸਮਿਆਂ ਵਿੱਚ ਅੱਤਵਾਦ ਦਾ ਦੈਂਤ ਆਦਮ-ਬੋ ਆਦਮ-ਬੋ ਕਰਦਾ ਫਿਰਦਾ ਹੈ। ਪੰਜਾਬ ਦੇ ਸਾਰੇ ਹੀ ਪਿੰਡਾਂ ਵਿੱਚ ਇਹਨੀ ਦਿਨੀਂ ਸ਼ਾਮ ਪੈਂਦਿਆ ਹੀ ਦਹਿਸ਼ਤ ਦਾ ਰਾਜ ਹੋ ਜਾਂਦਾ ਹੈ। ਪਿੰਡਾ ਦੇ ਘਰਾਂ ਵਿੱਚ ਲੱਗੇ ਬਿਜਲੀ ਦੇ ਲਾਟੂ ਵੇਲੇ ਸਿਰ ਹੀ ਬੁਝ ਜਾਂਦੇ ਹਨ । ਲੋਕ ਦਿਨ ਖੜ੍ਹੇ ਹੀ ਰੋਟੀ ਟੁੱਕ ਖਾ ਕੇ ਅੰਦਰੀਂ ਵੜ੍ਹ ਜਾਂਦੇ ਹਨ। ਗਲੀਆਂ ਵਿੱਚ ਹਨੇਰਾ ਹੋਣ ਤੋਂ ਪਹਿਲਾ ਹੀ ਸੁੰਨਸਾਨ ਹੋ ਜਾਂਦੀ ਹੈ। ਘੁਸ-ਮੁਸੇ ਤੋਂ ਬਾਅਦ ਕੋਈ ਵੀ ਮਨੁੱਖ ਕਿਸੇ ਬਹੁਤ ਹੀ ਜ਼ਰੂਰੀ ਕੰਮ ਤੋਂ ਬਗੈਰ ਘਰੋਂ ਬਾਹਰ ਨਹੀਂ ਨਿਕਲਦਾ। ਲੋਕਾਂ ਨੇ ਪਾਣੀ ਵਾਲੀਆਂ ਬੰਬੀਆਂ ਨੂੰ ਰਾਤ ਬਰਾਤੇ ਚਲਾਉਣ ਲਈ ਐਟੋਮੈਟਿਕ ਸ਼ੀਹ ਸਟਾਟਰ ਲਗਵਾ ਲਏ ਹਨ। ਰਾਤ ਨੂੰ ਕੋਈ ਪਾਣੀ ਦਾ ਨੱਕਾ ਮੋੜਨ ਲਈ ਵੀ ਨਹੀਂ ਉੱਠਦਾ। ਤਰਕਾਲ ਸੰਧਿਆ ਨੂੰ ਹੀ ਸਾਰੇ ਪਿੰਡਾਂ ਵਿੱਚ ਹਨੇਰੇ ਦਾ ਰਾਜ ਹੋ ਜਾਂਦਾ ਹੈ। ਚਾਨਣ ਸਾਰੀ ਰਾਤ ਸਿਰਫ ਮੜ੍ਹੀਆਂ ਵਿੱਚ ਹੀ ਰਹਿੰਦਾ ਹੈ ਕਿੳਂਕਿ ਹਰ ਦੂਜੇ ਤੀਜੇ ਅਣਆਈ ਮੌਤੇ ਮਰੇ ਲੋਕ ਲਾਸ਼ਾਂ ਦੇ ਰੂਪ ਵਿੱਚ ਲੱਕੜਾਂ ਸਮੇਤ ਸਿਵਿਆਂ ਨੂੰ ਭਾਗ ਲਾ ਰਹੇ ਹਨ। ਪੰਜ਼ਾਬ ਦੀ ਫਿਜ਼ਾ ਵਿੱਚ ਅੱਜ ਕੱਲ੍ਹ ਝੋਨੇ ਦੇ ਪੱਕੇ ਖੇਤਾਂ ਦੀ ਅੱਤਰ ਵਰਗੀ ਖੁਸ਼ਬੂ ਦੇ ਨਾਲ ਨਾਲ ਸੜਦੇ ਜਵਾਨ ਮਾਸ ਦੀ ਬਦਬੋ ਦੇ ਬੁਲੇ ਵੀ ਨੱਕ ਸਾੜ ਰਹੇ ਹਨ। ਇਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਗੀਤ ਨਾ-ਮਾਤਰ ਪਰੰਤੂ ਵੈਣ ਹਰ ਰੋਜ਼ ਪਾਏ ਜਾਂਦੇ ਹਨ। ਜੰਗਲ-ਪਾਣੀ ਦਾ ਕੰਮ ਵੀ ਲੋਕ ਅੱਜ ਕੱਲ੍ਹ ਡੰਗਰਾਂ ਵਾਲਿਆ ਕੋਠਿਆਂ ਵਿੱਚ ਹੀ ਨਬੇੜਨ ਲੱਗ ਪਏ ਹਨ। ਸਮਰੱਥਾਵਾਨ ਘਰਾਂ ਨੇ ਤਾਂ ਖੇਤਾਂ ਵਿੱਚ ਰਹਿੰਦਿਆਂ ਵੀ ਘਰ ਦੀ ਚਾਰ ਦਿਵਾਰੀ ਅੰਦਰ ਹੀ ਨਿੱਘਰਵੀਆਂ ਟੱਟੀਆਂ ਬਣਵਾ ਲਈਆਂ ਹਨ। ਖੁੱਲ੍ਹੀਆਂ ਕੱਚੀਆਂ ਹਵੇਲੀਆਂ ਦੁਵਾਲੇ ਵੀ ਕੰਧਾਂ ਉੱਸਰ ਆਈਆਂ ਹਨ ਅਤੇ ਅਣ-ਘੜਤ ਦਰਵਾਜੇ ਕਿਸੇ ਅਣਜਾਣੇ ਡਰ ਨਾਲ ਸਾਰਾ ਦਿਨ ਹੀ ਭਿੜੇ ਰਹਿੰਦੇ ਹਨ। ਪਿੰਡਾਂ ਵਿੱਚ ਜਿੰਨਾਂ ਦੇ ਘਰੀਂ ਅਣਆਈ ਮੌਤ ਨੇ ਸੱਥਰ ਵੀ ਵਿਛਾ ਛੱਡੇ ਹਨ, ਉਹ ਵੀ ਸ਼ਾਮ ਦੇ ਵਕਤ ਵੈਣ ਪਾਉਣੋਂ ਹਟ ਜਾਂਦੇ ਹਨ ਤੇ ਢਿੱਡ ਵਿੱਚ ਹੀ ਬਗੈਰ ਅਵਾਜ਼ ਤੋ ਹਟਕੋਰੇ ਉਹਨਾਂ ਦੀਆਂ ਆਂਦਰਾਂ ਵਿੱਚ ਗੁੰਝਲੇ ਪਾਈ ਜਾਂਦੇ ਹਨ। ਬੰਦੇ ਤਾਂ ਕੀ ਇਹਨਾਂ ਸਮਿਆਂ ਵਿੱਚ ਜਨੌਰਾਂ ਨੇ ਵੀ ਗੀਤ ਗਾਉਂਣੇ ਬੰਦ ਕਰ ਦਿੱਤੇ ਹਨ। ਲੋਕਾਂ ਨੇ ਮਜਬੂਰੀ ਵੱਸ ਆਪਣੇ ਪਾਲਤੂ ਕੁੱਤਿਆਂ ਦੇ ਮੂੰਹਾਂ ਨੂੰ ਵੀ ਰੱਸੀਆਂ ਨਾਲ ਜਕੜ ਦਿੱਤਾ ਹੈ ਤਾਂ ਜੋ ਉਹ ਰਾਤ ਦੀ ਦਹਿਸ਼ਤੀ ਚੁੱਪ ਨੂੰ ਭੌਂਕ ਕੇ ਭੰਗ ਨਾ ਕਰ ਸਕਣ। ਅਵਾਰਾ ਕੁੱਤਿਆਂ ਨੂੰ ਲਗਾਤਾਰ ਚੂਹੇ ਮਾਰਨ ਵਾਲੀਆਂ ਗੋਲੀਆਂ ਪਾ ਕੇ ਕੁੱਤੇ ਦੀ ਮੌਤ ਤੋ ਵੀ ਬੱਦਤਰ ਚੂਹਿਆਂ ਦੀ ਮੌਤੇ ਮਾਰਿਆ ਜਾ ਰਿਹਾ ਹੈ। ਹੁਣ ਇਸ ਹੱਸਦੇ ਰੱਸਦੇ ਗਾੳਂਦੇ ਤੇ ਗੁਰਾਂ ਦੇ ਨਾਮ ਤੇ ਜਿਉਂਦੇ ਪੰਜਾਬ ਵਿੱਚ ਕਿਸੇ ਨੂੰ ਗਾਉਂਣ ਦਾ ਤਾਂ ਦੂਰ ਉੱਚੀ ਰੋਣ ਦੀ ਵੀ ਹੱਕ ਨਹੀਂ ਹੈ ‘ਤੇ ਇਹੋ ਜਿਹੇ ਸਮੇਂ ਵਿੱਚ ਮਹਿਸਮਪੁਰ ਪਿੰਡ ਵਿੱਚ ਇਸ ਗਲੇਸ਼ੀਅਰੀ- ਦਹਿਸ਼ਤ ਦੇ ਮੂੰਹ ਨੂੰ ਛਿੱਬੀਆਂ ਦਿੰਦਾ ਇੱਕ ਅਖਾੜਾ ਲੱਗਣ ਜਾ ਰਿਹਾ ਹੈ। ਲੋਕ ਬੇਸਬਰੀ ਨਾਲ ਆਪਣੀ ਚਹੇਤੀ ਗਾਇਕ ਜੋੜੀ ਨੂੰ ਉਡੀਕ ਰਹੇ ਹਨ।
