ਈ ਦੀਵਾਨ ਸੋਸਾਇਟੀ ਕੈਲਗਰੀ ਵੱਲੋਂ ਅਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਅਤੇ ਚੁਰਾਸੀ ਦੇ ਦੁਖਾਂਤ ਨੂੰ ਸਮਰਪਿਤ ਇੰਟਰਨੈਸ਼ਨਲ ਕਵੀ ਦਰਬਾਰ
ਕੈਲਗਰੀ : ਈ ਦੀਵਾਨ ਸੋਸਾਇਟੀ, ਕੈਲਗਰੀ ਵੱਲੋਂ ਆਪਣੇ ਹਫਤਾਵਾਰੀ ਪ੍ਰੋਗਰਾਮ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ
ਅਤੇ ਚੁਰਾਸੀ ਦੇ ਦੁਖਾਂਤ ਨੂੰ ਸਮਰਪਿਤ ਇੱਕ ਆਨਲਾਈਨ ਅੰਤਰਰਾਸ਼ਟਰੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਦੇਸ਼ਾਂ
ਤੋਂ ਕਵੀ ਜਨਾਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਇਹ ਸੋਸਾਇਟੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਕਵੀ – ਦਰਬਾਰ ਸਜਾਉਣ ਦੀ
ਪਿਰਤ ਨੂੰ ਜਿੰਦਾ ਰੱਖ ਰਹੀ ਹੈ।
ਸਭ ਤੋਂ ਪਹਿਲਾਂ ਸੋਸਾਇਟੀ ਦੇ ਸੰਸਥਾਪਕ ਡਾ.ਬਲਰਾਜ ਸਿੰਘ ਜੀ ਦੀ ਗੈਰਹਾਜ਼ਰੀ ਕਾਰਨ ਡਾ. ਸੁਰਜੀਤ ਸਿੰਘ ਭੱਟੀ ਜੀਂ ਨੇ ਸਭ ਨੂੰ ‘ਜੀਅ ਆਇਆਂ’ ਆਖਦੇ ਹੋਏ ਕਵੀ ਦਰਬਾਰ ਦੇ ਮਕਸਦ ਤੇ ਚਾਨਣਾ ਪਾਇਆ। ਪ੍ਰੋਗਰਾਮ ਦਾ ਆਰੰਭ ਟੋਰਾਂਟੋ ਤੋਂ ਬੇਟੀ ਅਮਿਤੋਜ ਕੌਰ ਅਤੇ ਅਨੁਰੀਤ
ਕੌਰ ਦੇ ਰਸਭਿੰਨੇ ਕੀਰਤਨ ਨਾਲ ਹੋਇਆ। ਫਿਰ ਪਰਨੀਤ ਕੌਰ ,ਸਿਮਰਲੀਨ ਕੌਰ ਟੋਰਾਂਟੋ ਨੇ ਵੀ ਨੌਵੇਂ ਪਾਤਸ਼ਾਹ ਦਾ ਸ਼ਬਦ ਸਾਜਾਂ ਨਾਲ ਸੁਣਾ
ਕੇ ਮਾਹੌਲ ਦੀ ਸਿਰਜਣਾ ਕੀਤੀ। ਕੈਲਗਰੀ ਤੋਂ ਗਾਇਕ ਸ੍ਰੀ ਰਵੀ ਜਨਾਗਲ ਜੀਂ ਨੇ ਆਪਣੀ ਬੁਲੰਦ ਆਵਾਜ਼ ਵਿੱਚ ਸੰਤ ਰਾਮ ਉਦਾਸੀ ਦਾ
ਲਿਖਿਆ ਗੀਤ ” ਦਿੱਲੀਏ ਦਿਆਲਾ ਦੇਖ ਦੇਗ ਚ ਉਬਲਦਾ ਨੀ, ਅਜੇ ਤੇਰਾ ਦਿਲ ਨਾ ਠਰੇ ” ਸਭ ਸਰੋਤਿਆਂ ਦੀ ਸੁਰਤਿ ਨੂੰ ਚਾਂਦਨੀ ਚੌਕ ਲੈ
