ਐਲੋਨ ਮਸਕ ਨੇ ਐਕਸ ਸਪੇਸ ‘ਤੇ ਡੋਨਲਡ ਟਰੰਪ ਦੀ ਇੰਟਰਵਿਊ ਕੀਤੀ
ਯੂ ਐਸ ਏ(ਪੰਜਾਬੀ ਅਖ਼ਬਾਰ ਬਿਊਰੋ) ਅਮਰੀਕੀ ਕਾਰੋਬਾਰੀ ਐਲੋਨ ਮਸਕ ਨੇ ਐਕਸ ਸਪੇਸ ‘ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇੰਟਰਵਿਊ ਕੀਤੀ ਹੈ । ਇਹ ਗੱਲਬਾਤ ਆਡੀਓ ਫਾਰਮੈਟ ਵਿੱਚ 2 ਘੰਟੇ 6 ਮਿੰਟ ਤੱਕ ਚੱਲੀ। ਸਭ ਤੋਂ ਪਹਿਲਾਂ ਮਸਕ ਨੇ ਪੈਨਸਿਲਵੇਨੀਆ ‘ਚ ਟਰੰਪ ‘ਤੇ ਹੋਏ ਹਮਲੇ ਬਾਰੇ ਪੁੱਛਿਆ। ਟਰੰਪ ਨੇ ਹੱਸਦਿਆਂ ਕਿਹਾ ਕਿ ਤਜਰਬਾ ਬਹੁਤ ਮਾੜਾ ਰਿਹਾ। ਹਮਲੇ ਤੋਂ ਬਾਅਦ ਉਹ ਰੱਬ ‘ਤੇ ਜ਼ਿਆਦਾ ਵਿਸ਼ਵਾਸ ਕਰਨ ਲੱਗ ਪਏ । ਟਰੰਪ ਨੇ ਇੰਟਰਵਿਊ ‘ਚ ਜੋ ਬਾਇਡਨ ਅਤੇ ਕਮਲਾ ਹੈਰਿਸ ‘ਤੇ ਕਈ ਦੋਸ਼ ਲਗਾਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਨੀਤੀਆਂ ਕਾਰਨ ਦੇਸ਼ ਵਿੱਚ 100 ਸਾਲਾਂ ਵਿੱਚ ਸਭ ਤੋਂ ਵੱਧ ਮਹਿੰਗਾਈ ਹੋਈ ਹੈ ਅਤੇ ਦੂਜੇ ਦੇਸ਼ਾਂ ਤੋਂ ਅਪਰਾਧੀ ਅਮਰੀਕਾ ਵਿਚ ਦਾਖਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਮਲਾ ਹੈਰਿਸ ਕੈਲੀਫੋਰਨੀਆ ਦੀ ਮੇਅਰ ਬਣੀ ਅਤੇ ਉਸ ਨੇ ਉਸ ਸ਼ਹਿਰ ਨੂੰ ਬਰਬਾਦ ਕਰ ਦਿੱਤਾ। ਜੇਕਰ ਉਹ ਅਮਰੀਕਾ ਦੀ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਦੇਸ਼ ਬਰਬਾਦ ਹੋ ਜਾਵੇਗਾ।
ਦੇਸ਼ ਨੂੰ ਚਲਾਉਣ ਵਾਲੇ ਲੋਕ ਅਯੋਗ ਹਨ। ਕਮਲਾ ਰਾਸ਼ਟਰਪਤੀ ਬਣੀ ਤਾਂ ਅਮਰੀਕਾ ਦਾ ਕਾਰੋਬਾਰ ਬੰਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ 20 ਮਿਲੀਅਨ ਗੈਰ-ਕਾਨੂੰਨੀ ਪ੍ਰਵਾਸੀ ਹਨ। ਦੂਜੇ ਦੇਸ਼ਾਂ ਤੋਂ ਡਰੱਗ ਡੀਲਰ ਇੱਥੇ ਆ ਰਹੇ ਹਨ। ਉਨ੍ਹਾਂ ਕਮਲਾ ਹੈਰਿਸ ਜੋ ਬਾਇਡਨ ਨਾਲੋਂ ਵੀ ਵੱਧ ਅਯੋਗ ਕਰਾਰ ਦਿੱਤਾ । ਉਨ੍ਹਾਂ ਕਿਹਾ ਕਿ ਬਾਇਡਨ ਨੂੰ ਵ੍ਹਾਈਟ ਹਾਊਸ ਤੋਂ ਜ਼ਬਰਦਸਤੀ ਹਟਾਇਆ ਜਾ ਰਿਹਾ ਹੈ। ਅਤੇ ਬਾਇਡਨ ਨੂੰ ਰਾਸ਼ਟਰਪਤੀ ਦੀ ਦੌੜ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਹ ਉਨ੍ਹਾਂ ਦਾ ਅਸਤੀਫਾ ਨਹੀਂ ਸੀ, ਇਹ ਤਖਤਾਪਲਟ ਸੀ