ਅੱਜ ਦਿਨ ਮੰਗਲਵਾਰ ਹੈ। ਅਖੀਰ ਦਿਨ ਦੇ ਦੋ ਵਜੇ ਲੋਕਾਂ ਦੇ ਚਹੇਤੇ ਗਇਕ ਦੀ ਕਾਰ ਵਿਆਹ ਵਾਲੇ ਘਰ ਕੋਲ ਪਹੁੰਚਦੀ ਹੈ। ਲੋਕਾਂ ਵਿੱਚ ਖੁਸ਼ੀ ਨਾਲ ਹਫੜਾ ਦਫੜੀ ਵਾਲਾ ਮਹੌਲ ਬਣ ਜਾਂਦਾ ਹੈ। ਲੋਕ ਕਾਰ ਵੱਲ ਭੱਜਦੇ ਹਨ ਗਇਕ ਜੋੜੀ ਨੂੰ ਇੱਕ ਨਜ਼ਰ ਨੇੜਿਉ ਵੇਖਣ ਲਈ। ਭੀੜ ਵਿੱਚ “ਆਗੇ ਓਏ, ਆਗੇ ਓਏ” ਦਾ ਰੌਲ੍ਹਾ ਮੱਚ ਜਾਂਦਾ ਹੈ। ਕਾਰ ਰੁਕਦੀ ਹੈ। ਦਰਵਾਜ਼ਾ ਖੁੱਲ੍ਹਦਾ ਹੈ । ਗਾਇਕ ਅਜੇ ਗੱਡੀ ‘ਚੋਂ ਬਾਹਰ ਹੀ ਨਿਕਲਦਾ ਹੈ ਤਾੜ ਤਾੜ ਏ ਕੇ ਸੰਤਾਲੀ ਦੀਆਂ ਗੋਲੀਆਂ ਦੇ ਭੜਾਕੇ ਪੈਂਦੇ ਹਨ। ਦਰਖਤਾਂ ਤੇ ਬੈਠੇ ਜਨੌਰ ਤਰਾਹ ਕੇ ਚੀਕ ਚਿਹਾੜਾਂ ਪਾਉਂਦੇ ਅਸਮਾਨ ਵੱਲ ਉੱਡ ਜਾਂਦੇ ਹਨ। ਚਾਰ ਗੋਲੀਆਂ ਗਾਇਕ ਦੀ ਛਾਤੀ ਵਿੱਚ ਠੋਕੀਆਂ ਜਾਂਦੀਆਂ ਹਨ ਤੇ ਨਾਲ ਹੀ ਗਰਭਵਤੀ ਗਾਇਕਾ ਦੀ ਹਿੱਕ ਵੀ ਗੋਲੀਆਂ ਨਾਲ ਛਲਣੀ ਕਰ ਦਿੱਤੀ ਜਾਂਦੀ ਹੈ। ਗਾਇਕ ਜੋੜੀ ਦੀਆਂ ਤੱੜਫਦੀਆਂ ਲਹੂ ਲੁਹਾਨ ਦੇਹਾਂ ਡੰਗਰਾਂ ਦੇ ਤਾਜੇ ਕੀਤੇ ਗੋਹੇ ਉੱਪਰ ਧੜੱਮ ਢਹਿ ਢੇਰੀ ਹੋ ਜਾਂਦੀਆਂ ਹਨ। ਸਾਜ਼ ਵਜਾਉਣ ਵਾਲੇ ਸਾਜਿੰਦੇ ਵੀ ਸਾਜ਼ਾਂ ਸਮੇਤ ਗੋਲੀਆਂ ਨਾਲ ਭੁੰਨ ਦਿੱਤੇ ਜਾਦੇ ਹਨ। ਸਕਿੰਟਾਂ ਵਿੱਚ ਹੀ ਇਹ ਕੌਤਕੀ-ਭਾਣਾ ਵਰਤ ਜਾਂਦਾ ਹੈ। ਲੋਕ ਗੋਲੀਆਂ ਦੇ ਕੜਾਕੇ ਸੁਣ ਕੇ ਜਿੱਧਰ ਨੂੰ ਮੂੰਹ ਹੁੰਦਾ ਹੈ, ੳਧਰ ਨੂੰ ਹੀ ਲਾਂਗੜਾਂ ਚੁੱਕ ਕੇ ਦੌੜ ਜਾਂਦੇ ਹਨ। ਇੱਕ ਦਮ ਮੋਟਰ ਸਾਇਕਲ ਸਟਾਰਟ ਹੁੰਦੇ ਹਨ, ਕਾਤਲ ਉਤਾਂਹ ਨੂੰ ਗੋਲੀਆਂ ਚਲਾਉਂਦੇ ਰਾਹੇ ਪੈ ਜਾਂਦੇ ਹਨ। ਰਾਹ ਵਿੱਚ ਉਹਨਾਂ ਨੂੰ ਕੁਛ ਲੋਕ ਮਿਲਦੇ ਹਨ ਜੋ ਲੇਟ ਹੋਣ ਦੀ ਵਜ੍ਹਾ ਨਾਲ ਅਖਾੜੇ ਵਾਲੇ ਸਥਾਨ ਵੱਲ ਤੇਜੀ ਨਾਲ ਸਾਹੋ ਸਾਹ ਹੁੰਦੇ ਭੱਜੇ ਆ ਰਹੇ ਹਨ। ਮੋਟਰ ਸਾਇਕਲਾਂ ਵਾਲੇ ਕਾਤਲ ਉਨ੍ਹਾਂ ‘ਚੋਂ ਇੱਕ ਬਜ਼ੁਰਗ ਨੂੰ ਲਲਕਾਰ ਕੇ ਕਹਿੰਦੇ ਹਨ।
“ਬਾਬਾ ਮੁੜਜਾ ਪਿਛਾਹ ਨੂੰ ਅਸੀਂ ਚਮਕੀਲੇ ਦਾ ਭੋਗ ਪਾ ਤਾ ਹੈ”।
ਤੜਕੇ ਦਾ ਵਕਤ ਸੀ,ਸੁਹਾਗਣਾ ਮਧਾਣੀ ਪਾਈ
ਸੁਣਿਆ ਜਾ ਵਾਕਿਆ ਸੀ,ਸਾਰੀ ਕੰਬ ਗਈ ਲੋਕਾਈ
ਸੌਹਿਰਿਆਂ ਦੇ ਘਰਾਂ ਵਿੱਚੋ,ਨਾਰੀਆਂ ਸ਼ੁਕੀਨਣਾਂ ਦੇ ਹੱਥਾਂ ਵਿੱਚੋ ਡਿਗ ਪਏ ਰੁਮਾਲ।
ਇੱਕੀ ਜੁਲਾਈ 1960 ਨੂੰ ਲੁਧਿਅਣੇ ਦੀਆਂ ਜੜ੍ਹਾਂ ਵਿੱਚ ਪੈਂਦੇ ਦੁੱਗਰੀ ਪਿੰਡ ਦੇ ਚਮਿਆਰ ਜਾਤੀ ਦੇ ਅੱਤ ਦੇ ਗਰੀਬ ਪਰਵਾਰ ਵਿੱਚ ਇੱਕ ਬੱਚਾ ਪੈਦਾ ਹੁੰਦਾ ਹੈ। ਇਸ ਘਰ ਦੇ ਮੁਖੀ ਦਾ ਨਾਂ ਹਰੀ ਸਿੰਘ ਹੈ ਅਤੇ ਉਸ ਦੀ ਘਰ ਵਾਲੀ ਦਾ ਨਾਂ ਕਰਤਾਰੋ ਹੈ। ਗ਼ਰੀਬਾਂ ਦੀਆਂ ਔਰਤਾਂ ਦੇ ਪੂਰੇ ਤੇ ਸਹੀ ਨਾਂ ਸਾਰੀ ਹਯਾਤੀ ਵਿੱਚ ਸਿਰਫ ਦੋ ਹੀ ਸਮਿਆਂ ਤੇ ਬੋਲੇ ਜਾਂਦੇ ਹਨ ਜਾਂ ਤਾਂ ਜੰਮਣ ਵੇਲੇ ਤੇ ਜਾਂ ਫਿਰ ਖੱਫਣ ਪਾਉਂਣ ਵੇਲੇ। ਇਹ ਜੰਮਿਆਂ ਬੱਚਾ ਹਰੀ ਸਿੰਘ ਅਤੇ ਬੀਬੀ ਕਰਤਾਰ ਕੌਰ ਦੀ ਸੱਭ ਤੋਂ ਛੋਟੀ ਘਰੋੜੀ ਦੀ ਔਲਾਦ ਹੈ। ਮਾਪੇ ਇਸ ਚਾਹੀ ਅਣਚਾਹੀ ਔਲਾਦ ਦਾ ਨਾਂ ਜੋ ਜਲਦੀ ਲੱਭਿਆਂ ਜਾ ਜੋ ਨਾਂ ਉਚਾਰਣ ਵਿੱਚ ਉਨ੍ਹਾਂ ਨੂੰ ਸੌਖ ਹੋਵੇ ਚੌਂਹ ਅੱਖਰਾਂ ਦਾ ‘ਧਨੀ ਰਾਮ’ ਰੱਖ ਦਿੰਦੇ ਹਨ। ਭੁੱਖ, ਗ਼ਰੀਬੀ ਤੇ ਜੁਗਾਂ ਜੁਗਾਂਤਰਾਂ ਤੋਂ ਥੁੜ੍ਹਾਂ ਮਾਰੇ ਕੰਮੀਆਂ ਦੇ ਵਿਹੜਿਆਂ ਦੇ ਦੂਜੇ ਅੰਨੇ, ਕਾਣੇ, ਨੱਕ ਵਗਦੇ, ਅੱਖਾਂ ਚੁੰਨ੍ਹੀਆਂ ਤੇ ਕਰੇੜੇ ਭਰੇ ਦੰਦਾਂ ਵਾਲੇ ਜਵਾਕਾਂ ਵਾਂਗ ਇਸ ਬੱਚੇ ਦਾ ਵੀ ਬਚਪਨ ਗੁਜ਼ਰਨ ਲੱਗਦਾ ਹੈ। ਸ਼ਾਇਦ ਵੱਡਾ ਅਫਸਰ ਬਣਾਉਣ ਦੀ ਰੀਝ ਨਾਲ ਮਾਂ ਬਾਪ ਇਸ ਬੱਚੇ ਨੂੰ ‘ਦੁੱਕੀ’ ਫੀਸ ਮਹੀਨਾਂ ਵਾਲੇ ਗੁਜਰ ਖਾਨ ਪ੍ਰਾਇਮਰੀ ਸਕੂਲ ਵਿੱਚ ਪੱੜ੍ਹਨੇ ਪਾ ਦਿੰਦੇ ਹਨ । ਪਰੰਤੂ ਇੱਕ ਗੁਣ ਇਸ ਬੱਚੇ ਵਿੱਚ ਦੂਜੇ ਬੱਚਿਆਂ ਨਾਲੋ ਜਿਆਦਾ ਸੀ। ਦਸਾਂ ਸਾਲਾਂ ਦੀ ਉਮਰ ਵਿੱਚ ਹੀ ਧਨੀ ਰਾਮ ਗੀਤਾਂ ਦੀਆਂ ਤੁੱਕਾਂ ਜੋੜਨ ਤੇ ਗਾਉਣ ਲੱਗ ਪੈਂਦਾ ਹੈ। ਘਰ ਦੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਹਮੇਸ਼ਾਂ ਆਮ ਦੂਸਰੇ ਗਰੀਬਾਂ ਵਾਂਗ ਧਨੀ ਰਾਮ ਨੂੰ ਵੀ ਪੜ੍ਹਨੋ ਹੋੜ ਕੇ ਬਿਜਲੀ ਦਾ ਕੰਮ ਸਿੱਖਣ ਲਈ ਮਜ਼ਬੂਰ ਕਰ ਦਿੰਦੀਆਂ ਹਨ ਤੇ ਧਨੀ ਰਾਮ ਇਲੈਕਟਰੀਸ਼ਨ ਬਣਨ ਦੇ ਸੁਫਨੇ ਵੇਖਣ ਲੱਗਦਾ ਹੈ। ਘਰ ਦੀ ਗੁਰਬਤ ਤੇ ਕੰਗਾਲੀ ਧਨੀ ਰਾਮ ਨੂੰ ਬਿਜਲਈਆ ਵੀ ਬਣਨ ਨਹੀਂ ਦਿੰਦੀ । ਉਹ ਬਿਜਲੀ ਦਾ ਕੰਮ ਛੱਡ ਕੇ ਬਾਪ ਦੀ ਕਬੀਲਦਾਰੀ ਨੂੰ ਮੋਢਾ ਦੇਣ ਲਈ ਕੱਪੜਾ ਮਿੱਲ ਵਿੱਚ ਕੰਮ ਕਰਨ ਲੱਗ ਪੈਂਦਾ ਹੈ ਪਰੰਤੂ ਉਸ ਦੇ ਸਿਰ ਵਿੱਚ ਤਾਂ ਹਮੇਸ਼ਾ ਸੰਗੀਤ ਦਾ ਅਨਹਦ ਨਾਂਦ ਡੋਲਬੀ ਸਰਾਂਊਡਰ ਵਾਂਗੂ ਚਾਰੇ ਕੂੰਟਾਂ ਤੋਂ ਤਰਜ਼ਾਂ ਸਮੇਤ ਖੌਰੂ ਪਾੳਂਦਾ ਰਹਿੰਦਾ ਸੀ। ਜੁੜੇ ਜੜਾਏ ਗੀਤਾਂ ਦੇ ਝੱਖੜ ਖੋਪੜੀ ਵਿੱਚ ਝੁੱਲਦੇ ਰਹਿੰਦੇ ਸਨ।