ਆਂਦਾ। ਸਾਹਨੇਵਾਲ (ਭਾਰਤ) ਤੋੰ ਕਵਿੱਤਰੀ ਬੀਬੀ ਤਰਨਜੀਤ ਕੌਰ ਗਰੇਵਾਲ ਨੇ ਇਕ ਗੀਤ ” ਸਾਡੇ ਛੇੜ ਨਾ ਜਖਮਾਂ ਨੂੰ, ਸਾਨੂੰ ਭੁੱਲਦੀ ਨਹੀਂ
ਚੁਰਾਸੀ ” ਰਾਹੀਂ ਨਵੰਬਰ 84 ਦੇ ਕਤਲੇਆਮ ਦੀ ਦਰਦ ਭਰੀ ਦਾਸਤਾਨ ਸੁਣਾਈ । ਸ੍ਰੀ ਮਤੀ ਅੰਮ੍ਰਿਤਪਾਲ ਕੌਰ ਜਲੰਧਰ ਨੇ ” ਧਨੀ ਤੇਗ ਦੇ
ਬਾਣੀ ਦੇ ਮਹਾਂ ਸਾਗਰ” ਕਵਿਤਾ ਰਾਹੀਂ ਨੌਵੇਂ ਪਾਤਸ਼ਾਹ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਇਆ । ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ
ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਮਿਲਣ ਦਾ ਪ੍ਰਸੰਗ ਕੈਲਗਰੀ ਤੋੰ ਸ ਸਰੂਪ ਸਿੰਘ ਮੰਡੇਰ ਨੇ ” ਮੱਥਾ ਟੇਕ ਕੇ ਗੁਰੂ ਗ੍ਰੰਥ ਨੂੰ ਲੱਗੇ ਕਹਿਣ ਹਜੂਰ” ਕਵਿਤਾ ਰਾਹੀਂ ਸੁਣਾਇਆ।
ਟੋਰਾਂਟੋ ਤੋੰ ਕਵੀ ਸ ਹਰਦਿਆਲ ਸਿੰਘ ਝੀਤਾ ਨੇ ਆਪਣੀ ਰਚਨਾ ” ਇਹ ਮਸਲਾ ‘ਹੋਣ’ ਦਾ ਨਹੀਂ, ਇਹ ਮਸਲਾ ‘ਹੋਂਦ’ ਦਾ ਯਾਰੋ ” ਰਾਹੀਂ ਸਿੱਖੀ
ਦੀ ਹੋਂਦ ਦਾ ਸਵਾਲ ਉਠਾਇਆ। ਸ੍ਰੀ ਮਤੀ ਦਲਜੀਤ ਕੌਰ ਕੈਲਗਰੀ ਨੇ ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਗੀਤ” ਬਣ ਕੇ ਸਵਾਲੀ
ਦਾਤਾ ਦਰ ਤੇਰੇ ਆਏ ਹਾਂ ” ਨੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਦੇ ਸਮੇਂ ਦੇ ਦ੍ਰਿਸ਼ ਨੂੰ ਦ੍ਰਿਸ਼ਟੀਗੋਚਰ ਕਰ ਦਿੱਤਾ। ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ
ਨੇ ਆਪਣੀ ਲਿਖੀ ਕਵਿਤਾ “ਤੇਗ ਬਹਾਦਰ ਸਿਮਰੀਐ ” ਰਾਹੀ ਨੌਵੇਂ ਪਾਤਸ਼ਾਹ ਨੂੰ ਸਿਜਦਾ ਕੀਤਾ । ਸ ਸੁਜਾਨ ਸਿੰਘ ਸੁਜਾਨ ਟੋਰਾਂਟੋ ਨੇ ਇਕ ਗੀਤ” ਦੁਖੀਆਂ ਦੀ ਸੁਣ ਕੇ ਅਰਜ਼ੋਈ ਮੌਤ ਵਿਹਾਜਣ ਤੁਰਿਆ ਕੋਈ” ਤਰੰਨਮ ਵਿੱਚ ਗਾ ਕੇ ਸੁਣਾਇਆ।
