ਐਨ ਡੀ ਪੀ ਨੇ ਆਪਣੀ ਕਾਕਸ ਦੀ ਮੀਟਿੰਗ ਦੌਰਾਨ ਆਉਣ ਵਾਲੇ ਸੈਸ਼ਨ ਵਿੱਚ ਉਠਾਏ ਜਾਣ ਵਾਲੇ ਮੁੱਦਿਆਂ ਦੀ ਯੋਜਨਾ ਬਣਾਈ
ਰੀਜਾਇਨਾ (ਪੰਜਾਬੀ ਅਖ਼ਬਾਰ ਬਿਊਰੋ) ਸਸਕੈਚਵਨ ਸੂਬੇ ਦੀ ਵਿਰੋਧੀ ਧਿਰ ਐਨਡੀਪੀ ਲੀਡਰ ਕਾਰਲਾ ਬੇਕ ਨੇ 27 ਮੈਂਬਰਾਂ ਦੇ ਨਾਲ ਆਪਣੀ ਪਹਿਲੀ ਕਾਕਸ ਮੀਟਿੰਗ ਕੀਤੀ, ਇਸ ਮੌਕੇ ਮੈਂਬਰਾਂ ਦੀ ਗਿਣਤੀ 28 ਅਕਤੂਬਰ ਦੀਆਂ ਚੋਣਾਂ ਤੋਂ ਪਹਿਲਾਂ ਦੇ ਮੁਕਾਬਲੇ ਦੁੱਗਣੀ ਸੀ ਪਰ ਮੌਜੂਦਾ 61 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਬਹੁਮਤ ਬਣਾਉਣ ਲਈ ਲੋੜੀਂਦੇ 31 ਮੈਂਬਰਾਂ ਤੋਂ ਘੱਟ ਸੀ। ਸਸਕੈਚਵਨ ਵਿਰੋਧੀ ਧਿਰ ਐਨਡੀਪੀ ਲੀਡਰ ਕਾਰਲਾ ਬੇਕ ਦਾ ਕਹਿਣਾ ਹੈ ਕਿ ਉਹ ਆਪਣੇ ਸੂਬੇ ਦੇ ਵਸਨੀਕਾਂ ਨੂੰ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਨੂੰ ਉਨ੍ਹਾਂ ਦੀ ਪਾਰਟੀ ਉਡੀਕ ਕਰ ਰਹੀ ਹੈ। ਉਹ ਕਹਿੰਦੀ ਹੈ ਕਿ ਉਸਦੀ ਤਰਜੀਹ ਸਿਹਤ ਦੇਖਭਾਲ ਅਤੇ ਰਹਿਣ-ਸਹਿਣ ਦੇ ਖਰਚੇ ਦੇ ਮੁੱਦੇ ਹੋਣਗੇ। ਬੇਕ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਸਮੇਂ ਕਿਫਾਇਤੀ ਸਹਾਇਤਾ ਦੀ ਲੋੜ ਹੈ ਅਤੇ ਉਹ ਪ੍ਰੀਮੀਅਰ ਸਕਾਟ ਮੋ ਦੀ ਸਸਕੈਚਵਨ ਪਾਰਟੀ ਦੀ ਸਰਕਾਰ ਉੱਪਰ ਬੱਚਿਆਂ ਦੇ ਕੱਪੜਿਆਂ ਅਤੇ ਕੁੱਝ ਕਰਿਆਨੇ ਦੀਆਂ ਵਸਤੂਆਂ ਉੱਪਰ ਗੈਸ ਟੈਕਸ ਅਤੇ ਸੂਬਾਈ ਵਿਕਰੀ ਟੈਕਸ ਨੂੰ ਘਟਾਉਣ ਲਈ ਦਬਾਅ ਪਾਉਣਗੇ।
ਬੀਤੀਆਂ ਚੋਣਾਂ ਮੌਕੇ ਐਨਡੀਪੀ ਰੀਜਾਇਨਾ ਵਿੱਚ ਹੂੰਝਾ ਫੇਰਨ ਅਤੇ ਸੈਸਕਾਟੂਨ ਵਿੱਚ ਇੱਕ ਸੀਟ ਨੂੰ ਛੱਡ ਕੇ ਬਾਕੀ ਸਾਰੀਆਂ ਜਿੱਤਣ ਤੋਂ ਬਾਅਦ ਲਗਭਗ ਦੋ ਦਹਾਕਿਆਂ ਵਿੱਚ ਸੈਸਕੈਚਵਨ ਸੂਬੇ ਦੀ ਸਭ ਤੋਂ ਵੱਡੀ ਵਿਰੋਧੀ ਧਿਰ ਵੱਜੋਂ ਸਾਹਮਣੇ ਆਈ ਹੈ। ਬੇਕ ਦੀ ਇਸ ਨਵੀਂ ਟੀਮ ਵਿੱਚ ਰੀਜਾਇਨਾ ਤੋਂ ਭਜਨ ਬਰਾੜ ਅਤੇ ਸੈਸਕਾਟੂਨ ਤੋਂ ਤੇਜਿੰਦਰ ਗਰੇਵਾਲ ਨਾਂ ਦੇ ਦੋ ਪੰਜਾਬੀ ਮੂਲ ਦੇ ਐਮ ਐਲ ਏ ਵੀ ਪਹਿਲੀ ਵਾਰ ਜਿੱਤਕੇ ਮੌਜੂਦਾ ਸਰਕਾਰ ਦੀ ਵਿਰੋਧੀ ਧਿਰ ਦਾ ਹਿੱਸਾ ਬਣੇ ਹਨ। ਜਦੋਂ ਕਿ ਸੈਸਕੈਚਵਨ ਪਾਰਟੀ ਨੇ ਪੇਂਡੂ ਖੇਤਰਾਂ ਵਿੱਚ ਆਪਣੀ ਮਜਬੂਤ ਪਕੜ ਅਤੇ ਛੋਟੇ ਸਹਿਰਾਂ ਅੰਦਰ ਪਾਰਟੀ ਦੀ ਮਜਬੂਤੀ ਦੇ ਬਲਬੂਤੇ 34 ਸੀਟਾਂ ਜਿੱਤੀਆਂ ਸਨ।