ਨੀ ਰਾਮ ਦਿਨੇ ਰਾਤ ਗੀਤ ਸੰਗੀਤ ਵਿੱਚ ਗੜੁੱਚ ਆਪ ਪੂਰਾਂ ਜਿਉਂਦਾ ਜਾਗਦਾ ਸਾਜ਼ ਬਣਿਆ ਪਿਆ ਸੀ। ਕੰਮ ਦੇ ਨਾਲੋ ਨਾਲ ਉਸ ਨੇ ਢੋਲਕੀ ਦੀਆਂ ਬਹੁੜੀਆਂ ਵੀ ਪਵਾਉਣੀਆਂ ਸੁਰੂ ਕਰ ਦਿੱਤੀਆਂ। ਦਿਨਾਂ ਵਿੱਚ ਹੀ ਫਰਾਂਸ ਤੋ ਭੱਜ ਕੇ ਪੰਜਾਬੀ ਸੰਗੀਤ ਵਿੱਚ ਦਾਖਲ ਹੋਇਆ ਹਾਰਮੋਨੀਅਮ ਧਨੀ ਰਾਮ ਵੇਖਦਿਆਂ ਡਰਦਾ ਮਾਰਾ ਆਪੇ ਹੀ ਸੁਰਾਂ ਕੱਢਣ ਲੱਗ ਪੈਂਦਾ। ਤੂੰਬੀ ਤਾਂ ਜਿਵੇਂ ਧਨੀ ਰਾਮ ਦੀਆ ਉਂਗਲਾਂ ਦੇ ਪੋਟਿਆਂ ਦੀ ਛੋਹ ਨੂੰ ਅਹਿਲਿਆ ਵਾਂਗ ਸਦੀਆਂ ਤੋਂ ਉਡੀਕਦੀ ਪਈ ਹੋਵੇ। ਜਦੋਂ ਧਨੀ ਰਾਮ ਅਤੇ ਸਾਜਾਂ ਵਿੱਚ ਕੋਈ ਫਰਕ ਨਾ ਰਿਹਾ ਤਾਂ ਇੱਕ ਦਿਨ ਉਸ ਨੇ ਰਾਜਕੁਮਾਰ ਗੌਤਮ ਸਿਧਾਰਥ ਵਾਂਗ ਕੰਮ ਤੋਂ ਘਰ ਜਾਣ ਦੀ ਬਜਾਏ ਆਪਣਾ ਪੁਰਾਣਾ ਸਾਇਕਲ ਉਸ ਸਮੇਂ ਦੇ ਮਸ਼ਹੂਰ ਕਲੀਆਂ ਦੇ ਗਾਇਕ ਸੁਰਿੰਦਰ ਛਿੰਦੇ ਦੇ ਦਫਤਰ ਵੱਲ ਮੋੜ ਦਿੱਤਾ। ਦਰੀ ਦੇ ਬਣੇ ਰੰਗ ਉੱਡੇ ਝੋਲੇ ਵਿੱਚ ਪੋਣੇ ਵਿੱਚ ਵਲੇਟੀਆਂ ਰੋਟੀਆਂ ਵੀ ਸ਼ਾਇਦ ਉਸ ਫੈਸਲੇ ਦੇ ਦਿਨ ਉਸ ਤੋਂ ਖਾ ਨਾ ਹੋਈਆਂ। ਆਪਣੇ ਲਿਖੇ ਗੀਤਾਂ ਦੀ ਕਾਪੀ ਅਤੇ ਮੈਲੇ ਕੁਚੈਲੇ ਪੋਣੇ ਵਿੱਚ ਬੰਨੀਆਂ ਸੁੱਕੀਆਂ ਰੋਟੀਆਂ ਸਮੇਤ ਆਪਣੇ ਆਪ ਨੂੰ ਚਿੱਤੋਂ ਮਨੋਂ ਧਾਰੇ ਉਸਤਾਦ ਦੇ ਚਰਨੀਂ ਢੇਰੀ ਕਰ ਦਿੱਤਾ। ਉਸ ਸ਼ਾਮ ਛਿੰਦੇ ਨੇ ਉਸ ਨੂੰ ਰੂਹ ਨਾਲ ਸੁਣਿਆ ਤੇ ਆਪਣਾ ਸ਼ਾਗਿਰਦ ਬਣਾ ਲਿਆ। ਹੁਣ ਧਨੀ ਰਾਮ ਆਪਣੇ ਸ਼ੌਕ, ਗੀਤ ਸੰਗੀਤ ਦੇ ਗਾਡੀ ਰਾਹ ਪੈ ਚੁੱਕਿਆ ਸੀ। ਬਾਕੀ ਸਭ ਕੁਛ ਭੁੱਲ ਭੁਲਾ ਕੇ ਉਸ ਨੇ ਆਪਣੇ ਉਸਤਾਦ ਕੋਲੋ ਜੋ ਸਿੱਖ ਸਕਦਾ ਸੀ, ਸਿੱਖਿਆ । ਨਾਲੋ ਨਾਲ ਉਹ ਗੀਤਾਂ ਦੀ ਸਿਰਜਣਾ ਵੀ ਨਿਰੰਤਰ ਕਰਦਾ ਰਿਹਾ। ਉਸ ਨੇ ਸੁਰਿੰਦਰ ਛਿੰਦੇ ਲਈ ਬਹੁਤ ਸਾਰੇ ਗੀਤ ਲਿਖੇ। ਛਿੰਦੇ ਦੀ ਸਟੇਜ ਤੇ ਧਨੀ ਰਾਮ ਉਸ ਦੀ ਟੋਲੀ ਨਾਲ ਢੋਲਕੀ, ਹਾਰਮੋਨੀਅਮ, ਅਤੇ ਤੂੰਬੀ ਵੀ ਵਜਾਉਂਦਾ। ਹੌਲੀ ਹੌਲੀ ਅਖਾੜਿਆਂ ਦੌਰਾਨ ਉਹ ਆਪ ਵੀ ਗਾਉਣ ਲੱਗ ਪਿਆ ਤੇ ਖਾੜੇ ਦੌਰਾਨ ਗਾਇਕ ਜੋੜੀ ਨੂੰ ਸਾਹ ਵੀ ਦਵਾਉਣ ਲੱਗ ਪਿਆ। ਉਸ ਦੀ ਕਲਾ ਅਤੇ ਹਰਮਨ ਪਿਆਰਤਾ ਦੀ ਖੁਸ਼ਬੂ ਦੂਜੇ ਚੋਟੀ ਦੇ ਗਾਇਕਾਂ ਤੱਕ ਵੀ ਫੈਲ ਗਈ। ਉਸ ਦੇ ਲਿਖੇ ਗੀਤ ਉਸ ਸਮੇਂ ਦੇ ਲੱਗਭਗ ਸਾਰੇ ਹੀ ਸਟਾਰ ਗਾਇਕਾਂ ਨੇ ਗਾਏ। ਕੇ ਦੀਪ, ਮੁਹੰਮਦ ਸਦੀਕ, ਕੁਲਦੀਪ ਮਾਣਕ ਨਾਲ ਵੀ ਉਸ ਨੇ ਕੰਮ ਕੀਤਾ। ਧਨੀ ਰਾਮ ਦਿਨੇ ਰਾਤ ਆਪਣੀ ਧੁੰਨ ਵਿੱਚ ਗੀਤਾਂ ਦੀ ਸਿਰਜਨਾ ਕਰਦਾ ਰਹਿੰਦਾ। ਉਸ ਦੇ ਲਿਖੇ ਗੀਤ ਉਸ ਸਮੇਂ ਦੀਆਂ ਚੋਟੀ ਦੀਆਂ ਦੋਗਾਣੇ ਗਾਉਣ ਵਾਲੀਆਂ ਜੋੜੀਆਂ ਗਾ ਰਹੀਆ ਸਨ। ਉਹ ਆਪਣੀ ਇਸ ਪ੍ਰਾਪਤੀ ਤੇ ਬਹੁਤ ਖੁਸ਼ ਸੀ। ਪਰੰਤੂ ਗੀਤਾਂ ਦਾ ਮੇਹਨਤਾਨਾਂ ਉਸ ਦੇ ਟੱਬਰ ਦਾ ਗੁਜ਼ਾਰਾ ਨਹੀਂ ਸੀ ਕਰ ਸਕਦਾ ਕਿੳਂਕਿ ਇਸ ਦੌਰਾਨ ਧਨੀ ਰਾਮ ਬੀਬੀ ਗੁਰਮੇਲ ਕੌਰ ਨਾਲ ਵਿਆਹਿਆ ਵੀ ਗਿਆ ਸੀ ਤੇ ਦੋ ਧੀਆਂ ਅਮਨਦੀਪ ਕੌਰ ਅਤੇ ਕਮਲਦੀਪ ਕੌਰ ਦਾ ਬਾਪ ਵੀ ਬਣ ਚੁੱਕਿਆ ਸੀ। ਹੁਣ ਉਸ ਨੇ ਆਪ ਆਪਣੇ ਨਾਂ ਤੇ ਆਪਣੀ ਸੰਗੀਤ ਮੰਡਲੀ ਬਣਾਉਣ ਦੀ ਠਾਣ ਲਈ। ਉਸ ਨੇ ਆਪਣਾ ਵਪਾਰਕ ਨਾਮ ਅਮਰ ਸਿੰਘ ਚਮਕੀਲਾ ਰੱਖਿਆਂ ਕਿਉਂਕਿ ਗਾਉਣ ਵਾਲੇ ‘ਰੰਗੀਲੇ ਜੱਟ’ ਜੋ ਉਸ ਦਾ ਆਦਰਸ਼ ਅਤੇ ਰੋਲ ਮਾਡਲ ਵੀ ਸੀ ਤੋਂ ਧਨੀ ਰਾਮ ਬਹੁਤ ਪ੍ਰਭਾਵਤ ਸੀ। ਲੁਧਿਆਣੇ ਬੱਸ ਅੱਡੇ ਦੇ ਸਾਹਮਣੇ ਮੋਗੇ ਵਾਲੇ ਵੈਦਾਂ ਦੇ ਚੁਬਾਰਿਆਂ ਵਿੱਚ ਉਸ ਨੇ ਆਪਣਾ ਦਫਤਰ ਵੀ ਬਣਾ ਲਿਆ।