ਕੁਝ ਕਵੀ ਸਿਹਤ ਸਮੱਸਿਆ ਜਾਂ ਹੋਰ ਜਰੂਰੀ ਕਾਰਨਾਂ ਕਰਕੇ ਕਵੀ ਦਰਬਾਰ ਵਿੱਚ ਸ਼ਾਮਲ ਨਹੀਂ ਹੋ ਸਕੇ। ਇਸ ਲਈ ਰਚਨਾਵਾਂ ਦਾ ਦੂਸਰਾ
ਦੌਰ ਵੀ ਚਲਾਇਆ ਗਿਆ। ਜਿਸ ਵਿੱਚ ਸ ਸਰੂਪ ਸਿੰਘ ਮੰਡੇਰ ਕਵਿਤਾ ” ਦੁਸ਼ਮਣ ਬਣ ਗਏ ਆਪਣੇ ਵਾੜ ਖੇਤ ਨੂੰ ਖਾ ਗਈ ” ਚੁਰਾਸੀ ਦੇ
ਦੁਖਾਂਤ ਤੇ ਸੁਣਾਈ । ਟੋਰਾਂਟੋ ਦੇ ਕਵੀ ਸ ਸੁਜਾਨ ਸਿੰਘ ਸੁਜਾਨ ਦੇ ਗੀਤ ” ਸੀਸ ਉੱਤੇ ਆਰਾ ਰੱਖ ਕੇ ਜਦੋਂ ਜ਼ਾਲਮਾਂ ਨੇ ਆਰੇ ਨੂੰ ਚਲਾਇਆ। ਉਦੋਂ
ਭਾਈ ਮਤੀ ਦਾਸ ਨੇ ਨੌਵੇਂ ਗੁਰਾਂ ਦਾ ਸੀ ਸ਼ੁਕਰ ਮਨਾਇਆ ” ਨੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ ।
ਕਵੀ ਦਰਬਾਰ ਦਾ ਅੰਤ ਜੈਕਾਰਿਆਂ ਨਾਲ ਹੋਇਆ। ਉਪਰੰਤ ਡਾ.ਸੁਰਜੀਤ ਸਿੰਘ ਭੱਟੀ ਅਤੇ ਡਾ.ਕਾਬਲ ਸਿੰਘ ਜੀ ਨੇ ਜਿੱਥੇ ਕਵੀਆਂ ਦਾ ਧੰਨਵਾਦ
ਕੀਤਾ, ਉਥੇ ਉਹਨਾਂ ਨੂੰ ਸੋਸਾਇਟੀ ਦੇ ਮੈਗਜ਼ੀਨ ਸਾਂਝੀ ਵਿਰਾਸਤ ਲਈ ਰਚਨਾਵਾਂ ਭੇਜਣ ਲਈ ਵੀ ਬੇਨਤੀ ਕੀਤੀ। ਜੈਪੁਰ ਤੋਂ ਬ੍ਰਿਜਮਿੰਦਰ ਕੌਰ ਨੇ
ਆਨੰਦ ਸਾਹਿਬ ਦੀਆਂ 6 ਪਉੜੀਆਂ ਦਾ ਪਾਠ ਸੁਣਾਇਆ। ਸੋਸਾਇਟੀ ਦੀ ਪਰੰਪਰਾ ਅਨੁਸਾਰ ਸ ਜਗਬੀਰ ਸਿੰਘ ਜੀ ਵਲੋਂ ਕੀਤੀ ਅਰਦਾਸ
ਅਤੇ ਹੁਕਮਨਾਮੇ ਨਾਲ ਕਵੀ ਦਰਬਾਰ ਦੀ ਸਮਾਪਤੀ ਹੋਈ। ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਜੀ ਅਤੇ ਸ ਸੁਜਾਨ ਸਿੰਘ ਸੁਜਾਨ ਜੀਂ ਨੇ ਮੰਚ
ਸੰਚਾਲਕ ਦੀ ਭੂਮਿਕਾ ਮਿਲ ਕੇ ਨਿਭਾਈ।ਵਧੇਰੇ ਜਾਣਕਾਰੀ ਲਈ ਸ ਬਲਰਾਜ ਸਿੰਘ ਜੀ (+1 403 978 2419) ਅਤੇ ਸ ਜਗਬੀਰ ਸਿੰਘ ਜੀ (+1 587 718 8100 ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਰਿਪੋਰਟ ਕਰਤਾ : ਸ ਜਸਵਿੰਦਰ ਸਿੰਘ ਰੁਪਾਲ , ਕੈਲਗਰੀ (+1 403 465 1586)