ਪਹਿਲੀ ਜੋੜੀ ਉਸ ਨੇ ਗਾਇਕਾ ਸੁਰਿੰਦਰ ਸੋਨੀਆਂ ਨਾਲ ਬਣਾਈ। ਜਦੋ ਚਮਕੀਲੇ ਅਤੇ ਸੁਰਿੰਦਰ ਸੋਨੀਆਂ ਦਾ ਪਹਿਲਾ ਐਲ ਪੀ ਚਰਨਜੀਤ ਅਹੂਜਾ ਦੇ ਸੰਗੀਤ ਵਿੱਚ ਪਰੋਇਆ ਮਾਰਕੀਟ ਵਿੱਚ ਆਇਆ ਤਾਂ ਸਰੋਤਿਆ ਨੇ ਇਸ ਜੋੜੀ ਨੂੰ ਹੱਥੋ ਹੱਥੀ ਚੁੱਕ ਲਿਆ। ਇਸ ਐਲ ਪੀ ਵਿੱਚ ਚਮਕੀਲੇ ਦੇ ਆਪਣੇ ਲਿਖੇ, ਕੰਪੋਜ਼ ਕੀਤੇ ਅਤੇ ਗਾਏੇ ਅੱਠ ਦੋ-ਗਾਣੇ ਸਨ। 1979 ਵਿੱਚ ਆਏ ਇਸ ਇਸ ਐਲ ਪੀ ਨੇ ਚਮਕੀਲੇ ਨੂੰ ਰਾਤੋ ਰਾਤ ਸਟਾਰ ਗਾਇਕ ਦੇ ਰੁੱਤਬੇ ਤੇ ਲਿਆ ਖੜ੍ਹਾ ਕੀਤਾ। ਉਸ ਦੇ ਗੀਤਾਂ ਨੂੰ ਸਰੋਤਿਆਂ ਨੇ ਜੀ ਆਇਆਂ ਆਖਿਆਂ ਤੇ ਛੇਤੀ ਹੀ ਗੀਤਾਂ ਦੇ ਮੁੱਖੜੇ ਲੋਕਾਂ ਦੀ ਜ਼ੁਬਾਨ ਤੇ ਚੱੜ੍ਹ ਗਏ। ਸੁਰਿੰਦਰ ਸੋਨੀਆਂ ਨਾਲ ਉਸ ਦੀ ਜੋੜੀ 1980 ਵਿੱਚ ਛੇਤੀ ਹੀ ਟੁੱਟ ਗਈ ਤੇ ਨਵੀਂ ਸਾਥਣ ਗਾਇਕ ਆ ਰਲੀ ਮਿਸ ਊਸ਼ਾ। ਮਿਸ ਊਸ਼ਾ ਸ਼ਾਇਦ ਚਮਕੀਲੇ ਦੀ ਬੁਲੰਦ ਅਵਾਜ਼ ਦੇ ਮੇਚ ਦੀ ਨਹੀਂ ਸੀ ਇਹ ਜੋੜੀ ਵੀ ਬਹੁਤਾ ਚਿਰ ਹੰਢਣ ਸਾਰ ਸਾਬਤ ਨਾ ਹੋਈ। ਏਸੇ ਹੀ ਸਾਲ ਚਮਕੀਲੇ ਨੇ ਅਖੀਰ ਆਪਣੇ ਨਾਲ ਮਰਣ ਤੱਕ ਗਾਉਣ ਵਾਲੀ ਅਮਰਜੋਤ ਨੂੰ ਜਾ ਲੱਭਿਆ। ਉਹਨਾਂ ਦਿਨਾਂ ਵਿੱਚ ਅਮਰਜੋਤ ਮਿਸ ਪੂਜਾ ਦੇ ਨਾਂ ਤੇ ਗਾਇਕੀ ਦੇ ਖੇਤਰ ਵਿੱਚ ਹੱਥ ਪੈਰ ਮਾਰ ਰਹੀ ਸੀ ਉਸ ਨੇ ਗਾਇਕੀ ਦੇ ਖੇਤਰ ਵਿੱਚ ਬੁਲੰਦੀ ਹਾਸਲ ਕਰਨ ਲਈ ਆਪਣਾ ਦੰਪਤੀ ਜੀਵਨ ਵੀ ਆਪਣੇ ਸ਼ੌਂਕ ਲਈ ਦਾਅ ਤੇ ਲਾ ਦਿੱਤਾ ਸੀ ਤੇ ਹੁਣ ਉਹ ਤਲਾਕ-ਸ਼ੁਦਾ ਸੀ। ਚਮਕੀਲੇ ਨੂੰ ਮਿਲਣ ਸਮੇਂ ਉਹ ਕੁਲਦੀਪ ਮਾਣਕ ਨਾਲ ਗਾ ਰਹੀ ਸੀ ਪਰੰਤੂ ਕੁਲਦੀਪ ਮਾਣਕ ਦੀ ਸਟੇਜ ਤਾਂ ਕਲੀਆਂ ਦੇ ਬਾਦਸ਼ਾਹ ਮਾਣਕ ਜੋਗੀ ਹੀ ਸੀ ਉਥੇ ਮਿਸ ਪੂਜਾ ਦਾ ਕੀ ਵੱਟੀਦਾ ਸੀ ? ਸਾਥਣ ਗਾਇਕਾ ਤਾਂ ਮਾਣਕ ਸਿਰਫ ਸ਼ਰਾਬੀ ਜਾਂਜੀਆਂ ਦੇ ਮਨਪ੍ਰਚਾਵੇ ਲਈ ਹੀ ਲੈ ਕੇ ਜਾਂਦਾ ਸੀ ਵੈਸੇ ਤਾਂ ਉਹ ਇਕੱਲਾ ਹੀ ਬਥੇਰਾ ਸੀ। ਜਿਵੇਂ ਲੰਡੇ ਨੂੰ ਖੁੰਡਾ ਸੌ ਵਲ ਪਾ ਕੇ ਮਿਲ ਹੀ ਪੈਂਦਾ ਹੈ ਉਸੇ ਤਰਾਂ ਚਮਕੀਲੇ ਨੇ ਅਮਰਜੋਤ ਦੀ ਕਲਾ ਪਛਾਣ ਲਈ ਸੀ। ਬਸ ਫਿਰ ਕੀ ਸੀ ਜਦੋਂ ਦੋ ਬੁਲੰਦ ਅਵਾਜ਼ਾਂ ਇਕੱਠੀਆਂ ਪਿੰਡਾਂ ਦੇ ਕੋਠਿਆਂ ਉੱਪਰ ਦੋ ਮੰਜੀਆਂ ਜੋੜ ਕੇ ਲਾਏ ਸਪੀਕਰਾਂ ਵਿੱਚ ਗੂੰਜੀਆਂ ਤਾਂ ਜੋੜੀ ਗਾਇਕੀ ਦੇ ਅਸਮਾਨ ਤੇ ਧਰੂ ਤਾਰੇ ਵਾਂਗੂ ਚਮਕਣ ਲੱਗੀ। ਇਧਰ ਚਮਕੀਲਾ ਤੇ ਉਸ ਦੇ ਗੀਤ ਅਸਮਾਨ ਨੂੰ ਛੂਹਣ ਲੱਗੇ ਸਨ ਤੇ ੳਧਰ ਅੱਤਵਾਦ ਦਾ ਦੈਂਤ ਵੀ ਪੰਜਾਬ ਵਿੱਚ ਦਿਨੋ ਦਿਨ ਹੋਰ ਤੋਂ ਹੋਰ ਪ੍ਰਚੰਡ ਰੂਪ ਵਿੱਚ ਤਾਂਡਵ ਨਾਚ ਕਰਨ ਲੱਗਾ। ਹਰ ਰੋਜ਼ ਪੁਲਿਸ ਅਤੇ ਮੋਟਰਸਾਇਕਲ ਵਾਲੇ ਯੋਧੇ ਆਮ ਜਨ ਸਧਾਰਣ ਨੂੰ ਕੁੱਟ ਮਾਰ ਤੇ ਕਤਲ ਕਰ ਕੇ ਆਪੋ ਆਪਣਾ ਧਰਮ ਕਮਾਈ ਜਾਂਦੇ ਸਨ। ‘ਚਿੱੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ’ ਵਾਲੀ ਸਥਿਤੀ ਬਣੀ ਪਈ ਸੀ। ਇੱਕ ਪਾਸੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਅਖੌਤੀ ਧਰਮੀ ਲੋਕ ਨਸ਼ਾ ਛੁਡਾਉਣ ਤੇ ਖਾੜਕੂ ਸਿੰਘ ਸਜਣ ਸਜਾਉਣ ਦੀ ਮੁਹਿੰਮ ਚਲਾਈ ਜਾਂਦੇ ਸਨ ਤੇ ਦੂਸਰੇ ਪਾਸੇ ਅਮਰ ਸਿੰਘ ਚਮਕੀਲਾ ਇਹ ਗਾਈ ਜਾ ਰਿਹਾ ਸੀ।
“ਜਦ ਚੱਲਿਆ ਨਾ ਕੋਈ ਚਾਰਾ
ਤੇ ਸੁੱਖਾ ਪੀ ਕੇ ਲਿਆ ਨਜਾਰਾ।
ਚਿੱਤ ਬੜਾ ਸੀ ਭਾਰਾ ਭਾਰਾ,
ਮਿਲਦੇ ਅਫੀਮ ਨਾ ਡੋਡੇ ਨੀ,
ਜੇ ਲੈਣਾ ਸੁਰਗ ਦਾ ਝੂਟਾ
ਚੱੜ੍ਹ ਅਮਲੀ ਦੇ ਮੋਢੇ ਨੀ”
ਜਾਂ
ਜੀਹਨੇ ਭੰਗ ਪੋਸਤ ਨਾ ਪੀਤੀ।
ਤੀਂਵੀ ਕੁੱਟ ਕੇ ਸਿੱਧੀ ਨਾਂ ਕੀਤੀ।
ਜੀਹਨੇ ਨਸ਼ਾ ਪਾਣੀ ਨਹੀਂ ਪੀਣਾ।
ਉਸ ਭੱੜੂਏ ਦਾ ਕੀ ਜੀਣਾ।
ਕੰਡਾ ਕੱਢਿਆਂ ਨਾਂ ਜੀਹਨੇ ਭੈਣ ਦੀ ਨਨਾਣ ਦਾ।
ਉਹ ਵੈਲੀ ਕਾਹਦਾ ਕੋੜ੍ਹੀ ਹੈ ਜਹਾਨ ਦਾ।
ਧਰਮੀ ਬੰਦੇ ਮੋਟਰ ਸਾਇਕਲ, ਬੰਬ ਬੰਦੂਕਾਂ ਸਿੱਖਣ ਬਣਾਉਣ ਤੇ ਚਲਾਉਣ ਲਈ ਰਾਗੀਆਂ ਢਾਡੀਆਂ ਨਾਲ ਨੌਜਵਾਨਾਂ ਨੂੰ ਪ੍ਰੇਰ ਰਹੇ ਸਨ ਤੇ ਦਾਹੜੀਆਂ ਕੇਸ ਰੱਖਵਾ ਕੇ ਖਾਲਿਸਤਾਨ ਦੀ ਮੁਹਿੰਮ ਵਿੱਚ ਕੁੱਦਣ ਲਈ ਉਕਸਾ ਰਹੇ ਸਨ। ਇੱਕ ਪਾਸੇ ‘ਧੋਤੀ ਟੋਪੀ ਜਮਨਾ ਪਾਰ’ ਤੇ ਦੂਜੇ ਪਾਸੇ ਕੱਛਾ, ਕੜਾ ਤੇ ਕ੍ਰਿਪਾਨ ਤਿੰਨੋ ਭੇਜੋ ਪਾਕਿਸਤਾਨ’ ਦੇ ਨਾਹਰੇ ਲੱਗ ਰਹੇ ਸਨ। ਪਿੰਡਾਂ ਦੇ ਧਾਰਮਿਕ ਸਥਾਨਾਂ ਤੇ ਨਾਭੇ ਵਾਲੀਆਂ ਬੀਬੀਆਂ ਦਾ ਕਵੀਸ਼ਰੀ ਜੱਥਾ ਜੋਰਾਂ ਸ਼ੋਰਾਂ ਨਾਲ ਖਾੜਕੂ ਸ਼ਹੀਦਾਂ ਦੀਆਂ ਵਾਰਾਂ ਗਾਈ ਜਾ ਰਿਹਾ ਸੀ। ਤੇ ਲੱਗਦਾ ਇੳਂ ਸੀ ਜਿਵੇਂ ਚਮਕੀਲਾ ਇਸ ਬਣੀ ਬਣਾਈ ਖੀਰ ਤੇ ਆਪਣੇ ਗਾਏ ਗੀਤਾਂ ਨਾਲ ਖੇਹ ਪਾਈ ਜਾ ਰਿਹਾ ਸੀ।
“ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ, ਲੱਭਦਾ ਫਿਰੇ ਵੇ ਤੇਰਾ ਕੀ ਖੋਹ ਗਿਆ”
“ਤੇਰੀ ਮਾਂ ਦੀ ਤਲਾਸੀ ਲੈਣੀ ਨੀ ਬਾਪੂ ਸਾਡਾ ਗੁੰਮ ਹੋ ਗਿਆ।
ਜਾਂ
ਘਰ ਸਾਲੀ ਦੇ ਫਿਰਦਾ ਜੀਜਾ।
ਠਰਕ ਭੋਰਦਾ ਫਿਰਦਾ ਜੀਜਾ।
ਪੈਣਾ ਤੇਰੇ ਕੁਛ ਨਹੀਂ ਪੱਲੇ।
ਨਹੀਂ ਵਕਤ ਵੇਹਲੜਾ ਗਾਲੀਦਾ।
ਜੀਜਾ ਵੇ ਤੈਨੂੰ, ਚਸਕਾ ਪੈ ਗਿਆ ਸਾਲੀ ਦਾ।
ਜਾਣ ਜਾਣ ਕੇ, ਪੰਗਾਂ ਲੈਣਾ।
ਘੜੀ ਮੁੜੀ ਨੀ, ਜੀਜੇ ਨਾਲ ਖਹਿਣਾ।
ਜਾਨ ਮੁੱਠੀ ਚੋਂ ਕਿਰ ਜਾਂਦੀ।
ਜਦੋ ਲੰਘਦੀ ਲੱਕ ਲਚਕਾਕੇ ਨੀ।
ਗਲ ਲੱਗ ਜਾ ਸਾਲੀਏ, ਸਾਂਢੂ ਤੋਂ ਅੱਖ ਬਚਾ ਕੇ ਨੀ।
1981 ਵਿੱਚ ਹਿੰਦ ਸਮਾਚਾਰ ਸਮੂਹ ਦੇ ਬਾਨੀ ਲਾਲਾ ਜਗਤ ਨਰਾਇਣ ਦੇ ਦਹਿਸ਼ਤਗਰਦ ਖਾੜਕੂਆਂ ਹੱਥੋਂ ਹੋਏ ਕਤਲ ਤੋਂ ਲੈ ਕੇ ਆਏ ਦਿਨ ਪੰਜਾਬ ਵਿੱਚ ਲੁੱਟਾਂ ਖੋਹਾਂ, ਕਤਲਾਂ, ਉਧਾਲਿਆਂ, ਫਿਰੌਤੀਆਂ ਦਾ ਬਜ਼ਾਰ ਦਿਨੋ ਦਿਨ ਭੱਖਦਾ ਹੀ ਜਾਂਦਾ ਸੀ। ਧਰਮ ਯੁੱਧ ਮੋਰਚਾ ਪੂਰੇ ਜ਼ੋਰਾਂ ਤੇ ਚਲ ਰਿਹਾ ਸੀ। ਪਰ ਚਮਕੀਲਾ ਗਾ ਰਿਹਾ ਸੀ।
ਕੱਚ ਦੇ ਗਿਲਾਸ ਵਿੱਚ ਰੰਗ ਲਾਲ ਨੀ, ਬਾਬਾ ਖੁੱਦੋ ਖੂੰਡੀ ਖੇਡਦਾ ਜਵਾਕਾਂ ਨਾਲ ਨੀ।
ਜਾਂ
ਠੱਤੀਆਂ ਪਿੰਡਾਂ ‘ਚ ਬਣੀ ਮੇਰੀ ਠਾਠ ਨੀ। ਬੁੱਢੜਾ ਨਾ ਜਾਣੀ ਪੱਟ ਦੂ ਚੁਗਾਠ ਨੀ
ਜਿਵੇਂ ਜਿਵੇਂ ਪੰਜਾਬ ਵਿੱਚ ਅੱਤਵਾਦ ਚੜ੍ਹਾਈ ਕਰਦਾ ਜਾ ਰਿਹਾ ਸੀ, ਬਹੁਤੇ ਗਾਉਣ ਅਤੇ ਅਖਾੜੇ ਲਾਉਣ ਵਾਲੇ ਜਰਕਣ ਲੱਗ ਪਏ ਸਨ। ਬਹੁਤਿਆਂ ਨੇ ਤਾਂ ਬੱਸ ਅੱਡੇ ਦੇ ਸਾਹਮਣੇ ਲੱਗੇ ਆਪਣੇ ਬੋਰਡਾਂ ਉੱਪਰ ਚਿੱਟੀ ਕਲੀ ਦੀਆਂ ਕੂਚੀਆਂ ਫੇਰ ਦਿੱਤੀਆਂ ਸਨ। ਇਸ ਦੌਰਾਨ ਦਰਬਾਰ ਸਾਹਿਬ ਉੱਪਰ ਸਰਕਾਰ ਨੇ ਹਮਲਾ ਕਰ ਕੇ ਅਕਾਲ ਤਖਤ ਨੂੰ ਢਹਿ ਢੇਰੀ ਕਰ ਦਿਤਾ। ਫਿਰ ਏਸੇ ਹੀ ਸਾਲ ਇੰਦਰਾ ਗਾਂਧੀ ਦਾ ਕਤਲ ਉਸ ਦੇ ਬਾਡੀ ਗਾਰਡਾਂ ਨੇ ਕਰ ਦਿੱਤਾ, ਜਿਸ ਦੇ ਪ੍ਰਤੀਕਰਮ ਵਜੋਂ ਸਾਰੀ ਦਿੱਲੀ ਹੀ ਮੱਚ ਉੱਠੀ। ਸਾਰੇ ਭਾਰਤ ਵਿੱਚ ਹਜ਼ਾਰਾਂ ਹੀ ਬੇਦੋਸ਼ਿਆਂ ਦਾ ਕਤਲੇਆਮ ਹੋਇਆ। ਸਾਰਾ ਪੰਜਾਬ ਫੌਜ ਅਤੇ ਸੀ ਆਰ ਪੀ ਦੇ ਹਵਾਲੇ ਕਰ ਦਿੱਤਾ ਗਿਆ। ਹਰ ਰੋਜ਼ ਅਣਮਿਥੇ ਸਮੇਂ ਲਈ ਕਰਫਿਊ, ਬੰਦ, ਰੋਸ, ਮੁਜ਼ਾਹਰੇ ਪੰਜਾਬ ਦੇ ਲੋਕਾਂ ਦੀ ਹੋਣੀ ਬਣ ਗਏ। ਪਰ ਚਮਕੀਲਾ ਅਜੇ ਵੀ ਗਾ ਰਿਹਾ ਸੀ।
ਨੀ ਮੈਂ ਰੀਠੇ ਖੇਡਣ ਲਾ ਲੀ ਨੀ, ਕੰਤ ਨਿਆਣੇ ਨੇ।
ਜਾਂ
ਹਾਏ ਸੋਹਣੀਏ ਨੀ ਤੈਨੂੰ ਘੁੱਟ ਕੇ ਕਾਲਜੇ ਲਾਉਣ ਨੂੰ ਨੀ ਮੇਰਾ ਜੀ ਕਰਦਾ।
ਲੋਕ ਚਮਕੀਲੇ ਤੋਂ ਪੁੱਛ ਕੇ ਆਪਣੇ ਵਿਆਹਾਂ ਦੀਆਂ ਤਰੀਕਾਂ ਤੇ ਸਾਹੇ ਬੰਨਣ ਲੱਗ ਪਏ। ਉਹ ਤਿੰਨ ਤਿੰਨ ਅਖਾੜੇ ਦਿਹਾੜੀ ਦੇ ਲਾਉਣ ਲੱਗ ਪਿਆ। ਖਾੜਕੂਆਂ ਨੇ ਕੋਡ ਔਫ ਕਡੰਕਟ ਦੀਆਂ ਦਹਿਸ਼ਤੀ ਚਿੱਠੀਆਂ ਪੰਜਾਬ ਦੇ ਸਕੂਲਾਂ, ਕਾਲਜਾਂ ਅਖ਼ਬਾਰਾਂ, ਰੇਡੀਉ, ਦੂਰਦਰਸ਼ਨ ਤੇ ਹੋਰ ਪਬਲਿਕ ਅਦਾਰਿਆਂ ਦੇ ਅਫਸਰਾਂ ਨੂੰ ਪਾਉਣੀਆਂ ਸ਼ੂਰੁ ਕਰ ਦਿੱਤੀਆਂ। ਹਰ ਬੁੱਧੀਜੀਵੀ, ਗੀਤਕਾਰ, ਨਾਟਕਕਾਰ, ਪੱਤਰਕਾਰ, ਸਿਆਸੀ ਲੀਡਰ, ਸਿੱਖ, ਹਿੰਦੂ, ਮੁਸਲਮਾਨ ਜੋ ਵੀ ਪੰਜਾਬ ਦੇ ਲੋਕਾਂ ਵਿੱਚ ਆਪਸੀ ਭਾਈਚਾਰੇ ਅਤੇ ਸਦ-ਭਾਵਨਾ ਦੀ ਗੱਲ ਕਰਦਾ ਸੀ ਖਾੜਕੂਆਂ ਦਹਿਸ਼ਤਗਰਦਾ ਦੀ ਹਿੱਟ ਲਿਸਟ ਉੱਪਰ ਸੀ ਇੱਥੋਂ ਤੱਕ ਲਲਾਰੀਆਂ, ਨਾਈਆਂ, ਝੱਟਕਈਆਂ, ਸਿਗਰਟਾਂ, ਸ਼ਰਾਬ, ਗੀਤ-ਸੰਗੀਤ ਦੀਆਂ ਕੈਸਟਾਂ ਵੇਚਣ ਵਾਲਿਆਂ ਨੇ ਆਪਣੇ ਧੰਦੇ ਠੱਪ ਕਰ ਦਿੱਤੇ ਸਨ। ਸ਼ਹਿਰਾਂ ਵਿੱਚ ਹਾਰ ਸ਼ਿੰਗਾਰ ਅਤੇ ਅਤਰ ਫੁਲੇਲ ਵਾਲੇ ਭੀੜੇ ਬਜ਼ਾਰ ਜੋ ਕਦੀ ਪੰਜਾਬ ਦੀਆਂ ਜਵਾਨ ਨੱਢੀਆਂ ਦੇ ਟੋਲਿਆਂ ਨਾਲ ਰਾਤ ਦੇ ਨੌ ਵਜੇ ਤੱਕ ਭਰੇ ਹੁੰਦੇ ਸਨ, ਹੁਣ ਚਾਰ ਵਜੇ ਤੋਂ ਬਾਅਦ ਭਾਂਅ ਭਾਂਅ ਕਰਨ ਲੱਗ ਪਏ ਸਨ। ਮੋਚਨੇ, ਬਲੇਡ, ਸੁਰਖੀ, ਨੌਹ ਪਾਲਿਸ਼, ਪਾਉਡਰ, ਰੰਗ ਬਰੰਗੀਆਂ ਵੰਗਾਂ ਦੇ ਡੱਬੇ ਦੁਕਾਨਦਾਰਾਂ ਨੇ ਪਿਛਲੇ ਅੰਦਰੀ ਸਾਂਭ ਦਿੱਤੇ ਸਨ। ਇਥੌਂ ਤੱਕ ਟਿੱਕੀਆਂ ਗੋਲ ਗੱਪਿਆ ਵਾਲੇ ਬਿਹਾਰੀ ਬੰਗਾਲੀ ਲੋਕ ਵੀ ਬਜ਼ਾਰਾਂ ਵਿੱਚੋਂ ਪੱਤਰੇ ਵਾਚ ਗਏ ਸਨ.ਤਿੱਖੀ ਕਟਾਰ ਵਰਗੀਆਂ ਸੇਹਲੀਆਂ ਦੀ ਥਾਂ ਤੇ ਹੁਣ ਮੋਟ੍ਹੇ ਭਰਵੱਟਿਆਂ ਦਾ ਰਾਜ ਸੀ। ਪੰਜਾਬਣਾਂ ਦੀਆਂ ਲੰਮੀਆਂ ਸਰੀਰ ਦੇ ਅੱਧ ਤੱਕ ਆੳਂਦੀਆਂ ਗੱਜ ਗੱਜ ਲੰਮੀਆਂ ਰੰਗ ਬਰੰਗੇ ਪਰਾਂਦਿਆਂ ਨਾਲ ਸੱਜੀਆਂ ਗੁੱਤਾਂ ਹੁਣ ਪੀਲੇ ਦੁਪੱਟਿਆਂ ਥੱਲੇ ਅੱਧ ਮੋਏ ਨਾਗਾਂ ਵਾਂਗ ਸਹਿਕ ਰਹੀਆਂ ਸਨ ਜਾਂ ਫਿਰ ਸਿਰਾਂ ਉੱਪਰ ਜੂੜਿਆਂ ਦੇ ਰੂਪ ਵਿੱਚ ਉੱਗ ਆਈਆਂ ਸਨ। ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚੋ ਨਿੱਕੇ ਤੋਂ ਲੈ ਕੇ ਵੱਡਾ ਕਾਰੋਬਾਰੀ ਬੰਦਾ ਦਹਿਸ਼ਤ ਦਾ ਮਾਰਿਆ ਆਪਣਾ ਧੰਦਾ ਮਹਿੰਗਾ ਸਸਤਾ ਵੇਚ ਕੇ ਅੱਖਾਂ ਵਿੱਚ ਹੈਰਾਨੀ ਦੇ ਅੱਥਰੂ ਲਈ ਹਰਿਆਣੇ ਦਿੱਲੀ ਵੱਲ ਪਲਾਇਨ ਕਰਦਾ ਜਾ ਰਿਹਾ ਸੀ। ਖਾੜਕੂਆਂ, ਦਹਿਸ਼ਤਗਰਦਾਂ ਦੀ ਖਿੱਚੀ ਕੋਡ ਔਫ ਕਡੰਕਟ ਦੀ ਲੀਕ ਨਾਲ ਮੇਚ ਨਾ ਆਉਣ ਵਾਲੇ ਅਖ਼ਬਾਰਾਂ ਦੇ ਮਾਲਕਾਂ, ਪੱਤਰਕਾਰਾਂ, ਇਥੋ ਤੱਕ ਅਖ਼ਬਾਰ ਵੰਡਣ ਵਾਲੇ ਗ਼ਰੀਬ ਹਾਕਰ ਏ ਕੇ ਸੰਤਾਲੀ ਦੀਆਂ ਮੁਫਤ ਇੰਮਪੋਰਟ ਹੋਈਆਂ ਵਿਦੇਸ਼ੀ ਗੋਲੀਆਂ ਦਾ ਸ਼ਿਕਾਰ ਬਣਨ ਲੱਗ ਪਏ ਸਨ। ਦਹਿਸ਼ਤਗਰਦਾਂ ਖਾੜਕੂਆਂ ਨੇ ਕੋਡ ਔਫ ਕਡੰਕਟ ਨੂੰ ਨਾ ਮੰਨਣ ਵਾਲੇ ਲੋਕਾਂ ਨੂੰ ਝੂਟੇ ਦੇਣੇ ਤੇ ਗੱਡੀ ਚਾਹੜਨਾ ਰੂਟੀਨ ਵਿੱਚ ਸ਼ੂਰੁ ਕਰ ਦਿੱਤਾ ਸੀ।
ਫਿਰ ਇੱਥੇ ਚਮਕੀਲਾ ਕਿਹੜੇ ਬਾਗ ਦੀ ਮੂਲੀ ਸੀ। ਉਸ ਸਮੇਤ ਸਾਰੇ ਹੋਰ ਗਾਉਣ ਵਾਲਿਆ ਨੂੰ ਵੀ ਦਹਿਸ਼ਤੀ ਰੁੱਕੇ ਆਉਣ ਲੱਗੇ। ਬਹੁਤ ਸਾਰੇ ਮਸ਼ਹੂਰ ਗਾਇਕ ਚੁੱਪ ਸਾਧ ਗਏ, ਕਈ ਵਿਦੇਸ਼ਾਂ ਵਿੱਚ ਜਾ ਕੇ ਬੈਠ ਗਏ ਤੇ ਕਈ ਨਾਮੀ ਗਾਇਕ ਬੰਬੇ ਜਾ ਕੇ ਫਿਲਮਾਂ ਵਿੱਚ ਮਾੜੇ ਮੋਟੇ ਹੱਥ ਪੈਰ ਮਾਰਨ ਲੱਗ ਪਏ। ਪਰ ਚਮਕੀਲਾ ਅਜੇ ਵੀ ਪਿੰਡਾਂ ਵਿੱਚ ਪੰਜਾਬ ਪੁਲੀਸ ਵੱਲੋਂ ਲੋਕਾਂ ਵਿੱਚੋ ਖਾੜਕੂਆਂ ਦੀ ਦਹਿਸ਼ਤ ਚੁੱਕਣ ਦੇ ਮਨਸੂਬੇ ਨਾਲ ਲਵਾਏ ਖਾੜਿਆਂ ਵਿੱਚ ਲਗਾਤਾਰ ਮੁਫਤ ਗਾ ਰਿਹਾ ਸੀ ਜਾਂ ਉਸ ਤੋਂ ਗਵਾਇਆ ਜਾ ਰਿਹਾ ਸੀ। ਉਸ ਨੂੁੰ ਲਗਾਤਾਰ ਦਹਿਸ਼ਤੀ ਚਿੱਠੀਆਂ ਆ ਰਹੀਆਂ ਸਨ । ਜੇ ਉਹ ਲੱਚਰ ਗਾਉਣੋਂ ਨਾ ਰੁਕਿਆ ਤਾਂ ਉਸ ਨੂੰ ਸੋਧ ਦਿੱਤਾ ਜਾਵੇਗਾ। ਇੱਕ ਸਾਲ ਚਮਕੀਲਾ ਬਿਲਕੁਲ ਮੌਨ ਧਾਰ ਗਿਆ। ਸਾਲ ਬਾਅਦ ਚਮਕੀਲੇ ਤੇ ਅਮਰਜੋਤ ਦੇ ਤਿੰਨ ਧਾਰਮਿਕ ਐਲ ਪੀ ਮਾਰਕੀਟ ਵਿੱਚ ਆਏ।
ਬਾਬਾ ਤੇਰਾ ਨਨਕਾਣਾ।
ਤਲਵਾਰ ਮੈ ਕਲਗੀਧਰ ਦੀ ਹਾਂ।
ਨਾਮ ਜੱਪ ਲੈ।
ਦੂਜੇ ਗੀਤਾਂ ਵਾਂਗ ਇਹ ਧਾਰਮਿਕ ਗੀਤ ਵੀ ਰਾਤੋ ਰਾਤ ਲੋਕਾਂ ਦੀ ਜੁਬਾਨ ਤੇ ਚੜ੍ਹ ਗਏ। ਇਨਾਂ ਤਿੰਨਾਂ ਹੀ ਐਲ ਪੀਆਂ ਦੀ ਰਇਲਟੀ ਵਿੱਚੋ ਚਮਕੀਲੇ ਨੇ ਇੱਕ ਧੇਲਾ ਵੀ ਨਹੀਂ ਲਿਆ। ਸਾਰਾ ਲਾਭ ਸਥਾਨਕ ਗੁਰੂਦਵਾਰਿਆਂ ਅਤੇ ਧਾਰਮਿਕ ਸਥਾਨਾਂ ਨੂੰ ਦਾਨ ਦੇ ਰੂਪ ਵਿੱਚ ਭੇਂਟ ਕਰ ਦਿੱਤਾ। ਦਲੀਲ ਚਮਕੀਲੇ ਦੀ ਇਹ ਸੀ ਕਿ ਜੇ ਪ੍ਰਮਾਤਮਾ ਸੱਚੇ ਪਾਤਸ਼ਾਹ ਨੇ ਉਸ ਨੂੰ ਏਡੀ ਬੁਲੰਦ ਅਵਾਜ਼ ਦਿੱਤੀ ਹੈ ਤਾਂ ਉਸ ਦਾ ਵੀ ਗੁਰੂਆਂ ਪ੍ਰਤੀ ਕੁਝ ਫਰਜ਼ ਬਣਦਾ ਹੈ, ਜਿੰਨਾ ਨੇ ਕੌਮ ਲਈ ਸਰਬੰਸ ਵਾਰ ਦਿੱਤਾ ਸੀ। ਪਿੰਡ ਮਹਿਸਮਪੁਰ ਮੌਤ ਦੀ ਆਖਰੀ ਸਟੇਜ ਤੱਕ ਪਹੁੰਚਦਿਆਂ ਚਮਕੀਲੇ ਤੇ ਅਮਰਜੋਤ ਦੀ ਜੋੜੀ ਨੇ ਚਮਕੀਲੇ ਦੇ ਲਿਖੇ ਨੱਬੇ ਗੀਤ ਰਿਕਾਰਡ ਕਰਵਾ ਦਿੱਤੇ ਸਨ ਅਤੇ ਦੋ ਸੌ ਦੇ ਕਰੀਬ ਗੀਤ ਚਮਕੀਲੇ ਨੇ ਹੋਰ ਲਿਖੇ ਪਏ ਸਨ। ਇੱਕ ਢੋਲਕੀ, ਦੂਜਾ ਹਾਰਮੋਨੀਅਮ, ਤੇ ਤੀਜੀ ਤੂੰਬੀ ਤੋ ਵੱਧ ਇਸ ਬੁਲੰਦ ਅਵਾਜ਼ ਦੇ ਮਾਲਕ ਗਾਇਕ ਨੂੰ ਹੋਰ ਕੁੱਝ ਵੀ ਨਹੀਂ ਚਾਹੀਦਾ ਸੀ। ਚਮਕੀਲਾ ਕਲਮ ਅਤੇ ਅਵਾਜ਼ ਦਾ ਧਨੀ ਸੀ। ਚਮਕੀਲੇ ਦੇ ਗੀਤ ਪੰਜਾਬੀ ਫਿਲਮਾਂ ਲਈ ਵੀ ਚੁਣੇ ਜਾਣ ਲੱਗੇ। ‘ਪਹਿਲੇ ਲਲਕਾਰੇ ਨਾਲ ਮੈ ਡਰ ਗਈ’ 1987 ਵਿੱਚ ਬਣੀ ਫਿਲਮ ‘ਪਟੋਲਾ’ ਦਾ ਸਾਊਂਡ ਟਰੈਕ ਸੀ। ‘ਮੇਰਾ ਜੀ ਕਰਦਾ’ ਇਹ ਦੂਜਾ ਗੀਤ ਉਸ ਨੇ ਪੰਜਾਬੀ ਫਿਲਮ ‘ਦੁਪੱਟੇ’ ਲਈ ਗਾਇਆ। ਇਹ ਦੋਵੇ ਫਿਲਮਾਂ ਚਮਕੀਲੇ ਦੇ ਗੀਤਾਂ ਅਤੇ ਫਿਲਮ ਵਿੱਚ ਵਿਖਾਏ ਚਮਕੀਲੇ ਅਤੇ ਅਮਰਜੋਤ ਦੇ ਅਖਾੜੇ ਕਰ ਕੇ ਸੁਪਰ ਹਿੱਟ ਹੋਈਆਂ। ਚਮਕੀਲੇ ਨੇ ਦੂਰਦਰਸ਼ਨ ਤੇ ਵੀ ਗਾਇਆ। ਜਿਸ ਦਿਨ ਚਮਕੀਲੇ ਦੇ ਕਤਲ ਦੀ ਖ਼ਬਰ ਅਖ਼ਬਾਰਾਂ ਵਿੱਚ ਛਪੀ ਸਰਕਾਰੀ ਅਦਾਰੇ ਦੂਰਦਰਸ਼ਨ ਦੇ ਪ੍ਰਬੰਧਕਾਂ ਨੇ ਡੱਰਦਿਆਂ ਅਗਲੇ ਦਿਨ ਹੀ ਚਮਕੀਲੇ ਦੀ ਵੀਡੀਉ ਹਵਾ ਵਿੱਚੋਂ ਗਾਇਬ ਕਰ ਦਿਤੀ। ਗ਼ਰੀਬ ਕਲਾਕਾਰ ਮਾਰਿਆ ਗਿਆ ਜਿਹੋ ਜਿਹਾ ਕਾਂ ਬਿਜਲੀ ਦੀ ਤਾਰ ਨਾਲ ਲੱਗ ਕੇ ਮਰ ਗਿਆ। ਸਾਥਣ ਗਇਕਾ ਅਮਰਜੋਤ ਅਤੇ ਸਾਥੀ ਸਾਜਿੰਦੇ ਵੀ ਮਾਰੇ ਗਏ ਆਖਿਰ ਕਿੳਂ……?
ਸਰਕਾਰੀ ਕਾਗਜ਼ਾਂ ਵਿੱਚ ਅਮਰ ਸਿੰਘ ਚਮਕੀਲੇ ਦਾ ਕਤਲ ਅੱਜ ਤੱਕ ਵੀ ਅਣਸੁਲਝਿਆ ਕਤਲ ਹੈ। ਪਰੰਤੂ ਕਿਆਫੇ ਇੳਂ ਹਨ।
ਅਖੇ,
1 ਚਮਕੀਲਾ ਲੱਚਰ ਗਾੳਂਦਾ ਸੀ ਜਾਂ ਗਾ ਕੇ ਖਾੜਕੂਆਂ ਦੀ ਦਹਿਸ਼ਤ ਦੀ ਕਾਲੀ ਛੱਤਰੀ ਵਿੱਚ ਮਘੋਰਾ ਕਰਦਾ ਸੀ। ਸ਼ਇਦ ਤਾਂ ਹੀ ਖਾੜਕੂਆਂ ਨੇ ਸੋਧ ਦਿੱਤਾ ?
2 ਅਮਰਜੋਤ ਤਰਖਾਣੀ ਜਾਂ ਜੱਟੀ ਸੀ ? ਧਨੀ ਰਾਮ ਉਰਫ ਅਮਰ ਸਿੰਘ ਚਮਕੀਲਾ ਚਮਿਆਰ ਸੀ। ਇਹ ਰਿਸ਼ਤਾ ਅਮਰਜੋਤ ਦੇ ਘਰ ਵਾਲਿਆਂ ਨੂੰ ਪਸੰਦ ਨਹੀਂ ਸੀ, ਸ਼ਾਇਦ ਅਮਰਜੋਤ ਦੇ ਮਾਪਿਆਂ ਨੇ ਇਹ ਕਤਲ ਕਰਵਾਏ ਹੋਣ ?
3 ਕੁਸ਼ ਲੋਕ ਇੳਂ ਵੀ ਕਹਿ ਰਹੇ ਹਨ। ਸਮਕਾਲੀ ਗਾਇਕਾਂ ਜੋ ਚਮਕੀਲੇ ਦੀ ਚੜ੍ਹਾਈ ਨਾਲ ਹੱਸਦ ਕਰਦੇ ਸਨ ਉਨ੍ਹਾਂ ਨੇ ਸੁਪਾਰੀ ਦੇ ਕੇ ਚਮਕੀਲੇ ਦਾ ਕਤਲ ਕਰਵਾ ਦਿੱਤਾ ਤਾਂ ਜੋ ਮੈਦਾਨ ਉਨ੍ਹਾਂ ਲਈ ਸਾਫ ਹੋ ਸਕੇ ?
ਪਰ ਭੱਠੇ ਦੀ ਚਿਮਨੀ ਵਰਗਾ ਧੂੰਆਂ ਛੱਡਦਾ ਸਵਾਲ ਮੱਗਰਮੱਛ ਜਿੱਡਾ ਮੂੰਹ ਅੱਡੀ ਅੱਜ ਬਾਈ ਸਾਲ ਬਾਅਦ ਵੀ ਉਵੇਂ ਦਾ ਉਵੇਂ ਹੀ ਕਾਲੇ ਨਾਗ ਵਾਂਗ ਫੰਨ੍ਹ ਖਿਲਾਰੀ ਖਲੋਤਾ ਹੈ। ਕਿੳਂ ਤੇ ਕਿੳਂ ਸਿਰਫ ਚਮਕੀਲੇ ਦਾ ਹੀ ਇਸ ਅਖੌਤੀ ਲੱਚਰਤਾ ਦੇ ਦੋਸ਼ ਵਿੱਚ ਬੇਦਰਦੀ ਨਾਲ ਕਤਲ ? ਅਖੇ ਚਮਕੀਲਾ ਲੱਚਰ ਗਾਉਂਦਾ ਸੀ।…… ਚਮਕੀਲੇ ਦੇ ਅਖਾੜਿਆਂ ਨੂੰ ਪਿੰਡਾ ਦੇ ਸ਼ੌਂਕੀ ਜਵਾਨ ਤੇ ਸਮਰੱਥਾਵਾਨ ਗੱਭਰੂ ਹੀ ਆਪਣੇ ਵਿਆਹਾਂ ਤੇ ਚਾਰ ਚਾਰ ਹਜ਼ਾਰ ਰੁਪਈਆ ਤਿੰਨ ਤਿੰਨ ਮਹੀਨੇ ਪਹਿਲਾਂ ਪੂਰਾ ਅਡਵਾਂਸ ਦੇ ਕੇ ਲਗਵਾਉਂਦੇ ਸਨ। ਵਿਆਹ ਵਾਲੇ ਦੋਵੇਂ ਘਰ ਹੀ ਚਮਕੀਲੇ ਦੇ ਅਖਾੜੇ ਲਈ ਸਹਿਮਤ ਹੁੰਦੇ ਸਨ। ਦੋਹਾਂ ਹੀ ਘਰਾਂ ਦੇ ਪਰਵਾਰ ਆਪਣੇ ਬੱਚਿਆਂ, ਔਰਤਾਂ ਸਮੇਤ ਅਖਾੜੇ ਵਿੱਚ ਹਾਜ਼ਰ ਹੋ ਕੇ ਉਸ ਦੇ ਗੀਤ, ਜੋ ਉਨ੍ਹਾਂ ਦੀ ਹੀ ਸਮਝ ਵਿੱਚ ਆਉਣ ਵਾਲੀ ਪੇਂਡੂ ਭਾਸ਼ਾ ਵਿੱਚ ਹੁੰਦੇ ਸਨ, ਸੁਣਦੇ ਸਨ, ਅਨੰਦ ਮਾਣਦੇ ਸਨ ਤੇ ਹੱਸ ਛੱਡਦੇ ਸਨ। ਮੈਂ ਅੱਜ ਤੱਕ ਕਿਤੇ ਵੀ ਇਹ ਨਹੀਂ ਸੁਣਿਆ ਕਿ ਕਿਸੇ ਆਦਮੀ ਨੇ ਚਮਕੀਲੇ ਦਾ ਅਖਾੜਾ ਵੇਖ ਕੇ ਰਾਹ ਜਾਂਦੀ ਕਿਸੇ ਔਰਤ ਨਾਲ ਬਲਾਤਕਾਰ ਕਰ ਲਿਆ ਹੋਵੇ। ਜੇ ਚਮਕੀਲਾ ਪਿੰਡਾਂ ਦੇ ਸਧਾਰਣ ਲੋਕਾਂ ਨੂੰ ਗਾਉਂਦਾ ਲੱਚਰ ਪ੍ਰਤੀਤ ਹੁੰਦਾ ਤਾਂ ਉਸ ਦਾ ਕਤਲ ਪਿੰਡਾਂ ਦੀਆਂ ਮਾਤਾਵਾਂ ਜਾ ਬਜ਼ੁਰਗਾਂ ਨੇ ਆਪਣਿਆਂ ਖੂੰਡਿਆਂ ਜਾਂ ਤੰਦੂਰ ਵਿੱਚ ਅੱਗ ਹਿਲਾਉਣ ਵਾਲੇ ਧੂੰਆਂ ਛੱਡਦੇ ਕੁੱਢਣਾ ਜਾਂ ਖੁੱਲਣੀਆਂ ਨਾਲ ਕਰਨਾ ਸੀ ਨਾ ਕਿ ਸਮਾਜ ਦੇ ਅਖੌਤੀ ਠੇਕੇਦਾਰਾਂ, ਏ ਕੇ ਸੰਤਾਲੀ ਵਾਲਿਆਂ ਨੇ। ਜੇ ਇਸੇ ਹੀ ਲੱਚਰਤਾ ਵਾਲੇ ਗਜ ਨਾਲ ਮਿਣ ਕੇ ਲੇਖਕਾਂ, ਗਾਇਕਾਂ, ਕਲਾਕਾਰਾਂ ਦਾ ਕਤਲ ਜਾਇਜ਼ ਹੈ ਤਾਂ ਸੱਭ ਤੋਂ ਪਹਿਲਾਂ ਅੱਜ ਤੋਂ ਚੌਵੀ ਸੌ ਸਾਲ ਪਹਿਲਾ ਲਿਖੇ ਜਗਤ ਪ੍ਰਸਿੱਧ ਗਰੰਥ ਕਾਮ-ਸੂਤਰ ਦੇ ਲੇਖਕ ਮਹਾਰਿਸ਼ੀ ਮਾਲੰਗਾ ਵਾਤਸਿਆਨ ਨੂੰ ਗੋਲੀ ਮਾਰਨੀ ਚਾਹੀਦੀ ਸੀ ਤੇ ਫਿਰ ਦਸਮ ਗਰੰਥ ਵਿੱਚ ਦਰਜ ਚਰਿਤ੍ਰੋਪਾਖਿਆਨ ਦੇ ਲੇਖਕ ਨੂੰ ਦੁਗਾੜਾ ਵੱਜਣਾ ਚਾਹੀਦਾ ਸੀ । ਉਸ ਤੋਂ ਬਾਅਦ ਹੀਰ ਦੇ ਰਚੇਤਾ ਵਾਰਸ ਸ਼ਾਹ ਦੀ ਵਾਰੀ ਆਉਂਦੀ ਹੈ, ਬੰਬ ਨਾਲ ਉਡਾਉਣ ਦੀ ਤੇ ਫਿਰ ਭਾਵੇਂ ਚਮਕੀਲੇ ਤੇ ਐਟਮ-ਬੰਬ ਵੀ ਸੁੱਟ ਦਿੰਦੇ। ਹੋਰ ਵੀ ਬਥੇਰੇ ਗਇਕ ਜੀਜਾ ਸਾਲੀ, ਦਿਉਰ ਭਰਜਾਈ, ਕੁੜਮ ਕੁੜਮਣੀਆਂ ਬਾਰੇ ਪੁੱਠੀਆਂ ਸਿੱਧੀਆਂ ਤਾਰਾਂ ਜੋੜਨ ਵਾਲੇ ਗੀਤ ਗਾਈ ਜਾਂਦੇ ਸਨ। ਰੋਜ਼ ਦੇ ਦੋ-ਗਾਣੇ ਸੁਣਨ ਵਾਲਿਆਂ ਵਾਸਤੇ ਇਹ ਜਾਣਕਾਰੀ ਦੇਣੀ ਕੋਈ ਜਰੂਰੀ ਨਹੀਂ ਹੈ। ਸਰਕਾਰੀ ਕਗਜ਼ਾ ਵਿੱਚ ਚਮਕੀਲੇ ਦਾ ਦਿਨ ਦਿਹਾੜੇ ਕੀਤਾ ਕਤਲ ਅਣਸੁਲਝਿਆ ਕੇਸ ਹੈ.. ਅਣ-ਸੁਲਝਿਆ ਕੇਸ ਤਾਂ 23 ਜੂਨ 1985 ਨੂੰ ਟੋਰਾਂਟੋ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ 182 ਨੰਬਰ ਫਲਾਇਟ ਦਾ ਵੀ ਹੈ ਜੋ 329 ਮੁਸਾਫਰਾਂ ਸਮੇਤ ਵਿੱਚ ਰੱਖੇ ਬੰਬ ਦੇ ਫਟਣ ਦੀ ਵਜ੍ਹਾ ਨਾਲ ਖੱਖੜੀਆਂ ਕਰੇਲੇ ਹੋ ਕੇ ਸਮੁੰਦਰ ਵਿੱਚ ਡਿੱਗ ਪਈ ਸੀ । ਬੰਬ ਘਾੜਾ ਅਜੇ ਵੀ ਲਗਾਤਾਰ ਸੌਂਹਾਂ ਖਾ ਖਾ ਕੇ ਅਦਾਲਤ ਵਿੱਚ ਝੂਠ ਬੋਲ ਰਿਹਾ ਹੈ। ਅਣਸੁਲਝਿਆ ਮਸਲਾ, ਪੰਜਾਬ ਵਿੱਚ ਹਜ਼ਾਰਾਂ ਬਕਸੂਰੇ ਸਿੱਖ, ਹਿੰਦੂ ਤੇ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੇ ਕਾਮਰੇਡਾਂ, ਜਿੰਨ੍ਹਾਂ ਦਾ ਸਿਰਫ ਤੇ ਸਿਰਫ ਇੱਕੋ ਹੀ ਧਰਮ ਸੀ ‘ਇਨਸਾਨੀਅਤ’ ਦੇ ਕਤਲਾਂ ਦਾ ਵੀ ਹੈ। ਲੋਕ ਮਰਿਆ ਸੁਣ ਕੇ ਹੀ ਕਿਸੇ ਨੂੰ ਮਰਿਆ ਯਕੀਨ ਨਹੀਂ ਕਰ ਲੈਂਦੇ। ਉਨ੍ਹਾਂ ਨੂੰ ਮੌਤ ਦੇ ਕਾਰਨਾਂ, ਲਾਸ਼ ਦੀ ਪਛਾਣ, ਜਾਂ ਕੋਈ ਮਰ ਗਏ ਆਪਣੇ ਘਰ ਦੇ ਜੀ ਦੇ ਪੁੱਖਤਾ ਸਬੂਤ ਹੀ ਭੋਗ ਪਾਉਣ ਲਈ ਤਿਆਰ ਕਰ ਸਕਦੇ ਹਨ। ਨਹੀਂ ਤਾਂ ਗਵਾਚਿਆਂ ਨੂੰ ਲੋਕ ਰਹਿੰਦੀ ਹਯਾਤੀ ਤੱਕ ਉਡੀਕਦੇ ਰਹਿੰਦੇ ਹਨ। ਇਸੇ ਕਰਕੇ ਚਮਕੀਲਾ ਮਰਿਆ ਨਹੀਂ ਹੈ, ਉਹ ਆਪਣੇ ਸਰੋਤਿਆਂ ਦੇ ਦਿਲਾਂ ਵਿੱਚ ਅੱਜ ਵੀ ਜਿੰਦਾ ਹੈ। ਉਹ ਗਵਾਚਿਆ ਹੈ ਤੇ ਉਸ ਦੇ ਗੀਤ ਅੱਜ ਵੀ ਜਿੰਦਾ ਹਨ। ਦਰਜਨਾਂ ਹੀ ਗਾਇਕ ਜੋੜੀਆਂ ਨੇ ਚਮਕੀਲੇ ਅਤੇ ਅਮਰਜੋਤ ਦੀ ਤਰਜ਼ ਤੇ ਗੀਤ ਗਾ ਕੇ ਤੇ ਉਸ ਮੁਕਾਮ ਤੇ ਪਹੁੰਚਣ ਦੀ ਕੋਸ਼ਿਸ਼ ਵਿੱਚ ਚਮਕੀਲੇ ਦੀ ਗਾਇਕੀ ਦੇ ਸੇਕ ਨੂੰ ਲਗਾਤਾਰ ਅੱਜ ਤੱਕ ਜ਼ਿੰਦਾ ਰੱਖਿਆ ਹੈ, ਭੁੱਬਲ ਵਿੱਚ ਦੱਬੀ ਅੱਗ ਵਾਂਗ। ਉਸ ਦੇ ਗੀਤ ਅੱਜ ਵੀ ਗੁਰੂਦਵਾਰਿਆਂ, ਬੱਸਾਂ, ਟਰੱਕਾਂ, ਮੋਬਾਇਲ ਟੈਲੀਫੋਨਾਂ ਵਿੱਚ ਲਗਾਤਾਰ ਵੱਜ ਰਹੇ ਹਨ। ਬੌਲੀਵੁੱਡ ਅਦਾਕਾਰ ਕੁਨਾਲ ਕਪੂਰ ਨੇ ਤਾਂ ਚਮਕੀਲੇ ਦੀ ਜਿੰਦਗੀ ਉੱਪਰ ਫਿਲਮ ਵੀ ਬਣਾ ਦਿੱਤੀ ਹੈ। ਇੰਟਰਨੈਟ ਉੱਪਰ ਕੱਤੀ ਸੌ ਵੈਬਸਾਇਟਾਂ ਹਨ ਚਮਕੀਲੇ ਦੇ ਨਾਂ ਦੀਆਂ। ਅਮਰ ਸਿੰਘ ਚਮਕੀਲੇ ਦੀ ਧੀ ਕਮਲ ਚਮਕੀਲਾ ਨੇ ਆਪਣੇ ਬਾਬਲ ਦੇ ਗੀਤਾਂ ਨੂੰ ਆਪਣੀ ਅਵਾਜ਼ ਵਿੱਚ ਗਾ ਕੇ ਪਿਉ ਨੂੰ ਸੱਚੀ ਹੀ ਸ਼ਰਧਾਂਜਲੀ ਦਿੱਤੀ ਹੈ । ਅਸਲ ਵਿੱਚ ਇਹ ਸ਼ਰਧਾਂਜਲੀ ਨਹੀਂ ਹੈ। ਇਹ ਤਾਂ ‘ਵੈਣ’ ਹਨ ਉਸ ਧੀ ਦੇ, ਜਿਸ ਦਾ ਕਲਾਕਾਰ ਬਾਪ ਉਸ ਦੀ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਬੇਕਸੂਰਾਂ ਵਿਦੇਸ਼ੀ ਗੋਲੀਆਂ ਦੀਆਂ ਬੁਛਾੜਾਂ ਨਾਲ ਨਿਹੱਕਾ ਹੀ ਮਾਰਿਆ ਗਿਆ ਸੀ।
ਅੰਬਰਾਂ ਨੂੰ ਛੂਹਣਗੀਆਂ, ਸੂਰਾਂ ਸੁਰੀਲੀਆਂ ਜੱਗ ਵਿੱਚ ਲੱਖਾਂ।
ਉਹਦੀ ਰੂਹ ਨੂੰ ਵਿਲਕਦੀਆਂ, ਰਹਿਣਗੀਆਂ ਸਾਰੇ ਜੱਗ ਦੀਆਂ ਅੱਖਾਂ।
ਅੱਜ ਭਲਕੇ ਸੱਦ ਲੈਣਾ, ਸਭ ਨੂੰ ਧਰਮਰਾਜ ਦੇ ਸੰਮਣਾ।
ਲੱਖ ਜੰਮਦੀ ਰਹੂ ਦੁਨੀਆਂ, ਲੋਕੋ ਨਹੀਂ ਚਮਕੀਲਾ ਜੰਮਣਾ। (ਕਮਲ ਚਮਕੀਲਾ)